ਵਾਸ਼ਿੰਗਟਨ, 4 ਅਪਰੈਲ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਦੀ ਮਹਾਮਾਰੀ ਅੱਗੇ ਅਮਰੀਕਾ ਦੀਆਂ ਸਾਰੀਆਂ ਕੋਸਿ਼ਸ਼ਾਂ ਅਸਫਲ ਸਾਬਤ ਹੋ ਰਹੀਆਂ ਹਨ। ਇਸ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜੇ ਤੱਕ ਵੀ ਦੇਸ਼ ਵਿੱਚ ਲਾਕਡਾਊਨ ਕਰਨ ਦਾ ਐਲਾਨ ਨਹੀਂ ਕੀਤਾ, ਜਿਸ ਦੀ ਨੁਕਤਾਚੀਨੀ ਵੀ ਹੋ ਰਹੀ ਹੈ।
ਵਰਨਣ ਯੋਗ ਹੈ ਕਿ ਅਮਰੀਕਾ ਦੇ ਨਿਊਯਾਰਕ ਰਾਜ ਵਿੱਚ ਕੋਰੋਨਾ ਵਾਇਰਸ ਦਾ ਸਭ ਤੋਂ ਪ੍ਰਭਾਵ ਪਿਆ ਹੈ ਅਤੇ ਬੀਤੇ ਚੌਵੀ ਘੰਟਿਆਂ ਦੌਰਾਨ ਅਮਰੀਕਾ ਵਿਚ 1320 ਮੌਤਾਂ ਹੋਣ ਦੇ ਨਾਲ ਸਾਰੇ ਦੇਸ਼ ਵਿੱਚ 32,088 ਨਵੇਂ ਕੇਸਾਂ ਦਾ ਪਤਾ ਲੱਗਾ ਹੈ। ਭਾਰਤ ਵਿਚ ਸ਼ਨੀਵਾਰ ਦੀ ਸਵੇਰ ਹੋਣ ਤੱਕ ਅਮਰੀਕਾ ਦੇ ਸਭ ਤੋਂ ਵੱਧ ਪ੍ਰਭਾਵਤ ਰਾਜ ਨਿਊਯਾਰਕ ਵਿਚ ਕੁੱਲ 3218 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪਾਜ਼ੇਟਿਵ ਕੇਸਾਂ ਦੀ ਗਿਣਤੀ 1,03,476 ਹੋ ਗਈ ਹੈ। ਸਮੁੱਚੇ ਅਮਰੀਕਾ ਕੇਸਾਂ ਦੀ ਗਿਣਤੀ 2,76,965 ਅਤੇ ਮੌਤਾਂ ਦੀ ਗਿਣਤੀ 7392 ਹੋ ਚੁੱਕੀ ਹੈ।