Welcome to Canadian Punjabi Post
Follow us on

28

March 2024
 
ਨਜਰਰੀਆ

ਵਿਅੰਗ: ਯਮਰਾਜ ਦੇ ਦਰਬਾਰ ਵਿੱਚ ਲੀਡਰਾਂ ਦੀ ਹੋਲੀ

March 18, 2020 09:07 AM

-ਗੁਰਮੀਤ ਬੇਦੀ
ਯਮਰਾਜ ਨੇ ਇਸ ਵਾਰ ਡਿਸਾਈਡ ਕੀਤਾ ਕਿ ਜਿਵੇਂ ਧਰਤੀ 'ਤੇ ਭਾਰਤ ਨਾਂਅ ਦੇ ਦੇਸ਼ ਵਿੱਚ ਹੋਲੀ ਖੇਡੀ ਜਾਂਦੀ ਹੈ, ਗੁਲਾਲ ਉਡਦੇ ਹਨ, ਭੰਗ ਦੀ ਤਰੰਗ 'ਚ ਲੋਕ ਝੂਮਦੇ ਹਨ, ਹਾਸ ਕਵੀ ਦਰਬਾਰ ਲੱਗਦੇ ਅਤੇ ਮਹਾਮੂਰਖ ਮੁਕਾਬਲੇ ਹੁੰਦੇ ਹਨ, ਉਂਝ ਹੀ ਹੋਲੀ 'ਤੇ ਇੱਕ ਪ੍ਰੋਗਰਾਮ ਉਨ੍ਹਾਂ ਦੇ ਦਰਬਾਰ 'ਚ ਵੀ ਹੋਵੇ। ਜਦੋਂ ਯਮਰਾਜ ਨੇ ਦਰਬਾਰੀਆਂ ਨੂੰ ਫੈਸਲੇ ਤੋਂ ਜਾਣੂ ਕਰਾਇਆ, ਉਨ੍ਹਾ ਦੇ ਭੈਂਸੇ ਵਾਂਗ ਸਭ ਨੇ ਸਹਿਮਤੀ 'ਚ ਸਿਰ ਹਿਲਾ ਦਿੱਤੇ। ਸੁਆਲ ਇਹ ਪੈਦਾ ਹੋਇਆ ਕਿ ਇਸ ਪ੍ਰੋਗਰਾਮ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਵੇ? ਕੌਣ ਸਾਰਾ ਪ੍ਰਬੰਧ ਸੰਭਾਲ ਸਕਦਾ ਹੈ? ਰੰਗ ਕਿਸ ਕੁਆਲਿਟੀ ਦਾ ਹੋਵੇ? ਪਿਚਕਾਰੀਆਂ ਕਿਸ ਕਲਰ ਦੀਆਂ ਹੋਣ? ਕਿਸ ਧਾਤੂ ਦੀਆਂ ਚਾਹੀਦੀਆਂ; ਪਲਾਸਟਿਕ ਦੀਆਂ, ਲੋਹੇ ਦੀਆਂ ਜਾਂ ਫਿਰ ਬਾਂਸ ਦੀਆਂ? ਰੰਗ ਯਮਰਾਜ ਦੇ ਦਰਬਾਰ ਵਿੱਚ ਤਿਆਰ ਕੀਤਾ ਜਾਵੇ ਜਾਂ ਫਿਰ ਭਾਰਤ ਦੀ ਕਿਸੇ ਦੁਕਾਨ ਵਿੱਚ ਦੂਤ ਭੇਜ ਕੇ ਮੰਗਾਇਆ ਜਾਏ, ਅਤੇ ਫਿਰ ਭੰਗ ਕੌਣ ਘੋਟੇਗਾ?
