Welcome to Canadian Punjabi Post
Follow us on

17

November 2018
ਅੰਤਰਰਾਸ਼ਟਰੀ

ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਦੀ ਸਜ਼ਾ ਅਗਲੇ ਦਿਨ ਦੋਗੁਣੀ ਹੋਈ

October 31, 2018 08:05 AM

ਢਾਕਾ, 30 ਅਕਤੂਬਰ (ਪੋਸਟ ਬਿਊਰੋ)- ਬੰਗਲਾ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਦਸੰਬਰ ਵਿਚ ਹੋ ਰਹੀ ਚੋਣ ਤੋਂ ਪਹਿਲਾਂ ਇਕ ਹੋਰ ਝਟਕਾ ਲੱਗਾ ਹੈ। ਹਾਈ ਕੋਰਟ ਨੇ ਅਨਾਥ ਆਸ਼ਰਮ ਵਿਚ ਘੁਟਾਲੇ ਨਾਲ ਜੁੜੇ ਮਾਮਲੇ `ਚ ਉਨ੍ਹਾਂ ਨੂੰ ਮਿਲੀ ਪੰਜ ਸਾਲ ਦੀ ਸਜ਼ਾ ਵਧਾ ਕੇ 10 ਸਾਲ ਕਰ ਦਿੱਤੀ ਹੈ। ਇਹ ਅਨਾਥ ਆਸ਼ਰਮ ਉਨ੍ਹਾਂ ਦੇ ਮਰਹੂਮ ਪਤੀ ਅੇ ਸਾਬਕਾ ਰਾਸ਼ਟਰਪਤੀ ਜ਼ਿਆਉਰ ਰਹਿਮਾਨ ਦੇ ਨਾਂ `ਤੇ ਬਣਾਇਆ ਗਿਆ ਸੀ।
ਮੁੱਖ ਵਿਰੋਧੀ ਪਾਰਟੀ ਬੰਗਲਾ ਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਦੀ 73 ਸਾਲਾ ਆਗੂ ਖਾਲਿਦਾ ਜਿ਼ਆ ਨੂੰ ਇਕ ਦਿਨ ਪਹਿਲਾਂ ਜ਼ਿਆ ਚੈਰੀਟੇਬਲ ਟਰੱਸਟ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਕੇਸ ਵਿਚ ਢਾਕਾ ਅਦਾਲਤ ਨੇ ਸੱਤ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਸੀ। ਮੰਗਲਵਾਰ ਹਾਈ ਕੋਰਟ ਦੀ ਬੈਂਚ ਨੇ ਅਨਾਥ ਆਸ਼ਰਮ ਟਰੱਸਟ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੀ ਸਮੀਖਿਆ ਅਰਜ਼ੀ `ਤੇ ਆਪਣਾ ਫ਼ੈਸਲਾ ਸੁਣਾਇਆ। ਕਮਿਸ਼ਨ ਨੇ ਜ਼ਿਆ ਦੀ ਸਜ਼ਾ 10 ਸਾਲ ਕਰਨ ਦੀ ਮੰਗ ਕੀਤੀ ਸੀ।
ਸਥਾਨਕ ਅਖ਼ਬਾਰ ‘ਡੇਲੀ ਸਟਾਰ` ਨੇ ਅਟਾਰਨੀ ਜਨਰਲ ਮਹਿਬੂਬੀ ਆਲਮ ਦੇ ਹਵਾਲੇ ਨਾਲ ਲਿਖਿਆ ਕਿ ਹਾਈ ਕੋਰਟ ਦੇ ਫ਼ੈਸਲੇ ਪਿੱਛੋਂ ਜ਼ਿਆ ਅਗਲੀ ਆਮ ਚੋਣ ਨਹੀਂ ਲੜ ਸਕੇਗੀ। ਤਾਜ਼ਾ ਫ਼ੈਸਲੇ ਨਾਲ ਜ਼ਿਆ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖ਼ਿਲਾਫ਼ ਚੋਣ ਲੜਨ ਦੀ ਇੱਛਾ ਨੂੰ ਡੂੰਘਾ ਝਟਕਾ ਲੱਗਾ ਹੈ। ਖਾਲਿਦਾ ਜ਼ਿਆ ਹਿੰਸਾ ਤੇ ਭ੍ਰਿਸ਼ਟਾਚਾਰ ਨਾਲ ਜੁੜੇ ਕਈ ਕੇਸਾਂ ਦਾ ਸਾਹਮਣਾ ਕਰ ਰਹੀ ਹੈ। ਬੀ ਐੱਨ ਪੀ ਪਾਰਟੀ ਅਤੇ ਉਨ੍ਹਾਂ ਦੇ ਵਕੀਲ ਇਨ੍ਹਾਂ ਕੇਸਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਅਤੇ ਆਧਾਰਹੀਣ ਕਰਾਰ ਦੇ ਚੁੱਕੇ ਹਨ। ਜੇਲ੍ਹ ਵਿਚ ਸਜ਼ਾ ਕੱਟ ਰਹੀ ਜ਼ਿਆ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਆਪਣੇ ਹੱਥਾਂ ਤੇ ਪੈਰਾਂ ਵਿਚ ਕਮਜ਼ੋਰੀ ਮਹਿਸੂਸ ਕਰਦੀ ਹੈ। ਇਸ ਪਿੱਛੋਂ ਛੇ ਅਕਤੂਬਰ ਨੂੰ ਉਨ੍ਹਾਂ ਨੂੰ ਬੰਗ ਬੰਧੂ ਸ਼ੇਖ ਮੁਜੀਬ ਮੈਡੀਕਲ ਯੂਨੀਵਰਸਿਟੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਫਿਲਹਾਲ ਉਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Have something to say? Post your comment