Welcome to Canadian Punjabi Post
Follow us on

24

March 2019
ਨਜਰਰੀਆ

ਇਕ ਅੱਖ ਵਾਲੀ ‘ਮਾਂ' ਦੀ ਦਾਸਤਾਨ

October 31, 2018 08:43 AM

-ਮਾ. ਗੁਰਦੇਵ ਸਿੰਘ ਨਾਰਲੀ
ਸ਼ਾਮ ਦਾ ਸਮਾਂ ਸੀ, ਮੈਂ ਅਖਬਾਰ ਪੜ੍ਹ ਰਿਹਾ ਸੀ। ਅਚਾਨਕ ਮੇਰੀ ਬੇਟੀ ਇਕ ਕਿਤਾਬ ਮੇਰੇ ਕੋਲ ਲੈ ਆਈ ਤੇ ਪੁੱਛਣ ਲੱਗੀ ਕਿ ‘ਇਹ ਤੀਦੀ ਕਾਬ ਹੈ?' ਉਸ ਦੇ ਤੋਤਲੇ ਸ਼ਬਦਾਂ ਨੇ ਮੈਨੂੰ ਉਸ ਕਿਤਾਬ ਵੱਲ ਧਿਆਨ ਕੇਂਦਰਿਤ ਕਰਨ ਲਈ ਹਲੂਣਿਆ ਸੀ। ਅਖਬਾਰ ਪਾਸੇ ਰੱਖ ਕੇ ਉਸ ਕਿਤਾਬ ਨੂੰ ਫੋਲਦਿਆਂ ਮੈਂ ਕੁਝ ਪੜ੍ਹਨ ਲੱਗ ਪਿਆ। ਇਸ ਦੌਰਾਨ ਇਕ ਦਰਦਨਾਕ ਕਹਾਣੀ ਪੜ੍ਹ ਕੇ ਮੇਰਾ ਮਨ ਭਰ ਆਇਆ ਤੇ ਅੱਖਾਂ 'ਚੋਂ ਅੱਥਰੂ ਟਪਕਣ ਲੱਗ ਪਏ ਸਨ। ਕਿਸੇ ਮਾਂ ਨਾਲ ਪੁੱਤਰ ਇਸ ਹੱਦ ਤੱਕ ਬਦਸਲੂਕੀ ਕਰ ਸਕਦਾ ਹੈ, ਇਹ ਪ੍ਰਸ਼ਨ ਵਾਰ-ਵਾਰ ਮੇਰੇ ਦਿਮਾਗ 'ਚ ਚੱਲ ਰਿਹਾ ਸੀ। ਜਨਮ ਦੇਣ ਤੋਂ ਬਾਅਦ ਹਰ ਮਾਂ ਬਾਪ ਆਪਣੀ ਔਲਾਦ ਦੀ ਪਰਵਰਿਸ਼ ਤੇ ਪੜ੍ਹਾਈ ਲਿਖਾਈ ਬਾਰੇ ਫਿਕਰਮੰਦ ਹੁੰਦੇ ਹਨ, ਸ਼ਾਇਦ ਕਹਾਣੀ ਵਿਚਲੀ ਉਸ ‘ਅਭਾਗੀ ਮਾਂ' ਨੇ ਵੀ ਆਪਣੇ ਪੁੱਤਰ ਨੂੰ ਪਾਲਣ ਪੋਸ਼ਣ ਤੇ ਪੜ੍ਹਾਉਣ ਲਿਖਾਉਣ 'ਚ ਪਿੱਛੇ ਨਹੀਂ ਸੀ ਰਹਿਣ ਦਿੱਤਾ। ਉਸ ਲੜਕੇ ਦਾ ਪਿਤਾ ਨਸ਼ੇੜੀ ਹੋਣ ਕਾਰਨ ਘਰ ਦਾ ਗੁਜ਼ਾਰਾ ਉਸ ਦੀ ਮਾਂ ਸਬਜ਼ੀ ਦੀ ਰੇਹੜੀ ਲਾ ਕੇ ਚਲਾਉਂਦੀ ਸੀ। ਮੰਦੜੇ ਭਾਗਾਂ ਨੂੰ ਉਸ ਔਰਤ ਦੀ ਇਕੋ ਹੀ ਅੱਖ ਸੀ। ਇਸੇ ਲਈ ਉਸ ਦਾ ਪੁੱਤਰ ਉਸ ਤੋਂ ਨਫਰਤ ਕਰਦਾ ਸੀ।
ਦੋਵੇਂ ਪਤੀ-ਪਤਨੀ ਆਪਣੇ ਪੁੱਤਰ ਦੀ ਨਫਰਤ ਦਾ ਸ਼ਿਕਾਰ ਸਨ, ਮਾਂ ਅੱਖ ਪੱਖੋਂ ਅਤੇ ਬਾਪ ਨਸ਼ੇ ਪੱਖੋਂ। ਸਕੂਲ ਦੇ ਕਿਸੇ ਵੀ ਪ੍ਰੋਗਰਾਮ ਜਾਂ ਮੀਟਿੰਗ 'ਚ ਉਹ ਲੜਕਾ ਆਪਣੇ ਮਾਤਾ ਪਿਤਾ ਨੂੰ ਨਹੀਂ ਲਿਜਾਂਦਾ ਸੀ। ਥੋੜ੍ਹਾ ਕੁ ਸਮਾਂ ਲੰਘਿਆ ਤਾਂ ਲੜਕੇ ਦੇ ਪਿਤਾ ਦੀ ਮੌਤ ਹੋ ਗਈ। ਉਸ ਨੇ ਸੁੱਖ ਦਾ ਸਾਹ ਲਿਆ ਕਿ ਚੱਲੋ! ਇਕ ਬਿਪਤਾ ਗਲੋਂ ਟਲੀ। ਫਿਰ ਉਹ ਦੋਵੇਂ ਜਣੇ ਮਾਂ ਪੁੱਤ ਹੀ ਘਰ 'ਚ ਰਹਿ ਗਏ ਸਨ। ਸਕੂਲ 'ਚ ਇਕ ਦਿਨ ਕੋਈ ਸਮਾਗਮ ਹੋ ਰਿਹਾ ਸੀ। ਬਿਨਾਂ ਬੁਲਾਏ ਮਾਂ ਆਪਣੇ ਪੁੱਤ ਦੀ ਹੌਸਲਾ ਅਫਜ਼ਾਈ ਕਰਨ ਕਿਸੇ ਤਰ੍ਹਾਂ ਸਕੂਲ ਪਹੁੰਚ ਗਈ। ਉਥੇ ਲੜਕੇ ਦੇ ਦੋਸਤਾਂ ਮਿੱਤਰਾਂ ਨੇ ਉਸ ਦੀ ‘ਇਕ ਅੱਖ ਵਾਲੀ ਮਾਂ' ਦਾ ਬਹੁਤ ਮਜ਼ਾਕ ਉਡਾਇਆ। ਲੜਕੇ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਰੋਕਣ ਦੀ ਥਾਂ ਘੋਰ ਨਮੋਸ਼ੀ ਸਮਝ ਕੇ ਆਪਣੀ ਮਾਂ ਨੂੰ ਬਹੁਤ ਬੁਰਾ ਭਲਾ ਕਿਹਾ ਕਿ ‘ਤੂੰ ਇਥੇ ਕੀ ਲੈਣ ਆਈ ਏਂ, ਚਲੀ ਜਾ ਇੱਥੋਂ। ਤੇਰੇ ਇਸ ਭੱਦੇ ਤੇ ਕਰੂਪ ਇਕ ਅੱਖ ਵਾਲੇ ਚਿਹਰੇ ਕਾਰਨ ਮੈਂ ਯਾਰਾਂ ਦੋਸਤਾਂ ਵਿੱਚ ਬੈਠਣ ਜੋਗਾ ਨਹੀਂ ਰਿਹਾ।' ਇੰਨਾ ਕੁਝ ਸੁਣਨ ਤੋਂ ਬਾਅਦ ਉਹ ਨਿਮਾਣੀ ਔਰਤ ਉਸੇ ਵੇਲੇ ਉਥੋਂ ਚਲੀ ਗਈ।
ਉਸ ਦੇ ਲੜਕੇ ਨੇ ਉਸੇ ਦਿਨ ਤੋਂ ਪ੍ਰਣ ਕਰ ਲਿਆ ਕਿ ਉਹ ਉਚ ਵਿੱਦਿਆ ਪ੍ਰਾਪਤ ਕਰਕੇ ਨੌਕਰੀ 'ਤੇ ਲੱਗਣ ਤੋਂ ਬਾਅਦ ਆਪਣੀ ‘ਇਕ ਅੱਖ ਵਾਲੀ ਮਾਂ' ਤੋਂ ਦੂਰ ਚਲਾ ਜਾਵੇਗਾ। ਇੰਝ ਹੀ ਹੋਇਆ ਤੇ ਸੱਚਮੁੱਚ ਆਪਣੀ ਮਾਂ ਨੂੰ ਇਕੱਲੀ ਛੱਡ ਕੇ ਦੂਰ ਕਿਸੇ ਸ਼ਹਿਰ ਜਾ ਕੇ ਰਹਿਣ ਲੱਗ ਪਿਆ। ਉਸ ਨੇ ਵਿਆਹ ਕਰਵਾ ਲਿਆ ਤੇ ਸਮਾਂ ਪਾ ਕੇ ਉਸ ਦੇ ਘਰ ਬੱਚੇ ਵੀ ਹੋ ਗਏ। ਇਕ ਦਿਨ ਲੱਭਦੀ ਲਭਾਉਂਦੀ ਉਸ ਦੀ ਇਕ ਅੱਖ ਵਾਲੀ ਲਾਚਾਰ ਮਾਂ ਸ਼ਹਿਰ 'ਚ ਉਸ ਦੇ ਨਵੇਂ ਘਰ ਦੇ ਦਰਵਾਜ਼ੇ ਸਾਹਮਣੇ ਪਹੁੰਚ ਗਈ। ਅੰਦਰ ਖੇਡਦੇ ਬੱਚੇ ਤੇ ਔਰਤ ਨੂੰ ਵੇਖ ਕੇ ਉਹ ਪ੍ਰਸੰਨ ਹੋਈ, ਪਰ ਪੁੱਤ ਆਪਣੀ ਮਾਂ ਨੂੰ ਇੰਨੇ ਲੰਮੇ ਸਮੇਂ ਤੋਂ ਬਾਅਦ ਅਚਾਨਕ ਮਿਲਣ 'ਤੇ ਵੀ ਸ਼ਾਇਦ ਖੁਸ਼ ਨਾ ਹੋਇਆ। ਉਸ ਨੇ ਮਾਂ ਨੂੰ ਘਰ ਦੇ ਅੰਦਰ ਲਿਜਾਣ ਦੀ ਥਾਂ ਬਾਹਰ ਆ ਕੇ ਘੂਰੀ ਵੱਟੀ ਤੇ ਟੁੱਟ ਕੇ ਪੈਂਦਿਆਂ ਕਿਹਾ ਕਿ ‘ਤੂੰ ਅੱਜ ਵੀ ਇਸ ਇਕ ਅੱਖ ਵਾਲੇ ਮਨਹੂਸ ਚਿਹਰੇ ਨੂੰ ਲੈ ਕੇ ਇਥੇ ਤੱਕ ਪਹੁੰਚ ਗਈ। ਚਲੀ ਜਾ ਤੇ ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੀ। ਮੈਂ ਤਾਂ ਕਹਿੰਦਾ ਹਾਂ ਕਿ ਤੂੰ ਅੱਜ ਤੱਕ ਮਰ ਕਿਉਂ ਨਹੀਂ ਗਈ।' ਅਜਿਹੇ ਸ਼ਬਦਾਂ ਨੂੰ ਸੁਣਦੀ ਹੋਈ ਉਹ ਮਾਂ ਉਥੋਂ ਪਤਾ ਨਹੀਂ ਕਿੱਥੇ ਚਲੀ ਗਈ ਸੀ। ਥੋੜ੍ਹੇ ਕੁ ਦਿਨ ਬੀਤੇ ਤਾਂ ਕਾਲਜ ਵਾਲਿਆਂ ਨੇ ਇਕ ਸਮਾਰੋਹ ਕਰਵਾਇਆ, ਜਿਸ ਵਿੱਚ ਉਨ੍ਹਾਂ ਨੇ ਪੁਰਾਣੇ ਵਿਦਿਆਰਥੀ ਵੀ ਸੱਦੇ ਸਨ।