ਸਾਰੀਆਂ ਗੱਲਾਂ 'ਤੇ ਮੰਥਨ ਸ਼ੁਰੂ ਹੋਇਆ। ਕਿਸੇ ਦਰਬਾਰੀ ਨੇ ਸਲਾਹ ਦਿੱਤੀ ਕਿ ਯਮਰਾਜ ਦੇ ਦਰਬਾਰ ਵਿੱਚ ਅੱਜ ਤੱਕ ਕਦੇ ਹੋਲੀ ਖੇਡੀ ਨਹੀਂ ਗਈ, ਇਸ ਲਈ ਦਰਬਾਰੀਆਂ ਨੂੰ ਹੋਲੀ ਦੇ ਰਿਵਾਜਾਂ ਤੇ ਖੇਡਣ ਦੇ ਢੰਗ ਦੀ ਜਾਣਕਾਰੀ ਨਹੀਂ ਹੈ, ਇਸ ਲਈ ਬਿਹਤਰ ਹੋਵੇਗਾ ਕਿ ਭਾਰਤ ਦੇ ਕਿਸੇ ਲੀਡਰ ਦੀ ਇਸ ਬਾਰੇ ਰਾਇ ਲਈ ਜਾਵੇ, ਜੋ ਸਲਾਹ ਦੇਣ ਅਤੇ ਰੰਗ ਵਿੱਚ ਭੰਗ ਪਾਉਣ ਤੋਂ ਇਲਾਵਾ ਖਰੂਦ ਦੇ ਵੀ ਮਾਹਰ ਅਖਵਾਉਂਦੇ ਹਨ। ਯਮਰਾਜ ਨੂੰ ਆਪਣੇ ਦਰਬਾਰੀ ਦੀ ਸਲਾਹ ਜਚ ਗਈ। ਉਨ੍ਹਾਂ ਨੇ ਆਪਣੇ ਦੂਤਾਂ ਨੂੰ ਹੁਕਮ ਦਿੱਤਾ ਕਿ ਚਾਰ-ਪੰਜ ਭਾਰਤੀ ਨੇਤਾਵਾਂ ਨੂੰ ਤੁਰੰਤ ਉਨ੍ਹਾਂ ਦੇ ਦਰਬਾਰ ਵਿੱਚ ਪੇਸ਼ ਕੀਤਾ ਜਾਵੇ। ਦੂਤ ਬੜੇ ਅਦਬ ਨਾਲ ਸਿਰ ਹਿਲਾ ਕੇ ਭੈਂਸੇ 'ਤੇ ਸਵਾਰ ਹੋ ਕੇ ਨੇਤਾਵਾਂ ਨੂੰ ਲਿਆਉਣ ਨਿਕਲ ਪਏ।
ਅੱਧਾ ਘੰਟਾ ਬੀਤਿਆ, ਪੂਰਾ ਘੰਟਾ ਬੀਤਿਆ ਤੇ ਫਿਰ ਦੋ ਘੰਟੇ ਲੰਘ ਗਏ। ਯਮਰਾਜ ਦੀ ਬੇਚੈਨੀ ਵਧਣ ਲੱਗੀ। ਉਹ ਘੜੀ ਮੁੜੀ ਮੇਨ ਗੇਟ ਵੱਲ ਦੇਖਦੇ ਅਤੇ ਫਿਰ ਆਪਣੀ ਘੜੀ ਦੀਆਂ ਸੂਈਆਂ ਵੱਲ ਦੇਖਦੇ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਦੂਤ ਅਜੇ ਤੱਕ ਕਿਸੇ ਲੀਡਰ ਨੂੰ ਲੈ ਕੇ ਹਾਜ਼ਰ ਕਿਉਂ ਨਹੀਂ ਹੋਏ? ਕੀ ਭਾਰਤ 'ਚ ਸਾਰੇ ਲੀਡਰ ਰਾਜਨੀਤੀ ਤੋਂ ਸੰਨਿਆਸ ਲੈ ਕੇ ਇਕਾਂਤਵਾਸ 'ਚ ਚਲੇ ਗਏ ਹਨ ਜਾਂ ਉਨ੍ਹਾਂ ਨੇ ਯਮਰਾਜ ਦੇ ਦੂਤਾਂ ਨੂੰ ਧਰਤੀ 'ਤੇ ਕਾਰ ਕੋਠੀ ਦਾ ਲਾਲਚ ਦੇ ਕੇ ਆਪਣਾ ਗੁਲਾਮ ਬਣਾ ਲਿਆ ਹੈ? ਕਿਤੇ ਲੀਡਰਾਂ ਨੇ ਉਨ੍ਹਾਂ ਦੇ ਦੂਤਾਂ ਨੂੰ ਜੇਲ੍ਹ 'ਚ ਤਾਂ ਨਹੀਂ ਸੁੱਟ ਦਿੱਤਾ?
