Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਸਾਡੇ ਘਰ ਵੀ ਬਾਬੇ ਆਏ...

April 02, 2020 08:27 AM

-ਪਰਮਜੀਤ ਕੌਰ ਸਰਹਿੰਦ
ਜਦੋਂ ਵੀ ਕੋਈ ਰਚਨਾ ਅਖਬਾਰ ਜਾਂ ਕਿਸੇ ਮੈਗਜ਼ੀਨ ਵਿੱਚ ਛਪਦੀ ਹੈ ਤਾਂ ਅਕਸਰ ਪਾਠਕਾਂ ਦੇ ਫੋਨ ਆਉਂਦੇ ਹਨ। ਇਉਂ ਹੀ ਮੈਨੂੰ ਕਿਸੇ ਲੜਕੀ ਦਾ ਫੋਨ ਆਇਆ ਕਿ ਮੇਰੇ ਦਾਦਾ ਜੀ ਨੇ ਤੁਹਾਡਾ ਕੋਈ ਲੇਖ ਪੜ੍ਹਿਆ ਹੈ ਤੇ ਉਹ ਤੁਹਾਨੂੰ ਮਿਲਣਾ ਚਾਹੁੰਦੇ ਹਨ। ਮੈਂ ਕਿਹਾ, ‘ਤੁਹਾਡੇ ਦਾਦਾ ਜੀ ਕਿੱਥੇ ਹਨ? ਮੇਰੀ ਉਨ੍ਹਾਂ ਨਾਲ ਗੱਲ ਕਰਾਓ। ਉਨ੍ਹਾਂ ਮੇਰਾ ਲੇਖ ਪਸੰਦ ਕੀਤਾ ਹੈ, ਮੈਂ ਧੰਨਵਾਦ ਕਰ ਦੇਵਾਂ।’ ਉਸ ਲੜਕੀ ਨੇ ਆਪਣੇ ਸ਼ਹਿਰ ਦਾ ਨਾਂਅ ਲੈਂਦਿਆਂ ਕਿਹਾ ਕਿ ਉਹ ਏਥੇ ਕਿਸੇ ਹੋਰ ਥਾਂ ਰਹਿੰਦੇ ਹਨ। ਫੋਨ 'ਤੇ ਪਿੱਛੋਂ ਮੈਨੂੰ ਕਿਸੇ ਬੰਦੇ ਦੀ ਆਵਾਜ਼ ਸੁਣ ਰਹੀ ਸੀ। ਉਹ ਕਹਿ ਰਿਹਾ ਸੀ ਕਿ ਮੈਂ ਅਗਲੇ ਹਫਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਮੱਥਾ ਟੇਕਣ ਜਾਣਾ ਹੈ, ਤੂੰ ਉਨ੍ਹਾਂ ਦਾ ਪਤਾ ਪੁੱਛ, ਮੈਂ ਉਨ੍ਹਾਂ ਕੋਲ ਜਾ ਆਵਾਂਗਾ। ਮੈਂ ਉਸ ਲੜਕੀ ਨੰ ਕਿਹਾ ਕਿ ਮੈਨੂੰ ਫੋਨ ਕੀਤੇ ਬਗੈਰ ਨਾ ਆਉਣ, ਕਿਉਂਕਿ ਕਈ ਵਾਰ ਕੋਈ ਰੁਝੇਵਾਂ ਹੁੰਦਾ ਹੈ। ਮੈਨੂੰ ਅਜਿਹੇ ਫੋਨ ਬਹੁਤ ਵਾਰ ਆਉਂਦੇ ਹਨ ਤੇ ਮੈਂ ਅਣਜਾਣ ਲੋਕਾਂ ਨੂੰ ਮਿਲਣੋਂ ਪਾਸਾ ਵੱਟ ਜਾਂਦੀ ਹਾਂ। ਗੱਲ ਆਈ ਗਈ ਹੋ ਗਈ।
ਹਫਤੇ ਕੁ ਪਿੱਛੋਂ ਮੈਨੂੰ ਕਿਸੇ ਬੰਦੇ ਦਾ ਫੋਨ ਆਇਆ, ‘‘ਬਾਬਾ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਪਹਿਲਾਂ ਵੀ ਮੇਰੀ ਬੇਟੀ ਤੋਂ ਫੋਨ ਕਰਵਾਇਆ ਸੀ।” ਮੈਂ ਕਿਹਾ ਕਿ ਬਾਬਾ ਜੀ ਐਨੀ ਦੂਰੋਂ ਆਉਣ ਦੀ ਖੇਚਲ ਨਾ ਕਰਨ। ਮੇਰੇ ਪਤੀ ਨੇ ਮੈਨੂੰ ਕਿਹਾ, ‘‘ਕੋਈ ਗੱਲ ਨਹੀਂ, ਜੇ ਬਜ਼ੁਰਗ ਬੰਦਾ ਵਾਰ-ਵਾਰ ਕਹਿ ਰਿਹਾ ਹੈ ਤਾਂ ਆ ਜਾਣ ਦਿਓ। ਮਿਲ ਜਾਵੇਗਾ।” ਮੈਂ ਬੇਮਨੀ ਜਿਹੀ ਨਾਲ ਉਸ ਬੰਦੇ ਨੂੰ ਤਾਕੀਦ ਕੀਤੀ ਕਿ ਆਉਣ ਤੋਂ ਪਹਿਲਾਂ ਫੋਨ ਕਰਨਾ ਤੇ ਦਸ ਵਜੇ ਤੋਂ ਸਾਢੇ ਕੁ ਗਿਆਰਾਂ ਵਜੇ ਤੋਂ ਪਹਿਲਾਂ ਮਿਲ ਜਾਣਾ। ਮੈਂ ਉਨ੍ਹਾਂ ਨੂੰ ਤੀਜੇ ਦਿਨ ਦਾ ਸਮਾਂ ਦੇ ਦਿੱਤਾ। ਇਹ ਵੀ ਦੱਸ ਦਿੱਤਾ ਸੀ ਕਿ 12 ਵਜੇ ਮੈਂ ਡਾਕਟਰ ਤੋਂ ਸਮਾਂ ਲਿਆ ਹੋਇਆ ਹੈ, ਇਸ ਲਈ ਸਮੇਂ ਦਾ ਅੱਗਾ ਪਿੱਛਾ ਨਾ ਕਰਨਾ। ਕੁਦਰਤੀ ਉਸੇ ਦਿਨ ਸਾਡੇ ਕੋਈ ਨਜ਼ਦੀਕੀ ਰਿਸ਼ਤੇਦਾਰ ਸਵੇਰੇ-ਸਵੇਰੇ ਆ ਗਏ। ਉਹ ਸਾਡੇ ਵਿਛੜੇ ਪੁੱਤਰ ਦੀਆਂ ਗੱਲਾਂ ਕਰਨ ਲੱਗ ਪਏ ਤੇ ਮਾਹੌਲ ਬੜਾ ਹੀ ਗਮਗੀਨ ਜਿਹਾ ਹੋ ਗਿਆ। ਸਵਾ ਨੌਂ ਵਜੇ ਉਹ ਜਾਣ ਲੱਗੇ ਤਾਂ ਮੇਰੀਆਂ ਅੱਖਾਂ ਵੀ ਮੱਲੋ-ਮੱਲੀ ਭਰ ਆਈਆਂ। ਉਨ੍ਹਾਂ ਦੇ ਜਾਂਦਿਆਂ ਹੀ ਗੇਟ ਦੀ ਘੰਟੀ ਵੱਜੀ। ਮੇਰੇ ਪਤੀ ਨੇ ਗੇਟ ਖੋਲ੍ਹਿਆ ਤੇ ਬਾਬਾ ਜੀ ਪ੍ਰਗਟ ਹੋਏ।
ਭਰੀਆਂ ਅੱਖਾਂ ਨਾਲ ਮੈਂ ਅਤੇ ਸਾਡੇ ਘਰ ਆਏ ਮਹਿਮਾਨਾਂ ਨੇ ਬਾਬਾ ਜੀ ਸਤਿ ਸ੍ਰੀ ਅਕਾਲ ਆਖਿਆ, ਪਰ ਬਾਬਾ ਜੀ ਨੇ ਜਵਾਬ ਨਾ ਦਿੱਤਾ ਤੇ ਉਹ ਇੱਕ ਟੱਕ ਮੇਰੇ ਵੱਲ ਦੇਖਦੇ ਰਹੇ ਜਿਵੇਂ ਕੋਈ ਚਿਰਾਂ ਬਾਅਦ ਮਿਲੇ ਨੂੰ ਪਛਾਣਨ ਦੀ ਕੋਸ਼ਿਸ਼ ਕਰਦਾ ਹੋਵੇ। ਫਿਰ ਇਕਦਮ ਮੇਰੇ ਸਿਰ 'ਤੇ ਹੱਥ ਰੱਖ ਕੇ ਬੋਲੇ, ‘‘ਅੱਛਾ, ਤੂੰ ਏਂ ਮੇਰਾ ਬੱਚਾ, ਕਿੰਨੇ ਚਿਰ ਦਾ ਵਿਛੜਿਆ ਹੋਇਆ ਅੱਜ ਮਿਲਿਆ ਹੈ ਮੇਰਾ ਪੁੱਤਰ। ਮੇਰੀ ਬੱਚੀ ਤੂੰ ਕਿੱਥੇ ਚਲੀ ਗਈ ਤੀ?” ਉਨ੍ਹਾਂ ਮੇਰੀ ਤਸਵੀਰ ਅਖਬਾਰ ਵਿੱਚ ਜ਼ਰੂਰ ਦੇਖੀ ਹੋਵੇਗੀ ਜਿਸ 'ਚੋਂ ਉਨ੍ਹਾਂ ਮੇਰਾ ਮੋਬਾਈਲ ਨੰਬਰ ਲਿਆ ਹੋਵੇਗਾ। ਮੈਂ ਪ੍ਰੇਸ਼ਾਨੀ ਜਿਹੀ ਵਿੱਚ ਉਸ ਬੰਦੇ ਨੂੰ ਸੋਫੇ 'ਤੇ ਬੈਠਣ ਲਈ ਕਿਹਾ। ਐਨੇ ਨੂੰ ਇਹ ਵੀ ਬਾਹਰੋਂ ਆ ਗਏ ਅਤੇ ਮੈਨੂੰ ਚਾਹ ਪਾਣੀ ਲਿਆਉਣ ਲਈ ਕਿਹਾ, ਪਰ ਬਾਬਾ ਜੀ ਨੇ ਸਾਨੂੰ ਦੋਵਾਂ ਨੂੰ ਆਪਣੇ ਕੋਲ ਆਲੇ ਦੁਆਲੇ ਬਿਠਾ ਲਿਆ। ਉਨ੍ਹਾ ਨੇ ਦੋ ਕੁ ਮਿੰਟ ਅੱਖਾਂ ਬੰਦ ਕਰੀ ਰੱਖੀਆਂ। ਫਿਰ ਮੈਨੂੰ ਬੋਲੇ, ‘‘ਮੈਨੂੰ ਚਾਹ ਪਾਣੀ ਦੀ ਕੋਈ ਲੋੜ ਨਹੀਂ। ਮੇਰੇ ਮਨ ਵਿੱਚ ਵੈਰਾਗ ਆਇਆ ਤੇ ਮੈਂ ਤੈਨੂੰ ਮਿਲਣ ਆ ਗਿਆ। ਆਪਾਂ ਪਿਛਲੇ ਜਨਮ ਦੇ ਵਿਛੜੇ ਹੋਏ ਹਾਂ, ਤੂੰ ਮੇਰਾ ਬੱਚਾ ਹੈਂ।” ਬਾਬਾ ਦਾ ਪ੍ਰਭਾਵ ਮੇਰੇ ਮਨ 'ਤੇ ਪਹਿਲਾਂ ਹੀ ਮਾੜਾ ਪੈ ਚੁੱਕਾ ਸੀ, ਪਰ ਮੈਂ ਸ਼ਿਸ਼ਟਾਚਾਰ ਵਜੋਂ ਉਸ ਦੀਆਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰ ਕੇ ਕਿਹਾ, ‘‘ਦੱਸੋ ਤੁਸੀਂ ਚਾਹ ਠੰਢਾ ਕੀ ਲਓਗੇ। ਮੈਂ ਲੈ ਕੇ ਆਉਂਦੀ ਹਾਂ।” ਬਾਬਾ ਮੇਰੀ ਗੱਲ ਹੀ ਨਾ ਸੁਣੇ ਤੇ ਆਪਣੀ ਗੱਲ ਦੀ ਲੜੀ ਨਾ ਟੁੱਟਣ ਦੇਵੇ। ਮੈਂ ਪਾਣੀ ਲੈ ਕੇ ਆਈ ਤਾਂ ਬਾਬਾ ਅੱਖਾਂ ਬੰਦ ਕਰ ਕੇ ‘ਰੱਬ’ ਨਾਲ ਗੱਲਾਂ ਕਰ ਰਿਹਾ ਸੀ ਕਿ ‘‘ਮੇਰੇ ਚੋਜੀ ਪਿਤਾ ਤੇਰਾ ਹੁਕਮ ਹੋ ਗਿਆ ਹੈ, ਮੈਂ ਇਨ੍ਹਾਂ ਲਈ ਅਰਦਾਸ ਕਰਾਂਗਾ।” ਮੈਂ ਆਪਣਾ ਗੁੱਸਾ ਅੰਦਰ ਹੀ ਅੰਦਰ ਪੀ ਰਹੀ ਸਾਂ, ਪਰ ਮੇਰੇ ਪਤੀ ਬੜੇ ਸ਼ਾਂਤ ਚਿੱਤ ਬੈਠੇ ਬਾਬੇ ਦੀਆਂ ਗੱਲਾਂ ਸੁਣ ਰਹੇ ਸਨ, ਕਿਉਂਕਿ ਉਹ ਬਹੁਤ ਸਹਿਜ ਅਤੇ ਠਰ੍ਹੰਮੇ ਵਾਲੇ ਸੁਭਾਅ ਦੇ ਹਨ। ਬਾਬੇ ਨੇ ਫਿਰ ਮੈਨੂੰ ਕਿਹਾ, ‘‘ਬੱਚਾ, ਅੰਤਰ ਧਿਆਨ ਹੋ ਕੇ ਆਪਣੇ ਅੰਦਰ ਝਾਤੀ ਮਾਰ, ਤੈਨੂੰ ਦਿਸੇਗਾ। ਪਿਛਲੇ ਜਨਮ ਵਿੱਚ ਆਪਾਂ ਕਦੋਂ ਤੇ ਕਿੱਥੇ ਵਿਛੜੇ ਸਾਂ।’’ ਮੈਂ ਉਸ ਦੀ ਗੱਲ ਅਣਸੁਣੀ ਕਰਦਿਆਂ ਆਪਣੇ ਪਤੀ ਨੂੰ ਕਿਹਾ ਕਿ ਆਪਾਂ ਡਾਕਟਰ ਕੋਲ ਜਾਣ ਹੈ, ਲੇਟ ਹੋ ਰਹੇ ਹਾਂ। ਬਾਬੇ ਨੇ ਮੈਨੂੰ ਕਿਹਾ, ‘‘ਬੱਚੀ, ਤੂੰ ਅੱਖਾਂ ਬੰਦ ਕਰ ਕੇ ਅੰਦਰ ਝਾਤੀ ਮਾਰ।”
