ਬਜ਼ੁਰਗ ਕਿਹਾ ਕਰਦੇ ਸਨ ਕਿ ਇਨਸਾਨ ਨੂੰ ਇੰਨਾ ਮਿੱਠਾ ਨਹੀਂ ਬਣਨਾ ਚਾਹੀਦਾ ਹੈ ਕਿ ਲੋਕ ਹੜੱਪ ਜਾਣ ਅਤੇ ਇੰਨਾ ਕੌੜਾ ਵੀ ਨਹੀਂ ਬਣਨਾ ਚਾਹੀਦਾ ਕਿ ਲੋਕ ਉਸ ਨੂੰ ਥੁੱਕ ਦੇਣ। ਸਾਡੀ ਜ਼ਿੰਦਗੀ ਵਿੱਚ ਕਦੇ ਕਦੇ ਜ਼ਿਆਦਾ ਸਿੱਧਾ ਅਤੇ ਸੌਖਾ ਹੋਣਾ ਵੀ ਕਦੇ ਮੁਸੀਬਤ ਖੜ੍ਹੀ ਕਰ ਦਿੰਦਾ ਹੈ। ਅਸੀਂ ਜਿਸ ਨੂੰ ਆਪਣਾ ਸਮਝ ਕੇ ਮਦਦ ਕਰਦੇ ਹਾਂ ਉਹ ਮਦਦ ਤੋਂ ਬਾਅਦ ਭੁੱਲ ਕੇ ਕੁਝ ਅਜਿਹਾ ਕਰ ਜਾਂਦਾ ਹੈ ਕਿ ਅਸੀਂ ਪਰੇਸ਼ਾਨ ਹੋ ਜਾਂਦੇ ਹਾਂ। ਆਪਣੇ ਸਿੱਧੇ ਅਤੇ ਸੌਖੇ ਸੁਭਾਅ ਕਾਰਨ ਪ੍ਰਸਿੱਧ ਗਾਇਕ ਮੁਹੰਮਦ ਰਫੀ ਦੇ ਜੀਵਨ ਵਿੱਚ ਕੁਝ ਇਹੋ ਹੋਇਆ। ਉਨ੍ਹਾਂ ਨੇ ਜਿਸ ਨੂੰ ਦੋਸਤ ਸਮਝ ਕੇ ਉਸ ਦੀ ਮਦਦ ਕੀਤੀ, ਉਹੀ ਉਨ੍ਹਾਂ ਦਾ ਦੁਸ਼ਮਣ ਬਣ ਗਿਆ ਅਤੇ ਥਾਣੇ ਤੋਂ ਲੈ ਕੇ ਕੋਰਟ ਕਚਹਿਰੀ ਤੱਕ ਦੇ ਚੱਕਰ ਕਟਵਾ ਦਿੱਤੇ।
ਇਹ ਗੱਲ 1950 ਦੀ ਹੈ। ਮੁਹੰਮਦ ਰਫੀ ਨੇ ਬਾਂਦ੍ਰਾ-ਖਾਰ ਦੇ ਨੇੜੇ ਇੱਕ ਪੁਰਾਣਾ ਬੰਗਲਾ ਖਰੀਦਿਆ। ਉਸ ਦੀ ਰੈਨੋਵੇਸ਼ਨ ਕਰਾਈ। ਆਪਣੇ ਬੱਚਿਆਂ ਲਈ ਉਸ ਬੰਗਲੇ ਵਿੱਚ ਦੋ ਕਮਰੇ ਉਪਰ ਦੀ ਮੰਜ਼ਿਲ 'ਤੇ ਬਣਵਾ ਲਏ। ਕੁਝ ਦਿਨ ਬਾਅਦ ਉਨ੍ਹਾਂ ਦੇ ਇੱਕ ਪੁਰਾਣੇ ਦੋਸਤ ਸ਼ਾਰਦੂਲ ਕਾਤਰਾ ਲਾਹੌਰ ਤੋਂ ਮੁੰਬਈ ਆਏ। ਕਾਤਰਾ ਨੇ ਕਈ ਪੰਜਾਬੀ ਫਿਲਮਾਂ ਤੋਂ ਇਲਾਵਾ ‘ਗੂੰਜ', ‘ਚਾਰ ਮੀਨਾਰ', ‘ਮਿਰਜ਼ਾ ਸਾਹਿਬਾਂ' ਵਰਗੀਆਂ ਹਿੰਦੀ ਫਿਲਮਾਂ ਵਿੱਚ ਮਿਊਜ਼ਿਕ ਦਿੱਤਾ ਸੀ। ਇੱਕ ਦਿਨ ਉਨ੍ਹਾਂ ਨੇ ਮੁਹੰਦ ਰਫੀ ਨੂੰ ਕਿਹਾ ਕਿ ਯਾਰ ਤੁਹਾਡੇ ਬੰਗਲੇ ਦਾ ਉਪਰਲਾ ਕਮਰਾ ਖਾਲੀ ਹੈ, ਮੈਨੂੰ ਕੁਝ ਦਿਨ ਲਈ ਰਹਿਣ ਨੂੰ ਦੇ ਦਿਓ। ਜਦੋਂ ਤੁਹਾਡੇ ਬੱਚੇ ਆ ਜਾਣਗੇ ਤਾਂ ਅਸੀਂ ਕਮਰਾ ਖਾਲੀ ਕਰ ਦਿਆਂਗੇ। ਰਹਿਮ ਦਿਲ ਇਨਸਾਨ ਮੁਹੰਮਦ ਰਫੀ ਨੇ ਉਨ੍ਹਾਂ ਨੂੰ ਰਹਿਣ ਲਈ ਉਹ ਕਮਰਾ ਦੇ ਦਿੱਤਾ। ਜਦੋਂ ਉਨ੍ਹਾਂ ਨੇ ਕਿਰਾਏ ਦੀ ਗੱਲ ਕਹੀ ਤਾਂ ਰਫੀ ਸਾਹਿਬ ਨੇ ਕਿਹਾ ਕਿ ਤੁਸੀਂ ਸਾਡੇ ਮਿੱਤਰ ਹੋ। ਕਿਰਾਏ ਦੀ ਕੀ ਗੱਲ? ਜਦੋਂ ਤੱਕ ਰਹਿਣਾ ਚਾਹੁੰਦੇ ਹੋ ਰਹੋ।
ਸ਼ਾਰਦੁਲ ਕਾਤਰਾ ਉਥੇ ਰਹਿਣ ਲੱਗੇ ਅਤੇ ਫਿਲਮਾਂ ਵਿੱਚ ਮਿਊਜ਼ਿਕ ਦੇਣ ਦਾ ਕੰਮ ਸ਼ੁਰੂ ਕੀਤਾ। ਕੁਝ ਸਾਲ ਬਾਅਦ ਜਦੋਂ ਮੁਹੰਮਦ ਰਫੀ ਦੇ ਲੜਕੇ ਵੱਡੇ ਹੋ ਗਏ। ਰਫੀ ਸਾਹਿਬ ਨੂੰ ਕਮਰਿਆਂ ਦੀ ਲੋੜ ਪਈ। ਉਨ੍ਹਾਂ ਨੇ ਕਾਤਰਾ ਨੂੰ ਕਿਹਾ ਕਿ ਭਰਾ ਸਾਡਾ ਕਮਰਾ ਖਾਲੀ ਕਰ ਦਿਓ। ਬੱਚੇ ਆ ਗਏ ਹਨ, ਉਹ ਰਹਿਣਗੇ। ਇਸ 'ਤੇ ਕਾਤਰਾ ਭੜਕ ਗਏ। ਕਿਹਾ ਕਿ ਮੈਂ ਕਮਰਾ ਖਾਲੀ ਨਹੀਂ ਕਰਾਂਗਾ। ਇਥੋਂ ਤੱਕ ਕਿ ਸਥਾਨਕ ਥਾਣੇ ਵਿੱਚ ਜਾ ਕੇ ਮੁਹੰਮਦ ਰਫੀ ਦੇ ਨਾਂਅ ਸ਼ਿਕਾਇਤ ਕਰ ਦਿੱਤੀ ਕਿ ਸਾਡੇ ਤੋਂ ਜ਼ਬਰਦਸਤੀ ਕਮਰਾ ਖਾਲੀ ਕਰਵਾਉਣਾ ਚਾਹੁੰਦੇ ਹਨ। ਸਾਡੇ ਨਾਲ ਕੁੱਟਮਾਰ ਕੀਤੀ ਹੈ।
ਮੁਹੰਮਦ ਰਫੀ ਕੀ ਕਰਦੇ? ਕਦੇ ਪੁਲਸ ਸਟੇਸ਼ਨ ਦੇ ਚੱਕਰ, ਕਦੇ ਆਪਣਾ ਕਮਰਾ ਖਾਲੀ ਕਰਵਾਉਣ ਲਈ ਕੋਰਟ ਦੇ ਚੱਕਰ। ਅਜਿਹੇ ਵਿੱਚ ਉਹ ਨਿਰਮਾਤਾਵਾਂ ਨੂੰ ਵੀ ਘੱਟ ਸਮਾਂ ਦਿੰਦੇ। ਰਫੀ ਸਾਹਿਬ ਦੀ ਗੱਲ ਪੂਰੀ ਫਿਲਮ ਇੰਡਸਟਰੀ ਵਿੱਚ ਫੈਲ ਗਈ। ਲੋਕਾਂ ਨੇ ਸ਼ਾਰਦੁਲ ਕਾਤਰਾ ਦਾ ਬਾਈਕਾਟ ਸ਼ੁਰੂ ਕਰ ਦਿੱਤਾ। ਕੋਈ ਵੀ ਫਿਲਮ ਨਿਰਮਾਤਾ ਫਿਲਮ ਲਈ ਉਨ੍ਹਾਂ ਨਾਲ ਕੰਟੈਰਕਟ ਹੀ ਨਹੀਂ ਕਰਦਾ। ਹੌਲੀ ਹੌਲੀ ਕਾਤਰਾ ਦੀ ਹਾਲਤ ਖਸਤਾ ਹੋਣ ਲੱਗੀ। ਇੰਡਸਟਰੀ ਦੇ ਲੋਕ ਉਨ੍ਹਾਂ ਨੂੰ ਬੇਈਮਾਨ ਕਹਿਣ ਲੱਗੇ। ਇੱਕ ਦਿਨ ਕਾਤਰਾ ਮੁਹੰਮਦ ਰਫੀ ਕੋਲ ਆਏ ਅਤੇ ਆਪਣੇ ਕੀਤੇ ਦੀ ਮੁਆਫੀ ਮੰਗੀ ਅਤੇ ਰਫੀ ਸਾਹਿਬ ਦੇ ਫਲੈਟ ਦੀ ਚਾਬੀ ਉਨ੍ਹਾਂ ਨੂੰ ਸੌਂਪ ਦਿੱਤੀ।