Welcome to Canadian Punjabi Post
Follow us on

19

March 2024
 
ਨਜਰਰੀਆ

ਵੱਡੇ ਦੀਵੇ ਦੀ ਰੋਸ਼ਨੀ

February 25, 2020 07:36 AM

-ਡਾ. ਗਿਆਨ ਸਿੰਘ
1984 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਠਿੰਡਾ ਦੇ ਇਲਾਕੇ ਵਿਚਲੇ ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ ਵਿੱਚ ਐਮ ਏ ਕਰਵਾਉਣ ਲਈ ਬਠਿੰਡੇ ਆਪਣਾ ਰੀਜਨਲ ਸੈਂਟਰ ਖੋਲ੍ਹਿਆ ਸੀ। ਇਸ ਸਮੇਂ ਮੇਰੀ ਪੀ ਐਚ ਡੀ ਦਾ ਕੰਮ ਕਰੀਬ ਪੂਰਾ ਹੋ ਚੁੱਕਾ ਸੀ। ਇਸ ਸੈਂਟਰ ਵਿੱਚ ਅਰਥ-ਵਿਗਿਆਨ ਦੇ ਲੈਕਚਰਾਰ ਵਜੋਂ ਮੇਰੀ ਨਿਯੁਕਤੀ ਹੋ ਗਈ ਅਤੇ ਮੈਂ ਅਕਤੂਬਰ ਤੋਂ ਆਪਣੀ ਪੜ੍ਹਾਉਣ ਦੀ ਨੌਕਰੀ ਸ਼ੁਰੂ ਕਰ ਲਈ। ਸ਼ੁਰੂ ਵਿੱਚ ਇਸ ਸੈਂਟਰ ਦੀ ਆਪਣੀ ਇਮਾਰਤ ਨਹੀਂ ਸੀ, ਜਿਸ ਕਰਕੇ ਸੈਂਟਰ ਵਿੱਚ ਸ਼ੁਰੂ ਕੀਤੀਆਂ ਕਲਾਸਾਂ ਰਾਜਿੰਦਰਾ ਕਾਲਜ ਦੀ ਇਮਾਰਤ ਵਿੱਚ ਲਾਈਆਂ ਜਾਂਦੀਆਂ। ਕਾਲਜ ਦਾ ਪ੍ਰਿੰਸੀਪਲ, ਪ੍ਰੋਫ਼ੈਸਰ ਅਤੇ ਹੋਰ ਅਧਿਕਾਰੀ ਸਾਡੀ ਮਦਦ ਕਰਦੇ, ਪਰ ਕਾਲਜ ਤੇ ਸੈਂਟਰ ਦੇ ਵਿਦਿਆਰਥੀਆਂ ਪ੍ਰੋਫ਼ੈਸਰਾਂ ਅਤੇ ਦਫ਼ਤਰੀ ਅਮਲੇ ਲਈ ਲੋੜੀਂਦੀ ਇਮਾਰਤ ਦੀ ਘਾਟ ਮਹਿਸੂਸ ਹੁੰਦੀ ਰਹੀ।
ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ, ਬਠਿੰਡਾ ਦੇ ਪਹਿਲੇ ਡਾਇਰੈਕਟਰ ਡਾ. ਡੀ ਸੀ ਸਕਸੈਨਾ ਸਨ। ਉਹ ਆਪਣੇ ਵਿਸ਼ੇ ਦੇ ਮਾਹਰ, ਪਰ ਸੁਭਾਅ ਦੇ ਬੜੇ ਸਖ਼ਤ ਸਨ। ਉਹ ਆਪਣੀਆਂ ਕਲਾਸਾਂ ਠੀਕ ਸਮੇਂ ਉਤੇ ਲੈਂਦੇ, ਪੂਰਾ ਸਮਾਂ ਪੜਾਉਂਦੇ ਅਤੇ ਇਸ ਦੇ ਨਾਲ ਬਾਕੀ ਅਧਿਆਪਕਾਂ ਤੋਂ ਵੀ ਅਜਿਹਾ ਕਰਵਾਉਂਦੇ। ਮੈਨੂੰ ਉਨ੍ਹਾਂ ਦਾ ਸਖ਼ਤ ਸੁਭਾਅ ਵੀ ਚੰਗਾ ਲੱਗਾ, ਕਿਉਂਕਿ ਪੰਜਾਬੀ ਯੂਨੀਵਰਸਿਟੀ ਵਿੱਚ ਪੜ੍ਹਨ ਮੌਕੇ ਸਾਡੇ ਅਧਿਆਪਕ ਡਾ. ਐਚ ਕੇ ਮਨਮੋਹਨ ਸਿੰਘ ਵੀ ਅਜਿਹਾ ਹੀ ਕਰਦੇ ਸਨ। ਬਠਿੰਡਾ ਇਲਾਕੇ ਦੇ ਲੋਕ ਪੰਜਾਬ ਦੇ ਦੂਜੇ ਇਲਾਕਿਆਂ ਨਾਲੋਂ ਵੱਧ ਮਿਲਣਸਾਰ ਅਤੇ ਆਪਣਾ ਨਿੱਜੀ ਕੰਮ ਛੱਡ ਕੇ ਦੂਜਿਆਂ ਦੇ ਕੰਮ ਆਉਣ ਵਾਲੇ ਹਨ, ਪਰ ਉਨ੍ਹਾਂ ਦੇ ਸੁਭਾਅ ਦੀ ਇੱਕ ਵਿਸ਼ੇਸ਼ਤਾ ਹੋਰ ਹੈ ਕਿ ਉਹ ਕਿਸੇ ਬੰਦੇ ਬਾਰੇ ਜੋ ਮਹਿਸੂਸ ਕਰਦੇ ਹਨ, ਉਹ ਗੱਲ ਉਸ ਬੰਦੇ ਦੇ ਮੂੰਹ ਉੱਤੇ ਕਹਿ ਦਿੰਦੇ ਹਨ। ਇਲਾਕੇ ਦੇ ਵਿਦਿਆਰਥੀਆਂ ਉੱਤੇ ਉਥੋਂ ਦੇ ਲੋਕਾਂ ਦੇ ਸੁਭਾਅ ਦਾ ਅਸਰ ਹੋਣਾ ਸੁਭਾਵਕ ਹੈ। ਉਥੋਂ ਦੇ ਵਿਦਿਆਰਥੀ ਕਲਾਸ ਲਾਉਣ ਨੂੰ ਆਪਣਾ ਧਰਮ ਸਮਝਦੇ ਤੇ ਜਿਹੜੀ ਗੱਲ ਉਨ੍ਹਾਂ ਨੂੰ ਸਮਝ ਨਾ ਆਉਂਦੀ, ਉਹ ਆਪਣੇ ਅਧਿਆਪਕਾਂ ਤੋਂ ਵਾਰ-ਵਾਰ ਪੁੱਛ ਲੈਂਦੇ।
ਮਾਰਚ 1985 ਦੀ ਗੱਲ ਹੈ, ਮੈਂ ਤੇ ਮੇਰੇ ਕੁਝ ਸਹਿਯੋਗੀ ਅਧਿਆਪਕਾਂ ਦੇ ਬੈਠਣ ਲਈ ਮਿਲੇ ਕਮਰੇ ਵਿੱਚ ਆਪਣਾ ਕੰਮ ਕਰ ਰਹੇ ਸੀ। ਸਾਡੀ ਇੱਕ ਵਿਦਿਆਰਥਣ ਵਾਰ-ਵਾਰ ਸਾਡੇ ਕਮਰੇ ਵਿੱਚ ਆ ਕੇ ਮੁੜ ਜਾਵੇ। ਜਦੋਂ ਮੇਰੇ ਸਹਿਯੋਗੀ ਉਸ ਕਮਰੇ ਵਿੱਚੋਂ ਚਲੇ ਗਏ ਤਾਂ ਉਹ ਵਿਦਿਆਰਥਣ ਫਿਰ ਆ ਗਈ ਉਸ ਨੇ ਮੈਨੂੰ ਕਿਹਾ, ‘ਤੁਹਾਡੇ ਕੋਲ ਇੱਕ ਕੰਮ ਆਈ ਹਾਂ।’ ਮੇਰਾ ਜਵਾਬ ਸੀ, ‘ਤੁਸੀਂ ਕੰਮ ਦੱਸੋ, ਉਸ ਤੋਂ ਬਾਅਦ ਦੱਸ ਸਕਾਂਗਾ ਕਿ ਮੈਂ ਕਰ ਸਕਦਾ ਹਾਂ ਜਾਂ ਨਹੀਂ।’ ਉਸ ਨੇ ਫਿਰ ਕਿਹਾ, ‘ਤੁਹਾਨੂੰ ਮੇਰਾ ਕੰਮ ਕਰਨਾ ਹੀ ਪਵੇਗਾ।’ ਕੁਝ ਦੇਰ ਰੁਕ ਕੇ ਉਸ ਨੇ ਕਿਹਾ, ‘ਮੇਰੀ ਸਹੇਲੀ, ਜਿਹੜੀ ਮੇਰੀ ਕਲਾਸ ਵਿੱਚ ਪੜ੍ਹਦੀ ਹੈ, ਉਸ ਨੇ ਸਾਰੇ ਪੇਪਰਾਂ ਦੇ ਨੋਟਸ ਬਣਾ ਲਏ ਹਨ ਪਰ ਉਹ ਮੈਨੂੰ ਨਹੀਂ ਦਿੰਦੀ’। ਨਾਲ ਹੀ ਉਸ ਨੇ ਕਿਹਾ ਕਿ ਮੈਂ ਉਸ ਦੀ ਸਹੇਲੀ ਨੂੰ ਉਹਨੂੰ ਨੋਟਸ ਦੇਣ ਦੀ ਹਦਾਇਤ ਕਰਾਂ।
ਆਪਣੇ ਸੁਭਾਅ ਅਨੁਸਾਰ ਮੈਂ ਤੁਰੰਤ ਜਵਾਬ ਦਿੱਤਾ, ‘ਜਿਹੜੇ ਪੇਪਰ ਮੈਂ ਪੜ੍ਹਾਉਂਦਾ ਹਾਂ, ਉਹ ਜਦੋਂ ਤੇ ਜਿੰਨੀ ਵਾਰ ਚਾਹੋ, ਮੇਰੇ ਕੋਲੋਂ ਸਮਝ ਲਵੋ, ਪਰ ਨੋਟਸ ਦਿਵਾਉਣ ਵਾਲਾ ਕੰਮ ਮੈਂ ਨਹੀਂ ਕਰਨਾ।’ ਇਸ ਤੋਂ ਬਾਅਦ ਮੇਰੀ ਅਤੇ ਉਸ ਵਿਦਿਆਰਥਣ ਦੀ ਕਾਫ਼ੀ ਤਲਖੀ ਵਾਲੀ ਗੱਲਬਾਤ ਹੁੰਦੀ ਰਹੀਂ। ਜਦੋਂ ਉਸ ਵਿਦਿਆਰਥਣ ਨੂੰ ਯਕੀਨ ਹੋ ਗਿਆ ਕਿ ਮੈਂ ਉਸ ਦੀ ਮਦਦ ਕਰਨ ਤੋਂ ਇਨਕਾਰੀ ਹਾਂ ਤਾਂ ਉਸ ਨੇ ਕਿਹਾ, ‘ਚਲੋ, ਮੈਂ ਵਾਪਸ ਜਾਂਦੀ ਹਾਂ, ਪਰ ਤੁਹਾਨੂੰ ਕੁਝ ਕਹਿ ਕੇ ਜਾਵਾਂਗੀ, ਜਿਹੜਾ ਤੁਹਾਨੂੰ ਮੇਰੇ ਅਧਿਆਪਕ ਹੋਣ ਕਰਕੇ ਸੁਣਨਾ ਪਵੇਗਾ।’ ਫਿਰ ਬੋਲੀ, ‘ਮੈਂ ਇਹ ਸਮਝ ਕੇ ਆਈ ਸੀ ਕਿ ਅਧਿਆਪਕ ਮਾਪਿਆਂ ਵਰਗੇ ਹੁੰਦੇ ਹਨ ਪਰ ਤੁਸੀਂ ਤਾਂ!’ ਮੈਂ ਉਸ ਨੂੰ ਉਥੇ ਹੀ ਰੋਕ ਦਿੱਤਾ ਅਤੇ ਕਿਹਾ, ‘ਕੁੜੀਏ, ਮੈਂ ਤੇਰਾ ਕੰਮ ਕਰ ਦੇਵਾਂਗਾ..।’
ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਅਧਿਆਪਕ ਦੇ ਕੰਮ ਵਿੱਚ ਆਉਣ ਕਰਕੇ ਬਿਨ ਵਿਆਹ ਦੇ ਮਾਪਾ ਬਣ ਗਿਆ ਹਾਂ। ਉਸ ਵਿਦਿਆਰਥਣ ਦੀ ਸਹੇਲੀ ਦਾ ਨਾਮ ਮਧੂ ਸੀ। ਮੈਂ ਦੂਜੇ ਦਿਨ ਆਪਣੀ ਕਲਾਸ ਤੋਂ ਬਾਅਦ ਮਧੂ ਨੂੰ ਆਪਣੇ ਕੋਲ ਬੁਲਾਇਆ ਅਤੇ ਉਸ ਦੀ ਪੜ੍ਹਾਈ ਦਾ ਹਾਲ ਪੁੱਛਿਆ। ਉਸ ਦਾ ਜਵਾਬ ਸੀ ਕਿ ਉਹਨੇ ਸਾਰੇ ਪੇਪਰਾਂ ਦੇ ਨੋਟਸ ਬਣਾ ਲਏ ਹਨ ਅਤੇ ਉਹ ਉਨ੍ਹਾਂ ਨੂੰ ਦੁਹਰਾ ਰਹੀ ਹੈ। ਮੈਂ ਮਧੂ ਨੂੰ ਉਸ ਦੀ ਸਹੇਲੀ ਦੀ ਸਮੱਸਿਆ ਦੱਸੀ ਤਾਂ ਉਸ ਨੇ ਕੋਰਾ ਜਵਾਬ ਦੇ ਦਿੱਤਾ। ਆਪਣੇ ਜਵਾਬ ਲਈ ਉਸ ਨੇ ਤਰਕ ਦਿੱਤਾ ਕਿ ਉਹ ਸੈਂਟਰ ਤੋਂ ਜਾਣ ਪਿੱਛੋਂ ਕਾਫ਼ੀ ਦੇਰ ਪੜ੍ਹਦੀ-ਲਿਖਦੀ ਹੈ ਤੇ ਜਦੋਂ ਬਿਜਲੀ ਨਹੀਂ ਹੁੰਦੀ ਤਾਂ ਕੱਚ ਦੀ ਛੋਟੀ ਬੋਤਲ ਦੇ ਬਣਾਏ ਮਿੱਟੀ ਦੇ ਤੇਲ ਦੇ ਦੀਵੇ ਵਿੱਚ ਵੀ ਆਪਣਾ ਕੰਮ ਕਰਦੀ ਹੈ, ਪਰ ਉਸ ਦੀ ਸਹੇਲੀ ਧੋਬੀ ਬਾਜ਼ਾਰ ਵਿੱਚ ਗੇੜੇ ਲਾਉਂਦੀ ਰਹਿੰਦੀ ਹੈ।
