Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਅਮਰੀਕੀ ਹਾਕਮਾਂ ਦੀਆਂ ਕੀਤੀਆਂ ਭਾਰਤੀ ਲੋਕ ਵੀ ਭੁਗਤਦੇ ਪਏ ਹਨ ਤੇ ਹੋਰ ਦੇਸ਼ਾਂ ਦੇ ਵੀ

January 20, 2020 09:45 AM

-ਜਤਿੰਦਰ ਪਨੂੰ
ਇਸ ਲਿਖਤ ਨੂੰ ਲਿਖਣ ਵੇਲੇ ਦਿੱਲੀ ਦੇ ਸ਼ਾਹੀਨ ਬਾਗ, ਲਖਨਊ ਅਤੇ ਮੁੰਬਈ ਸਮੇਤ ਕਈ ਥਾਂਈਂ ਨਰਿੰਦਰ ਮੋਦੀ ਸਰਕਾਰ ਵੱਲੋਂ ਨਵੇਂ ਪਾਸ ਕੀਤੇ ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਅਣਮਿਥੇ ਸਮੇਂ ਦੇ ਧਰਨਿਆਂ ਵਿੱਚ ਲੋਕ ਬੈਠੇ ਹੋਏ ਹਨ। ਉਹ ਕਦੋਂ ਤੱਕ ਏਸੇ ਤਰ੍ਹਾਂ ਬੈਠੇ ਰਹਿਣਗੇ, ਕਿਸੇ ਨੂੰ ਪਤਾ ਨਹੀਂ। ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ। ਵਿਰੋਧ ਦੀ ਲੀਹ ਪਏ ਲੋਕਾਂ ਲਈ ਇਹ ਅੱਜ ਦਾ ਨਹੀਂ, ਭਲਕ ਦਾ ਅਤੇ ਅਗਲੀਆਂ ਪੀੜ੍ਹੀਆਂ ਦੇ ਨਸੀਬੇ ਦਾ ਸਵਾਲ ਹੈ। ਇਸ ਦੌਰਾਨ ਅਮਰੀਕਾ ਤੋਂ ਇੱਕ ਖਬਰ ਆਈ ਹੈ ਕਿ ਓਥੇ ਪੰਜ ਜਣਿਆਂ ਨੂੰ ਪਾਕਿਸਤਾਨ ਲਈ ਐਟਮੀ ਤਕਨੀਕ ਤੇ ਇਸ ਤਕਨੀਕ ਦੇ ਨਾਲ ਵਰਤਿਆ ਜਾਣ ਵਾਲਾ ਅਮਰੀਕਾ ਦਾ ਬਣਿਆ ਸਾਮਾਨ ਦੁਨੀਆ ਭਰ ਤੋਂ ਨਾਜਾਇਜ਼ ਢੰਗ ਨਾਲ ਖਰੀਦਣ ਤੇ ਲੁਕਵੇਂ ਢੰਗ ਵਰਤ ਕੇ ਪਾਕਿਸਤਾਨ ਨੂੰ ਸਪਲਾਈ ਕਰਨ ਦੇ ਦੋਸ਼ ਵਿੱਚ ਫੜਿਆ ਗਿਆ ਹੈ। ਅਮਰੀਕਾ ਦਾ ਬਣਿਆ ਇਹ ਸਾਮਾਨ ਕਿਤੋਂ ਵੀ ਖਰੀਦਣ ਲਈ ਲਾਇਸੈਂਸ ਦੀ ਲੋੜ ਹੁੰਦੀ ਹੈ, ਤਾਂ ਕਿ ਇਸ ਮਨੁੱਖ-ਮਾਰੂ ਤਕਨੀਕ ਅਤੇ ਸਾਮਾਨ ਦੀ ਤਸਕਰੀ ਰੋਕੀ ਜਾ ਸਕੇ, ਪਰ ਇਹ ਲੋਕ ਏਦਾਂ ਦੀ ਗੈਰ ਕਾਨੂੰਨੀ ਸੌਦਾਗਰੀ ਕਰਦੇ ਰਹੇ ਸਨ। ਦੋਸ਼ੀ ਮੰਨੇ ਗਏ ਪੰਜਾਂ ਜਣਿਆਂ ਵਿੱਚੋਂ ਇੱਕ ਪਾਕਿਸਤਾਨੀ ਹੈ, ਬਾਕੀ ਚਾਰ ਹੋਰਨਾਂ ਦੇਸ਼ਾਂ ਦੀ ਨਾਗਰਿਕਤਾ ਲੈ ਚੁੱਕੇ ਪਾਕਿਸਤਾਨੀ ਮੂਲ ਦੇ ਵਿਅਕਤੀ ਹਨ।
ਕਿਸੇ ਵੀ ਪਾਠਕ ਲਈ ਇਹ ਗੱਲ ਐਵੇਂ ਦੀ ਲੱਗ ਸਕਦੀ ਹੈ ਕਿ ਭਾਰਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਦੀ ਗੱਲ ਚੱਲਦੀ ਵਿੱਚ ਇਸ ਖਬਰ ਦੀ ਚਰਚਾ ਦਾ ਕੀ ਅਰਥ ਹੈ, ਪਰ ਇਸ ਦਾ ਅਰਥ ਹੈ ਤੇ ਬਹੁਤ ਵੱਡਾ ਅਰਥ ਹੈ। ਜਿਹੋ ਜਿਹੇ ਪੁਆੜੇ ਅੱਜ ਭਾਰਤ ਵਿੱਚ, ਤੇ ਏਸੇ ਤਰ੍ਹਾਂ ਕਈ ਹੋਰ ਦੇਸ਼ਾਂ ਵਿੱਚ ਪਏ ਦਿੱਸਦੇ ਹਨ, ਅਮਰੀਕਾ ਦੀ ਇਸ ਖਬਰ ਦੀ ਜੜ੍ਹ ਬਹੁਤ ਡੂੰਘਾਈ ਵਿੱਚ ਜਾ ਕੇ ਉਨ੍ਹਾਂ ਸਾਰੇ ਪੁਆੜਿਆਂ ਦੀ ਜੜ੍ਹ ਨਾਲ ਜੁੜੀ ਹੋਈ ਨਿਕਲਦੀ ਹੈ।
ਜਦੋਂ ਭਾਰਤ ਵਿੱਚ ਮੋਰਾਰਜੀ ਡਿਸਾਈ ਦੀ ਸਰਕਾਰ ਸੀ, ਇੱਕ ਖਾਸ ਘਟਨਾ ਭਾਰਤ ਜਾਂ ਪਾਕਿਸਤਾਨ ਵਿੱਚ ਨਹੀਂ, ਸਗੋਂ ਉਸ ਤੋਂ ਪਾਰਲੇ ਅਫਗਾਨਿਸਤਾਨ ਵਿੱਚ ਵਾਪਰੀ ਸੀ। ਓਥੇ ਰਾਜ-ਪਲਟਾ ਹੋਇਆ ਸੀ, ਜਿਸ ਨੂੰ ਸੋਵੀਅਤ ਰੂਸ ਦੀ ਸਰਕਾਰ ਇੱਕ ਹੋਰ ਦੇਸ਼ ਵਿੱਚ ਇਨਕਲਾਬ ਦਾ ਨਾਂਅ ਦੇਂਦੀ ਸੀ ਤੇ ਅਮਰੀਕਾ ਨੂੰ ਠੰਢੀ ਜੰਗ ਦੇ ਦੌਰ ਵਿੱਚ ਕਮਿਊਨਿਜ਼ਮ ਦੀ ਇੱਕ ਪੁਲਾਂਘ ਲੱਗੀ ਸੀ, ਜਿਸ ਦਾ ਰਾਹ ਰੋਕਣ ਲਈ ਸਾਰੇ ਸਾਮਰਾਜੀ ਦੇਸ਼ ਇਕੱਠੇ ਹੋ ਗਏ ਸਨ। ਓਦੋਂ ਪਾਕਿਸਤਾਨ ਵਿੱਚ ਇੱਕ ਪੜੁੱਲ ਬਣਾਇਆ ਤੇ ਓਥੋਂ ਇਸਲਾਮੀ ਜਨੂੰਨ ਦੀ ਪੁੱਠ ਚਾੜ੍ਹ ਕੇ ਆਮ ਲੋਕਾਂ ਵਿੱਚੋਂ ਖੜੇ ਕੀਤੇ ਗਏ ਲਸ਼ਕਰਾਂ ਰਾਹੀਂ ਅਫਗਾਨਿਸਤਾਨ ਵਿੱਚ ਰੂਸ-ਪੱਖੀਆਂ ਦੇ ਵਿਰੋਧ ਲਈ ਜੰਗ ਸ਼ੁਰੂ ਕੀਤੀ ਗਈ ਸੀ। ਉਸ ਜੰਗ ਦਾ ਇਤਹਾਸ ਭਾਵੇਂ ਬਾਅਦ ਵਿੱਚ ਰੂਸ-ਪੱਖੀਆਂ ਦੇ ਪੈਰ ਉਖਾੜ ਕੇ ਅਮਰੀਕਾ-ਪੱਖੀ ਮੁਜਾਹਿਦੀਨ ਦੀ ਸਰਕਾਰ ਬਣਨ ਤੇ ਅਗਲੇ ਕਦਮ ਵਜੋਂ ਪਾਕਿਸਤਾਨ ਦੇ ਹੱਥੀਂ ਚੜ੍ਹੇ ਤਾਲਿਬਾਨ ਵੱਲੋਂ ਮੁਜਾਹਿਦੀਨ ਨੂੰ ਕੁੱਟ ਕੇ ਓਥੇ ਕਬਜ਼ਾ ਕਰਨ ਤੇ ਅਮਰੀਕਾ ਦੇ ਗਲ਼ ਪੈਣ ਤੱਕ ਚਲਾ ਗਿਆ ਸੀ, ਪਰ ਉਹ ਚਰਚਾ ਇਸ ਵੇਲੇ ਕਰਨ ਦੀ ਲੋੜ ਨਹੀਂ। ਅਮਰੀਕਾ ਵਿੱਚ ਜਿਹੜੇ ਪੰਜਾਂ ਪਾਕਿਸਤਾਨੀ ਏਜੰਟਾਂ ਨੂੰ ਇਸ ਹਫਤੇ ਫੜਿਆ ਗਿਆ ਤੇ ਐਟਮੀ ਤਸਕਰੀ ਦਾ ਦੋਸ਼ੀ ਮੰਨਿਆ ਗਿਆ ਹੈ, ਇਨ੍ਹਾਂ ਦੀ ਤਸਕਰੀ ਦਾ ਮੁੱਢ ਓਦੋਂ ਦੇ ਦੌਰ ਨਾਲ ਜਾ ਜੁੜਦਾ ਹੈ ਤੇ ਇਹ ਗੱਲ ਇਸ ਦੀ ਚੀਰ-ਪਾੜ ਵਿੱਚੋਂ ਲੱਭ ਜਾਂਦੀ ਹੈ ਕਿ ਓਦੋਂ ਦੀਆਂ ਅਮਰੀਕਾ ਦੇ ਹਾਕਮਾਂ ਦੀਆਂ ਕੀਤੀਆਂ ਗਲਤੀਆਂ ਅੱਜ ਅਮਰੀਕਾ ਅਤੇ ਭਾਰਤ ਦੇ ਲੋਕਾਂ ਨੂੰ ਭੁਗਤਣੀਆਂ ਪੈ ਰਹੀਆਂ ਹਨ।
ਸਾਲ 1987 ਦਾ ਸੀ, ਅਮਰੀਕਾ ਵਿੱਚ ਰੋਨਾਲਡ ਰੀਗਨ ਦਾ ਰਾਜ ਸੀ ਤੇ ਅਰਸ਼ਦ ਪਰਵੇਜ਼ ਨਾਂਅ ਦਾ ਪਾਕਿਸਤਾਨ ਦਾ ਇੱਕ ਵਿਅਕਤੀ ਅਮਰੀਕਾ ਵਿੱਚ ਇਹੋ ਸੌਦਾਗਰੀ ਕਰਦਾ ਫੜਿਆ ਗਿਆ ਸੀ, ਜਿਹੜੀ ਕਰਦੇ ਇਸ ਹਫਤੇ ਪੰਜ ਹੋਰ ਫੜੇ ਗਏ ਹਨ। ਅਮਰੀਕੀ ਏਜੰਸੀਆਂ ਓਦੋਂ ਜਾਣਦੀਆਂ ਸਨ ਕਿ ਇਸ ਤੋਂ ਚਾਰ ਸਾਲ ਪਹਿਲਾਂ 1983 ਦੇ ਇੱਕ ਮੁਕੱਦਮੇ ਵਿੱਚ ਪਾਕਿਸਤਾਨ ਦੇ ਐਟਮੀ ਵਿਗਿਆਨੀ ਕਹੇ ਜਾਂਦੇ ਕਦੀਰ ਖਾਨ ਨੂੰ ਉਸ ਦੀ ਗੈਰ ਹਾਜ਼ਰੀ ਵਿੱਚ ਹਾਲੈਂਡ ਦੀ ਅਦਾਲਤ ਨੇ ਐਟਮੀ ਤਕਨੀਕ ਦੀ ਤਸਕਰੀ ਦਾ ਦੋਸ਼ੀ ਕਰਾਰ ਦਿੱਤਾ ਹੋਇਆ ਸੀ। ਜਦੋਂ 1987 ਵਿੱਚ ਅਰਸ਼ਦ ਪਰਵੇਜ਼ ਦੇ ਫੜਨ ਦੀ ਨੌਬਤ ਆਈ, ਕਦੀਰ ਖਾਨ ਦਾ ਨਾਂਅ ਵੀ ਉਸ ਨਾਲ ਜੁੜਿਆ ਸੀ, ਪਰ ਨਾ ਤਾਂ ਕਨੇਡਾ ਵਿੱਚ ਜਨਮੇ ਅਰਸ਼ਦ ਪਰਵੇਜ਼ ਨਾਂਅ ਦੇ ਪਾਕਿਸਤਾਨੀ ਮੂਲ ਦੇ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਗਈ ਤੇ ਨਾ ਕਦੀਰ ਖਾਨ ਦੇ ਖਿਲਾਫ। ਇਸ ਤਰ੍ਹਾਂ ਦੀ ਤਸਕਰੀ ਨਾਲ ਨਜਿੱਠਣ ਵਾਲੇ ਅਮਰੀਕੀ ਵਿਭਾਗ ਨੇ ਆਪਣੀ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਪਾਕਿਸਤਾਨ ਨੂੰ ਚਾਰ ਬਿਲੀਅਨ ਡਾਲਰ (ਜਿਹੜੇ ਕਈ ਲੱਖ ਕਰੋੜ ਪਾਕਿਸਤਾਨੀ ਰੁਪਏ ਬਣਦੇ ਸਨ) ਰੋਕ ਕੇ ਝਟਕਾ ਦਿੱਤਾ ਜਾਵੇ, ਪਰ ਓਦੋਂ ਦੇ ਰਾਸ਼ਟਰਪਤੀ ਰੋਨਾਲਡ ਰੀਗਨ ਨੇ ਸਖਤੀ ਕਰਨ ਤੋਂ ਰੋਕ ਦਿੱਤਾ ਸੀ। ਉਸ ਦੀ ਦਲੀਲ ਸੀ ਕਿ ਇਹ ਸਖਤ ਕਾਰਵਾਈ ਕੀਤੀ ਤਾਂ ਪਾਕਿਸਤਾਨ ਦੇ ਰਾਹੀਂ ਰੂਸ ਨਾਲ ਲੜੀ ਜਾ ਰਹੀ ਲੜਾਈ ਕਮਜ਼ੋਰ ਹੋਵੇਗੀ, ਇਸ ਕਾਰਨ ਪਾਕਿਸਤਾਨ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਗਈ ਤੇ ਉਸ ਦੀ ਹਮਲਾਵਰੀ ਭਾਰਤ ਵਿਰੁੱਧ ਏਨੀ ਵਧਦੀ ਗਈ ਕਿ ਜਵਾਬ ਵਿੱਚ ਏਥੇ ਵੀ ਪਾਕਿਸਤਾਨ ਦੇ ਵਿਰੋਧ ਦੇ ਨਾਂਅ ਉੱਤੇ ਮੁਸਲਿਮ ਵਿਰੋਧ ਦੀ ਕਾਂਗ ਚੜ੍ਹਨ ਲੱਗ ਪਈ। ਜਿਸ ਦਹਿਸ਼ਤਵਾਦ ਦੀ ਸਰਪ੍ਰਸਤੀ ