Welcome to Canadian Punjabi Post
Follow us on

19

March 2024
 
ਨਜਰਰੀਆ

ਇੱਕ ਵਿਚਾਰ ਇਹ ਵੀ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਖ਼ਬਰਦਾਰ ਰਹੇ ਪੰਜਾਬ

February 25, 2020 07:40 AM

-ਪ੍ਰੋ. ਪ੍ਰੀਤਮ ਸਿੰਘ
ਆਮ ਆਦਮੀ ਪਾਰਟੀ ਨੂੰ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਤੋਂ ਚਾਰ ਸੀਟਾਂ ਮਿਲਣ ਸਦਕਾ ਕੌਮੀ ਸਿਆਸਤ ਵਿੱਚ ਵੱਡਾ ਹੁਲਾਰਾ ਮਿਲਿਆ ਸੀ, ਪਰ ਹੋਰ ਸਭ ਥਾਈਂ ਇਸ ਦੇ ਬਹੁਤੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਸਨ। ਇਸ ਵਾਰੀ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਤੋਂ ਬਾਅਦ ਇਸ ਦੀ ਮੁੜ-ਸੁਰਜੀਤੀ ਦੀਆਂ ਆਸਾਂ ਜਾਗਣੀਆਂ ਸੁਭਾਵਿਕ ਹਨ ਕਿ ਇਹ ਪੰਜਾਬ ਵਿੱਚ ਕਾਂਗਰਸ ਤੇ ਅਕਾਲੀ-ਭਾਜਪਾ ਗੱਠਜੋੜ, ਦੋਹਾਂ ਦੇ ਮੁਕਾਬਲੇ ਤੀਜੇ ਸੰਭਾਵੀ ਬਦਲ ਵਜੋਂ ਸਾਹਮਣੇ ਆਵੇ। ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਜਾਂ ਆਮ ਆਦਮੀ ਪਾਰਟੀ ਦੀ ਜਿੱਤ ਕਾਰਨ ਭਾਜਪਾ ਦੀ ਹਾਰ ਨੂੰ ਦੇਸ਼-ਵਿਆਪੀ ਨਜ਼ਰੀਏ ਤੋਂ ਸਵਾਗਤ ਯੋਗ ਘਟਨਾ ਵਜੋਂ ਦੇਖਿਆ ਜਾ ਸਕਦਾ ਹੈ, ਕਿਉਂਕਿ ਇਸ ਨੇ ਭਾਵੇਂ ਕੁਝ ਵਕਤ ਲਈ ਸਹੀ, ਭਾਜਪਾ ਦੇ ਫੁੱਟ-ਪਾਊ ਹਿੰਦੂਤਵੀ ਏਜੰਡ ਨੂੰ ਠੱਲ੍ਹ ਪਾ ਦਿੱਤੀ ਹੈ। ਫਿਰ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸਵਾਗਤ ਬਹੁਤ ਸਾਵਧਾਨੀ ਨਾਲ ਹੀ ਹੋੋਣਾ ਚਾਹੀਦਾ ਹੈ।
