Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਕਹਾਣੀ: ਛੱਤ

March 12, 2020 07:27 AM

-ਕੰਵਲਜੀਤ ਸਿੰਘ ਜੁਨੇਜਾ
ਏਨੀ ਤੇਜ਼ ਬਾਰਿਸ਼ ਅਤੇ ਉਤੋਂ ਕੜਾਕੇ ਦੀ ਠੰਢ। ਰਜਾਈ 'ਚੋਂ ਨਿਕਲਣ ਨੂੰ ਜੀਅ ਹੀ ਨਾ ਕੀਤਾ। ਪਰਦੇ ਬੇਕਾਬੂ ਹੋ ਰਹੇ ਨੇ ਉਡਣ ਲਈ। ਕਿੰਨੀ ਤੇਜ਼ ਹਨੇਰੀ ਚੱਲ ਰਹੀ ਏ। ਜ਼ੋਰ-ਜ਼ੋਰ ਦੀ ਬਿਜਲੀ ਕੜਕ ਰਹੀ ਏ ਤੇ ਬਿਜਲੀ ਦੀ ਚਮਕ ਕਮਰੇ ਵਿੱਚ ਪੈਂਦੇ ਹੀ ਡਰ ਦੀ ਮਾਰੀ ਹੋਰ ਸਿਮਟ ਜਾਂਦੀ ਹਾਂ। ਬਾਕੀ ਕਸਰ ਬੱਤੀ ਚਲੀ ਜਾਣ ਨਾਲ ਪੂਰੀ ਹੋ ਗਈ। ਬੈਡ ਦੇ ਨਾਲ ਹੀ ਮੇਜ਼ 'ਤੇ ਪਈ ਐਮਰਜੈਂਸੀ ਲਾਈਟ ਰਜ਼ਾਈ 'ਚੋਂ ਹੱਥ ਕੱਢ ਕੇ ਜਗਾਈ। ਮਨ ਨੂੰ ਹੋਰ ਪਾਸੇ ਲਾਉਣ ਲਈ ਸਰ੍ਹਾਣੇ ਹੇਠੋਂ ਇੱਕ ਰਸਾਲਾ ਕੱਢਿਆ, ਦੋ-ਚਾਰ ਸਫੇ ਫੋਲੇ। ਮਨ ਨਹੀਂ ਲੱਗਾ। ਵਾਪਸ ਸਰ੍ਹਾਣੇ ਕੋਲ ਰੱਖ ਛੱਡਿਆ। ਕਮਰੇ ਦੀ ਕੁੰਡੀ ਅੰਦਰੋਂ ਬੰਦ ਸੀ, ਬਾਹਰ ਗੇਟ 'ਤੇ ਤਾਲਾ ਲਾਉਣ ਦੀ ਹਿੰਮਤ ਨਹੀਂ ਸੀ ਪੈਂਦੀ। ਸੋਚਿਆ, ਬੱਤੀ ਆਏਗੀ ਤਾਂ ਹੀ ਗੇਟ ਬੰਦ ਕਰਨ ਜਾਵਾਂਗੀ। ਬਾਰਿਸ਼ ਦੇ ਨਾਲ ਗੜੇ ਵੀ ਪੈਣੇ ਸ਼ੁਰੂ ਹੋ ਗਏ। ਮਾੜੀ-ਮੋਟੀ ਡਰ ਦੀ ਗੁੰਜਾਇਸ਼ ਵੀ ਪੂਰੀ ਹੋ ਗਈ। ਛੱਤ 'ਤੇ ਪੈਂਦੇ ਗੜਿਆਂ ਦੀ ਆਵਾਜ਼ ਇੰਝ ਆ ਰਹੀ ਸੀ, ਜਿਵੇਂ ਦਾਣੇ ਭੁੱਜ ਰਹੇ ਹੋਣ। ਮੈਂ ਰਜ਼ਾਈ 'ਚ ਮੂੰਹ ਵਾੜ ਕੇ ਲੇਟ ਗਈ। ਚੈਨ ਤਾਂ ਆ ਨਹੀਂ ਸੀ ਰਿਹਾ। ਮਜੇ `ਤੇ ਘੜੀ ਪਈ ਸੀ, ਰਜ਼ਾਈ 'ਚੋਂ ਸਿਰ ਕੱਢ ਕੇ ਟਾਈਮ ਵੇਖਿਆ। ਅਜੇ ਸਾਢੇ ਨੌਂ ਹੀ ਹੋਏ ਸਨ, ਪਰ ਲੱਗ ਇੰਝ ਰਿਹਾ ਸੀ ਜਿਵੇਂ ਅੱਧੀ ਰਾਤ ਹੋ ਗਈ ਹੋਵੇ।
ਸਾਢੇ ਦਸ ਕੁ ਵਜੇ ਬੱਤੀ ਆ ਗਈ ਤਾਂ ਸੁੱਖ ਦਾ ਸਾਹ ਲਿਆ। ਬਾਰਿਸ਼ ਹੋਰ ਤੇਜ਼ ਹੋ ਗਈ। ਸੋਚਿਆ, ਇਹ ਨਹੀਂ ਰੁਕਣ ਵਾਲੀ, ਗੇਟ ਬੰਦ ਕਰਨਾ ਹੀ ਅਕਲਮੰਦੀ ਹੈ। ਹਿੰਮਤ ਕਰ ਕੇ ਸਿਰ 'ਤੇ ਸ਼ਾਲ ਲਪੇਟਿਆ, ਕਮਰੇ ਦੀ ਕੁੰਡੀ ਖੋਲ੍ਹ ਕੇ ਤਾਲਾ ਹੱਥ 'ਚ ਫੜੀ ਜਿਵੇਂ ਗੇਟ 'ਤੇ ਪਹੁੰਚੀ ਤਾਂ ਵੇਖਿਆ, ਇੱਕ ਅਧੇੜ ਜਿਹੀ ਉਮਰ ਦੀ ਔਰਤ, ਨਿੱਕੀ ਜਿਹੀ ਗੰਢੜੀ ਕੱਛ ਵਿੱਚ ਚੁੱਕੀ, ਬਰਾਂਡੇ ਦੀ ਨੁੱਕਰ ਵਿੱਚ ਖੜ੍ਹੀ ਸੀ। ਮੈਂ ਇਕਦਮ ਸਹਿਮ ਗਈ।
ਮੇਰੇ ਸਵਾਲ ਤੋਂ ਪਹਿਲਾਂ ਹੀ ਉਸ ਨੇ ਮੇਰੇ ਹੱਥ ਵਿੱਚ ਫੜਿਆ ਤਾਲਾ ਵੇਖ ਕੇ ਜਵਾਬ ਦਿੱਤਾ, ‘‘ਬੇਟੀ, ਤੂੰ ਆਰਾਮ ਕਰ। ਬਾਰਿਸ਼ ਥੰਮਦੇ ਹੀ ਮੈਂ ਗੇਟ ਤੋਂ ਲੱਗੀ ਘੰਟੀ ਵਜਾ ਦਿਆਂਗੀ। ਤੂੰ ਤਾਲਾ ਬੰਦ ਕਰ ਲਈਂ।”
ਉਸ ਨੇ ਜਿਵੇਂ ਮੇਰੇ ਮਨ ਨੂੰ ਪੜ੍ਹ ਲਿਆ ਸੀ, ‘‘ਬੇਟੀ, ਚਿੰਤਾ ਨਾ ਕਰ, ਮੈਂ ਕੋਈ ਚੋਰ-ਉਚੱਕੀ ਨਹੀਂ।”
ਮੈਨੂੰ ਸ਼ਰਮਿੰਦਗੀ ਜਿਹੀ ਮਹਿਸੂਸ ਹੋਈ, ਪਰ ਮੈਂ ਇਹੋ ਕਿਹਾ, ‘‘ਅੱਛਾ ਠੀਕ ਐ, ਪਰ ਜਾਣ ਵੇਲੇ ਯਾਦ ਨਾਲ ਘੰਟੀ ਜ਼ਰੂਰ ਵਜਾ ਦੇਈਂ। ਮੈਂ ਤਾਲਾ ਬੰਦ ਕਰ ਲਵਾਂਗੀ।”
ਉਹ ਜ਼ੀਰੋ ਵਾਟ ਦੇ ਬਲਬ ਹੇਠਾਂ ਖੜ੍ਹੀ ਸੀ। ਇਸ ਲਈ ਉਸ ਦਾ ਚਿਹਰਾ ਪੂਰੀ ਤਰ੍ਹਾਂ ਨਜ਼ਰ ਨਹੀਂ ਸੀ ਆ ਰਿਹਾ, ਪਰ ਪਾਣੀ ਉਸ ਦੇ ਕੱਪੜਿਆਂ 'ਚੋਂ ਤਿ੍ਰਪ-ਤਿ੍ਰਪ ਚੋ ਰਿਹਾ ਸੀ।
ਵਾਪਸ ਆ ਕੇ ਕਮਰੇ ਦੀ ਕੁੰਡੀ ਬੰਦ ਕਰ ਕੇ ਮੈਂ ਫਿਰ ਰਜਾਈ 'ਚ ਵੜ ਗਈ। ਮੇਜ਼ 'ਤੇ ਟਾਂਜ਼ਿਸਟਰ ਪਿਆ ਸੀ। ਵਿਵਿਧ ਭਾਰਤੀ ਤੋਂ ਪੁਰਾਣੀਆਂ ਫਿਲਮਾਂ ਦੇ ਗਾਣੇ ਆ ਰਹੇ ਸਨ। ਇਹ ਗਾਣੇ ਮੈਂ ਬੜੇ ਸ਼ੌਕ ਨਾਲ ਸੁਣਿਆ ਕਰਦੀ ਸੀ, ਪਰ ਪਤਾ ਨਹੀਂ ਕਿਉਂ ਮੇਰਾ ਜੀਅ ਨਾ ਕੀਤਾ ਤੇ ਬਾਹਰ ਖੜ੍ਹੀ ਉਸ ਔਰਤ ਦਾ ਜੁੱਸਾ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਾ। ਠੰਢ ਵਿੱਚ ਉਹ ਕਿਵੇਂ ਕੰਬ ਰਹੀ ਸੀ। ਪਤਾ ਨਹੀਂ ਵਿਚਾਰੀ ਨੇ ਕੁਝ ਖਾਧਾ-ਪੀਤਾ ਵੀ ਕਿ ਨਹੀਂ। ਮੈਂ ਕਿੰਨੀ ਬੇਦਰਦ ਹਾਂ. ਚਾਹ ਦਾ ਕੱਪ ਵੀ ਨਹੀਂ ਪੁੱਛਿਆ। ਉਹ ਮੈਨੂੰ ਬੇਟੀ ਕਹਿੰਦੀ ਰਹੀ ਤੇ ਮੇਰੇ ਮੂੰਹੋਂ ਇੱਕ ਵਾਰੀ ਮਾਂ ਜਾ ਮਾਸੀ ਨਾ ਨਿਕਲਿਆ। ਮੈਨੂੰ ਅੰਦਰ ਪਈ ਨੁੂੰ ਕਾਂਬਾ ਚੜ੍ਹਿਆ ਪਿਆ ਸੀ ਤੇ ਉਸ ਦਾ ਬਾਹਰ ਖਲੋਤੇ ਦਾ ਕੀ ਹਾਲ ਹੋਏਗਾ? ਕਿੰਨੀ ਅਰਜੋਈ ਨਾਲ ਕਹਿ ਰਹੀ ਸੀ, ‘‘ਬੇਟੀ... ਸਿਰ ਛੁਪਾਉਣ ਲਈ ਕਿਤੇ ਛੱਤ ਨਹੀਂ ਸੀ, ਇਥੇ ਛੱਤ ਦਿਸੀ ਤਾਂ ਆ ਖਲੋਤੀ ਹਾਂ।”
