ਨਵੀਂ ਦਿੱਲੀ, 27 ਮਾਰਚ (ਪੋਸਟ ਬਿਊਰੋ)- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਪੂਰੀ ਦੁਨੀਆ ਦਾ ਸੰਘਰਸ਼ ਜਾਰੀ ਹੈ। ਭਾਰਤ ਸਮੇਤ ਕਈ ਦੇਸ਼ਾਂ ਨੇ ਸਾਵਧਾਨੀ ਵਜੋਂ ਕਈ ਕਦਮ ਚੁੱਕੇ ਹਨ। ਇਸ ਨਾਲ ਦੁਨੀਆ ਦੀ ਕਰੀਬ ਇੱਕ ਤਿਹਾਈ ਆਬਾਦੀ ਘਰਾਂ ਵਿੱਚ ਕੈਦ ਹੈ। ਇਸ ਦੌਰਾਨ ਨੋਬਲ ਇਨਾਮ ਜੇਤੂ ਮਾਈਕਲ ਲੇਵਿਟ ਨੇ ਕੋਰੋਨਾ ਵਾਇਰਸ ਬਾਰੇ ਇੱਕ ਏਦਾਂ ਦੀ ਭਵਿੱਖਬਾਣੀ ਕੀਤੀ ਹੈ, ਜੋ ਚਿੰਤਤ ਲੋਕਾਂ ਨੂੰ ਕੁਝ ਰਾਹਤ ਦੇ ਸਕਦੀ ਹੈ।
ਸਟੈਨਫੋਰਡ ਯੂਨੀਵਰਸਿਟੀ ਦੇ ਬਾਇਓਫਿਜ਼ੀਸਿਸਟ ਅਤੇ ਨੋਬਲ ਇਨਾਮ ਜੇਤੂ ਮਾਈਕਲ ਲੇਵਿਟ ਨੇ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਨੇ ਦੁਨੀਆ ਨੂੰ ਇੱਕ ਬੂਸਟਰ ਦਿੱਤਾ ਹੈ, ਜਿਹੜਾ ਇਸ ਵਕਤ ਮਹਾਮਾਰੀ ਨਾਲ ਲੜਨ ਲਈ ਜ਼ਰੂਰੀ ਹੈ, ਇਸ ਲਈ ਕੋਰੋਨਾ ਦਾ ਕਹਿਰ ਛੇਤੀ ਖਤਮ ਹੋ ਜਾਵੇਗਾ। ਕੈਮਿਸਟਰੀ ਵਿੱਚ 2013 ਦਾ ਨੋਬਲ ਇਨਾਮ ਜਿੱਤਣ ਵਾਲੇ ਲੇਵਿਟ ਨੇ ਇਸ ਤੋਂ ਪਹਿਲਾਂ ਚੀਨ ਵਿੱਚ ਮਹਾਮਾਰੀ ਬਾਰੇ ਭਵਿੱਖਬਾਣੀ ਕੀਤੀ ਸੀ ਕਿ ਓਥੇ ਮਹਾਮਾਰੀ ਵਿਨਾਸ਼ਕਾਰੀ ਕਹਿ ਨੂੰ ਲੈ ਕੇ ਆਵੇਗੀ। ਮਾਈਕਲ ਲੇਵਿਟ ਓਹੀ ਹਨ, ਜਿਨ੍ਹਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਚੀਨ ਵਿੱਚ ਸਵਾ ਤਿੰਨ ਹਜ਼ਾਰ ਲੋਕ ਮਰਨਗੇ। ਉਨ੍ਹਾ ਨੇ ਲਾਸ ਏਂਜਲਸ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਕਿ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਜੋ ਕਰਨਾ ਚਾਹੀਦਾ ਹੈ, ਉਹ ਅਸੀਂ ਕਰ ਰਹੇ ਹਾਂ, ਸਭ ਠੀਕ ਹੋਣ ਵਾਲਾ ਹੈ। ਲੇਵਿਟ ਨੇ ਅੱਗੇ ਦੱਸਿਆ ਕਿ ਹਾਲਾਤ ਓਨੇ ਭਿਆਨਕ ਨਹੀਂ, ਜਿੰਨਾ ਚਿਤਾਵਨੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੋਰੋਨਾ ਦੇ ਵਧਦੇ ਕੇਸਾਂ ਦੀ ਗਿਣਤੀ ਪ੍ਰੇਸ਼ਾਨ ਕਰਨ ਵਾਲੀ ਹੈ, ਪਰ ਹੌਲੀ ਰਫਤਾਰ ਦੇ ਵਾਧੇ ਦੇ ਸਾਫ ਸੰਕੇਤ ਮਿਲ ਰਹੇ ਹਨ।