ਯਮਰਾਜ ਨੂੰ ਨੈਗੇਟਿਵ ਵਿਚਾਰ ਆਉਣ ਲੱਗੇ। ਉਨ੍ਹਾਂ ਦੀ ਬੇਚੈਨੀ ਵਧਣ ਲੱਗੀ। ਉਨ੍ਹਾਂ ਦੇ ਮੱਥੇ ਤੋਂ ਪਸੀਨਾ ਟਪਕਣ ਲੱਗਾ। ਦਰਬਾਰ ਦੀਆਂ ਜਿੰਨੀਆਂ ਖਿੜਕੀਆਂ ਬੰਦ ਹਨ, ਉਨ੍ਹਾਂ ਦੇ ਕਪਾਟ ਖੋਲ੍ਹ ਦਿੱਤੇ ਗਏ ਤਾਂ ਕਿ ਹਵਾ ਦੇ ਥਪੇੜੇ ਦਰਬਾਰ ਦੇ ਆਰ ਪਾਰ ਹੋ ਸਕਣ। ਇਸ ਦੌਰਾਨ ਦੂਤ ਵੀ ਪੰਜ ਭਾਰਤੀ ਲੀਡਰਾਂ ਨੂੰ ਲੈ ਕੇ ਯਮਰਾਜ ਅੱਗੇ ਆ ਪ੍ਰਗਟ ਹੋਏ। ਪੰਜਾਂ ਨੇ ਯਮਰਾਜ ਦਾ ਸਤਿਕਾਰ ਕੀਤਾ ਤੇ ਫਿਰ ਦੋਵੇਂ ਹੱਥ ਜੋੜ ਕੇ 60 ਡਿਗਰੀ ਦੇ ਅੰਦਾਜ਼ ‘ਚ ਝੁਕਦਿਆਂ ਕਿਹਾ, ‘‘ਹੁਕਮ ਕਰੋ ਮਹਾਰਾਜ, ਕਿਸ ਦੇ ਵਿਰੁੱਧ ਸਾਜ਼ਿਸ਼ ਰਚਣੀ ਹੈ? ਕੀਹਦੇ-ਕੀਹਦੇ ਵਿਚਕਾਰ ਫਿਰਕੂ ਜ਼ਹਿਰ ਘੋਲਣਾ ਹੈ? ਕਿਹੜੇ-ਕਿਹੜੇ ਵਰਗ ਆਪਸ ਵਿੱਚ ਲੜਾਉਣੇ ਹਨ?”
ਯਮਰਾਜ ਨੇ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਉਤਰ ਨਹੀਂ ਦਿੱਤਾ ਅਤੇ ਦੂਤਾਂ 'ਤੇ ਸੁਆਲ ਦਾਗਿਆ, ਇਨ੍ਹਾਂ ਲੀਡਰਾਂ ਨੂੰ ਲਿਆਉਣ 'ਚ ਦੇਰੀ ਕਿਉਂ ਹੋਈ? ਉਡੀਕ ਦੀ ਬੇਚੈਨੀ ਵਿੱਚ ਮੇਰਾ ਬਲੱਡ ਪ੍ਰੈਸ਼ਰ ਵਧਣ ਦਾ ਜ਼ਿੰਮੇਵਾਰ ਕੌਣ ਹੈ?”
ਦੂਤ ਹੱਥ ਜੋੜ ਕੇ ਕਹਿਣ ਲੱਗੇ, ‘‘ਮਹਾਰਾਜ, ਇਹ ਲੀਡਰ ਇਕੱਠੇ ਭੈਂਸੇ ਉੱਤੇ ਚੜ੍ਹਨ ਲਈ ਤਿਆਰ ਨਹੀਂ ਹੋਏ। ਇਨ੍ਹਾਂ 'ਚੋਂ ਇੱਕ ਕਹਿ ਰਿਹਾ ਸੀ ਕਿ ਸੱਜੇ ਪੱਖੀ ਅਤੇ ਖੱਬੇ ਪੱਖੀ ਇਕੱਠੇ ਨਹੀਂ ਬੈਠ ਸਕਦੇ। ਦੂਜਾ ਕਹਿੰਦਾ ਸੀ ਕਿ ਉਸ ਨੂੰ ਬਾਕੀ ਦੇ ਚਾਰ ਲੀਡਰਾਂ 'ਤੇ ਭਰੋਸਾ ਨਹੀਂ, ਇਸ ਲਈ ਉਹ ਇਨ੍ਹਾਂ ਨਾਲ ਨਹੀਂ ਜਾਵੇਗਾ। ਤੀਜੇ ਦਾ ਕਹਿਣਾ ਸੀ ਕਿ ਉਸ ਨੂੰ ਸਿਰਫ ਹਵਾਈ ਯਾਤਰਾ ਕਰਨ ਲਈ ਉਸ ਦੇ ਹਾਈ ਕਮਾਨ ਨੇ ਅਧਿਕਾਰ ਦਿੱਤਾ ਹੈ, ਇਸ ਲਈ ਉਹ ਬਿਨਾਂ ਹੈਲੀਕਾਪਟਰ ਦੇ ਨਹੀਂ ਜਾਵੇਗਾ। ਚੌਥੇ ਦਾ ਕਹਿਣਾ ਸੀ ਕਿ ਉਹ ਇਕੱਲਾ ਹੀ ਪੰਜ ਲੀਡਰਾਂ ਦੇ ਬਰਾਬਰ ਹੈ, ਬਾਕੀ ਚਾਰਾਂ ਨੂੰ ਨਾਲ ਕਿਉਂ ਲਿਜਾਇਆ ਜਾ ਰਿਹਾ ਹੈ। ਪੰਜਵੇਂ ਦਾ ਕਹਿਣਾ ਸੀ ਕਿ ਇਨ੍ਹਾਂ ਚਾਰਾਂ ਨੂੰ ਲੈ ਜਾਓ, ਮੈਨੂੰ ਧਰਤੀ 'ਤੇ ਹੀ ਰਹਿਣ ਦਿਓ, ਮੈਂ ਬੜੀ ਮੁਸ਼ਕਲ ਨਾਲ ਸੱਤਾ ਹਾਸਲ ਕੀਤੀ ਹੈ। ਮਹਾਰਾਜ ਅਸੀਂ ਬੜੀ ਮੁਸ਼ਕਲ ਨਾਲ ਇਨ੍ਹਾਂ ਪੰਜਾਂ ਨੂੰ ਇਥੇ ਲੈ ਕੇ ਆਏ ਹਾਂ। ਇਨ੍ਹਾਂ ਨੇ ਤਾਂ ਭੈਂਸੇ ਨੂੰ ਵੀ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇੱਕ ਦੋ ਵਾਰ ਭੈਂਸਾ ਜੀ ਵੀ ਇਨ੍ਹਾਂ ਦੀਆਂ ਗੱਲਾਂ 'ਚ ਆ ਗਏ ਸਨ, ਇਸ ਲਈ ਇਨ੍ਹਾਂ ਨੂੰ ਤੁਹਾਡੇ ਦਰਬਾਰ ਵਿੱਚ ਪਹੁੰਚਾਉਣ 'ਚ ਦੇਰੀ ਹੋਈ।”
ਆਪਣੇ ਦੂਤਾਂ ਦੀ ਗੱਲ ਸੁਣ ਕੇ ਯਮਰਾਜ ਨੇ ਕਿਹਾ, ‘‘ਤੁਸੀਂ ਭਵਿੱਖ 'ਚ ਕਦੇ ਵੀ ਸਮਾਜਕ ਪ੍ਰਤਿਸ਼ਠਾ ਨਹੀਂ ਖੱਟ ਸਕੋਗੇ। ਭਾਰਤ ਦੀ ਧਰਤੀ 'ਤੇ ਪੈਦਾ ਹੋਣ ਵਾਲੇ ਸਾਰੇ ਵਿਅੰਗਕਾਰ, ਸਾਰੇ ਕਵੀ, ਸਾਰੇ ਕਾਮੇਡੀਅਨ ਆਪਣੀਆਂ ਰਚਨਾਵਾਂ ਵਿੱਚ ਹਮੇਸ਼ਾ ਤੁਹਾਡੇ 'ਤੇ ਤੰਜ਼ (ਵਿਅੰਗ) ਕੱਸਿਆ ਕਰਨਗੇ। ਅਖਬਾਰਾਂ ਵਿੱਚ ਤੁਹਾਡੇ ਕਾਰਟੂਨ ਛਪਿਆ ਕਰਨਗੇ, ਲੋਕ ਗਲੀਆਂ, ਚੌਕਾਂ 'ਚ ਤੁਹਾਡੇ ਫੈਸਲਿਆਂ 'ਤੇ ਉਂਗਲ ਚੁੱਕਿਆ ਕਰਨਗੇ। ਤੁਹਾਨੂੰ ਹਰ ਪੰਜ ਸਾਲ ਪਿੱਛੋਂ ਜਨਤਾ 'ਚ ਜਾ ਕੇ ਵੋਟਾਂ ਲਈ ਨੱਕ ਰਗੜਨੀ ਪਵੇਗੀ। ਤੁਹਾਡਾ ਸੱਤਾ ਸਿੰਘਾਸਨ ਹਮੇਸ਼ਾ ਹਿੱਲਦਾ ਰਹੇਗਾ।”
