Welcome to Canadian Punjabi Post
Follow us on

27

March 2019
ਨਜਰਰੀਆ

ਉਹ ਫਰਾਖ ਦਿਲ ਭਿਖਾਰਨ

October 30, 2018 09:36 AM

-ਪ੍ਰੀਤਮਾ ਦੋਮੇਲ
ਦੋ ਕੁ ਸਾਲ ਪਹਿਲਾਂ ਮੈਂ ਬੜੀ ਦੂਰੋਂ (ਅਰੁਣਾਚਲ ਪ੍ਰਦੇਸ਼ ਤੋਂ) ਦੋ ਦਿਨ ਦਾ ਸਫਰ ਕਰਦੀ ਹੋਈ ਦਿੱਲੀ ਪੁੱਜੀ ਸਾਂ ਤੇ ਅੱਗੋਂ ਦੂਜੀ ਗੱਡੀ ਲੈ ਕੇ ਚੰਡੀਗੜ੍ਹ ਜਾਣਾ ਸੀ। ਉਹ ਗੱਡੀ ਵੀ ਦੂਜੇ ਪਲੇਟਫਾਰਮ 'ਤੇ ਚੱਲਣ ਲਈ ਤਿਆਰ ਖੜ੍ਹੀ ਸੀ। ਮੈਂ ਭੱਜ ਕੇ ਉਸ ਵਿੱਚ ਜਾ ਚੜ੍ਹੀ। ਟਿਕਟ ਲੈਣ ਦੀ ਲੋੜ ਨਹੀਂ ਸੀ। ਸੀਟ ਪਹਿਲਾਂ ਰਿਜ਼ਰਵ ਸੀ। ਦਿੱਲੀ ਤੋਂ ਚੱਲ ਕੇ ਹਿਮਾਚਲ ਪ੍ਰਦੇਸ਼ ਵੱਲ ਜਾਣ ਵਾਲੀ ਇਸ ਗੱਡੀ ਵਿੱਚ ਚਾਹ-ਪਾਣੀ ਦਾ ਕੋਈ ਇੰਤਜ਼ਾਮ ਨਹੀਂ ਸੀ। ਮੈਨੂੰ ਚਾਹ ਦੀ ਜ਼ਬਰਦਸਤ ਤਲਬ ਲੱਗੀ ਹੋਈ ਸੀ। ਸੋਚਦੀ ਸਾਂ ਕਿ ਦਿੱਲੀ ਸਟੇਸ਼ਨ 'ਤੇ ਉਤਰ ਕੇ ਸਭ ਤੋਂ ਪਹਿਲਾਂ ਗਰਮਾ-ਗਰਮ ਕੜਕ ਜਿਹੀ ਚਾਹ ਦਾ ਇੱਕ ਪਿਆਲਾ ਪੀਵਾਂਗੀ, ਪਰ ਇਸ ਦਾ ਮੌਕਾ ਹੀ ਨਾ ਮਿਲਿਆ, ਕਿਉਂਕਿ ਅਗਲੀ ਗੱਡੀ ਜਾਣ ਲਈ ਇਕਦਮ ਤਿਆਰ ਖੜ੍ਹੀ ਸੀ। ਫਿਰ ਉਸ ਤੋਂ ਬਾਅਦ ਸਟੇਸ਼ਨ ਆਉਂਦੇ ਗਏ, ਲੰਘਦੇ ਗਏ-ਸੋਨੀਪਤ, ਪਾਣੀਪਤ, ਕਰਨਾਲ। ਹਰ ਸਟੇਸ਼ਨ 'ਤੇ ਰੇਲ ਗੱਡੀ ਇੱਕ-ਇੱਕ ਮਿੰਟ ਖਲੋਂਦੀ ਤੇ ਤੁਰ ਪੈਂਦੀ।
