Welcome to Canadian Punjabi Post
Follow us on

29

March 2024
 
ਨਜਰਰੀਆ

ਜਦੋਂ ਮਿਲ ਕੇ ਸਾਂਝੇ ਕੀਤੇ ਉਹ ਦਿਨ

March 30, 2020 08:06 AM

-ਪ੍ਰਭਜੋਤ ਕੌਰ ਢਿੱਲੋਂ
ਜਦੋਂ ਅਸੀਂ ਆਪਣੇ ਪੁਰਾਣੇ ਦੋਸਤਾਂ-ਮਿੱਤਰਾਂ ਜਾਂ ਸਹੇਲੀਆਂ ਨੂੰ ਮਿਲਦੇ ਹਾਂ ਤਾਂ ਪ੍ਰਾਪਤ ਹੋਈ ਖੁਸ਼ੀ ਬਿਆਨ ਕਰਨਾ ਏਨਾ ਹੀ ਔਖਾ ਹੁੰਦਾ ਹੈ, ਜਿੰਨਾ ਗੂੰਗੇ ਦਾ ਗੁੜ ਖਾਣ ਤੋਂ ਬਾਅਦ ਬਿਆਨ ਕਰਨਾ। ਹਰ ਉਮਰ ਵਿੱਚ ਬਣੇ ਰਿਸ਼ਤੇ ਤੇ ਸਾਂਝਾਂ ਆਪਣੇ ਆਪ ਵਿੱਚ ਬਹੁਤ ਕੁਝ ਸਮੇਟ ਲੈਂਦੀਆਂ ਹਨ। ਇਨ੍ਹਾਂ ਦੀ ਸਮਝ ਅਤੇ ਮਹੱਤਤਾ ਉਸ ਸਮੇਂ ਨਹੀਂ ਹੁੰਦੀ, ਪਰ ਜਦੋਂ ਕੁਝ ਸਾਲ ਬੀਤ ਜਾਂਦੇ ਹਨ ਤਾਂ ਇੱਕ ਵੱਖਰੀ ਖਿੱਚ ਪੈਦਾ ਹੁੰਦੀ ਹੈ। ਇਵੇਂ ਦੀ ਹੀ ਗੱਲ ਜਾਂ ਮਿਲਣੀ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ।
ਕੁਝ ਮਹੀਨੇ ਪਹਿਲਾਂ ਮੈਨੂੰ ਫੇਸਬੁਕ `ਤੇ ਮੇਰੀ ਜਮਾਤਣ ਮਿਲ ਗਈ। ਅਸੀਂ ਇੱਕ ਜਮਾਤ ਵਿੱਚ ਤਾਂ ਪੜ੍ਹਦੀਆਂ ਹੀ ਸੀ, ਹੋਸਟਲ ਵਿੱਚ ਸਾਡਾ ਕਮਰਾ ਵੀ ਸਾਂਝਾ ਸੀ। ਇਹ ਗੱਲ ਸੰਨ 1977-78 ਦੀ ਹੈ। ਉਸ ਸਮੇਂ ਵਧੇਰੇ ਕਰ ਕੇ ਹੋਸਟਲ ਵਿੱਚ ਲੜਕੀਆਂ ਨੂੰ ਛੱਡਿਆ ਜਾਂਦਾ ਸੀ। ਖੈਰ ਗੱਲ ਕਰਦੀ ਹਾਂ ਉਸ ਸਹੇਲੀ ਦੀ ਜੋ ਫੇਸਬੁਕ ਉੱਤੇ ਕੋਈ ਚਾਰ ਦਹਾਕਿਆਂ ਬਾਅਦ ਮਿਲੀ। ਇਥੇ ਫੇਸਬੁਕ ਦਾ ਧੰਨਵਾਦ ਕਰਨਾ ਵੀ ਬਣਦਾ ਹੈ। ਮੇਰੀ ਸਹੇਲੀ ਦਾ ਬੀ ਏ ਕਰਨ ਤੋਂ ਬਾਅਦ ਵਿਆਹ ਹੋ ਗਿਆ ਤੇ ਉਹ ਅਮਰੀਕਾ ਚਲੀ ਗਈ। ਮੈਂ ਐੱਮ ਏ ਕੀਤੀ ਅਤੇ ਆਪਣੇ ਪਤੀ ਨਾਲ ਫੌਜ ਦੀ ਜ਼ਿੰਦਗੀ ਵਿੱਚ ਰੁੱਝ ਗਈ। ਮਹਿਲਾ ਦਿਵਸ `ਤੇ ਮੇਰੀ ਸਹੇਲੀ ਪ੍ਰਵੇਜ਼ ਸੰਧੂ ਦਾ ਫੋਨ ਆਇਆ ਕਿ ਮੈਂ ਖਰੜ ਆਈ ਹੋਈ ਹਾਂ। ਉਸ ਨੂੰ ਵੀ ਤਾਂਘ ਸੀ ਮਿਲਣ ਦੀ ਤੇ ਮੈਨੂੰ ਵੀ। ਅਸੀਂ ਪ੍ਰੋਗਰਾਮ ਬਣਾਇਆ ਅਤੇ ਮੈਂ ਉਸ ਨੂੰ ਮਿਲਣ ਵਾਸਤੇ ਉਸ ਦੀ ਭੈਣ ਦੇ ਘਰ ਮੋਹਾਲੀ ਤੇ ਖਰੜ ਗਈ। ਮੈਂ ਆਪਣੇ ਪਤੀ ਨਾਲ ਹਿਸਾਬ ਲਾਇਆ ਤਾਂ ਅਸੀਂ 42 ਸਾਲ ਬਾਅਦ ਮਿਲ ਰਹੀਆਂ ਸੀ, ਪਰ ਸਾਰਾ ਕੁਝ ਇਉਂ ਯਾਦ ਸੀ, ਜਿਵੇਂ ਕੱਲ੍ਹ ਦੀਆਂ ਗੱਲਾਂ ਹੋਣ। ਸਾਨੂੰ ਕਾਲਜ ਅਤੇ ਹੋਸਟਲ ਦੀਆਂ ਗੱਲਾਂ ਸਭ ਇਵੇਂ ਲੱਗ ਰਹੀਆਂ ਸਨ ਜਿਵੇਂ ਇਹ ਕੋਈ ਬਹੁਤ ਪੁਰਾਣੀ ਗੱਲ ਨਹੀਂ। ਮੈਨੂੰ ਯਾਦ ਹੈ ਅਸੀਂ ਸਵੇਰੇ ਜਲਦੀ ਭੱਜਣਾ ਤਾਂ ਕਿ ਨਹਾਉਣ ਵਾਸਤੇ ਬਾਥਰੂਮ ਮਿਲ ਜਾਵੇ। ਬਾਲਟੀ ਅਤੇ ਮੱਗ ਦਾ ਰੌਲਾ ਹਮੇਸ਼ਾ ਪੈਣਾ। ਇੱਕ ਰੌਲਾ ਖਤਮ ਹੋਣਾ ਤਾਂ ਨਾਸ਼ਤੇ ਦਾ ਰੌਲਾ ਪੈ ਜਾਣਾ। ਸਾਡੀਆਂ ਪਲੇਟਾਂ ਆਮ ਕਰ ਕੇ ਗੁਆਚੀਆਂ ਹੀ ਹੁੰਦੀਆਂ ਸੀ। ਇੱਕ ਪਲੇਟ ਵਿੱਚ ਬਰੈਡ ਦੇ ਮਿਲਣ ਵਾਲੇ ਚਾਰ-ਚਾਰ ਪੀਸ ਰੱਖ ਲੈਣੇ, ਪਰੌਂਠੇ ਹੋਣੇ ਤਾਂ ਇੱਕ ਪਲੇਟ ਦੇ ਇੱਕ ਪਾਸੇ ਆਚਾਰ ਰੱਖ ਲੈਣਾ ਅਤੇ ਇਵੇਂ ਹੀ ਖਾ ਲੈਣੇ। ਚਾਹ ਜਾਂ ਦੁੱਧ ਲਈ ਗਲਾਸ ਦਾ ਪ੍ਰਬੰਧ ਆਪੋ ਆਪਣਾ ਕਰ ਲੈਂਦੇ। ਉਦੋਂ ਨਾ ਸ਼ਰਮ ਆਉਂਦੀ ਸੀ ਤੇ ਨਾ ਬੇਇੱਜ਼ਤੀ ਮਹਿਸੂਸ ਹੁੰਦੀ ਸੀ। ਹੋਸਟਲ ਦਾ ਇਵੇਂ ਦਾ ਹੀ ਮਾਹੌਲ ਹੁੰਦਾ ਹੈ। ਜਿਸ ਨੇ ਖਾਣਾ ਖਾ ਲੈਣਾ, ਉਸ ਦੇ ਬਰਤਨ ਕਿਸੇ ਨਾ ਕਿਸੇ ਨੇ ਮੰਗ ਲੈਣੇ। ਅਸੀਂ ਇੱਕ ਕਮਰੇ ਵਿੱਚ ਚਾਰ ਲੜਕੀਆਂ ਸੀ, ਹੋਸਟਲ ਵਾਰਡਨ ਦਾ ਕਮਰਾ ਸਾਡੇ ਤੋਂ ਦੋ ਕਮਰੇ ਛੱਡ ਕੇ ਸੀ, ਇਸ ਕਰ ਕੇ ਸਾਡੇ `ਤੇ ਅੱਖ ਤਾਂ ਰਹਿੰਦੀ ਸੀ। ਉਸ ਦਿਨ ਅਸੀਂ ਬੈਠ ਕੇ ਉਹ ਦਿਨ ਯਾਦ ਕੀਤੇ।
ਪ੍ਰਵੇਜ਼ ਬਹੁਤ ਮਸਤ ਰਹਿੰਦੀ ਸੀ, ਚੁੱਪ ਪਰ ਸ਼ਰਾਰਤੀ। ਹੋਸਟਚਲ ਵਾਰਡਨ ਧਿਆਨ ਰੱਖਦੀ ਕਿ ਹੋਸਟਲ ਦੀਆਂ ਲੜਕੀਆਂ ਕਾਲਜ ਵਿੱਚ ਕਲਾਸਾਂ ਪੂਰੀਆਂ ਲਾਉਣ, ਪਰ ਉਸ ਦੇ ਬਾਵਜੂਦ ਵੀ ਕਲਾਸਾਂ ਨਾ ਲਾਉਣ ਦਾ ਸਿਲਸਿਲਾ ਰੁਕਿਆ ਨਹੀਂ। ਕਦੇ ਉਸ ਨੇ ਸਾਨੂੰ ਕਾਲਜ ਦੀ ਕੰਟੀਨ ਵਿੱਚ ਬੈਠਿਆਂ ਫੜਨਾ ਤੇ ਕਦੇ ਕਾਲਜ ਦੀ ਗਰਾਊਂਡ ਵਿੱਚ। ਫਿਰ ਆਪਣੇ ਕਮਰੇ ਵਿੱਚ ਬੁਲਾ ਕੇ ਸਾਡੀ ਚੰਗੀ ਸੇਵਾ ਹੋਣੀ। ਉਥੇ ਹਰ ਰੋਜ਼ ਕਿਸੇ ਨਾ ਕਿਸੇ ਦਾ ਨੰਬਰ ਲੱਗਿਆ ਹੁੰਦਾ ਸੀ। ਵਾਰਡਨ ਦੇ ਕਮਰੇ ਵਿੱਚ ਸੁਸਰੀ ਵਾਂਗ ਹੁੰਦੇ ਤੇ ਬਾਹਰ ਨਿਕਲਦੇ ਹੀ ਫਿਰ ਉਵੇਂ ਦੇ। ਹੋਸਟਲ ਵਿੱਚ ਸਭ ਦਾ ਹਾਲ ਇਹੀ ਸੀ, ‘‘ਦੋ ਪਈਆਂ ਵਿਸਰ ਗਈਆਂ।” ਪ੍ਰਵੇਜ਼ ਨੇ ਕਮਰੇ ਦੇ ਨਾਲ ਬਣੇ ਬਰਾਂਡੇ ਵਿੱਚ ਖੜ੍ਹੇ ਹੋ ਕੇ ਪੁਰਾਣੇ ਹਿੰਦੀ ਗੀਤ ਪੂਰੀ ਆਵਾਜ਼ ਵਿੱਚ ਗਾਉਣੇ। ਉਹ ਸ਼ਿਵ ਕੁਮਾਰ ਬਟਾਲਵੀ ਦੇ ਗਾਣੇ ਵੀ ਗਾਉਂਦੀ ਸੀ। ਉਸ ਸਮੇਂ ਸਾਨੂੰ ਬੜਾ ਮਜ਼ਾ ਆਉਂਦਾ ਸੀ। ਉਸ ਨੇ ਸ਼ੁਰੂ ਕਰਨਾ ਤੇ ਅਸੀਂ ਵੀ ਉਥੇ ਆ ਖੜ੍ਹੇ ਹੋਣਾ ਤੇ ਕੁਝ ਸਾਡੇ ਵਰਗੀਆਂ ਹੋਰ ਸੀ, ਉਨ੍ਹਾਂ ਨੇ ਆਪਣੇ ਆਪਣੇ ਕਮਰਿਆਂ ਵਿੱਚੋਂ ਆਵਾਜ਼ ਮਿਲਾ ਲੈਣੀ। ਅਸੀਂ ਬੀ ਏ ਫਾਈਨਲ ਵਿੱਚ ਸੀ, ਇਸ ਕਰ ਕੇ ਹੋਸਟਲ ਵਿੱਚ ਸੀਨੀਅਰ ਸੀ। ਵਾਰਡਨ ਨੇ ਹਮੇਸ਼ਾ ਸੀਨੀਅਰ ਹੋਣ ਦੀ ਗੱਲ ਕਰਨੀ। ਸ਼ਾਇਦ ਉਦੋਂ ਅਸੀਂ ਮਜ਼ੇ ਵੀ ਬਹੁਤ ਕੀਤੇ, ਪੜ੍ਹਨਾ ਔਖਾ ਵੀ ਲੱਗਦਾ ਸੀ, ਪਰ ਮਿਲ ਕੇ ਗੱਲਾਂ ਕਰ ਕੇ ਇਵੇਂ ਲੱਗਿਆ ਜਿਵੇਂ ਉਹ ਬਹੁਤ ਵਧੀਆ ਸਨ। ਹਾਂ, ਸਾਨੂੰ ਉਦੋਂ ਇਹ ਨਹੀਂ ਸੀ ਪਤਾ ਕਿ ਅਸੀਂ ਕਦੇ ਲਿਖਾਂਗੇ, ਕਦੇ ਸਾਡੀਆਂ ਕਿਤਾਬਾਂ ਛਪਣਗੀਆਂ। ਅਸੀਂ ਇੱਕ ਦੂਜੇ ਨੂੰ ਆਪਣੀਆਂ ਕਿਤਾਬਾਂ ਵੀ ਤੋਹਫੇ ਵਜੋਂ ਦੇਵਾਂਗੇ। ਇਹ ਕਦੇ ਸੋਚਿਆ ਨਹੀਂ ਸੀ ਕਿ ਅਸੀਂ ਪੰਜਾਬੀ ਸਾਹਿਤ ਦੀਆਂ ਗੱਲਾਂ ਵੀ ਕਰਾਂਗੇ। ਸਾਡੀ ਮਿਲਣੀ ਵਿੱਚ ਦੀਪਤੀ ਬਬੂਟਾ ਵਰਗੀ ਕਹਾਣੀਕਾਰ ਵੀ ਹੋਏਗੀ। ਪ੍ਰਵੇਜ਼ ਸੰਧੂ ਅਮਰੀਕਾ ਵਿੱਚ ਰਹਿ ਰਹੀ ਹੈ। ਪਿਛਲੇ ਲੰਮੇ ਸਮੇਂ ਤੋਂ ਲਿਖ ਰਹੀ ਹੈ ਤੇ ਸਥਾਪਤ ਲੇਖਿਕਾ ਹੈ। ਉਸ ਦੀਆਂ ਕਿਤਾਬਾਂ ਵੀ ਛਪ ਚੁੱਕੀਆਂ ਹਨ। ਉਸ ਨੇ ਦੱਸਿਆ ਕਿ ਉਹ ਪਬਲੀਕੇਸ਼ਨ ਦਾ ਵੀ ਕੰਮ ਕਰਦੀ ਹੈ ਤੇ ਜੋ ਲੇਖਕ ਕਿਤਾਬ ਛਪਵਾਉਣ ਦੀ ਸਮਰੱਥਾ ਨਹੀਂ ਰੱਖਦੇ, ਉਨ੍ਹਾਂ ਦੀਆਂ ਕਿਤਾਬਾਂ ਮੁਫਤ ਛਾਪਦੀ ਹੈ।
ਅਸਲ ਵਿੱਚ ਸਾਨੂੰ ਹੈਰਾਨੀ ਵੀ ਸੀ ਤੇ ਖੁਸ਼ੀ ਵੀ ਕਿ ਅਸੀਂ ਇਹ ਕਰ ਸਕਦੇ ਸੀ। ਅਸੀਂ ਇੱਕ ਦੂਜੇ ਨੂੰ ਉਵੇਂ ਹੀ ਜਾਣਦੇ ਹਾਂ ਜਿਵੇਂ ਦੀ ਅਸੀਂ ਹੋਸਟਲ ਵਿੱਚ। ਵਾਰਡਨ ਦੇ ਸ਼ਬਦ ਅੱਜ ਫਿਰ ਯਾਦ ਆਏ ਕਿ ‘ਪੜ੍ਹ ਲਓ, ਸਟੱਡੀ ਪੀਰੀਅਡ ਵਿੱਚ ਵੀ ਤੁਹਾਨੂੰ ਟਿਕਾਅ ਨਹੀਂ'। ਸੱਚੀਂ ਉਦੋਂ ਅਸੀਂ ਜੋ ਕਰਦੇ ਸੀ, ਗਲਤ ਨਹੀਂ ਲੱਗਦਾ ਸੀ। ਵਾਰਡਨ ਨੂੰ ਤੰਗ ਕਰਨ ਵਿੱਚ ਸਾਨੂੰ ਕੀ ਚੰਗਾ ਲੱਗਦਾ ਹੋਵੇਗਾ? ਸਮਝ ਤੋਂ ਅੱਜ ਵੀ ਬਾਹਰ ਹੈ। ਉਹ ਦੋ ਲੜਕੀਆਂ, ਜਿਹੜੀਆਂ ਆਪਣੀ ਜਮਾਤ ਵਿੱਚ ਦਿੱਤੇ ਸਵਾਲਾਂ ਦੇ ਜਵਾਬ ਲਿਖਣ ਤੋਂ ਭੱਜਦੀਆਂ ਸਨ, ਅੱਜ ਪੜ੍ਹਦੀਆਂ ਵੀ ਨੇ ਤੇ ਲਿਖਦੀਆਂ ਵੀ ਨੇ। ਹਕੀਕਤ ਇਹ ਹੈ ਕਿ ਮਹਿਲਾ ਦਿਵਸ `ਤੇ ਸੱਚੀਂ ਸਾਡਾ ਮਿਲਣਾ ਇੱਕ ਦੂਜੇ ਨੂੰ ਤੋਹਫਾ ਹੀ ਸੀ। ਮਿਲ ਕੇ ਇਵੇਂ ਲੱਗਾ ਹੀ ਨਹੀਂ ਕਿ ਅਸੀਂ ਚਾਰ ਦਹਾਕਿਆਂ ਤੋਂ ਬਾਅਦ ਮਿਲ ਰਹੇ ਹਾਂ। ਦੋਸਤਾਂ-ਮਿੱਤਰਾਂ ਅਤੇ ਸਹੇਲੀਆਂ ਦਾ ਮਿਲਣਾ ਸੱਚੀਂ ਉਹ ਖੁਸ਼ੀ ਹੈ, ਜੋ ਪੈਸੇ ਨਾਲ ਨਾ ਖਰੀਦੀ ਜਾ ਸਕਦੀ ਹੈ ਤੇ ਨਾ ਮਹਿਸੂਸ ਕੀਤੀ ਜਾ ਸਕਦੀ ਹੈ। ਇਹ ਦਿਨ ਯਾਦਗਾਰੀ ਬਣ ਗਿਆ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