ਛੱਤ ਵਾਲੀ ਗੱਲ ਮੈਨੂੰ ਅੰਦਰੋਂ ਵਲੂੰਧਰਣ ਲੱਗੀ। ਇੱਕ ਧੁੰਦਲੀ ਜਿਹੀ ਤਸਵੀਰ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗੀ। ਉਸ ਧੁੰਦਲੀ ਤਸਵੀਰ 'ਚੋਂ ਇੱਕ ਪਾਰਦਰਸ਼ੀ ਸ਼ੀਸ਼ਾ ਮੇਰੇ ਸਾਹਮਣੇ ਸੀ। ਮੈਂ ਨਿੱਕੀ ਜਿਹੀ ਸਾਂ, ਪਰ ਭੈਣ-ਭਰਾਵਾਂ 'ਚੋਂ ਵੱਡੀ। ਏਨੀ ਵੱਡੀ ਵੀ ਨਹੀਂ ਕਿ ਸਮੱਸਿਆਵਾਂ ਦਾ ਹੱਲ ਕੱਢ ਸਕਾਂ। ਮੀਆਂ-ਬੀਵੀ ਅਤੇ ਭੈਣ-ਭਰਾਵਾਂ ਵਿੱਚ ਪਿਆਰ ਹੁੰਦਾ ਹੈ, ਤਾਂ ਕਦੀ-ਕਦਾਈ ਲੜਾਈ ਵੀ ਹੋ ਜਾਂਦੀ ਹੈ। ਜਦੋਂ ਮੇਰੇ ਬਾਊ ਜੀ ਦੀ ਮੇਰੀ ਮਾਂ ਨਾਲ ਲੜਾਈ ਹੁੰਦੀ ਤਾਂ ਉਹ ਅਕਸਰ ਇੱਕੋ ਦਿਲ ਚੀਰਵੀ ਗੱਲ ਕਹਿ ਦਿੰਦੇ, ‘‘ਨਿਕਲ ਜਾ ਮੇਰੇ ਘਰੋਂ, ਨਹੀਂ ਤਾਂ ਧੱਕੇ ਮਾਰ-ਮਾਰ ਕੇ ਕੱਢ ਦਿਆਂਗਾ। ਤੇਰੇ ਪਿਓ ਨੇ ਦਾਜ 'ਚ ਮਕਾਨ ਨਹੀਂ ਦਿੱਤਾ।''
ਉਹ ਮਿੰਨਤਾਂ-ਤਰਲੇ ਕਰਦੀ, ‘‘ਜਾਵਾਂ, ਤਾਂ ਕਿੱਥੇ ਜਾਵਾਂ?”
ਜਦੋਂ ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਤਾਂ ਮੇਰੇ ਗਲ ਲੱਗ ਕੇ ਰੋਂਦੇ-ਰੋਂਦੇ ਕਿਹਾ ਕਰਦੀ, ‘‘ਕਿੰਨਾ ਚੰਗਾ ਹੁੰਦਾ, ਜੇ ਤੇਰਾ ਨਾਨਾ ਇੱਕ ਛੱਤ ਵੀ ਦਾਜ 'ਚ ਦੇ ਦੇਂਦਾ।” ਮੈਨੂੰ ਕੁਝ ਸਮਝ ਨਾ ਆਉਂਦੀ। ਮੈਂ ਐਵੇਂ ਉਸ ਦੀਆਂ ਅੱਖਾਂ ਪੂੰਝਣ ਲੱਗ ਪੈਂਦੀ ਤੇ ਨਾਲ ਆਪ ਵੀ ਰੋਣ ਬਹਿ ਜਾਂਦੀ। ਸ਼ਾਇਦ ਉਸ ਦੀ ਜ਼ੁਲਮ ਸਹਿਣ ਦੀ ਸ਼ਕਤੀ ਖਤਮ ਹੋ ਚੁੱਕੀ ਸੀ।
