ਟੈਲੀਵਿਜ਼ਨ ਤੋਂ ਫਿਲਮਾਂ ਵਿੱਚ ਕਦਮ ਰੱਖ ਰਹੀ ਅਭਿਨੇਤਰੀ ਹਿਨਾ ਖਾਨ ਡੈਬਿਊ ਦੇ ਲਈ ਤਿਆਰ ਹੈ। ਵਿਕਰਮ ਭੱਟ ਨਿਰਦੇਨਿਸ਼ਤ ਫਿਲਮ ‘ਹੈਕਡ’ ਦੀ ਰਿਲੀਜ਼ ਤਰੀਕ ਸਾਹਮਣੇ ਆ ਗਈ ਹੈ। ਇਹ ਫਿਲਮ ਸੱਤ ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦਾ ਪੋਸਟਰ ਵੀ ਕਾਫੀ ਦਿਲਚਸਪ ਹੈ। ਇੱਕ ਪੋਸਟਰ ਵਿੱਚ ਕੋਡ ਬਣਿਆ ਹੋਇਆ ਹੈ, ਜਿਸ 'ਤੇ ਲਿਖਿਆ ਹੈ ਕਿ ਛਿਪਣ ਲਈ ਕੋਈ ਜਗ੍ਹਾ ਨਹੀਂ ਹੈ। ਵਿਕਰਮ ਭੱਟ ਨੇ ਦੱਸਿਆ ਕਿ ਹਾਰਰ ਫਿਲਮਾਂ ਤੋਂ ਬਾਹਰ ਨਿਕਲ ਕੇ ਉਹ ਅਸਲ ਜੀਵਨ ਦੇ ਡਰ ਬਾਰੇ ਗੱਲ ਕਰਨਾ ਚਾਹੁੰਦੇ ਹਨ। ਇੰਟਰਨੈੱਟ ਹੀ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਰ ਹੈ। ਫਿਲਮ ਕਹਾਣੀ ਇੱਕ ਸਿੰਗਲ ਮਹਿਲਾ ਤੇ ਇੱਕ ਸਨਕੀ ਹੈਕਰ ਦੀ ਹੈ। ਹਿਨਾ ਨੂੰ ਫਿਲਮ ਵਿੱਚ ਲੈਣ ਦੀ ਵਜ੍ਹਾ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਜਦ ਹਿਨਾ ਨੂੰ ਉਨ੍ਹਾਂ ਨੇ ਬਿਗ ਬੌਸ ਦੇ ਬਾਅਦ ਦੇਖਿਆ ਸੀ, ਤਦ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਇਸ ਫਿਲਮ ਦੇ ਕਿਰਦਾਰ ਲਈ ਹਿਨਾ ਬਿਲਕੁਲ ਸਹੀ ਰਹੇਗੀ।
ਉਨ੍ਹਾਂ ਦੱਸਿਆ ਕਿ ਹਿਨਾ ਫਿਲਮ ਵਿੱਚ ਫੈਸ਼ਨ ਐਡੀਟਰ ਦਾ ਕਿਰਦਾਰ ਨਿਭਾਉਂਦੀ ਦਿਸੇਗੀ। ਉਨ੍ਹਾਂ ਦਾ ਫੈਸ਼ਨ ਸੈਂਸ ਅਲੱਗ ਹੈ। ਇਸੇ ਕਲਾ ਦੀ ਵਜ੍ਹਾ ਨਾਲ ਉਨ੍ਹਾਂ ਨੇ ਖੁਦ ਨੂੰ ਸੱਸ ਨੂੰਹ ਵਾਲੀ ਲੜਕੀ ਤੋਂ ਫੈਸ਼ਨ ਆਈਕਨ ਬਣਾਇਆ ਹੈ। ਉਹ ਸੁੰਦਰ ਹੋਣ ਦੇ ਨਾਲ ਵਧੀਆ ਇਨਸਾਨ ਵੀ ਹੈ। ਇਸ ਤੋਂ ਵੱਧ ਇੱਕ ਕਲਾਕਾਰ ਵਿੱਚ ਕੀ ਚਾਹੀਦਾ ਹੈ। ਉਨ੍ਹਾਂ ਨੇ ਹਿਨਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿੱਚ ਇੱਕ ਕਿਰਦਾਰ ਵਿੱਚ ਅੱਠ ਸਾਲ ਤੱਕ ਰਹਿਣ ਦੀ ਸਮਰੱਥਾ ਹੈ। ਟੀ ਵੀ 'ਤੇ ਉਹ ਇਹ ਕੰਮ ਕਰ ਚੁੱਕੀ ਹੈ। ਇੱਕੋ ਕਿਰਦਾਰ ਵਿੱਚ ਲੰਬੇ ਸਮੇਂ ਤੱਕ ਰਹਿਣਾ ਮੁਸ਼ਕਲ ਕੰਮ ਹੈ। ਫਿਲਮ ਦੇ ਨਾਲ ਹਿਨਾ ਡਿਜੀਟਲ ਪਲੇਟਫਾਰਮ 'ਤੇ ‘ਡੈਮੇਚਡ 2’ ਵੈੱਬ ਸ਼ੋਅ ਨਾਲ ਕਦਮ ਰੱਖ ਰਹੀ ਹੈ।