ਇਸ ਚੌਕਸੀ ਦੀ ਲੋੜ ਦੋ ਕਾਰਨਾਂ ਕਰਕੇ ਹੈ-ਇੱਕ, ਇਸ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਾਂ ਇਸ ਦੇ ਦਿੱਲੀ ਆਧਾਰਤ ਸਹਾਇਕਾਂ ਦਾ ਪੁਰਾਣਾ ਤਜਰਬਾ ਹੈ, ਜਿਹੜੇ ਆਪਣੀ ਪਾਰਟੀ ਦੀ ਪੰਜਾਬ ਇਕਾਈ ਉਤੇ ਇੰਨੀ ਸਖ਼ਤ ਰੱਖਦੇ ਹਨ ਕਿ ਇਸ ਕਾਰਨ ਪੰਜਾਬ ਇਕਾਈ ਕਈ ਵਾਰ ਵੰਡੀ ਗਈ। ਦੂਜਾ, ਪੰਜਾਬ ਲਈ ਅਜਿਹੇ ਤੀਜੇੇ ਬਦਲ ਦੀ ਲੋੜ ਹੈ ਜਿਹੜੇ ਅੰਦਰਨੀ ਤੌਰ ਤੇ ਪੰਜਾਬ ਦੀਆਂ ਮਾਲੀ ਤੇ ਸਿਆਸੀ ਵੰਗਾਰਾਂ ਦੇ ਤਜਰਬੇ ਤੇ ਆਧਾਰਤ ਹੋਵੇ, ਨਾ ਕਿ ਦਿੱਲੀ-ਕੇਂਦਰਿਤ ਪਾਰਟੀ ਦੀ ਅਗਵਾਈ ਹੇਠ ਬਹਿਰੂਨੀ ਤੌਰ ਉੱਤੇ ਠੋਸੇ ਏਜੰਡੇ ਉਤੇ ਆਧਾਰਤ ਹੋਵੇ। ਇਹ ਦੋਵੇਂ ਪੱਖ ਹੀ ਭਾਵੇਂ ਕੁਝ ਹੱਦ ਤੱਕ ਵੱਖੋ-ਵੱਖ ਹਨ ਪਰ ਆਪਸ ਵਿੱਚ ਗੂੜ੍ਹਾ ਸਬੰਧ ਰੱਖਦੇ ਹਨ। ਦਿੱਲੀ-ਕੇਂਦਰਿਤ ਕੋਈ ਵੀ ਪਾਰਟੀ, ਆਪਣੀ ਬਣਤਰ ਪੱਖੋਂ ਇਲਾਕਾਈ ਸਿਆਸੀ ਅਤੇ ਮਾਲੀ ਰੀਝਾਂ ਦੀ ਮੁਖ਼ਾਲਿਫ਼ ਹੀ ਹੋਵੇਗੀ। ਰੱਫੜ ਵਾਲੀ ਗੱਲ ਉਦੋਂ ਹੋਰ ਵੱਡੀ ਹੋ ਜਾਂਦੀ ਹੈ, ਜਦੋਂ ਦਿੱਲੀ-ਕੇਂਦਰਤ ਪਾਰਟੀ ਆਪਣੇ ਕੰਮ-ਢੰਗ ਪੱਖੋਂ ਆਮ ਆਦਮੀ ਪਾਰਟੀ ਵਾਂਗ ਤਾਨਾਸ਼ਾਹੀ ਰੁਖ ਵਾਲੀ ਹੋਵੇ। ਸਾਰੀਆਂ ਦਿੱਲੀ-ਕੇਂਦਰਤ ਪਾਰਟੀਆਂ, ਕਾਂਗਰਸ, ਭਾਜਪਾ, ਸੀ ਪੀ ਆਈ, ਸੀ ਪੀ ਐਮ ਆਦਿ ਵੱਖੋ-ਵੱਖ ਢੰਗ ਨਾਲ ਹੱਦੋਂ ਵੱਧ ਕੇਂਦਰਤ ਹਨ। ਆਮ ਆਦਮੀ ਪਾਰਟੀ ਨੇ ਸ਼ੁਰੂ ਵਿੱਚ ਕੰਮ-ਢੰਗ ਦੇ ਜਮਹੂਰੀ ਅਤੇ ਹਿੱਸੇਦਾਰੀ ਦੇ ਲਈ ਆਸਾਂ ਬੰਨ੍ਹਾਈਆਂ ਸਨ, ਪਰ ਇਹ ਸਗੋਂ ਵੱਧ ਕੇਂਦਰਤ ਪਾਰਟੀ ਵਜੋਂ ਸਾਹਮਣੇ ਆਈ ਹੈ। ਇਹ ਹੱਦੋਂ ਵੱਧ ਕੇਂਦਰੀਕਰਨ ਇੱਕ ਤਰ੍ਹਾਂ ਤਾਨਾਸ਼ਾਹੀ ਦਾ ਰੂਪ ਧਾਰ ਗਿਆ ਜੋ ਪਾਰਟੀ ਦੇ ਮੁੱਖੀ ਅਰਵਿੰਦ ਕੇਜਰੀਵਾਲ ਦੇ ਜ਼ਾਤੀ ਸਿਆਸੀ ਕੰਮ-ਢੰਗ ਕਾਰਨ ਹੈ। ਕਿਸੇ ਪਾਰਟੀ ਵਿੱਚ ਇਸ ਦੀ ਲੀਡਰਸ਼ਿਪ ਦਾ ਰਵੱਈਆ ਭਾਵੇਂ ਇਸ ਦੇ ਕੰਮ-ਢੰਗ ਦੀ ਤਰਜ਼ ਨੂੰ ਤੈਅ ਨਹੀਂ ਕਰਦਾ, ਤਾਂ ਵੀ ਇਹ ਪਾਰਟੀ ਦੇ ਕੰਮ-ਢੰਗ ਦੀ ਤਰਜ਼ ਨੂੰ ਸੇਧ ਦੇਣ ਵਿੱਚ ਅਹਿਮ ਰੋਲ ਜ਼ਰੂਰ ਨਿਭਾਉਂਦਾ ਹੈ।
ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਵਿੱਚ ਪਈਆਂ ਫੁੱਟਾਂ ਦਾ ਮੂਲ ਕਾਰਨ ਕੇਜਰੀਵਾਲ ਵੱਲੋਂ ਸਿਆਸਤ ਦਾ ਤਾਨਾਸ਼ਾਹ ਅੰਦਾਜ਼ ਸੀ। ਇਹ ਰੁਖ ਅਸਹਿਮਤੀ ਅਤੇ ਆਜ਼ਾਦ ਵਿਚਾਰਾਂ ਨੂੰ ਕਦੇ ਮਨਜ਼ੂਰ ਨਹੀਂ ਕਰਦਾ। ਇਸ ਪਾਰਟੀ ਨੇ ਪੰਜਾਬ ਦੇ ਲਗੱਭਗ ਸਾਰੇ ਮੋਹਰੀ ਆਗੂਆਂ ਨੂੰ ਇੱਕ-ਇੱਕ ਕਰਕੇ ਕਿਨਾਰੇ ਹੀ ਨਹੀਂ ਕੀਤਾ, ਬੇਇੱਜ਼ਤ ਵੀ ਕੀਤਾ ਗਿਆ, ਮਿਸਾਲ ਵਜੋਂ ਸੁੱਚਾ ਸਿੰਘ ਛੋਟੇਪੁਰ ਨੂੰ ਸ਼ੁਰੂ ਵਿੱਚ ਪਾਰਟੀ ਦੀ ਪੰਜਾਬ ਇਕਾਈ ਦਾ ਮੁਖੀ ਥਾਪਿਆ ਗਿਆ। ਇਸ ਮਾਮਲੇ ਵਿੱਚ ਇੱਕੋ-ਇੱਕ ਵੱਖਰੀ ਮਿਸਾਲ ਪਾਰਲੀਮੈਂਟ ਮੈਂਬਰ ਭਗਵੰਤ ਮਾਨ ਦੀ ਸੀ। ਕੇਜਰੀਵਾਲ ਦਾ ਤਾਨਾਸ਼ਾਹ ਰੁਖ ਕੌਮੀ ਪੱਧਰ ਤੇ ਵੀ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ, ਕਿਉਂਕਿ ਦਿੱਲੀ ਵਿੱਚ ਵੀ ਕਈ ਨਾਮੀ ਆਗੂਆਂ ਨੂੰ ਗ਼ਲਤ ਤਰੀਕੇ ਨਾਲ ਪਾਰਟੀ ਤੋਂ ਬਾਹਰ ਕੀਤਾ ਗਿਆ। ਇਸ ਮਾਮਲੇ ਵਿੱਚ ਪ੍ਰਸ਼ਾਂਤ ਭੂਸ਼ਣ ਤੇ ਯੋਗਿੰਦਰ ਯਾਦਵ ਵਰਗਿਆਂ ਦੇ ਨਾਂ ਮੁੱਖ ਹਨ ਜਿਨ੍ਹਾਂ ਖ਼ਿਲਾਫ਼ ਅਜਿਹੀ ਕਾਰਵਾਈ ਉਨ੍ਹਾਂ ਵੱਲੋਂ ਕੁਝ ਵਾਜਬ ਮੁੱਦੇ ਉਠਾਏ ਜਾਣ ਕਾਰਨ ਕੀਤੀ ਗਈ। ਉਨ੍ਹਾਂ ਨੇ ਪਾਰਟੀ ਦਾ ਕੰਮ-ਕਾਜ ਸਹੀ ਢੰਗ ਨਾਲ ਨਾ ਚਲਾਏ ਜਾਣ ਦੇ ਮੁੱਦੇ ਉਭਾਰੇ ਸਨ।
ਇਉਂ ਪਾਰਟੀ ਦਾ ਇਹ ਤਾਨਾਸ਼ਾਹ ਰੰਗ-ਢੰਗ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮੁੜ-ਸੁਰਜੀਤੀ ਲਈ ਜ਼ਿਆਦਾ ਜੋਸ਼ ਨਹੀਂ ਪੈਦਾ ਕਰਦਾ, ਭਾਵੇਂ ਦਿੱਲੀ ਵਿੱਚ ਪਾਰਟੀ ਦੀ ਜ਼ੋਰਦਾਰ ਜਿੱਤ ਨੇ ਇਸ ਬਾਰੇ ਆਸ ਜ਼ਰੂਰ ਜਗਾਈ ਹੈ। ਦਿੱਲੀ-ਕੇਂਦਰਿਤ ਆਮ ਆਦਮੀ ਪਾਰਟੀ ਤੇ ਪੰਜਾਬ-ਆਧਾਰਤ ਪਾਰਟੀ ਵਿਚਾਲੇ ਵਾਰ-ਵਾਰ ਡੋਲਦਾ ਤਾਲਮੇਲ, ਸਿਆਸੀ ਕੰਟਰੋਲ ਲਈ ਅਪਣਾਏ ਜਾਂਦੇ ਤਾਨਾਸ਼ਾਹ ਤੌਰ-ਤਰੀਕਿਆਂ ਦੇ ਨਾਂਹ ਪੱਖੀ ਨਤੀਜਿਆਂ ਤੋਂ ਵੀ ਅੱਗੇ ਨਿਕਲ ਚੁੱਕਾ ਹੈ, ਇਹ ਢੰਗ-ਤਰੀਕਾ ਕੇਜਰੀਵਾਲ ਦੀ ਲੀਡਰਸ਼ਿਪ ਦੀ ਖ਼ਾਸੀਅਤ ਬਣ ਚੁੱਕਾ ਹੈ। ਦਿੱਲੀ-ਕੇਂਦਰਿਤ ਆਮ ਆਦਮੀ ਪਾਰਟੀ ਅਤੇ ਪੰਜਾਬ-ਤਵੱਜੋ ਵਾਲੀ ਆਮ ਆਦਮੀ ਪਾਰਟੀ ਵਿਚਕਾਰ ਉਭਰ ਰਿਹਾ ਨਾਂਹ ਪੱਖੀ ਪ੍ਰਭਾਵ, ਬੁਨਿਆਦੀ ਤੌਰ ਤੇ ਕੇਂਦਰੀਕ੍ਰਿਤ ਸਿਆਸਤ ਅਤੇ ਖੇਤਰੀ ਸੋਧ ਵਾਲੀ ਸਿਆਸਤ ਦਰਮਿਆਨ ਟਕਰਾਅ ਕਾਰਨ ਹੈ।
ਕਾਂਗਰਸ ਤੇ ਭਾਜਪਾ ਦੋਵੇਂ ਹੱਦੋਂ ਵੱਧ ਕੇਂਦਰਤ ਪਾਰਟੀਆਂ ਹਨ। ਕਾਂਗਰਸ ਦੇ ਸਿਆਸੀ ਰੰਗ-ਢੰਗ ਨੇ ਬਸਤੀਵਾਦ ਵਿਰੋਧੀ ਸੰਘਰਸ਼ ਦੌਰਾਨ ਆਕਾਰ ਲਿਆ। ਇਸ ਅੰਦਰ ਕੇਂਦਰੀਕਰਨ ਆਜ਼ਾਦੀ ਪਿੱਛੋਂ 1960ਵਿਆਂ ਤੋਂ ਬਾਅਦ ਹੌਲੀ-ਹੌਲੀ ਉਭਰਿਆ, ਪਰ ਭਾਰਤੀ ਸਿਆਸਤ ਵਿੱਚ ਖੇਤਰੀਵਾਦ ਦੇ ਅਟੱਲ ਉਭਾਰ ਤੋਂ ਪਿੱਛੋਂ ਇਸ ਵਿੱਚ ਬਹੁਤ ਤੇਜ਼ੀ ਆਈ। ਦੂਜੇ ਪਾਸੇ ਭਾਜਪਾ ਵੀ ਇਨ੍ਹਾਂ ਇਲਾਕਾਈ ਪਛਾਣਾਂ ਤੇ ਪਾਰਟੀਆਂ ਦੇ ਅਟੱਲ ਉਭਾਰ ਨੂੰ ਰੋਕਣ ਤੇ ਕੌਮੀ ਏਕਤਾ ਦਾ ਪ੍ਰਭਾਵ ਬਣਾਈ ਰੱਖਣ ਲਈ ਹਿੰਦੂ ਧਰਮ ਨੂੰ ਇੱਕ ਤਰ੍ਹਾਂ ਪੱਕੇ ਤੌਰ ਤੇ ਵਰਤ ਰਹੀ ਹੈ। ਉਂਜ ਭਾਜਪਾ ਨੂੰ ਆਪਣੇ ਇਸ ਮਿਸ਼ਨ ਵਿੱਚ ਇਸ ਕਾਰਨ ਮੁਸ਼ਕਲ ਆ ਰਹੀ ਹੈ ਕਿ ਪਾਰਟੀ ਦਾ ਸੱਭਿਆਚਾਰਕ ਅਤੇ ਸਿਆਸੀ ਆਧਾਰ ਮੁੱਖ ਤੌਰ ਉੱਤੇ ਦੇਸ਼ ਦੇ ਅਖੌਤੀ ਹਿੰਦੀ ਖੇਤਰ ਅਤੇ ਪੱਛਮੀ ਖੇਤਰ (ਗੁਜਾਰਤ ਤੇ ਮਹਾਰਾਸ਼ਟਰ) ਵਿੱਚ ਹੀ ਕੇਂਦਰਿਤ ਹੈ।
ਦਿੱਲੀ ਵਿੱਚ ਚੋਣ ਸਫਲਤਾ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਦਿਲੀ ਖ਼ਾਹਿਸ਼ ਇਹੋ ਹੈ ਕਿ ਉਹ ਦੋਵਾਂ, ਭਾਵ ਪਹਿਲਾਂ ਹੀ ਸੁੰਗੜ ਰਹੀ ਕਾਂਗਰਸ ਅਤੇ ਹਾਲੇ ਮਜ਼ਬੂਤ ਬਣੀ ਹੋਈ ਭਾਜਪਾ ਨੂੰ ਪਛਾੜ ਕੇ ਨਵੀਂ ਕੌਮੀ ਪਾਰਟੀ ਵਜੋਂ ਉਭਰੇ ਪਰ ਇਸ ਲਈ ਆਪਣਾ ਇਹ ਟੀਚਾ ਪੂਰਾ ਕਰਨ ਵਿੱਚ ਸਭ ਤੋਂ ਵੱਡੀ ਚੁਣੌਤੀ ਇਹੋ ਹੈ ਕਿ ਇਹ ਭਾਰਤੀ ਸਿਆਸਤ ਦੇ ਵਿਕਾਸ ਦੇ ਉਸ ਦੌਰ ਦੌਰਾਨ ਪੈਦਾ ਹੋਈ ਹੈ, ਜਿੱਥੇ ਰੁਝਾਨ ਖੇਤਰਵਾਦੀ ਸਿਆਸਤ ਵੱਲ ਹੈ। ਇਸ ਦੌਰ ਨੂੰ ਭਾਰਤ ਵਰਗੇ ਵੰਨ-ਸਵੰਨਤਾ ਨਾਲ ਭਰੇ ਮੁਲਕ ਦੇ ਸਿਆਸੀ ਵਿਕਾਸ ਪੱਖੋਂ ਕੁਦਰਤੀ ਮੰਨਿਆ ਜਾਣਾ ਚਾਹੀਦਾ ਹੈ।
