Welcome to Canadian Punjabi Post
Follow us on

14

November 2018
ਟੋਰਾਂਟੋ

ਵੋਟਿੰਗ ਪ੍ਰਤੀਸ਼ਤਤਾ: ਵੋਟਰਾਂ ਨੇ ਫੇਰ ਕੀਤਾ ਖੁਦ ਨਾਲ ਦਗਾ

October 25, 2018 10:54 AM

ਟੋਰਾਂਟੋ ਪੋਸਟ ਬਿਉਰੋ: ਪਿਛਲੇ ਇਤਿਹਾਸ ਨੂੰ ਦੁਹਰਾਉਂਦੇ ਹੋਏ ਬਹੁ ਗਿਣਤੀ ਵੋਟਰਾਂ ਨੇ ਇੱਕ ਵਾਰ ਫੇਰ ਸਾਬਤ ਕਰ ਦਿੱਤਾ ਹੈ ਕਿ ਉਹ ਮਿਉਂਸੀਪਲ ਚੋਣਾਂ ਵਿੱਚ ਵੋਟ ਪਾਉਣ ਨੂੰ ਆਪਣਾ ਫਰਜ਼ ਨਹੀਂ ਸਮਝਦੇ। ਬਰੈਂਪਟਨ ਵਿੱਚ ਲਗਾਤਾਰ ਚੌਥੀ ਵਾਰ ਵੋਟ ਪ੍ਰਤੀਸ਼ਤਤਾ 40% ਤੋਂ ਘੱਟ ਰਹੀ ਹੈ। 22 ਅਕਤੂਬਰ ਨੂੰ ਹੋਈਆਂ ਚੋਣਾਂ ਵਿੱਚ ਬਰੈਂਪਟਨ ਵਿੱਚ ਕੁੱਲ 3 ਲੱਖ 13 ਹਜ਼ਾਰ 273 ਵਿਅਕਤੀ ਵੋਟ ਪਾਉਣ ਦੇ ਯੋਗ ਹਨ ਜਿਹਨਾਂ ਵਿੱਚੋਂ ਮਹਿਜ਼ 1 ਲੱਖ 8 ਹਜ਼ਾਰ 70 ਵੋਟਾਂ ਭੁਗਤੀਆਂ ਜੋ ਕਿ 34.5% ਬਣਦੀਆਂ ਹਨ। 2006 ਵਿੱਚ 20.08%, 2010 ਵਿੱਚ 33.1 ਅਤੇ 2014 ਵਿੱਚ 36.2% ਵੋਟਾਂ ਭੁਗਤੀਆਂ ਸਨ।

ਆਪੋ ਆਪਣੀਆਂ ਸਿਆਸੀ ਲਕੀਰਾਂ ਤੋਂ ਉੱਪਰ ਉੱਠ ਕੇ ਲਿਬਰਲ ਐਮ ਪੀ ਰਾਜ ਗਰੇਵਾਲ ਅਤੇ ਕੰਜ਼ਰਵੇਟਿਵ ਐਮ ਪੀ ਪੀ ਪ੍ਰਭਮੀਤ ਸਰਕਾਰੀਆ ਨੇ ਚੋਣ ਪ੍ਰਚਾਰ ਦੌਰਾਨ ਇੱਕ ਵੀਡੀਓ ਰਾਹੀਂ ਵੋਟਰਾਂ ਨੂੰ ਘਰੋਂ ਨਿਕਲ ਕੇ ਵੋਟ ਪਾਉਣ ਦਾ ਹੋਕਾ ਦਿੱਤਾ ਸੀ। ਇਸੇ ਤਰਾਂ ਰੇਡੀਓ, ਟੈਲੀਵਿਜ਼ਨ ਅਤੇ ਅਖਬਾਰਾਂ ਨੇ ਆਪੋ ਆਪਣੀ ਵਾਹ ਲਾਈ। ਇਹਨਾਂ ਉੱਦਮਾਂ ਦੇ ਬਾਵਜੂਦ ਇਸ ਵਾਰ 2014 ਨਾਲੋਂ ਵੀ ਤਕਰੀਬਨ 2% ਘੱਟ ਵੋਟਾਂ ਪਈਆਂ ਹਨ।

