-ਆਦਿਤੀ ਫੜਨੀਸ
ਪ੍ਰੋਫੈਸਰ ਜੀ ਡੀ ਅਗਰਵਾਲ ਨਹੀਂ ਰਹੇ। ਇਹ ਦੇਸ਼ ਦਾ ਨੁਕਸਾਨ ਹੈ। ਉਹ ਉਮਰ ਭਰ ਆਰ ਐੱਸ ਐੱਸ ਦੀਆਂ ਕਦਰਾਂ ਕੀਮਤਾਂ ਦੇ ਸਮਰਥਕ ਰਹੇ। ਉਹ ਟ੍ਰੇਂਡ ਸਿਵਲ ਇੰਜੀਨੀਅਰ ਤੇ ਗੰਗਾ ਦੀ ਸਾਫ ਸਫਾਈ ਨੂੰ ਲੈ ਕੇ ਵਚਨਬੱਧ ਸਨ। ਪ੍ਰੋਫੈਸਰ ਅਗਰਵਾਲ ਦੀ ਮੌਤ ਅਣਮਿੱਥੇ ਸਮੇਂ ਤੱਕ ਭੁੱਖ ਹੜਤਾਲ ਰੱਖਣ ਕਰ ਕੇ ਹੋਈ। ਆਖਰੀ ਦਿਨਾਂ 'ਚ ਉਨ੍ਹਾਂ ਨੇ ਪਾਣੀ ਪੀਣਾ ਵੀ ਛੱਡ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਗੰਗਾ ਇੰਨੀ ਅਸ਼ੁੱਧ ਹੈ ਤਾਂ ਉਹ ਪਾਣੀ ਕਿਵੇਂ ਪੀ ਸਕਦੇ ਹਨ? ਉਹ ਨਦੀਆਂ ਦੀ ਅਸ਼ੁੱਧੀ ਲਈ ਪਣ-ਬਿਜਲੀ ਪ੍ਰੋਜੈਕਟਾਂ, ਰੇਤਾ ਦੀ ਮਾਈਨਿੰਗ ਤੇ ਫੈਕਟਰੀ ਕਚਰੇ ਨੂੰ ਜ਼ਿੰਮੇਵਾਰ ਮੰਨਦੇ ਸਨ।
ਸੰਨ 2017 ਵਿੱਚ ਮੰਤਰੀ ਮੰਡਲ ਦੇ ਮੁੜ ਗਠਨ ਸਮੇਂ ਹਟਾਏ ਜਾਣ ਤੋਂ ਪਹਿਲਾਂ ਤੱਕ ਸੰਨਿਆਸਣ ਉਮਾ ਭਾਰਤੀ ਗੰਗਾ ਸਫਾਈ ਮੰਤਰਾਲੇ ਦੀ ਇੰਚਾਰਜ ਸੀ। ਚਰਚਾ ਮੁਤਾਬਕ ਬਤੌਰ ਮੰਤਰੀ ਚੰਗੀ ਕਾਰਗੁਜ਼ਾਰੀ ਨਾ ਦਿਖਾ ਸਕਣ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਉਨ੍ਹਾਂ ਨੂੰ ਹਟਾਉਣ ਦਾ ਪੂਰਾ ਮਨ ਬਣਾ ਚੁੱਕੇ ਹਨ, ਪਰ ਸਤੰਬਰ 2017 ਵਿੱਚ ਵਰਿੰਦਾਵਨ ਵਿਖੇ ਅਮਿਤ ਸ਼ਾਹ ਨਾਲ ਤਿੰਨ ਦਿਨਾਂ ਮੀਟਿੰਗ 'ਚ ਸੰਘ ਨੇ ਉਮਾ ਨੂੰ ਮੰਤਰਾਲੇ ਵਿੱਚ ਬਣਾਈ ਰੱਖਣ ਦਾ ਮਸ਼ਵਰਾ ਦਿੱਤਾ ਸੀ। ਅਜਿਹਾ ਕਿਉਂ? ਕਿਉਂਕਿ ਡਰ ਸੀ ਕਿ ਉਮਾ ਭਾਰਤੀ ਨੂੰ ਹਟਾਉਣ ਨਾਲ ਲੋਧਾ ਭਾਈਚਾਰਾ ਇਸ ਪਾਰਟੀ ਤੋਂ ਦੂਰ ਹੋ ਜਾਵੇਗਾ ਕਿਉਂਕਿ ਉਮਾ ਭਾਰਤੀ ਲੋਧਾ ਭਾਈਚਾਰੇ ਤੋਂ ਹੈ। ਇਸ ਤੋਂ ਪਹਿਲਾਂ ਭਾਜਪਾ ਨੂੰ ਕਲਿਆਣ ਸਿੰਘ ਵਿਰੁੱਧ ਕਦਮ ਚੁੱਕਣ ਦੀ ਕੀਮਤ ਭਾਈਚਾਰੇ ਦੀ ਨਾਰਾਜ਼ਗੀ ਦੇ ਰੂਪ ਵਿੱਚ ਦੇਣੀ ਪਈ ਸੀ। ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਖੁਦ ਲੋਧਾ ਹਨ।
ਉਮਾ ਭਾਰਤੀ ਨੂੰ ਫਿਲਹਾਲ ਮੰਤਰੀ ਰੱਖਿਆ ਗਿਆ, ਪਰ 2017 ਦੇ ਅਖੀਰ ਵਿੱਚ ਗੰਗਾ ਨਾਲ ਜੁੜਿਆ ਮਹਿਕਮਾ ਉਨ੍ਹਾਂ ਤੋਂ ਵਾਪਸ ਲੈ ਕੇ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਦੇ ਦਿੱਤਾ ਗਿਆ। ਸੰਘ ਨੇ ਇੱਕ ਹੋਰ ਚੁੱਪਚਾਪ ਰਹਿਣ ਵਾਲੇ, ਪਰ ਵਚਨਬੱਧ ਸਵੈਮਸੇਵਕ ਨੂੰ ਇਹ ਕੰਮ ਦੇ ਦਿੱਤਾ। ਉਦੋਂ ਉਮਾ ਨੇ ਐਲਾਨ ਕੀਤਾ ਸੀ ਕਿ ਜੇ ਅਕਤੂਬਰ 2018 ਤੱਕ ਗੰਗਾ ਦੀ ਸਫਾਈ ਦਾ ਕੰਮ ਪੂਰਾ ਨਹੀਂ ਹੁੰਦਾ ਤਾਂ ਉਹ ਮਹਾੳਪਵਾਸ ਤੋਂ ਮਹਾਪ੍ਰਯਾਣ ਦਾ ਰਾਹ ਅਪਣਾਏਗੀ। ਜ਼ਾਹਿਰ ਹੈ ਕਿ ਉਹ ਗੰਗਾ ਦੀ ਸਫਾਈ ਦੇ ਕੰਮ ਤੋਂ ਸੰਤੁਸ਼ਟ ਹੈ। ਸਵਾਲ ਇਹ ਹੈ ਕਿ ਉਮਾ ਭਾਰਤੀ ਕੌਣ ਹੈ ਤੇ ਉਨ੍ਹਾਂ ਦੀ ਤਾਕਤ ਦਾ ਸੋਮਾ ਕੀ ਹੈ? ਜੇ ਤੁਸੀਂ ਉਮਾ ਭਾਰਤੀ ਦੇ ਕਰੀਅਰ 'ਤੇ ਨਜ਼ਰ ਮਾਰੋ ਤਾਂ ਪਤਾ ਲੱਗੇਗਾ ਕਿ ਉਹ ਉਦੋਂ ਹੀ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ, ਜਦੋਂ ਸੱਤਾ ਤੋਂ ਬਾਹਰ ਹੁੰਦੀ ਹੈ।
ਇਸ ਤੋਂ ਪਹਿਲਾਂ ਉਮਾ ਭਾਰਤੀ ਸੰਨ 1989, 1991, 1996 ਅਤੇ 1998 ਵਿੱਚ ਲੋਕ ਸਭਾ ਮੈਂਬਰ ਰਹੀ। ਉਮਾ ਨੇ ਰਾਮ ਜਨਮ ਭੂਮੀ ਅੰਦੋਲਨ ਵਿੱਚ ਵੀ ਯੋਗਦਾਨ ਦਿੱਤਾ। ਸੰਨ 2003 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਮੱਧ ਪ੍ਰਦੇਸ਼ 'ਚ ਭਾਜਪਾ ਦੀ ਅਗਵਾਈ ਕੀਤੀ ਤੇ ਤਿੰਨ-ਚੌਥਾਈ ਬਹੁਮਤ ਨਾਲ ਸੂਬੇ ਦੀ ਮੁੱਖ ਮੰਤਰੀ ਬਣੀ। ਕਰਨਾਟਕ 'ਚ ਵਾਪਰੀਆਂ ਘਟਨਾਵਾਂ ਕਾਰਨ ਅਪਰਾਧਕ ਕੇਸ ਦਰਜ ਹੋਣ ਕਰ ਕੇ ਉਨ੍ਹਾਂ ਨੂੰ ਅਹੁਦਾ ਛੱਡਣਾ ਪਿਆ। ਮੱਧ ਪ੍ਰਦੇਸ਼ ਦੀਆਂ ਚੋਣਾਂ ਉਮਾ ਭਾਰਤੀ ਨੇ ਜਿਤਾਈਆਂ ਸਨ, ਪਰ ਪਹਿਲਾਂ ਬਾਬੂ ਲਾਲ ਗੌੜ ਤੇ ਫਿਰ ਸ਼ਿਵਰਾਜ ਸਿੰਘ ਚੌਹਾਨ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ। ਜ਼ਾਹਰ ਹੈ ਕਿ ਇਨ੍ਹਾਂ ਗੱਲਾਂ ਕਾਰਨ ਉਹ ਖੁਸ਼ ਨਹੀਂ। ਉਮਾ ਨੂੰ ਭਾਜਪਾ ਦੀ ਸਭ ਤੋਂ ਬੜਬੋਲੀ ਮਹਿਲਾ ਆਗੂ ਮੰਨਿਆ ਜਾਂਦਾ ਹੈ। ਸੰਨ 2004 'ਚ ਉਨ੍ਹਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਉਸ ਤੋੋਂ ਬਾਅਦ ਵਾਪਸੀ 'ਤੇ 2006 'ਚ ਉਨ੍ਹਾਂ ਨੂੰ ਦੁਬਾਰਾ ਕੱਢਿਆ ਗਿਆ, ਕਿਉਂਕਿ ਅਟਲ ਬਿਹਾਰੀ ਵਾਜਪਾਈ ਤੇ ਲਾਲ ਕ੍ਰਿਸ਼ਨ ਅਡਵਾਨੀ ਦੀ ਮੌਜੂਦਗੀ 'ਚ ਉਮਾ ਨੇ ਅਰੁਣ ਜੇਤਲੀ 'ਤੇ ਦੋਸ਼ ਲਾਇਆ ਸੀ ਕਿ ਉਹ ਉਨ੍ਹਾਂ ਦੀ ਪਿੱਠ ਪਿੱਛੇ ਉਨ੍ਹਾਂ ਦੇ ਵਿਰੁੱਧ ਬੋਲਦੇ ਹਨ। ਉਮਾ ਨੇ ਸੁਸ਼ਮਾ ਸਵਰਾਜ ਦੀ ਵੀ ਆਲੋਚਨਾ ਕੀਤੀ ਤੇ ਨਿੱਜੀ ਮੰਨੀ ਜਾ ਰਹੀ ਪਾਰਟੀ ਕਾਰਜਕਾਰਨੀ ਦੀ ਮੀਟਿੰਗ 'ਚ ਕਈ ਮੈਂਬਰਾਂ ਨੂੰ ਲੰਬੇ ਹੱਥੀਂ ਲਿਆ। ਬਦਕਿਸਮਤੀ ਨਾਲ ਮਾਈਕ ਚਾਲੂ ਰਹਿ ਗਿਆ ਤੇ ਪੂਰਾ ਵਾਕਿਆ ਮੀਡੀਆ ਤੱਕ ਪਹੁੰਚ ਗਿਆ।
ਜਦੋਂ ਨਿਤਿਨ ਗਡਕਰੀ ਪਾਰਟੀ ਦੇ ਪ੍ਰਧਾਨ ਬਣੇ ਤਾਂ ਉਮਾ ਦੀ ਭਾਜਪਾ 'ਚ ਵਾਪਸੀ ਹੋਈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਆਪਣੀਆਂ ਸ਼ਰਤਾਂ 'ਤੇ ਪਾਰਟੀ ਵਿੱਚ ਵਾਪਸ ਆਈ ਹੈ। ਗਡਕਰੀ ਦੇ ਘਰ ਵੀ ਉਮਾ ਨੇ ਇੱਕ ਦਿ੍ਰਸ਼ ਬਣਾ ਦਿੱਤਾ ਸੀ। ਉਹ ਉਨ੍ਹਾਂ ਦੀ ਉਡੀਕ ਕਰ ਰਹੀ ਸੀ, ਜਦੋਂ ਇਹ ਕਹਿ ਦਿੱਤਾ, ‘‘ਤੁਸੀਂ ਲੋਕ ਇਹ ਨਾ ਲਿਖ ਦੇਣਾ ਕਿ ਮੈਂ ਗਡਕਰੀ ਨੂੰ ਇਸ ਲਈ ਮਿਲ ਰਹੀ ਹਾਂ ਕਿ ਮੈਂ ਉਨ੍ਹਾਂ ਤੋਂ ਭਾਪਪਾ ਵਿੱਚ ਵਾਪਸੀ ਦੀ ਭੀਖ ਮੰਗਣ ਆਈ ਹਾਂ। ਮੈਂ ਇਥੇ ਇਸ ਲਈ ਆਈ ਹਾਂ, ਕਿਉਂਕਿ ਮੈਨੂੰ ‘ਮੋਟੇ ਲੋਕ’ ਪਸੰਦ ਹਨ। ਉਨ੍ਹਾਂ ਨੇ ਕਮਰੇ ਵਿੱਚ ਬੈਠੀ ਸਮ੍ਰਿਤੀ ਈਰਾਨੀ ਵੱਲ ਦੇਖ ਕੇ ਇੱਕ ਤਿਰਛੀ ਮੁਸਕਾਨ ਦਿੱਤੀ। ‘ਇਸੇ ਲਈ ਮੈਂ ਸਮ੍ਰਿਤੀ ਨੂੰ ਇੰਨਾ ਪਸੰਦ ਕਰਦੀ ਹਾਂ।” ਸਮ੍ਰਿਤੀ ਨੇ ਹਲਕੀ ਜਿਹੀ ਮੁਸਕਾਨ ਦਿੰਦਿਆਂ ਕਿਹਾ ਕਿ ‘‘ਦੀਦੀ, ਮੈਨੂੰ ਲੱਗਦਾ ਸੀ ਕਿ ਤੁਸੀਂ ਇਹ ਕੋਹੇਗੇ ਕਿ ਮੇਰਾ ਭਾਰ ਘੱਟ ਹੋਇਆ ਹੈ।” ਗਡਕਰੀ ਨੇ ਉਮਾ ਨੂੰ ਯੂ ਪੀ ਭੇਜ ਦਿੱਤਾ ਅਤੇ ਉਹ 2014 ਵਿੱਚ ਝਾਂਸੀ ਸੀਟ ਤੋਂ ਜਿੱਤੀ।