ਸ਼ਹਿਰ 'ਚ ਰਹਿੰਦੇ ਇਸ ਲੜਕੇ ਨੂੰ ਸੱਦਾ ਪੱਤਰ ਮਿਲਣ 'ਤੇ ਬੜੀ ਪ੍ਰਸੰਨਤਾ ਹੋਈ ਕਿਉਂਕਿ ਪੁਰਾਣੇ ਯਾਰਾਂ ਮਿੱਤਰਾਂ ਨੂੰ ਮਿਲਣ ਦਾ ਮੌਕਾ ਬਣ ਗਿਆ ਸੀ। ਤੈਅ ਸਮਾਂ ਸਾਰਨੀ ਮੁਤਾਬਕ ਇਸ ਨੇ ਸਮਾਰੋਹ 'ਚ ਸ਼ਮੂਲੀਅਤ ਕੀਤੀ ਤੇ ਸਮਾਪਤੀ ਤੋਂ ਬਾਅਦ ਸਿੱਧਾ ਆਪਣੇ ਪੁਰਾਣੇ ਘਰ ਗਿਆ, ਜਿਥੇ ਕਿ ਉਸ ਦੀ ‘ਇਕ ਅੱਖ ਵਾਲੀ ਮਾਂ' ਰਹਿੰਦੀ ਸੀ। ਸ਼ਾਇਦ ਉਸ ਦੇ ਜਾਣ ਦਾ ਕਾਰਨ ਤੇ ਵਜ੍ਹਾ ਇਹੋ ਸੀ ਕਿ ਜਾਂਦਾ-ਜਾਂਦਾ ਮਾਂ ਨੂੰ ਕਹਿ ਜਾਵੇ ਕਿ ਉਹ ਠੀਕ ਇਸੇ ਤਰ੍ਹਾਂ ਮੈਥੋਂ ਤੇ ਮੇਰੇ ਪਰਵਾਰ ਤੋਂ ਦੂਰ ਰਹੇ ਤੇ ਮੁੜ ਕਦੇ ਸਾਡੀ ਜ਼ਿੰਦਗੀ 'ਚ ਦਖਲ ਨਾ ਦੇਵੇ। ਘਰ ਪਹੁੰਚਣ 'ਤੇ ਉਸ ਨੂੰ ਪਤਾ ਚੱਲਿਆ ਕਿ ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਇੰਨੀ ਦੁਖਦਾਈ ਗੱਲ ਪਤਾ ਲੱਗਣ ਦੇ ਬਾਵਜੂਦ ਉਸ ਦੀਆਂ ਅੱਖਾਂ ਅੱਖਰੂ ਰਹਿਤ ਤੇ ਚਿਹਰਾ ਗਮ ਰਹਿਤ ਸੀ। ਉਹ ਤਾਂ ਸ਼ਾਇਦ ਮਨ ਹੀ ਮਨ ‘ਇਕ ਅੱਖ ਵਾਲੀ ਮਾਂ' ਤੋਂ ਮਿਲੇ ਇਸ ਅਚਨਚੇਤ ਛੁਟਕਾਰੇ ਤੋਂ ਪ੍ਰਸੰਨ ਸੀ। ਠੀਕ ਉਸੇ ਵੇਲੇ ਕਿਸੇ ਗੁਆਂਢੀ ਨੇ ਉਸ ਨੂੰ ਇਕ ਪੱਤਰ ਫੜਾਉਂਦਿਆਂ ਕਿਹਾ, ‘ਕਾਕਾ! ਤੇਰੀ ਮਾਂ ਨੇ ਇਹ ਪੱਤਰ ਮਰਨ ਤੋਂ ਪਹਿਲਾਂ ਤੈਨੂੰ ਫੜਾਉਣ ਲਈ ਕਿਹਾ ਸੀ।' ਹੱਥ ਵਿੱਚ ਫੜਿਆ ਪੱਤਰ ਉਸ ਨੇ ਖੋਲ੍ਹ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ, ਜਿਸ ਵਿੱਚ ਉਸ ਦੀ ‘ਇਕ ਅੱਖ ਵਾਲੀ ਮਾਂ' ਨੇ ਆਪਣੇ ਪੁੱਤਰ ਨੂੰ ਪਿਆਰ ਭਰੀ ਅਸੀਸ ਦੇਣ ਤੋਂ ਬਾਅਦ ਇਕ ਬਹੁਤ ਹੀ ਵੱਡੇ ਰਹੱਸ ਬਾਰੇ ਗੱਲ ਇਉਂ ਕੀਤੀ ਸੀ। ਉਸ ਨੇ ਲਿਖਿਆ ਸੀ, ‘ਪੁੱਤਰਾ! ਜਦੋਂ ਤੂੰ ਬਚਪਨ ਵਿੱਚ ਬਾਹਰ ਗਲੀ 'ਚ ਖੇਡਦਾ ਸੀ ਤਾਂ ਕਿਸੇ ਨੇ ਤੇਰੀ ਅੱਖ 'ਚ ਪੱਥਰ ਮਾਰ ਕੇ ਅੱਖ ਖਰਾਬ ਕਰ ਦਿੱਤੀ ਸੀ। ਮੈਂ ਤੈਨੂੰ ਆਪਣੀ ਹੈਸੀਅਤ ਮੁਤਾਬਕ ਚੰਗੇ ਤੋਂ ਚੰਗੇ ਡਾਕਟਰ ਕੋਲ ਲੈ ਕੇ ਗਈ ਕਿ ਤੇਰੀ ਅੱਖ ਦਾ ਇਲਾਜ ਹੋ ਸਕੇ। ਆਖਰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀ ਕਿ ਤੇਰੀ ਅੱਖ ਨਹੀਂ ਬਣ ਸਕਦੀ। ਮੈਂ ਤਾਂ ਮਾਂ ਸੀ ਤੇ ਮੇਰੀ ਮਮਤਾ ਇਸ ਗੱਲ ਦੀ ਇਜਾਜ਼ਤ ਨਹੀਂ ਸੀ ਦਿੰਦੀ ਕਿ ਮੇਰਾ ਪੁੱਤ ਸਾਰੀ ਉਮਰ ਇਕ ਅੱਖ ਨਾਲ ਗੁਜ਼ਾਰਾ ਕਰੇ ਤੇ ਲੋਕ ਉਸ ਨੂੰ ‘ਇਕ ਅੱਖ ਵਾਲਾ' ਕਹਿ ਕੇ ਮਜ਼ਾਕ ਉਡਾਉਣ। ਥੋੜ੍ਹੇ ਸਮੇਂ ਬਾਅਦ ਹੀ ਮੈਂ ਆਪਣੀ ਇਕ ਅੱਖ ਤੈਨੂੰ ਦੇ ਦਿੱਤੀ ਸੀ, ਜਿਸ ਨਾਲ ਤੂੰ ਰਹਿੰਦੇ ਸੁਆਸਾਂ ਤੱਕ ‘ਦੁਨੀਆ' ਦੇਖ ਸਕੇਂਗਾ। ਮੈਂ ਮਾਫੀ ਵੀ ਮੰਗਦੀ ਹਾਂ ਕਿ ਤੈਨੂੰ ਸਮੇਂ-ਸਮੇਂ 'ਤੇ ਮੇਰੀ ਇਕੋ ਅੱਖ ਹੋਣ ਕਾਰਨ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ। ਸ਼ਾਇਦ ਫਿਰ ਕਦੀ ਤੂੰ ਮੇਰੇ ਕਾਰਨ ਬੇਇੱਜ਼ਤੀ ਦਾ ਸ਼ਿਕਾਰ ਨਹੀਂ ਹੋਵੇਂਗਾ। ਤੇਰੀ ਮਨਹੂਸ ਤੇ ਕਰੂਪ ਚਿਹਰੇ ਵਾਲੀ ਮਾਂ।'
ਇਥੋਂ ਤੱਕ ਪੱਤਰ ਨੂੰ ਪੜ੍ਹਨ ਤੋਂ ਬਾਅਦ ਉਹ ਲੜਕਾ ਅੱਥਰੂਆਂ ਦੇ ਵਹਿਣ 'ਚ ਵਹਿ ਤੁਰਿਆ। ਇਹ ਅੱਥਰੂ ਜਾਂ ਤਾਂ ਪਛਤਾਵੇ ਦੇ ਜਾਂ ਸਵੈ ਲਾਹਣਤਾਂ ਪਾਉਣ ਵਾਲੇ ਸਨ। ਅਫਸੋਸ ਵਿੱਚ ਗੜੂੱਚ ਉਹ ਪੁਰਾਣੇ ਘਰ ਵਿੱਚ ਇਕੱਲਾ ਖਲੋਤਾ ਸੀ ਤੇ ਉਸ ਦੀ ‘ਇਕ ਅੱਖ ਵਾਲੀ ਮਾਂ' ਮਹਾਨਤਾ ਤੇ ਦਾਨੀਪੁਣੇ ਦੀਆਂ ਸਾਰੀਆਂ ਮੰਜ਼ਿਲਾਂ ਸਰ ਕਰਦੀ ਹੋਈ ਉਸ ਤੋਂ ਸਦਾ ਲਈ ਦੂਰ ਜਾ ਚੁੱਕੀ ਸੀ। ਉਸ ਲੜਕੇ ਨੂੰ ਸ਼ਾਇਦ ਪਛਤਾਵਾ ਕਰਨ ਵਿੱਚ ਕਾਫੀ ਦੇਰ ਹੋ ਚੁੱਕੀ ਸੀ।
ਮੈਂ ਕਿਤਾਬ ਦੇ ਵਰਕਿਆਂ ਨੂੰ ਅੱਥਰੂਆਂ ਨਾਲ ਕਾਫੀ ਸਿੱਲ੍ਹਾ ਕਰ ਚੁੱਕਾ ਸਾਂ ਤੇ ਇਸ ਕਹਾਣੀ ਵਿਚਲੇ ਘਟਨਾਕ੍ਰਮ ਤੋਂ ਬੜੀ ਹੀ ਵੱਡੀ ਸਿੱਖਿਆ ਲੈਣ ਦਾ ਯਤਨ ਕਰਦਾ ਹੋਇਆ ਅੰਮ੍ਰਿਤਾ ਪ੍ਰੀਤਮ ਦੀਆਂ ‘ਮਾਂ' ਬਾਰੇ ਲਿਖੀਆਂ ਸਤਰਾਂ ਨੂੰ ਮਨ ਹੀ ਮਨ ਯਾਦ ਕਰ ਰਿਹਾ ਸਾਂ, ਜੋ ਕਿ ਇਸ ਤਰ੍ਹਾਂ ਸਨ:
‘ਭਾਵੇਂ ਕਿੱਡਾ ਹੀ ਬੱਚਾ ਨਲਾਇਕ ਹੋਵੇ,
ਉਹਨੂੰ ਫੇਰ ਵੀ ਨਹੀਂ ਦੁਰਕਾਰਦੀ ਮਾਂ।
‘ਅੰਮ੍ਰਿਤ' ਸੱਚਾ ਹੈ, ਸਾਕ ਇਹ ਆਂਦਰਾਂ ਦਾ,
ਸੱਚਮੁੱਚ ਹੀ ਪੁਤਲੀ, ਪਿਆਰ ਦੀ ਮਾਂ।'

Have something to say? Post your comment