ਇਹ ਉਹ ਇਤਿਹਾਸਕ ਹਾਲਾਤ ਹਨ ਜਿਨ੍ਹਾਂ ਕਾਰਨ ਪੰਜਾਬ ਨੂੰ ਖ਼ਾਸ ਖੇਤਰੀ ਪਾਰਟੀ ਦੀ ਲੋੜ ਹੈ, ਕਿਉਂਕਿ ਇਸ ਦੀਆਂ ਇਲਾਕਾਈ ਮਾਲੀ, ਸਿਆਸੀ ਅਤੇ ਸੱਭਿਆਚਾਰਕ ਹਕੀਕਤਾਂ, ਲੋੜਾਂ ਤੇ ਖ਼ਾਹਿਸ਼ਾਂ ਦਾ ਆਮ ਆਦਮੀ ਪਾਰਟੀ ਦੀਆਂ ‘ਕੁੱਲ ਹਿੰਦ' ਮੁਖੀ ਖ਼ਾਹਿਸ਼ਾਂ ਨਾਲ ਟਕਰਾਅ ਹੈ। ਬੀਤੇ ਅਨੇਕਾਂ ਦਹਾਕਿਆਂ ਦੌਰਾਨ ਅਕਾਲੀ ਦਲ ਨੇ ਪੰਜਾਬ ਦੀ ਇੱਕੋ-ਇੱਕ ਖੇਤਰੀ ਪਾਰਟੀ ਹੋਣ ਦੇ ਨਾਤੇ ਇਨ੍ਹਾਂ ਲੋੜਾਂ ਨੂੰ ਕਾਫ਼ੀ ਹੱਦ ਤੱਕ ਪੂਰਾ ਕੀਤਾ, ਭਾਵੇਂ ਇਹ ਮੁਕੰਮਲ ਤੌਰ ਤੇ ਅਜਿਹਾ ਨਹੀਂ ਕਰ ਸਕਿਆ, ਕਿਉਂਕਿ ਇਸ ਦਾ ਮੁੱਖ ਚੋਣ ਆਧਾਰ ਪੰਜਾਬ ਦਾ ਇੱਕ ਧਾਰਮਿਕ ਭਾਈਚਾਰਾ ਹੈ। ਬਾਦਲਾਂ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਆਪਣੇ ਆਪ ਨੂੰ ਕੇਂਦਰਤ ਭਾਜਪਾ ਨਾਲ ਇੰਨਾ ਘੁੱਟ ਕੇ ਨੂੜ ਲਿਆ ਕਿ ਇਸ ਨੇ ਆਪਣੀ ਸੀਮਤ ਇਲਾਕਾਈ ਭੂਮਿਕਾ ਅਤੇ ਸਮਰੱਥਾ ਬਾਰੇ ਸਮਝੌਤਾ ਕਰ ਲਿਆ ਹੈ।
ਕੁਝ ਸਮੇਂ ਲਈ ਜਾਪਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਸ਼ਾਇਦ ਪੰਜਾਬ ਦੀਆਂ ਇਨ੍ਹਾਂ ਇਲਾਕਾਈ ਖ਼ਾਹਿਸ਼ਾਂ ਨੂੰ ਪੂਰਾ ਕਰੇ ਪਰ ਦਿੱਲੀ-ਕੇਂਦਰਿਤ ਪਾਰਟੀ ਦੇ ਕੰਟਰੋਲ ਵਾਲੀ ਸੂਬਾ ਇਕਾਈ ਦੀਆਂ ਢਾਂਚਾਗਤ ਹੱਦਾਂ ਨੇ ਉਨ੍ਹਾਂ ਨੂੰ ਇਸ ਸਮਰੱਥਾ ਦਾ ਇਸਤੇਮਾਲ ਨਹੀਂ ਕਰਨ ਦਿੱਤਾ।
ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗਾ ਕਿ ਇਤਿਹਾਸ ਪੰਜਾਬ ਵਿੱਚ ਇਸ ਵਾਜਬ ਖੇਤਰੀ ਪਾਰਟੀ ਦੇ ਉਭਾਰ ਨੂੰ ਸੱਦੇ ਦੇ ਰਿਹਾ ਹੈ, ਅਜਿਹੀ ਪਾਰਟੀ ਜਿਹੜੀ ਸਾਰੇ ਪੰਜਾਬੀਆਂ ਦੀਆਂ ਆਸਾਂ ਦੀ ਨੁਮਾਇੰਦਾ ਹੋਵੇ। ਉਸ ਸਿਆਸੀ ਪਾਰਟੀ ਨੂੰ ਯਕੀਨਨ ਮਾੜੀ ਮਾਲੀ ਹਾਲਤ, ਬੇਯਕੀਨੀ ਵਾਲੇ ਸਿਆਸੀ ਭਵਿੱਖ, ਵਾਤਾਵਰਨ ਦੇ ਉਜਾੜੇ, ਸਮਾਜਿਕ ਹਫੜਾ-ਦਫੜੀ ਅਤੇ ਸੱਭਿਆਚਾਰਕ ਗਿਰਾਵਟ ਨਾਲ ਦੋ-ਦੋ ਹੱਥ ਕਰਨੇ ਪੈਣਗੇ, ਕਿਉਂਕਿ ਇਹ ਅਜੋਕੇ ਪੰਜਾਬ ਦੀ ਹਕੀਕਤ ਹੈ।
ਇਸ ਲਈ ਅੱਜ ਪੰਜਾਬ ਵਿੱਚ ਅਕਾਦਮੀਸ਼ਨਾਂ, ਪੱਤਰਕਾਰਾਂ, ਸਥਾਪਤ ਸਿਆਸੀ ਆਗੂਆਂ ਦੀ ਵਿਆਪਕ ਬਹਿਸ ਅਤੇ ਵਿਚਾਰ-ਵਟਾਂਦਰੇ ਹੀ ਲੋੜ ਹੈ। ਇਹ ਲੋਕ ਅਜਿਹੇ ਹੋਣ ਜਿਹੜੇ ਆਪਣੇ ਤੰਗ ਸਿਆਸੀ ਰਿਸ਼ਤਿਆਂ ਅਤੇ ਆਪਣੀ ਲੀਡਰਸ਼ਿਪ ਚਮਕਾਉਣ ਦੀਆਂ ਨਿੱਜੀ ਲਾਲਸਾਵਾਂ ਤੋਂ ਉਪਰ ਉਠ ਸਕਣ। ਇਨ੍ਹਾਂ ਵਿੱਚ ਖ਼ਾਸਕਰ ਉਹ ਨੌਜਵਾਨ ਵਰਗ ਹੋਵੇ ਜੋ ਪੰਜਾਬ ਲਈ ਖਾਸ ਖੇਤਰੀ ਪਾਰਟੀ ਕਾਇਮ ਕਰਨ ਦਾ ਖ਼ਾਹਿਸ਼ਮੰਦ ਹੋਵੇ, ਇਸ ਖੇਤਰੀ ਪਾਰਟੀ ਜਿਹੜੀ ਪੰਜਾਬ ਲਈ ਦਰਮੇਸ਼ ਇਸ ਇਤਿਹਾਸਕ ਮਿਸ਼ਨ ਨੂੰ ਪੂਰਾ ਕਰਨ ਲਈ ਢੁਕਵੀਂ ਹੋਵੇ। ਪੰਜਾਬ ਦੇ ਮਾਲੀ, ਸਿਆਸੀ ਤੇ ਸੱਭਿਆਚਾਰਕ ਭਵਿੱਖ ਦੀਆਂ ਡੋਰਾਂ ‘ਆਪ' ਵਰਗੀ ਦਿੱਲੀ-ਕੇਂਦਰਿਤ ਪਾਰਟੀ ਉਤੇ ਛੱਡਣ ਦੀ ਥਾਂ ਅਜਿਹਾ ਕਰਨਾ ਪੰਜਾਬ ਲਈ ਵੱਧ ਲਾਹੇਵੰਦ ਹੋਵੇਗਾ ਹਾਲਾਂਕਿ ਦਿੱਲੀ ਜਿੱਤ ਤੋਂ ਬਾਅਦ ਇਹ ਪਾਰਟੀ ਪੰਜਾਬੀਆਂ ਨੂੰ ਕਾਫ਼ੀ ਲੁਭਾਉਣੀ ਲੱਗ ਸਕਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