* ਮੋਦੀ ਵੱਲੋਂ ਮਨੁੱਖੀ ਜੀਵਨ ਉੱਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ
ਨਵੀਂ ਦਿੱਲੀ, 26 ਮਾਰਚ, (ਪੋਸਟ ਬਿਊਰੋ)- ਕੋਰੋਨਾ ਵਾਇਰਸ ਮਹਾਮਾਰੀ ਅਤੇ ਇਸ ਦੇ ਮਨੁੱਖੀ ਤੇ ਆਰਥਿਕ ਪ੍ਰਭਾਵਾਂ ਲਈ ਸਮੁੱਚੀ ਕੌਮਾਂਤਰੀ ਪ੍ਰਤੀਕਿਰਿਆ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਜੀ-20 ਵਰਚੁਅਲ ਸਮਿਟ’ ਵਿੱਚ ਜਦੋਂ ਇਸ ਗਰੁੱਪ ਦੇ ਦੇਸ਼ਾਂ ਦੇ ਆਗੂਆਂ ਨੂੰ ਸੰਬੋਧਨ ਕੀਤਾ ਤਾਂ ਸੰਸਾਰ ਆਗੂਆਂ ਨੂੰ ਮਨੁੱਖੀ ਜੀਵਨ ਉੱਤੇ ਕੇਂਦਰਿਤ ਕਰਨ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸਮਾਜ ਦੇ ਆਰਥਿਕ ਤੌਰ ਉੱਤੇ ਕਮਜ਼ੋਰ ਲੋਕਾਂ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਯੋਜਨਾ ਬਣਾਉਣ ਦੀ ਵੀ ਅਪੀਲ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਸਮਿਟ ਵਿੱਚ ਕੋਰੋਨਾ ਵਾਇਰਸ ਦੇ ਮੁੱਢ ਦੀ ਚਰਚਾ ਨਹੀਂ ਹੋਈ। ਇਸ ਮੌਕੇ ਸਭ ਦੀ ਭਾਵਨਾ ਸਹਿਯੋਗ ਵਾਲੀ ਸੀ ਤੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਵਿਚਾਰ ਹੋਈ ਹੈ। ਕੋਰੋਨਾ ਵਾਇਰਸ ਦੇ ਕਹਿਰ ਲਈ ਕਿਸੇ ਵੀ ਦੇਸ਼ ਨੂੰ ਦੋਸ਼ ਦੇਣ ਦਾ ਕੋਈ ਯਤਨ ਨਹੀਂ ਕੀਤਾ ਗਿਆ।
ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਖੇਤਰੀ ਪੱਧਰ ਉੱਤੇ ਨਹੀਂ, ਕੌਮਾਂਤਰੀ ਪੱਧਰ ਉੱਤੇ ਵੀ ਭਾਰਤ ਦੀ ਭੂਮਿਕਾ ਨੂੰ ‘ਜੀ-20 ਵਰੂਚਅਲ ਸਮਿਟ’ ਵਿੱਚ ਹੋਰ ਦੇਸ਼ਾਂ ਦੇ ਆਗੂਆਂ ਨੇ ਸਲਾਹਿਆ। ਯੂ ਐੱਨ, ਕੌਮਾਂਤਰੀ ਮੁਦਰਾ ਕੋਸ਼ (ਆਈ ਐੱਮ ਐੱਫ) ਅਤੇ ਵਿਸ਼ਵ ਸਿਹਤ ਸੰਗਠਨ ਦੇ ਮੁਖੀਆਂ ਨੇ ਵੀ ਸਮਿਟ ਦੇ ਸ਼ੁਰੂ ਵਿੱਚ ਗੱਲ ਰੱਖੀ ਸੀ। ਸਾਊਦੀ ਅਰਬ ਦੀ ਪ੍ਰਧਾਨਗੀ ਵਿੱਚ ਹੋ ਰਹੀ ਇਸ ਵਰਚੁਅਲ ਬੈਠਕ ਵਿੱਚ ਇਕ ਮੁਖ ਫ਼ੈਸਲੇ ਵਿੱਚ ਕੋਰੋਨਾ ਵਾਇਰਸ ਨਾਲ ਲੜਨ ਅਤੇ ਇਸ ਨਾਲ ਦੁਨੀਆ ਦੀ ਅਰਥ ਵਿਵਸਥਾ ਨੂੰ ਹੋਏ ਨੁਕਸਾਨ ਪਿੱਛੋਂ ਮਦਦ ਲਈ 5 ਟ੍ਰਿਲੀਅਨ ਡਾਲਰ ਲਾਉਣ ਦਾ ਫ਼ੈਸਲਾ ਕੀਤਾ ਗਿਆ। ਦੁਨੀਆ ਦੇ 19 ਦੇਸ਼ਾਂ ਅਤੇ ਯੂਰਪੀ ਯੂਨੀਅਨ ਦੇ ਆਗੂਆਂ ਦੀ ਇਹ ਬੈਠਕ ਵੀਡੀਓ ਕਾਰਫਰਸਿੰਗ ਜ਼ਰੀਏ ਓਦੋਂ ਕੀਤੀ ਗਈ, ਜਦੋਂ ਦੁਨੀਆ ਵਿੱਚ ਕੋਰੋਨਾ ਵਾਇਰਸ ਦੇ ਕਾਰਨ 23 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।