ਮੇਰੇ ਸਬਰ ਦਾ ਪਿਆਲਾ ਛਲਕ ਚੁੱਕਿਆ ਸੀ ਅਤੇ ਮੈਂ ਕੌੜੇ ਜਿਹੇ ਬੋਲਾਂ ਨਾਲ ਬਾਬੇ ਨੂੰ ਕਿਹਾ, ‘‘ਬਾਬਾ ਜੀ, ਅਸੀਂ ਸਾਧਾਰਨ ਇਨਸਾਨ ਹਾਂ, ਕੋਈ ਭਗਤ ਜਨ ਨਹੀਂ ਤੇ ਅੰਤਰ ਧਿਆਨ ਹੋਣਾ ਐਨਾ ਸੌਖਾ ਕੰਮ ਨਹੀਂ ਜਿੰਨਾ ਤੁਸੀਂ ਦੱਸ ਰਹੇ ਹੋ।'' ਬਾਬੇ ਨੇ ਝੱਟ ਅੱਖਾਂ ਖੋਲ੍ਹ ਲਈਆਂ ਤੇ ਮੈਨੂੰ ਬੋਲਿਆ, ‘‘ਬੱਚੇ, ਤੂੰ ਮੇਰੇ ਵੱਲ ਦੇਖ। ਮੇਰੀਆਂ ਅੱਖਾਂ ਵਿੱਚ ਝਾਕ। ਤੈਨੂੰ ਗਿਆਨ ਹੋ ਜਾਵੇਗਾ।” ਮੇਰਾ ਗੁੱਸਾ ਬੇਕਾਬੂ ਹੋ ਗਿਆ ਸੀ। ਮੈਂ ਉਠ ਖੜ੍ਹੀ ਹੋਈ ਤੇ ਉਸ ਅੱਸੀ-ਪੱਚਾਸੀ ਸਾਲਾਂ ਦੇ ਬਜ਼ੁਰਗ ਦੀ ਬਜ਼ੁਰਗੀ ਦਾ ਲਿਹਾਜ਼ ਨਾ ਕਰ ਕੇ ਸਖਤੀ ਨਾਲ ਉਸ ਨੂੰ ਕਿਹਾ, ‘ਬਾਬਾ ਜੀ, ਤੁਸੀਂ ਕਿਸੇ ਭੁਲੇਖੇ ਵਿੱਚ ਹੋ। ਤੁਹਾਡੀਆਂ ਗੱਲਾਂ ਦਾ ਮੇਰੇ 'ਤੇ ਕੋਈ ਅਸਰ ਨਹੀਂ ਹੋਣ ਵਾਲਾ ਤੇ ਇੱਕ ਗੱਲ ਧਿਆਨ ਨਾਲ ਸੁਣ ਲਓ, ਮੇਰੀ ਮਰਜ਼ੀ ਵਿਰੁੱਧ ਮੈਨੂੰ ਕੇਵਲ ਪ੍ਰਮਾਤਮਾ ਹੀ ਚਲਾ ਸਕਦਾ ਹੈ, ਹੋਰ ਕੋਈ ਨਹੀਂ। ਤੁਸੀਂ ਇਹ ਫਜ਼ੂਲ ਗੱਲਾਂ ਬੰਦ ਕਰੋ। ਜੇ ਚਾਹ ਪਾਣੀ ਪੀਣਾ ਹੈ ਪੀਓ, ਨਹੀਂ ਤਾਂ ਆਪਣਾ ਰਸਤਾ ਫੜੋ।” ਮੇਰੇ ਪਤੀ ਨੇ ਦੇਖ ਲਿਆ ਸੀ ਕਿ ਇਹ ਆਪਣੀ ਆਈ 'ਤੇ ਆ ਗਈ ਹੈ। ਉਨ੍ਹਾਂ ਮੈਨੂੰ ਕਿਹਾ, ‘‘ਕੋਈ ਨਾ, ਬਜ਼ੁਰਗ ਹਨ। ਗੁੱਸਾ ਨਹੀਂ ਕਰੀਦਾ। ਜਾਹ, ਚਾਹ ਪਾਣੀ ਬਣਾ ਕੇ ਲਿਆ।” ਇਨ੍ਹਾਂ ਦੀ ਗੱਲ ਸੁਣ ਕੇ ਬਾਬਾ ਫੇਰ ਹੌਸਲਾ ਫੜ ਗਿਆ ਤੇ ਬੋਲਿਆ, ‘‘ਮੈਨੂੰ ਹੁਕਮ ਹੋਇਆ ਹੈ ਤੂੰ ਆਪਣੇ ਵਿਛੜੇ ਬੱਚੇ ਨੂੰ ਮਿਲਾਂ ਅਤੇ ਉਸ ਲਈ ਅਰਦਾਸ ਕਰਾਂ।” ਮੇਰੇ ਸਬਰ ਦੀ ਹੱਦ ਹੋ ਗਈ ਸੀ। ਮੈਂ ਕੋਲ ਪਈ, ਆਪਣੇ ਦੁਨੀਆ ਤੋਂ ਤੁਰ ਗਏ ਜੁਆਨ ਪੁੱਤ ਦੀ ਫੋਟੋ ਵੱਲ ਇਸ਼ਾਰਾ ਕਰ ਕੇ ਬਾਬੇ ਨੂੰ ਕਿਹਾ, ‘‘ਬਾਬਾ ਜੀ, ਐਨੇ ਪਹੁੰਚੇ ਹੋਏ ਹੋ ਤਾਂ ਪਹਿਲਾਂ ਇਹ ਕੜੀ ਵਰਗਾ ਜੁਆਨੀਓਂ ਟੁੱਟਾ ਮੇਰਾ ਪੁੱਤਰ, ਮੇਰੇ ਬੱਚਾ ਮੈਨੂੰ ਮਿਲਾਓ ਜਿਹੜਾ ਇਸੇ ਜਨਮ ਵਿੱਚ ਕੇਵਲ ਸੱਤ ਸਾਲ ਪਹਿਲਾਂ ਸਾਡੇ ਤੋਂ ਵਿਛੜ ਗਿਆ ਹੈ।” ਬਾਬਾ ਨੇ ਬੌਂਦਲਿਆ ਵਾਂਗ ਮੇਰੇ ਪਤੀ ਨੂੰ ਕਿਹਾ, ‘‘ਅੱਛਾ, ਜੌਹ ਬਾਤ ਐ, ਤਾਂ ਹੀ ਬੀਬੀ ਟੈਸ਼ਨ ਮਾ (ਵਿੱਚ) ਰਹਿੰਦੀ ਹੈ।” ਇਨ੍ਹਾਂ ਨੂੰ ਵੀ ਗੁੱਸਾ ਆ ਗਿਆ ਤੇ ਇਨ੍ਹਾਂ ਬਾਬੇ ਨੂੰ ਖਰ੍ਹਵੀਂ ਆਵਾਜ਼ 'ਚ ਕਿਹਾ, ‘‘ਤੁਸੀਂ ਵਾਧੂ ਗੱਲਾਂ 'ਚ ਸਮਾਂ ਖਰਾਬ ਨਾ ਕਰੋ। ਜੇ ਰੋਟੀ ਪਾਣੀ ਦੀ ਲੋੜ ਹੈ ਖਾਓ-ਪੀਓ ਤੇ ਜਾਓ।” ਉਹ ਅਜੇ ਵੀ ਢੀਠ ਹੋਇਆ ਬੈਠਾ ਸੀ।
ਅਸੀਂ ਸਮਝ ਗਏ ਸਾਂ ਕਿ ਬਾਬਾ ਕੱਚੀਆਂ ਗੋਲੀਆਂ ਨਹੀਂ ਸੀ ਖੇਡਿਆ ਹੋਇਆ। ਉਸ ਨੇ ਆਪਣੇ ਭੱਥੇ ਦਾ ਆਖਰੀ ਤੀਰ ਚਲਾਇਆ ਤੇ ਕਿਹਾ, ‘‘ਮੇਰੇ ਚੋਜੀ ਪਿਤਾ ਦਾ ਹੁਕਮ ਹੋਇਆ ਹੈ, ਤੁਸੀਂ ਮੈਨੂੰ ਗੁਰਦੁਆਰੇ ਮੱਥਾ ਟਿਕਾ ਕੇ ਲਿਆਓ, ਪੂਰੇ ਇੱਕ ਵਜੇ ਆ ਕੇ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਾਂਗਾ ਅਤੇ ਤੁਸੀਂ ਬੈਠ ਕੇ ਪਾਠ ਸੁਣਿਓ। ਮੇਰਾ ਬੈਗ ਏਥੇ ਹੀ ਰਹਿਣ ਦਿਓ, ਚੱਲੋ ਗੁਰਦੁਆਰੇ ਚੱਲੀਏ।” ਮੈਨੂੰ ਆਪਣੇ ਪਤੀ 'ਤੇ ਵੀ ਗੁੱਸਾ ਆ ਰਿਹਾ ਸੀ ਕਿ ਇਸ ਬੰਦੇ ਨੂੰ ਬਾਂਹੋ ਫੜ ਕੇ ਬਾਹਰ ਕਿਉਂ ਨਹੀਂ ਕੱਢਦੇ। ਮੈਂ ਉਚੀ ਤੇ ਕੜਕ ਕੇ ਬੋਲਵੀ, ‘‘ਅਸੀਂ ਨਾ ਤੁਹਾਡੇ ਤੋਂ ਪਾਠ ਕਰਾਉਣਾ ਹੈ ਨਾ ਅਰਦਾਸ। ਮੇਰੇ ਪਤੀ ਖੁਦ ਨਿਤਨੇਮੀ ਹਨ ਤੇ ਮੈਂ ਖੁਦ ਸੈਂਚੀਆਂ ਤੋਂ ਅਰਥ ਸਮੇਤ ਪਾਠ ਕੀਤੇ ਹਨ। ਤੁਸੀਂ ਸਾਨੂੰ ਕੀ ਪਾਠ ਸੁਣਾਓਗੇ? ਇਹ ਪਾਖੰਡ ਅਸੀਂ ਨਹੀਂ ਕਰਦੇ।” ਮੈਂ ਗੱਲ ਮੁਕਾਉਂਦਿਆਂ ਕਿਹਾ, ‘‘ਮੈਂ ਤੁਹਾਨੂੰ ਦਸ ਤੋਂ ਸਾਢੇ ਗਿਆਰਾਂ ਦਾ ਸਮਾਂ ਦਿੱਤਾ ਸੀ, ਪਰ ਤੁਸੀਂ ਸਵਾ ਨੌਂ ਵਜੇ ਆ ਵੜੇ ਤੇ ਬਾਰ੍ਹਾਂ ਵੱਜਣ ਵਾਲੇ ਹਨ। ਕ੍ਰਿਪਾ ਕਰ ਕੇ ਇਥੋਂ ਚਲੇ ਜਾਓ।”
ਮੇਰੀਆਂ ਖਰੀਆਂ-ਖਰੀਆਂ ਸੁਣ ਕੇ ਆਕਾਸ਼ ਉਡਦਾ ਤੇ ਰੱਬ ਨਾਲ ਗੱਲਾਂ ਕਰਦਾ ਬਾਬਾ ਧਰਤੀ 'ਤੇ ਆ ਗਿਆ ਸੀ। ਫਿਰ ਰੰਗ ਬਦਲਦਾ ਬੋਲਿਆ, ‘‘ਮੈਨੂੰ ਚੋਜੀ ਪਿਤਾ ਦਾ ਹੁਕਮ ਹੋਇਆ ਸੀ, ਮੈਂ ਦੋ ਦਿਨ ਤੁਹਾਡੇ ਕੋਲ ਰਹਿਣ ਆਇਆ ਸਾਂ, ਤੁਹਾਡਾ ਭਲਾ ਕਰਨ ਆਇਆ ਸਾਂ। ਅਜੇ ਵੀ ਜੇ ਤੁਸੀਂ ਚਾਹੋ, ਮੇਰਾ ਬੈਗ ਰੱਖ ਲਓ ਅਤੇ ਮੈਨੂੰ ਮੱਥਾ ਟਿਕਾਓ ਲਿਆਓ। ਮੈਂ ਅੱਜ ਦਾ ਦਿਨ ਤੁਹਾਡੇ ਕੋਲ ਅਟਕਾਂਗਾ।” ਮੇਰੇ ਪਤੀ ਨੂੰ ਗੁੱਸਾ ਆਇਆ ਤੇ ਉਹ ਸਖਤੀ ਨਾਲ ਬੋਲੇ, ‘‘ਬਾਬਾ, ਆਪਣਾ ਬੈਗ ਚੁੱਕੋ ਤੇ ਇਥੋਂ ਤੁਰੋ। ਮੈਂ ਤੁਹਾਡੀ ਉਮਰ ਦਾ ਲਿਹਾਜ਼ ਕਰਦਿਆਂ ਤੁਹਾਨੂੰ ਗੁਰਦੁਆਰੇ ਛੱਡ ਆਉਂਦਾ ਹਾਂ।” ਮੈਂ ਇਨ੍ਹਾਂ ਨੂੰ ਕਿਹਾ, ‘‘ਤੁਸੀਂ ਇਸ ਨੂੰ ਕਾਰ 'ਤੇ ਛੱਡਣ ਜਾਓਗੇ। ਜਿਵੇਂ ਆਇਆ ਹੈ, ਚਲਾ ਜਾਵੇਗਾ।” ਸਰਦਾਰ ਸਾਹਿਬ ਬੋਲੇ, ‘‘ਘਰ ਆਏ ਬਜ਼ੁਰਗ ਨਾਲ ਇਉਂ ਨਹੀਂ ਕਰੀਦਾ।”
ਬਾਬਾ ਸਮਝ ਗਿਆ ਸੀ ਕਿ ਉਸ ਦੇ ਸਾਰੇ ਹਥਿਆਰ ਏਥੇ ਖੁੰਢੇ ਸਾਬਤ ਹੋਏ ਹਨ। ਤੁਰਦਾ-ਤੁਰਦਾ ਬਾਬਾ ਪੰਜਾਹ ਦਾ ਇੱਕ ਨੋਟ ਕੱਢ ਕੇ ਮੈਨੂੰ ਫੜਾਉਣ ਲੱਗਾ ਤਾਂ ਮੈਂ ਫੜਨ ਤੋਂ ਨਾਂਹ ਕਰ ਦਿੱਤੀ। ਉਸ ਨੇ ਫਿਰ ਉਹੀ ਰਾਗ ਅਲਾਪਿਆ, ‘‘ਇਹ ਬੱਚੇ ਨੂੰ ਮੈਂ ਪਿਆਰ ਦੇ ਰਿਹਾ ਹਾਂ, ਇਹ ਨਹੀਂ ਮੋੜੀਦਾ।” ਜ਼ਬਰਦਸਤੀ ਫੜਾਇਆ ਉਸ ਦਾ ਨੋਟ ਮੈਂ ਉਥੇ ਮੇਜ਼ 'ਤੇ ਰੱਖ ਦਿੱਤਾ। ਉਸ ਨੇ ਅਜੇ ਆਸ ਦਾ ਪੱਲਾ ਨਹੀਂ ਸੀ ਛੱਡਿਆ। ਪਿੱਛੇ ਮੁੜ ਕੇ ਫਿਰ ਬੋਲਿਆ, ‘‘ਜੇ ਤੁਸੀਂ ਚਾਹੋ ਮੇਰੇ ਘਰ ਮੈਨੂੰ ਮਿਲਣ ਆਇਓ।” ਮੇਰੇ ਪਤੀ ਨੇ ਰੁੱਖੀ ਆਵਾਜ਼ ਨਾਲ ਬਾਬੇ ਨੂੰ ਕਿਹਾ, ‘‘ਤੁਰਦੇ ਬਣੋ।”
