ਚੰਡੀਗੜ੍ਹ, 5 ਅਪਰੈਲ, (ਪੋਸਟ ਬਿਊਰੋ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਪੁੱਤਰ ਤੇ ਭਤੀਜੇ ਨਾਲ ਫੋਨ ਉੱਤੇ ਗੱਲਬਾਤ ਕੀਤੀ ਅਤੇ ਭਾਈ ਸਾਹਿਬ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਪਰਿਵਾਰ ਦੇ ਜਿੰਨੇ ਲੋਕ ਇਸ ਰੋਗ ਤੋਂ ਪੀੜਤ ਹਨ, ਉਨ੍ਹਾਂ ਦੇ ਇਲਾਜ ਵਿੱਚ ਸਰਕਾਰ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਨੇ ਭਾਈ ਨਿਰਮਲ ਸਿੰਘ ਰਾਗੀ ਦੇ ਪੁੱਤਰ ਅਮਿਤੇਸ਼ਵਰ ਸਿੰਘ ਤੇ ਭਤੀਜੇ ਜਗਪ੍ਰੀਤ ਸਿੰਘ ਨੂੰ ਯਕੀਨ ਦਿਵਾਇਆ ਕਿ ਸਾਰੇ ਮਰੀਜ਼ਾਂ ਦਾ ਪੂਰਾ ਇਲਾਜ ਹੋ ਰਿਹਾ ਹੈ ਤੇ ਮੈਡੀਕਲ ਪ੍ਰੋਟੋਕੋਲ ਮੁਤਾਬਕ ਇਨ੍ਹਾਂ ਸਾਰਿਆਂ ਦੀ ਪੂਰੀ ਦੇਖਭਾਲ ਹੋਵੇਗੀ। ਉਨ੍ਹਾਂ ਦੱਸਿਆ ਕਿ ਸਿਹਤ ਅਮਲੇ ਨੂੰ ਕਿਹਾ ਗਿਆ ਹੈ ਕਿ ਜੇ ਕਿਸੇ ਵੀ ਮਦਦ ਦੀ ਲੋੜ ਹੈ ਤਾਂ ਤੁਰੰਤ ਸੰਪਰਕ ਕਰਨ। ਪਰਿਵਾਰ ਦੇ ਜਿਨ੍ਹਾਂ ਮੈਂਬਰਾਂ ਦੀ ਰਿਪੋਰਟ ਪਾਜਿ਼ਟਿਵ ਹੈ ਅਤੇ ਜਿਨ੍ਹਾਂ ਦਾ ਵੱਖ ਵੱਖ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਸਿਹਤ ਦਾ ਹਾਲ ਵੀ ਪੁੱਛਿਆ।
ਭਾਈ ਨਿਰਮਲ ਸਿੰਘ ਦੇ ਸਸਕਾਰ ਵਿੱਚ ਸਥਾਨਕ ਲੋਕਾਂ ਦੇ ਸੱ਼ਕ ਕਾਰਨ ਹੋਈ ਦੇਰੀ ਨੂੰ ਮੰਦਭਾਗਾ ਦੱਸ ਕੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਘਟਨਾ ਇਸ ਬਿਮਾਰੀ ਬਾਰੇ ਗਲਤ ਵਹਿਮ ਦੇ ਕਾਰਨ ਹੋਈ ਹੈ ਤੇ ਉਨ੍ਹਾਂ ਸਖ਼ਤ ਹਦਾਇਤਾਂ ਦੇ ਦਿੱਤੀਆਂ ਹਨ ਕਿ ਭਵਿੱਖ ਵਿੱਚ ਅਜਿਹੀ ਕੋਈ ਘਟਨਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾ ਨੇ ਕਿਹਾ ਕਿ ਹਰ ਮ੍ਰਿਤਕ ਸਰੀਰ ਢੁਕਵੇਂ ਤਰੀਕੇ ਨਾਲ ਸਸਕਾਰ ਦਾ ਹੱਕਦਾਰ ਹੈ ਤੇ ਕੋਵਿਡ ਦੀ ਬਿਮਾਰੀ ਕਾਰਨ ਮਰਨ ਵਾਲੇ ਹਰ ਮਰੀਜ਼ ਦੀ ਲਾਸ਼ ਦੀ ਸੰਭਾਲ ਬਾਰੇ ਸਿਹਤ ਵਿਭਾਗ ਦਾ ਪ੍ਰੋਟੋਕੋਲ ਤੈਅ ਹੈ।