Welcome to Canadian Punjabi Post
Follow us on

25

March 2019
ਕੈਨੇਡਾ

ਟੋਰੀਜ਼ ਨਾਲ ਰੰਜਿਸ਼ ਕਾਰਨ ਬ੍ਰਾਊਨ ਨੂੰ ਸਹਿਣਾ ਪੈ ਰਿਹਾ ਹੈ ਨੁਕਸਾਨ ?

November 01, 2018 08:49 AM

ਓਨਟਾਰੀਓ, 31 ਅਕਤੂਬਰ (ਪੋਸਟ ਬਿਊਰੋ) : ਇਹ ਗੱਲ ਕਿਸੇ ਤੋਂ ਗੁੱਝੀ ਨਹੀਂ ਹੈ ਕਿ ਪੈਟਰਿਕ ਬ੍ਰਾਊਨ ਤੇ ਓਨਟਾਰੀਓ ਦੀ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੋਸਤ ਨਹੀਂ ਹਨ।
ਬਰੈਂਪਟਨ ਦੇ ਮੇਅਰ ਚੁਣੇ ਗਏ ਬ੍ਰਾਊਨ ਜਨਵਰੀ ਦੇ ਅੰਤ ਵਿੱਚ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਤੋਂ ਬਾਅਦ ਅਹੁਦਾ ਛੱਡਣ ਤੋਂ ਪਹਿਲਾਂ ਪਾਰਟੀ ਆਗੂ ਸਨ। ਇਨ੍ਹਾਂ ਦੋਸ਼ਾਂ ਤੋਂ ਬ੍ਰਾਊਨ ਵੱਲੋਂ ਇਨਕਾਰ ਕੀਤਾ ਗਿਆ ਸੀ ਤੇ ਇਸ ਸਬੰਧ ਵਿੱਚ ਸ਼ੁਰੂਆਤੀ ਰਿਪੋਰਟ ਦੇਣ ਉੱਤੇ ਉਨ੍ਹਾਂ ਵੱਲੋਂ ਸੀਟੀਵੀ ਨਿਊਜ਼ ਉੱਤੇ ਮਾਨਹਾਨੀ ਦਾ ਕੇਸ ਵੀ ਕੀਤਾ ਗਿਆ।
ਬਾਅਦ ਵਿੱਚ ਉਨ੍ਹਾਂ ਨੂੰ ਪੀਸੀ ਕਾਕਸ ਵਿੱਚੋਂ ਵੀ ਬਾਹਰ ਕਰ ਦਿੱਤਾ ਗਿਆ ਤੇ ਪਾਰਟੀ ਨਾਲੋਂ ਉਨ੍ਹਾਂ ਦੇ ਸਾਰੀ ਤਰ੍ਹਾਂ ਦੇ ਸਬੰਧ ਖਤਮ ਕਰ ਦਿੱਤੇ ਗਏ। ਉਨ੍ਹਾਂ ਦੀ ਥਾਂ ਡੱਗ ਫੋਰਡ ਨੇ ਲਈ ਜੋ ਕਿ ਹੁਣ ਓਨਟਾਰੀਓ ਦੇ ਪ੍ਰੀਮੀਅਰ ਹਨ। ਇੱਕ ਇੰਟਰਵਿਊ ਵਿੱਚ ਬ੍ਰਾਊਨ ਨੇ ਟੋਰਾਂਟੋ ਦੀ ਗੇਅ ਪ੍ਰਾਈਡ ਪਰੇਡ ਵਿੱਚ ਆਪਣੀ ਸ਼ਮੂਲੀਅਤ, ਵਾਤਾਵਰਣ ਵਿੱਚ ਹੋ ਰਹੀਆਂ ਤਬਦੀਲੀਆਂ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਦਾ ਸਮਰਥਨ ਤੇ ਇਸਲਾਮੋਫੋਬੀਆ ਖਿਲਾਫ ਆਪਣੇ ਸਟੈਂਡ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਆਪਣੀ ਹੀ ਪਾਰਟੀ ਵਿੱਚ ਉਨ੍ਹਾਂ ਕਦੇ ਵੀ ਕੱਟੜ ਸੱਜੇ ਪੱਖੀਆਂ ਦਾ ਸਾਥ ਨਹੀਂ ਦਿੱਤਾ। ਲੋੜ ਪੈਣ ਉੱਤੇ ਉਨ੍ਹਾਂ ਅਜਿਹੇ ਸਟੈਂਡ ਵੀ ਲਏ ਜਿਨ੍ਹਾਂ ਦੀ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ।
ਉਨ੍ਹਾਂ ਆਖਿਆ ਕਿ ਇਸ ਕਾਰਨ ਪਾਰਟੀ ਵਿੱਚ ਉਨ੍ਹਾਂ ਦੇ ਕਈ ਦੁਸ਼ਮਣ ਵੀ ਬਣ ਗਏ। ਪਰ ਬ੍ਰਾਊਨ ਨੇ ਆਖਿਆ ਕਿ ਉਨ੍ਹਾਂ ਹਮੇਸ਼ਾਂ ਇਹੋ ਮੰਨ ਕੇ ਕੰਮ ਕੀਤਾ ਕਿ ਉਨ੍ਹਾਂ ਉਹੀ ਕੁੱਝ ਕੀਤਾ ਜੋ ਕਿ ਕੈਨੇਡਾ ਤੇ ਓਨਟਾਰੀਓ ਲਈ ਸਹੀ ਸੀ। ਉਦੋਂ ਤੋਂ ਹੀ ਬ੍ਰਾਊਨ ਨੇ ਸੱਭ ਤੋਂ ਪਹਿਲਾਂ ਪੀਲ ਰੀਜਨ ਚੇਅਰ ਵਜੋਂ ਸਿਆਸਤ ਵਿੱਚ ਮੁੜਨ ਦੀ ਕੋਸਿ਼ਸ਼ ਕੀਤੀ। ਪਰ ਇਸ ਕੋਸਿ਼ਸ਼ ਨੂੰ ਫੋਰਡ ਸਰਕਾਰ ਵੱਲੋਂ ਜੁਲਾਈ ਵਿੱਚ ਉਦੋਂ ਖਤਮ ਕਰ ਦਿੱਤਾ ਗਿਆ ਜਦੋਂ ਪੀਲ, ਯੌਰਕ ਤੇ ਮਸਕੋਕਾ ਖਿੱਤਿਆਂ ਵਿੱਚ ਰੀਜਨਲ ਚੇਅਰ ਚੋਣਾਂ ਦੀ ਯੋਜਨਾ ਹੀ ਰੱਦ ਕਰ ਦਿੱਤੀ ਗਈ। ਅਜਿਹਾ ਮਿਉਂਸਪਲ ਚੋਣਾਂ ਦੀਆਂ ਨਾਮਜ਼ਦਗੀਆਂ ਬੰਦ ਹੋਣ ਤੋਂ ਠੀਕ ਇੱਕ ਦਿਨ ਪਹਿਲਾਂ ਹੋਇਆ।