ਇੱਕ ਦਿਨ ਅਸੀਂ ਸਕੂਲ ਗਏ ਸਾਂ। ਘਰ ਵਾਪਸ ਆਏ ਤਾਂ ਵੇਖਿਆ ਤਾਲਾ ਲੱਗਾ ਹੋਇਆ ਸੀ। ਮਾਂ ਕਿਤੇ ਜਾਂਦੀ ਤਾਂ ਘਰ ਦੀ ਚਾਬੀ ਗੁਆਂਢੀਆਂ ਨੂੰ ਦੇ ਕੇ ਜਾਂਦੀ ਸੀ। ਛੋਟੇ ਵੀਰ ਨੇ ਚਾਬੀ ਲਿਆ ਕੇ ਤਾਲਾ ਖੋਲ੍ਹਿਆ। ਅੰਦਰ ਆ ਕੇ ਅਸੀਂ ਜੁੱਤੀਆਂ ਲਾਹ ਰਹੇ ਸਾਂ ਤਾਂ ਮੈਨੂੰ ਸੋਫੇ 'ਤੇ ਪਿਆ ਇੱਕ ਲਿਫਾਫਾ ਨਜ਼ਰ ਆਇਆ। ਫਟਾਫਟ ਖੋਲ੍ਹ ਕੇ ਪੜ੍ਹਿਆ ਤਾਂ ਪਤਾ ਲੱਗਾ ਕਿ ਮਾਂ ਘਰ ਛੱਡ ਕੇ ਚਲੀ ਗਈ ਸੀ। ਸ਼ਾਮ ਨੂੰ ਬਾਊ ਜੀ ਆਏ, ਅਸੀਂ ਚਿੱਠੀ ਫੜਾਈ। ਉਨ੍ਹਾਂ ਨੇ ਪੜ੍ਹਦਿਆਂ ਸਾਰ ਚਿੱਠੀ ਦੇ ਟੁਕੜੇ-ਟੁਕੜੇ ਕਰ ਦਿੱਤੇ ਤੇ ਕਿਹਾ, ‘‘ਆ ਜਾਏਗੀ ਧੱਕੇ ਖਾ ਕੇ।”
ਘੰਟੇ, ਦਿਨ, ਮਹੀਨੇ, ਸਾਲ ਬੀਤਣ ਲੱਗ ਪਏ। ਇੰਤਜ਼ਾਰ ਤੇ ਵਿਸ਼ਵਾਸ ਵੀ ਮੂੰਹ ਫੇਰਨ ਲੱਗ ਪਏ। ਮਾਂ ਦਾ ਕੋਈ ਪਤਾ ਨਾ ਲੱਗਾ। ਬਾਊ ਜੀ ਨੇ ਦੂਜਾ ਵਿਆਹ ਕਰਾ ਲਿਆ। ਕਦੀ-ਕਦਾਈਂ ਨਵੀਂ ਮਾਂ ਨਾਲ ਵੀ ਉਨ੍ਹਾਂ ਦਾ ਝਗੜਾ ਹੋ ਜਾਂਦਾ, ਪਰ ਉਸ ਨੂੰ ਘਰੋਂ ਨਿਕਲਣ ਦੀ ਧਮਕੀ ਉਹ ਨਹੀਂ ਸੀ ਦੇਂਦੇ। ਸ਼ਾਇਦ ਡਰ ਗਏ ਸੀ। ਨਵੀਂ ਮਾਂ 'ਚੋਂ ਸਾਨੂੰ ਆਪਣੀ ਮਾਂ ਨਾ ਲੱਭੀ। ਅਸੀਂ ਆਪਣੀ ਮਾਸੀ ਕੋਲ ਪਿੰਡ ਚਲੇ ਗਏ।
ਖਿਆਲਾਂ ਦੀ ਲੜੀ ਟੁੱਟ ਗਈ। ਸੋਚਿਆ, ਚਾਹ ਹੀ ਕਿਉਂ ਨਾ ਬਣਾ ਦਿਆਂ ਵਿਚਾਰੀ ਨੂੰ। ਚਾਹ ਲਈ ਗੈਸ 'ਤੇ ਪਾਣੀ ਰੱਖਿਆ। ਅਲਮਾਰੀ 'ਚੋਂ ਇੱਕ ਸੂਟ ਕੱਢਿਆ। ਦਿਲ ਨੂੰ ਬੜਾ ਚੈਨ ਮਿਲਿਆ। ਬਾਰਿਸ਼ ਤਾਂ ਰੁਕਣ ਲੱਗ ਪਈ ਸੀ, ਪਰ ਬੱਤੀ ਫਿਰ ਚਲੀ ਗਈ। ਮੈਂ ਉਸ ਨੂੰ ਅੰਦਰ ਬੁਲਾਉਣਾ ਮੁਨਾਸਿਬ ਸਮਝਿਆ। ਐਮਰਜੈਂਸੀ ਲਾਈਟ ਜਗਾ ਕੇ ਮੈਂ ਟਾਰਚ ਚੁੱਕੀ ਹੀ ਕਿ ਬਾਹਰ ਘੰਟੀ ਵੱਜ ਗਈ। ਮੈਂ ਟਾਰਚ ਲਈ, ਕੁੰਡੀ ਖੋਲ੍ਹ ਕੇ ਤੇਜ਼ੀ ਨਾਲ ਬਾਹਰ ਗਈ। ਘੁੱਪ ਹਨੇਰਾ ਸੀ। ਟਾਰਚ ਦੇ ਸਹਾਰੇ... ਤੇਜ਼ ਕਦਮੀ ਮੈਂ ਚੌਰਾਹੇ ਤੱਕ ਪਹੁੰਚੀ, ਪਰ ਪਤਾ ਹੀ ਨਾ ਲੱਗਾ, ਉਹ ਕਿਹੜੇ ਪਾਸੇ ਨਿਕਲ ਗਈ। ਲੜਖੜਾਂਦੇ ਕਦਮਾਂ ਨਾਲ ਘਰ ਪਰਤ ਕੇ, ਟਾਰਚ ਘੁਮਾ ਕੇ, ਮੈਂ ਮੁੜ-ਮੁੜ ਪਿਛਾਂਹ ਵੱਲ ਵੇਖਦੀ ਰਹੀ, ਮੇਰੀ ਬੇਚੈਨੀ ਵਧਣ ਲੱਗੀ। ਸ਼ਾਇਦ ਇਹ ਮੇਰੀ ਮਾਂ ਤਾਂ ਨਹੀਂ ਸੀ, ਸ਼ਾਇਦ ਉਹੀ ਹੋਵੇ। ਇਹ ਮੈਂ ਕੀ ਕੀਤਾ?
ਕਾਸ਼! ਇੱਕ ਵਾਰੀ ਫਿਰ ਬਾਰਿਸ਼ ਆ ਜਾਵੇ ਤੇ ਉਸ ਨੂੰ ਹੋਰ ਕਿਤੇ ਵੀ ਜਗ੍ਹਾ ਨਾ ਲੱਭੇ, ਏਥੇ ਆਏ। ਪਤਾ ਨਾ ਲੱਗਾ, ਮੈਂ ਕਦੋਂ ਗੇਟ 'ਤੇ ਆ ਕੇ ਰੁਕ ਗਈ। ਕਿੰਨੀ ਦੇਰ ਇਧਰ-ਉਧਰ ਟਾਰਚ ਮਾਰਦੀ ਰਹੀ, ਪਰ ਸਭ ਵਿਅਰਥ ਭਰੇ ਕਦਮਾਂ ਨਾਲ ਮੈਂ ਕਮਰੇ ਵਿੱਚ ਪਹੁੰਚ ਗਈ ਤੇ ਲੰਮਾ ਸਾਹ ਲੈ ਕੇ ਬੈੱਡ 'ਤੇ ਢਹਿ ਪਈ। ਬੱਤੀ ਆ ਗਈ ਤਾਂ ਮੇਰੀ ਨਿਗ੍ਹਾ ਛੱਤ 'ਤੇ ਪਈ। ਮੈਨੂੰ ਇਉਂ ਲੱਗਣ ਲੱਗਾ, ਜਿਵੇਂ ਛੱਤ ਮੇਰੇ ਸਿਰ ਤੋਂ ਸਰਕ ਰਹੀ ਹੋਵੇ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