ਯਮਰਾਜ ਦੇ ਇਸ ਸਰਾਪ ਨੂੰ ਸੁਣ ਕੇ ਪੰਜ ਲੀਡਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਹ ਯਮਰਾਜ ਦੇ ਚਰਨਾਂ 'ਚ ਪੈਂਦੇ ਹੋਏ ਕਹਿਣ ਲੱਗੇ, ‘ਮਹਾਰਾਜ, ਇਸ ਵਾਰ ਬਖਸ਼ ਦਿਓ, ਅਸੀਂ ਭਵਿੱਖ ਵਿੱਚ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿਆਂਗੇ। ਆਪਣੇ ਸਵਾਰਥ ਲਈ ਅਸੀਂ ਆਪਣੇ ਹਾਈ ਕਮਾਨ ਨੂੰ ਨੀਵਾਂ ਦਿਖਾ ਕੇ ਇਕੱਠੇ ਹੋ ਜਾਵਾਂਗੇ। ਭੈਂਸਾ ਕੀ, ਖੱਚਰਾਂ 'ਤੇ ਚੜ੍ਹ ਕੇ ਤੁਹਾਡੇ ਤੱਕ ਪਹੁੰਚ ਜਾਵਾਂਗੇ। ਬੱਸ ਇੱਕ ਵਾਰ ਧਰਤੀ 'ਤੇ ਵਾਪਸ ਭਿਜਵਾ ਦਿਓ। ਹੇਠਾਂ ਧਰਤੀ 'ਤੇ ਚੋਣਾਂ ਦਾ ਮੌਸਮ ਚੱਲ ਰਿਹਾ ਹੈ, ਅਸੀਂ ਆਪਣੇ ਬੇਟਿਆਂ, ਨੂੰਹਾਂ ਅਤੇ ਪਤਨੀਆਂ ਨੂੰ ਚੋਣ ਜਿਤਾਉਣੀ ਹੈ।’
ਯਮਰਾਜ ਲੀਡਰਾਂ ਦੀ ਗੱਲ ਸੁਣ ਕੇ ਪਸੀਜ ਗਏ। ਕਹਿਣ ਲੱਗੇ, ‘ਸਰਾਪ ਵਾਪਸ ਨਹੀਂ ਲਿਆ ਜਾ ਸਕਦਾ ਕਿਉਂਕਿ ਇਸ ਨਾਲ ਦਰਬਾਰੀਆਂ ਨੂੰ ਮੈਸੇਜ ਜਾਵੇਗਾ ਕਿ ਭਾਰਤ ਤੋਂ ਆਏ ਲੀਡਰਾਂ ਨੇ ਯਮਰਾਜ ਨਾਲ ਵੀ ਡੀਲ ਕਰ ਲਈ ਹੈ, ਪਰ ਤੁਹਾਨੂੰ ਦਰਬਾਰ 'ਚ ਹੋਲੀ ਖੇਡਣੀ ਪਵੇਗੀ, ਭੰਗ ਘੋਟਣੀ ਅਤੇ ਗੁਲਾਲ ਉਡਾਉਣੇ ਪੈਣਗੇ। ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ ਕਿ ਧਰਤੀ 'ਤੇ ਤੁਹਾਡੀ ਵੰਸ਼ਵਾਦ ਦੀ ਵੇਲ ਵਧਦੀ-ਫੁਲਦੀ ਰਹੇ। ਚੋਣਾਂ ਵਿੱਚ ਵੱਖ-ਵੱਖ ਪਾਰਟੀਆਂ ਦੇ ਟਿਕਟ ਤੁਹਾਡੇ ਖਾਨਦਾਨ 'ਚ ਹੀ ਵੰਡੇ ਜਾਂਦੇ ਰਹਿਣ, ਕਿਸੇ ਆਮ ਵਰਕਰ ਨੂੰ ਕਦੇ ਟਿਕਟ ਨਾ ਮਿਲੇ।”
ਯਮਰਾਜ ਦੇ ਮੁੱਖ 'ਚੋਂ ਅਜਿਹੀ ਪਵਿੱਤਰ ਵਾਣੀ ਸੁਣਦਿਆਂ ਹੀ ਲੀਡਰ ਗਦਗਦ ਹੋ ਗਏ ਅਤੇ ਦੁੱਗਣੇ ਜੋਸ਼ ਨਾਲ ‘ਹੋਲੀ ਹੈ! ਹੋਲੀ ਹੈ’ ਦਾ ਜੈਕਾਰਾ ਲਾਉਂਦਿਆਂ ਗੁਲਾਲ, ਭੰਗ ਅਤੇ ਰੰਗਾਂ ਦਾ ਮਿਕਸਚਰ ਤਿਆਰ ਕਰਨ 'ਚ ਜੁੱਟ ਗਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