ਅਗਲੇ ਦਿਨ ਬ੍ਰਾਊਨ ਨੇ ਬਰੈਂਪਟਨ ਦੇ ਮੇਅਰ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਆਪਣਾ ਨਾਂ ਰਜਿਸਟਰ ਕਰਵਾ ਦਿੱਤਾ। ਬ੍ਰਾਊਨ ਤੇ ਉਸ ਦੀ ਸਾਬਕਾ ਪਾਰਟੀ ਵਿੱਚ ਦਰਾਰ ਦੀਆਂ ਅਫਵਾਹਾਂ ਨੇ ਉਦੋਂ ਹੋਰ ਜ਼ੋਰ ਫੜ੍ਹ ਲਿਆ ਜਦੋਂ ਫੋਰਡ ਦੇ ਕੈਂਪੇਨ ਮੈਨੇਜਰ ਮਾਈਕਲ ਡਾਇਮੰਡ ਤੇ ਦੋ ਸਾਬਕਾ ਪੀਸੀ ਪਾਰਟੀ ਪ੍ਰੈਜ਼ੀਡੈਂਟਸ ਨੇ ਸਤੰਬਰ ਵਿੱਚ ਟੋਰਾਂਟੋ ਅਲਬਾਨੀ ਕਲੱਬ ਵਿੱਚ ਮੇਅਰ ਲਿੰਡਾ ਜੈਫਰੀ ਲਈ ਫੰਡਰੇਜ਼ਰ ਦਾ ਆਯੋਜਨ ਕੀਤਾ ਤੇ ਉਸ ਦਾ ਸਮਰਥਨ ਕੀਤਾ। ਇੱਥੇ ਦੱਸਣਾ ਬਣਦਾ ਹੈ ਕਿ ਜੈਫਰੀ ਪੀਸੀ ਪਾਰਟੀ ਦੀ ਸਿਆਸੀ ਵਿਰੋਧੀ ਰਹਿ ਚੁੱਕੀ ਹੈ ਤੇ ਡਾਲਟਨ ਮੈਗਿੰਟੀ ਤੇ ਕੈਥਲੀਨ ਵਿੰਨ ਦੀਆਂ ਲਿਬਰਲ ਸਰਕਾਰਾਂ ਵਿੱਚ ਬਰੈਂਪਟਨ ਤੋਂ ਐਮਪੀਪੀ ਵਜੋਂ ਵੀ ਸੇਵਾ ਨਿਭਾਅ ਚੁੱਕੀ ਹੈ।
22 ਅਕਤੂਬਰ ਨੂੰ ਹੋਈਆਂ ਮਿਉਂਸਪਲ ਚੋਣਾਂ ਵਿੱਚ ਬ੍ਰਾਊਨ ਨੇ ਜੈਫਰੀ ਨੂੰ ਹਰਾ ਦਿੱਤਾ ਤੇ ਮੇਅਰ ਬਣ ਗਏ। ਹੁਣ ਇਹ ਚਰਚਾ ਆਮ ਹੈ ਕਿ ਪੀਸੀ ਸਰਕਾਰ ਵੱਲੋਂ ਬ੍ਰਾਊਨ ਨਾਲ ਦੁਸ਼ਮਣੀ ਦੇ ਚੱਲਦਿਆਂ ਹੀ ਤਿੰਨ ਯੂਨੀਵਰਸਿਟੀ ਕੈਂਪਸਾਂ ਦੇ ਪਸਾਰ ਲਈ ਫੰਡਾਂ ਨੂੰ ਰੱਦ ਕੀਤਾ ਗਿਆ ਹੈ। ਜਦਕਿ ਬ੍ਰਾਊਨ ਦਾ ਮੰਨਣਾ ਹੈ ਕਿ ਭਾਵੇਂ ਪਾਰਟੀ ਵਿੱਚ ਉਨ੍ਹਾਂ ਦੇ ਦੁਸ਼ਮਣ ਪੈਦਾ ਹੋ ਗਏ ਹਨ ਪਰ ਇਨ੍ਹਾਂ ਫੰਡਾਂ ਨੂੰ ਰੱਦ ਕੀਤੇ ਜਾਣ ਦਾ ਉਨ੍ਹਾਂ ਨਾਲ ਕਿਸੇ ਦੁਸ਼ਮਣੀ ਦਾ ਕੋਈ ਲੈਣਾ ਦੇਣਾ ਨਹੀਂ ਹੈ। ਦੂਜੇ ਪਾਸੇ ਪ੍ਰੀਮੀਅਰ ਤੇ ਪੀਸੀ ਪਾਰਟੀ ਵੱਲੋਂ ਵੀ ਬ੍ਰਾਊਨ ਨਾਲ ਕਿਸੇ ਤਰ੍ਹਾਂ ਦੀ ਨਿਜੀ ਰੰਜਿਸ਼ ਤੋਂ ਇਨਕਾਰ ਕੀਤਾ ਗਿਆ ਹੈ। ਪ੍ਰੀਮੀਅਰ ਆਫਿਸ ਦੇ ਬੁਲਾਰੇ ਸਾਇਮਨ ਜੈਫਰੀਜ਼ ਨੇ ਸਪਸ਼ਟ ਕੀਤਾ ਕਿ ਪ੍ਰੀਮੀਅਰ ਡੱਗ ਫੋਰਡ ਤਾਂ ਬ੍ਰਾਊਨ ਸਮੇਤ ਨਵੇਂ ਚੁਣੇ ਗਏ ਸਾਰੇ ਮਿਉਂਸਪਲ ਸਿਆਸਤਦਾਨਾਂ ਨਾਲ ਰਲ ਕੇ ਕੰਮ ਕਰਨ ਦੇ ਤਾਂਘਵਾਨ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਲਿਖਤੀ ਬਿਆਨ ਤੇ ਹੋਰ ਸਬੂਤ ਪੇਸ਼ ਕਰਨਾ ਚਾਹੁੰਦੀ ਹੈ ਰੇਅਬੋਲਡ
ਫਲੋਰਿਡਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਕੈਨੇਡੀਅਨ ਜੋੜਾ
ਲਿਬਰਲਾਂ ਦੀ ਹਾਈਡਰੋ ਦਰਾਂ ਵਿੱਚ ਕਟੌਤੀਆਂ ਦੀ ਯੋਜਨਾ ਨੂੰ ਬਦਲੇਗੀ ਫੋਰਡ ਸਰਕਾਰ
ਆਪਣਾ ਆਧਾਰ ਗੁਆ ਚੁੱਕੇ ਹਨ ਲਿਬਰਲ, ਕੰਜ਼ਰਵੇਟਿਵਾਂ ਦੀ ਸਥਿਤੀ ਮਜ਼ਬੂਤ : ਸਰਵੇਖਣ
ਅਜੇ ਵੀ ਜਾਰੀ ਹੈ ਮੈਰਾਥਨ ਵੋਟਿੰਗ
ਐਸਐਨਸੀ-ਲਾਵਾਲਿਨ ਮਾਮਲੇ ਵਿੱਚ ਜਵਾਬ ਹਾਸਲ ਕਰਨ ਲਈ ਟੋਰੀਜ਼ ਨੇ ਲਾਂਚ ਕੀਤੀ ਮੈਰਾਥਨ ਵੋਟਿੰਗ
ਹੁਣ ਸੇਲੀਨਾ ਸੀਜ਼ਰ ਚੇਵਾਨ ਨੇ ਛੱਡਿਆ ਟਰੂਡੋ ਦਾ ਸਾਥ
ਟੈਵਰਨਰ ਦੀ ਨਿਯੁਕਤੀ ਦੇ ਮਾਮਲੇ ਵਿੱਚ ਇੰਟੇਗ੍ਰਿਟੀ ਕਮਿਸ਼ਨਰ ਨੇ ਫੋਰਡ ਨੂੰ ਦਿੱਤੀ ਕਲੀਨ ਚਿੱਟ
ਕੈਨੇਡਾ ਛੱਡਣ ਵਾਲਿਆਂ ਦਾ ਟਰੈਕ ਰਿਕਾਰਡ ਰੱਖਣ ਲਈ ਡਾਟਾ ਇੱਕਠਾ ਕਰੇਗੀ ਫੈਡਰਲ ਸਰਕਾਰ
ਇਮਾਰਤ ਵਿੱਚ ਅੱਗ ਲੱਗਣ ਮਗਰੋਂ ਤਿੰਨ ਵਿਅਕਤੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