ਏਨੀ ਜਲਦੀ ਬਾਹਰੋਂ ਕੋਈ ਚਾਹ ਲਿਆਉਣ ਵਾਲਾ ਵੀ ਨਹੀਂ ਸੀ। ਆਖਰ ਮੈਂ ਆਪਣੇ ਸਾਹਮਣੇ ਬੈਠੇ ਇੱਕ 14-15 ਸਾਲ ਦੇ ਮੁੰਡੇ ਨੂੰ 50 ਰੁਪਏ ਦੇ ਕੇ ਕਿਹਾ, ‘‘ਕਾਕਾ! ਜਿਹੜੇ ਵੀ ਸਟੇਸ਼ਨ ਉਤੇ ਗੱਡੀ ਰੁਕੇ, ਤੂੰ ਭੱਜ ਕੇ ਮੇਰੇ ਵਾਸਤੇ ਇੱਕ ਕੱਪ ਚਾਹ ਦਾ ਤੇ ਨਾਲ ਹੀ ਕੁਝ ਖਾਣ ਲਈ ਲੈ ਆਵੀਂ। ਆਪਣੇ ਲਈ ਵੀ ਚਾਹ ਤੇ ਕੁਝ ਖਾਣ ਲਈ ਲੈ ਲਵੀਂ।” ਉਸ ਦੇ ਨਾਲ ਬੈਠੇ ਬੰਦੇ ਨੇ ਝੱਟ ਕਿਹਾ, ‘‘ਮੈਡਮ ਜੀ! ਕਾਹਨੂੰ ਨਿਆਣੇ ਨੂੰ ਪਰੇਸ਼ਾਨ ਕਰਦੇ ਹੋ। ਅਗਲਾ ਸਟੇਸ਼ਨ ਅੰਬਾਲਾ ਹੈ। ਉਥੇ ਗੱਡੀ ਅੱਧਾ ਘੰਟਾ ਰੁਕਦੀ ਹੈ। ਉਤਰ ਕੇ ਤੁਸੀਂ ਸਟਾਲ ਤੋਂ ਆਪਣੀ ਮਰਜ਼ੀ ਦੀ ਚਾਹ ਪੀ ਲੈਣਾ। ਮੈਂ ਚੁੱਪਚਾਪ ਬੈਠ ਕੇ ਅੰਬਾਲੇ ਦਾ ਇੰਤਜ਼ਾਰ ਕਰਨ ਲੱਗ ਪਈ। ਥੋੜ੍ਹੀ ਦੇਰ ਬਾਅਦ ਅੰਬਾਲਾ ਆ ਗਿਆ। ਮੈਂ ਝਟਪਟ ਹੇਠਾਂ ਉਤਰੀ, ਸਾਹਮਣੇ ਹੀ ਚਾਹ ਦਾ ਸਟਾਲ ਸੀ। ਉਥੇ ਚਾਹ ਪੀਣ ਵਾਲਿਆਂ ਦੀ ਕਾਫੀ ਭੀੜ ਲੱਗੀ ਹੋਈ ਸੀ। ਮੈਂ ਵੀ ਖੜ੍ਹੀ ਹੋ ਕੇ ਚਾਹ ਉਡੀਕਣ ਲੱਗ ਪਈ। ਕੋਈ ਜਲਦੀ ਨਹੀਂ ਸੀ, ਗੱਡੀ ਨੇ ਅਜੇ ਅੱਧਾ ਘੰਟਾ ਰੁਕਣਾ ਸੀ। ਏਨੇ 'ਚ ਚਾਹ ਵਾਲੇ ਨੇ ਮੈਨੂੰ ਚਾਹ ਦਾ ਕੱਪ ਫੜਾ ਦਿੱਤਾ ਤੇ ਮੈਂ ਆਰਾਮ ਨਾਲ ਚਾਹ ਪੀਣ ਲੱਗ ਪਈ। ਅੰਬਾਲਾ ਵੱਡਾ ਜੰਕਸ਼ਨ ਹੈ। ਇਥੇ ਆਉਂਦੀਆਂ ਜਾਂਦੀਆਂ ਗੱਡੀਆਂ ਤੋਂ ਉਤਰਦੇ-ਚੜ੍ਹਦੇ ਲੋਕਾਂ ਦੀ ਹਮੇਸ਼ਾ ਭੀੜ ਲੱਗੀ ਰਹਿੰਦੀ ਹੈ। ਚਾਹ ਬੜੀ ਸਵਾਦ ਸੀ। ਆਰਾਮ ਨਾਲ ਚਾਹ ਪੀ ਕੇ ਜਦ ਮੈਂ ਮੋਢੇ 'ਤੇ ਲਟਕੇ ਲੰਬੀ ਸਿੰਗਲ ਡੋਰੀ ਵਾਲੇ ਆਪਣੇ ਪਰਸ ਵਿੱਚੋਂ ਪੈਸੇ ਕੱਢਣ ਲੱਗੀ ਤਾਂ ਹੈਂ? ਮੇਰਾ ਉਪਰਲਾ ਸਾਹ ਉਪਰ ਤੇ ਹੇਠਲਾ ਹੇਠਾਂ ਰਹਿ ਗਿਆ। ਮੇਰਾ ਪਰਸ ਨਦਾਰਦ ਸੀ। ਭੀੜ ਵਿੱਚ ਕਿਸੇ ਨੇ ਮੇਰਾ ਪਰਸ ਕੱਟ ਲਿਆ ਤੇ ਉਥੇ ਖੜ੍ਹੇ ਬੰਦਿਆਂ ਤੋਂ ਪਰਸ ਬਾਬਤ ਪੁੱਛ ਰਹੀ ਸਾਂ। ਕਿਸੇ ਪਾਸ ਕੋਈ ਜਵਾਬ ਨਹੀਂ ਸੀ। ਪਲੇਟਫਾਰਮ 'ਤੇ ਉਸ ਲੰਘਦੀ-ਟੱਪਦੀ ਮੁਸਾਫਰਾਂ ਦੀ ਭੀੜ ਵਿੱਚ ਕਿਸੇ ਨੇ ਕੈਂਚੀ ਚਲਾ ਕੇ ਮੇਰੇ ਸਿੰਗਲ ਸਟਰੈਪ ਵਾਲੇ ਪਰਸ ਨੂੰ ਕੱਟ ਲਿਆ ਸੀ। ਮੇਰੇ ਪਰਸ ਵਿੱਚ ਤਾਂ ਬੜਾ ਕੁਝ ਸੀ; ਟਿਕਟ, ਪੈਸੇ ਆਧਾਰ ਕਾਰਡ ਅਤੇ ਹੋਰ ਪਤਾ ਨਹੀਂ ਕੀ-ਕੀ। ਤੁਸੀਂ ਔਰਤਾਂ ਦੇ ਪਰਸ ਦੀ ਪ੍ਰਾਪਰਟੀ ਦਾ ਤਾਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ। ਪੂਰੀ ਗ੍ਰਹਿਸਥੀ ਦਾ ਸਾਮਾਨ ਉਸ ਵਿੱਚ ਸਮਾਇਆ ਹੁੰਦਾ ਹੈ ਤੇ ਹਾਸੇ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਖੁਦ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਸ ਛੋਟੇ ਜਿਹੇ ਪਰਸ ਦੇ ਢਿੱਡ ਵਿੱਚ ਕੀ-ਕੀ ਸਮਾਇਆ ਹੁੰਦਾ ਹੈ।
ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਹੁਣ ਕੀ ਕਰਾਂ। ਗੱਡੀ ਦੇ ਚੱਲਣ ਦਾ ਟਾਈਮ ਹੋ ਗਿਆ ਸੀ ਤੇ ਮੇਰਾ ਸਾਮਾਨ ਵੀ ਗੱਡੀ ਵਿੱਚ ਪਿਆ ਸੀ। ਉਧਰ ਚਾਹ ਵਾਲਾ ਵੀ ਆਪਣੇ ਪੈਸੇ ਮੰਗ ਰਿਹਾ ਸੀ। ਮੈਂ ਕੀ ਕਰਾਂ, ਕਿੱਥੋਂ ਲਿਆਵਾਂ ਪੈਸੇ। ਉਸੇ ਵੇਲੇ ਮੇਰੇ ਨਾਲ ਖੜ੍ਹੀ ਚਾਹ ਪੀ ਰਹੀ ਇੱਕ ਭਿਖਾਰਨ ਨੇ ਆਪਣਾ ਭੀਖ ਵਾਲਾ ਕਟੋਰਾ ਮੇਰੇ ਅੱਗੇ ਕਰ ਦਿੱਤਾ। ਮੈਂ ਹੈਰਾਨ-ਪਰੇਸ਼ਾਨ ਉਸ ਦੇ ਮੂੰਹ ਵੱਲ ਤੱਕਣ ਲੱਗ ਪਈ। ਉਹ ਅਜੀਬ ਜਿਹੇ ਰੁੱਖੇ ਲਹਿਜ਼ੇ ਵਿੱਚ ਬੋਲੀ, ‘ਦੇਖਦੀ ਕੀ ਏਂ! ਚੁੱਕ ਕੇ ਪੈਸੇ ਚਾਹ ਵਾਲੇ ਨੂੰ ਦੇ ਦੇ।’ ਮੈਂ ਡਰਦੀ ਮਾਰੀ ਨੇ 10 ਰੁਪਏ ਚੁੱਕ ਕੇ ਚਾਹ ਵਾਲੇ ਨੂੰ ਦੇ ਦਿੱਤੇ। ਉਹ ਫਿਰ ਜਿਵੇਂ ਗੁੱਸੇ ਨਾਲ ਬੋਲੀ, ‘ਘਰ ਕੀ ਪੈਦਲ ਜਾਏਂਗੀ, ਹੋਰ ਪੈਸੇ ਚੁੱਕ ਕੇ ਤੁਰਦੀ ਹੋ। ਔਹ ਦੇਖ ਤੇਰੀ ਗੱਡੀ ਵੀ ਚੱਲ ਪਈ ਹੈ।” ਮੈਂ ਦੋ ਦਸ-ਦਸ ਦੇ ਨੋਟ ਹੋਰ ਚੁੱਕ ਲਏ ਤੇ ਭੱਜ ਕੇ ਚਲਦੀ ਹੋਈ ਗੱਡੀ ਵਿੱਚ ਜਾ ਚੜ੍ਹੀ। ਚੱਲਦੀ ਹੋਈ ਗੱਡੀ 'ਚੋਂ ਮੈਂ ਦੇਖਿਆ ਕਿ ਉਹ ਉਵੇਂ ਹੀ ਬੇਨਿਆਜ਼ ਖੜ੍ਹੀ ਲੋਕਾਂ ਕੋਲੋਂ ਭੀਖ ਮੰਗ ਰਹੀ ਸੀ। ਥੋੜ੍ਹੀ ਦੇਰ ਮਗਰੋਂ ਜਦੋਂ ਮੈਂ ਇਸ ਅਚਾਨਕ ਵਾਪਰ ਚੁੱਕੇ ਸਦਮੇ 'ਚੋਂ ਬਾਹਰ ਨਿਕਲੀ ਤਾਂ ਮੈਂ ਆਪਣੇ ਨਾਲ ਬੀਤੀ ਉਸ ਦੁਰਘਟਨਾ ਨੂੰ ਯਾਦ ਕਰਨ ਲੱਗੀ। ਨਾਲ ਉਸ ਪੈਸਾ-ਪੈਸਾ ਮੰਗਦੀ ਹੋਈ ਗਰੀਬ ਔਰਤ ਲਈ ਮੇਰਾ ਮਨ ਸ਼ੁਕਰਾਨੇ ਨਾਲ ਭਰ ਗਿਆ।