ਉਮਾ ਭਾਰਤੀ ਨੇ ਇਸ ਸਾਲ ਦੇ ਸ਼ੁਰੂ 'ਚ ਕਿਹਾ ਸੀ ਕਿ ਉਹ ਅੱਗੇ ਚੋਣ ਨਹੀਂ ਲੜੇਗੀ, ਪਰ ਜੇ ਬੁਲਾਇਆ ਗਿਆ ਤਾਂ ਉਹ ਮੱਧ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਦਾ ਪ੍ਰਚਾਰ ਜ਼ਰੂਰ ਕਰੇਗੀ। ਲਗਭਗ ਤਿੰਨ ਹਫਤੇ ਪਹਿਲਾਂ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਖੇਤਰ ਵਿੱਚ ਇੱਕ ਜਨਤਕ ਮੀਟਿੰਗ 'ਚ ਸ਼ਾਮਲ ਹੋਈ। ਯੂ ਪੀ ਨਾਲ ਲੱਗਦੇ ਇਸ ਇਲਾਕੇ ਵਿੱਚ ਕੁੱਲ 32 ਵਿਧਾਨ ਸਭਾ ਸੀਟਾਂ ਹਨ। ਉਹ ਅੱਠ ਸਾਲਾਂ 'ਚ ਪਹਿਲੀ ਵਾਰ ਆਪਣੀ ਜਨਮ ਭੂਮੀ 'ਤੇ ਕਿਸੇ ਜਨਤਕ ਪ੍ਰੋਗਰਾਮ ਵਿੱਚ ਸ਼ਾਮਲ ਹੋਈ ਸੀ। ਬੁੰਦੇਲਖੰਡ ਨੂੰ ਬਸਪਾ ਦੀ ਪ੍ਰਧਾਨ ਮਾਇਆਵਤੀ ਦੇ ਪ੍ਰਭਾਵ ਵਾਲਾ ਖੇਤਰ ਕਿਹਾ ਜਾਂਦਾ ਹੈ। ਅਮਿਤ ਸ਼ਾਹ ਅਤੇ ਸੂਬੇ ਦੇ ਮੁੱਖ ਮੰਤਰੀ ਦੋਵੇਂ ਮੰਨਦੇ ਹਨ ਕਿ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਲਈ ਭੱਥੇ ਵਿੱਚ ਮੌਜੂਦ ਹਰ ਤੀਰ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਉਮਾ ਭਾਰਤੀ ਨੂੰ ਦਿੱਤਾ ਗਿਆ ਸੱਦਾ ਇਸੇ ਨੀਤੀ ਦਾ ਹਿੱਸਾ ਹੈ।
ਉਕਤ ਜਨਤਕ ਮੀਟਿੰਗ 'ਚ ਉਮਾ ਨੇ ਆਪਣੇ ਜਾਣੇ-ਪਛਾਣੇ ਅੰਦਾਜ਼ 'ਚ ਲੋਕਾਂ ਨੂੰ ਪੁੱਛਿਆ, ‘‘ਮੈਂ ਸ਼ਿਵਰਾਜ ਜੀ ਨੂੰ ਪੁੱਛਿਆ ਕਿ ਕੀ ਮੇਰੇ ਮੱਧ ਪ੍ਰਦੇਸ਼ ਆਉਣ ਦਾ ਕੋਈ ਲਾਭ ਹੈ? ਕੀ ਇਸ ਨਾਲ ਕੋਈ ਫਰਕ ਪਵੇਗਾ? ਜਦੋਂ ਉਨ੍ਹਾਂ ਨੇ ਮੈਨੂੰ ਆਸਵੰਦ ਕੀਤਾ ਕਿ ਅਜਿਹਾ ਹੋਵੇਗਾ, ਤਾਂ ਹੀ ਮੈਂ ਇਸ ਮੀਟਿੰਗ ਵਿੱਚ ਆਈ ਹਾਂ।”
ਉਮਾ ਭਾਰਤੀ ਅਜਿਹੀ ਹੈ। ਤੁਸੀਂ ਉਨ੍ਹਾਂ ਬਾਰੇ ਅਗਾਊਂ ਅਨੁਮਾਨ ਲਾ ਸਕਦੇ ਹੋ, ਪਰ ਉਹ ਅਣਕਿਆਸੀ ਵੀ ਹੈ।