ਇਸ ਘਟਨਾ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ। ਬਾਬਾ ਦੇ ਪਿਛਲੇ ਜਨਮ ਦੇ ਚੱਕਰ ਨੇ ਮੈਨੂੰ ਆਪਣੇ ਪੁੱਤਰ ਦਾ ਇਸੇ ਜਨਮ ਦਾ ਵਿਛੋੜਾ ਬੁਰੀ ਤਰ੍ਹਾਂ ਯਾਦ ਕਰਾ ਦਿੱਤਾ। ਦਿਲ ਦੇ ਜਿਹੜੇ ਡੂੰਘੇ ਜ਼ਖਮਾਂ 'ਤੇ ਮੈਂ ਸਬਰਾਂ ਤੇ ਫਰਜ਼ਾਂ ਦੀ ਮੱਲ੍ਹਮ ਲਾ ਲਾ ਕੇ ਮਸਾਂ ਹੀ ਅੰਗੂਰ ਲਿਆਂਦਾ ਸੀ ਉਹ ਫਿਰ ਪੱਛੇ ਗਏ ਸਨ। ਹਫਤਾ ਭਰ ਮੈਂ ਆਪਣੇ ਆਪ ਨੂੰ ਸੰਭਾਲ ਨਾ ਸਕੀ। ਤੀਜੇ ਦਿਨ ਮੈਂ ਹਿੰਮਤ ਕਰ ਕੇ ਉਹ ਫੋਨ ਨੰਬਰ ਲੱਭਿਆ ਤੇ ਉਸ ਬੰਦੇ ਨੂੰ ਪੁੱਛਿਆ ਕਿ ਇਹ ਬਾਬਾ ਤੁਹਾਡਾ ਕੀ ਲੱਗਦਾ ਹੈ ਤੇ ਇਸ ਦਾ ਕੀ ਧੰਦਾ ਹੈ? ਮੈਂ ‘ਧੰਦਾ’ ਸ਼ਬਦ ਉਤੇ ਵਿਸ਼ੇਸ਼ ਜ਼ੋਰ ਦਿੱਤਾ। ਉਸ ਨੇ ਦੱਸਿਆ ਕਿ ਸਾਡੇ ਸ਼ਹਿਰ ਦਾ ਹੈ ਤੇ ਸਾਡਾ ਜਾਣੂੰ ਹੈ। ਮੈਂ ਉਸ ਨੂੰ ਕਿਹਾ ਕਿ ਤੁਸੀਂ ਕਿਉਂ ਫੋਨ ਕੀਤਾ, ਇਸ ਦੇ ਪਰਵਾਰ ਦੇ ਕਿਸੇ ਮੈਂਬਰ ਨੇ ਕਿਉਂ ਨਾ ਕੀਤਾ? ਉਸ ਨਿਮਰਤਾ ਨਾਲ ਕਿਹਾ, ‘‘ਬੀਬੀ ਜੀ, ਸਿਆਣਾ ਬੰਦਾ ਹੈ। ਆ ਕੇ ਕਹਿ ਦੇਂਦਾ ਹੈ, ਮੇਰਾ ਇਹ ਸੁਨੇਹਾ ਫੋਨ 'ਤੇ ਦੇ ਦਿਓ।” ਮੈਂ ਉਸ ਨੂੰ ਸਪੱਸ਼ਟ ਆਖ ਦਿੱਤਾ, ‘‘ਪਹਿਲਾਂ ਅਗਲਿਆਂ ਤੁਹਾਨੂੰ ਘੇਰਨਾ ਹੈ, ਬਾਬੇ ਨੂੰ ਬਾਅਦ ਵਿੱਚ ਪੁੱਛਣਾ ਹੈ ਕਿਉਂਕਿ ਕਾਲ ਤੁਹਾਡੇ ਫੋਨ ਤੋਂ ਆਉਂਦੀ ਹੈ।” ਮੈਂ ਉਸ ਨੂੰ ਸਾਰੀ ਕਹਾਣੀ ਦੱਸੀ ਤਾਂ ਉਹ ਬੰਦਾ ਵਾਰ-ਵਾਰ ਮੁਆਫੀ ਮੰਗ ਰਿਹਾ ਸੀ। ਉਹ ਕਹਿ ਰਿਹਾ ਸੀ ਕਿ ਸਾਨੂੰ ਕੁਝ ਪਤਾ ਨਹੀਂ ਕਿ ਇਹ ਬਾਬਾ ਕੀ ਕਰਦਾ ਹੈ। ਮੈਂ ਉਸ ਨੂੰ ਕਿਹਾ, ‘‘ਪਹਿਲਾਂ ਤੂੰ ਮੈਨੂੰ ਬਾਬੇ ਦੇ ਸੁਨੇਹੇ ਦਿੱਤੇ ਸਨ। ਅੱਜ ਮੇਰਾ ਸੁਨੇਹਾ ਉਸ ਨੂੰ ਪੁਚਾ ਦੇਵੀਂ ਕਿ ਮੁੜ ਕੇ ਮੇਰੇ ਘਰ ਵੱਲ ਮੂੰਹ ਨਾ ਕਰੇ।” ਦੂਜੇ ਦਿਨ ਉਸ ਨੇ ਦੱਸਿਆ ਕਿ ਮੇਰਾ ਸੁਨੇਹਾ ਬਾਬੇ ਨੂੰ ਪਹੁੰਚਾ ਦਿੱਤਾ ਹੈ।
ਮੈਂ ਕਿੰਨੇ ਦਿਨ ਸੋਚਦੀ ਰਹੀ ਕਿ ਅਜਿਹੇ ਲੋਕ ਇਸੇ ਤਰ੍ਹਾਂ ਲੋਕਾਂ, ਵਿਸ਼ੇਸ਼ ਤੌਰ 'ਤੇ ਔਰਤਾਂ ਨੂੰ ਮੂਰਖ ਬਣਾਉਂਦੇ ਤੇ ਗੁੰਮਰਾਹ ਕਰਦੇ ਹਨ। ਅੱਜ ਦੇ ਦਿਖਾਵੇ ਦੇ ਯੁੱਗ ਵਿੱਚ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਅਤੇ ਤਿੜਕਦੇ-ਟੁੱਟਦੇ ਰਿਸ਼ਤਿਆਂ ਕਾਰਨ ਤਕਰੀਬਨ ਹਰ ਕੋਈ ਉਲਝਣਾਂ ਤੇ ਚਿੰਤਾਵਾਂ ਵਿੱਚ ਘਿਰਿਆ ਹੋਇਆ ਹੈ। ਇਹ ਲੋਕ ਬੜੇ ਸ਼ਾਤਰ ਹੁੰਦੇ ਹਨ ਤੇ ਕਿਸੇ ਦੀ ਮਾਨਸਿਕ ਪ੍ਰੇਸ਼ਾਨੀ ਜਾਂ ਕਮਜ਼ੋਰੀ ਨੂੰ ਲੱਭ ਕੇ ਉਸ ਨੂੰ ਕਠਪੁਤਲੀ ਵਾਂਗ ਨਚਾਉਂਦੇ ਹਨ। ਅਜੀਬ ਗੱਲ ਹੈ ਕਿ ਬਾਬੇ ਨੇ ਮੇਰੇ ਨਾਲ ਮੇਰੀ ਕਿਸੇ ਲਿਖਤ ਜਾਂ ਲੇਖ ਦਾ ਜ਼ਿਕਰ ਹੀ ਨਹੀਂ ਕੀਤਾ ਜਿਸ ਦੀ ਆੜ ਵਿੱਚ ਉਹ ਮੈਨੂੰ ਮਿਲਣ ਆਇਆ ਸੀ। ਬੱਸ ਕਿਸੇ ਅਖਬਾਰ ਜਾਂ ਮੈਗਜ਼ੀਨ 'ਚੋਂ ਮੇਰਾ ਫੋਨ ਨੰਬਰ ਲਿਆ ਤੇ ਪਿਛਲੇ ਜਨਮ ਦਾ ਵਿਛੜਿਆ ਬਾਬਾ ‘ਆਪਣੇ ਬੱਚੇ’ ਨੂੰ ਮਿਲਣ ਆ ਗਿਆ। ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਰੱਬ ਬਚਾਵੇ ਇਨ੍ਹਾਂ ਬਾਬਿਆਂ ਤੋਂ, ਪਰ ਮੈਂ ਕਹਿੰਦੀ ਹਾਂ ਕਿ ਆਪ ਬਚੋ ਇਨ੍ਹਾਂ ਬਾਬਿਆਂ ਤੋਂ ਕਿਉਂਕਿ ਰੱਬ ਨਾਲ ਤਾਂ ਇਹ ਸਿੱਧੀਆਂ ਗੱਲਾਂ ਕਰਦੇ ਹਨ। ਉਹ ਵੀ ਬਿਨਾਂ ਟੈਲੀਫੋਨ, ਮੋਬਾਈਲ ਜਾਂ ਵਾਇਰਲੈਸ ਤੋਂ...।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’