ਕਮਿਉਨਿਟੀ ਵਿੱਚ ਇਹ ਵੀ ਚਰਚਾ ਹੈ ਕਿ ਸੋਸ਼ਲ ਮੀਡੀਆ ਉੱਤੇ ਪਾਈ ਗਈ ਐਮ ਪੀ ਰਾਜ ਗਰੇਵਾਲ ਅਤੇ ਐਮ ਪੀ ਪੀ ਪ੍ਰਭਮੀਤ ਸਰਕਾਰੀਆ ਦੀ ਵੀਡੀਓ ਦਾ ਮਕਸਦ ਅਸਿੱਧੇ ਰੂਪ ਵਿੱਚ ਲਿੰਡਾ ਜੈਫਰੀ ਦੇ ਹੱਕ ਵਿੱਚ ਵੱਧ ਵੋਟਾਂ ਭੁਗਤਾਉਣਾ ਸੀ। ਲਿੰਡਾ ਜੈਫਰੀ ਦੇ ਕੈਂਪ ਵਿੱਚ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਲਿੰਡਾ ਜੈਫਰੀ ਤੋਂ ਉਕਤਾਏ ਵੋਟਰ ਵੋਟ ਪਾਉਣ ਜਾਣਗੇ ਜਦੋਂ ਕਿ ਨਿਰਪੱਖ ਵੋਟਰ ਘਰ ਬੈਠ ਕੇ ਤਮਾਸ਼ੇ ਵੇਖਦੇ ਰਹਿਣਗੇ। ਸ਼ਾਇਦ ਇਹ ਗੱਲ ਵੋਟਾਂ ਵਾਲੇ ਦਿਨ ਸੱਚ ਵੀ ਸਾਬਤ ਹੋਈ।

ਮਿਸੀਸਾਗਾ ਵਿੱਚ ਮੇਅਰ ਬੌਨੀ ਕਰੌਂਬੀ ਨੂੰ 91 ਹਜ਼ਾਰ 422 ਵੋਟਾਂ ਹਾਸਲ ਹੋਈਆਂ ਜੋ ਕਿ ਕੁੱਲ ਰਜਿਸਟਰਡ ਵੋਟਰਾਂ ਦਾ ਮਹਿਜ਼ 21% ਬਣਦਾ ਹੈ। ਇਸਦਾ ਅਰਥ ਹੈ ਕਿ ਮਿਸੀਸਾਗਾ ਦੇ 73% ਰਜਿਸਟਰਡ ਵੋਟਰਾਂ ਨੇ ਮੇਅਰ ਅਤੇ ਸਿਟੀ ਕਾਉਂਸਲਰਾਂ ਨੂੰ ਚੁਣਨ ਲਈ ਆਪਣੇ ਹੱਕ ਦੀ ਵਰਤੋਂ ਹੀ ਨਹੀਂ ਕੀਤੀ।

ਗਰੇਟਰ ਟੋਰਾਂਟੋ ਏਰੀਆ ਵਿੱਚ ਸੱਭ ਤੋਂ ਵੱਧ ਵੋਟਿੰਗ ਟੋਰਾਂਟੋ ਵਿੱਚ ਹੋਈ ਜਿੱਥੇ 41% ਵੋਟਾਂ ਭੁਗਤੀਆਂ। ਹਾਲਟਨ ਵਿੱਚ 39%, ਯੌਰਕ ਰੀਜਨ ਵਿੱਚ 33% ਅਤੇ ਡੁਰਹਮ ਰੀਜਨ ਵਿੱਚ 30% ਵੋਟਾਂ ਦਾ ਭੁਗਤਾਨ ਹੋਇਆ। ਮਿਸੀਸਾਗਾ, ਬਰੈਂਪਟਨ ਅਤੇ ਕੈਲੀਡਾਨ ਨੂੰ ਮਿਲਾ ਕੇ ਪੀਲ ਰੀਜਨ ਦੀ ਵੋਟ ਪ੍ਰਤੀਸ਼ਤਤਾ 35% ਰਹੀ ਹੈ।

Have something to say? Post your comment