ਮੇਰੇ ਲਈ ਵੱਡੀ ਸਮੱਸਿਆ ਬਣ ਗਈ, ਮੈਨੂੰ ਮਾਪੇ ਹੋਣ ਦਾ ਅਹਿਸਾਸ ਹੋ ਗਿਆ ਸੀ ਤੇ ਵਾਅਦਾ ਵੀ ਕਰ ਚੁੱਕਿਆ ਸੀ। ਮੈਂ ਆਪਣੀ ਹਾਰ ਨਾ ਮੰਨਦਿਆਂ ਮਧੂ ਨੂੰ ਪੁੱਛਿਆ, ‘ਤੁਸੀਂ ਦੀਵਾਲੀ ਮਨਾਉਂਦੇ ਹੋ?’ ਉਸ ਨੇ ਸਪੱਸ਼ਟ ਜਵਾਬ ਦਿੱਤਾ ਅਤੇ ਕਿਹਾ ਕਿ ਉਸ ਨੂੰ ਲੱਗਦਾ ਹੈ ਕਿ ਮੈਂ ਵੀ ਮਨਾਉਂਦਾ ਹੋਵਾਂਗਾ। ਮੈਂ ਆਪਣੀ ਗੱਲ ਅੱਗੇ ਤੋਰੀ, ‘ਆਪਣੇ ਘਰਾਂ ਵਿੱਚ ਆਪਾਂ ਵੱਡਾ ਦੀਵਾ ਜਗਾਉਂਦੇ ਹਾਂ ਅਤੇ ਉਸ ਤੋਂ ਬਾਅਦ ਛੋਟੇ ਦੀਵੇ ਉਸ ਨਾਲ ਜਗਾ ਦਿੰਦੇ ਹਾਂ, ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹਾ ਕਰਦਿਆਂ ਵੱਡੇ ਦੀਵੇ ਦੀ ਰੋੋਸ਼ਨੀ ਘੱਟ ਜਾਂਦੀ ਹੈ?’
ਮਧੂ ਨੇ ਝੱਟ ਕਿਹਾ ਕਿ ਉਹ ਆਪਣੇ ਸਾਰੇ ਨੋਟਸ ਆਪਣੀ ਸਹੇਲੀ ਨੂੰ ਦੇ ਦੇਵੇਗੀ। ਮੈਂ ਖੁਸ਼ ਸੀ ਕਿ ਮਾਪਿਆਂ ਦੇ ਤੌਰ ਉਤੇ ਮੈਂ ਕਾਮਯਾਬ ਹੋ ਗਿਆ। 1986 ਵਿੱਚ ਗੋਲਡ ਮੈਡਲ ਲੈ ਕੇ ਅਤੇ ਉਸ ਦੀ ਸਹੇਲੀ ਨੇ ਐਮ ਏ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ। ਮਧੂ ਨੇ ਐਮ ਏ ਤੋਂ ਬਾਅਦ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਐਮ ਫਿਲ ਕਰ ਲਈ ਤੇ ਦਿੱਲੀ ਇੰਦਰਾ ਗਾਂਧੀ ਓਪਨ ਯੂਨੀਵਰਸਿਟੀ ਵਿੱਚ ਲੈਕਚਰਾਰ ਲੱਗ ਗਈ। ਸੱਚਮੁੱਚ ਵੱਡੇ ਦੀਵੇ ਤੋਂ ਛੋਟੇ ਦੀਵੇ ਜਗਾਉਣ ਨਾਲ ਉਸ ਦੀ ਰੋਸ਼ਨੀ ਘਟਦੀ ਨਹੀਂ, ਸਗੋਂ ਕਈ ਗੁਣਾ ਵਧ ਜਾਂਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