ਮੈਂ ਅੱਜ ਵੀ ਜਦ ਗੱਡੀ ਵਿੱਚ ਅੰਬਾਲੇ 'ਚੋਂ ਲੰਘਦੀ ਹਾਂ ਤਾਂ ਇੱਕ ਵਾਰੀ ਜ਼ਰੂਰ ਪਲੇਟਫਾਰਮ 'ਤੇ ਉਤਰ ਕੇ ਉਸ ਮਹਾਨ ਔਰਤ ਨੂੰ ਲੱਭਦੀ ਹਾਂ, ਪਰ ਉਹ ਮੁੜ ਕੇ ਮੈਨੂੰ ਕਦੇ ਨਹੀਂ ਦਿਖੀ। ਅਸੀਂ ਹੋਰਾਂ ਖਾਸ ਤੌਰ 'ਤੇ ਭਿਖਾਰੀਆਂ ਬਾਰੇ ਨਾਂਹ-ਪੱਖੀ ਸੋਚ ਰੱਖਦੇ ਹਾਂ, ਪਰ ਉਕਤ ਘਟਨਾ ਤੋਂ ਬਾਅਦ ਲੱਗਦਾ ਹੈ ਕਿ ਉਨ੍ਹਾਂ ਵਿੱਚ ਵੀ ਹੋਰਾਂ ਦੀ ਮਦਦ ਕਰਨ ਦਾ ਜਜ਼ਬਾ ਹੋ ਸਕਦਾ ਹੈ। ਜਦੋਂ ਉਸ ਭਿਖਾਰਨ ਨੇ ਮੇਰੀ ਮਦਦ ਕੀਤੀ ਤਾਂ ਭਿਖਾਰੀ ਉਹ ਨਹੀਂ, ਮੈਂ ਸੀ। ਪਤਾ ਨਹੀਂ ਉਹ ਕਿਸ ਮਜਬੂਰੀ ਕਾਰਨ ਭਿਖਿਆ ਮੰਗਦੀ ਹੋਵੇਗੀ, ਸ਼ਾਇਦ ਬੱਚਿਆਂ ਦੀ ਦੁਰਕਾਰੀ ਜਾਂ ਵਕਤ ਦੀ ਮਾਰੀ ਹੋਵੇਗੀ। ਉਂਝ ਵੀ ਕਿਸੇ ਤੋਂ ਮੰਗਣਾ ਕੋਈ ਸੌਖੀ ਗੱਲ ਨਹੀਂ । ਕਿਹਾ ਵੀ ਗਿਆ ਹੈ, ‘ਮੰਗਣ ਗਿਆ ਤੇ ਮਰ ਗਿਆ, ਮੰਗਣ ਮੂਲ ਨਾ ਜਾ।’ ਖੈਰ! ਉਹ ਮੇਰੇ ਲਈ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸੀ। ਗਿਆਨੀ ਲੋਕ ਸੱਚ ਕਹਿੰਦੇ ਹਨ ਕਿ ਫਰਿਸ਼ਤੇ ਸਾਡੇ ਆਸਪਾਸ ਹੀ ਘੁੰਮਦੇ ਹਨ ਤੇ ਜ਼ਰੂਰਤ ਪੈਣ 'ਤੇ ਮੁਸੀਬਤ ਦੇ ਮਾਰਿਆਂ ਦੀ ਮਦਦ ਲਈ ਬਹੁੜ ਜਾਂਦੇ ਹਨ। ਕੋਈ ਨਹੀਂ ਜਾਣਦਾ ਕਿ ਉਹ ਕਿਸ ਭੇਸ ਵਿੱਚ ਮਿਲ ਜਾਣ, ਪਰ ਉਹ ਮਿਲਦੇ ਜ਼ਰੂਰ ਹਨ।

Have something to say? Post your comment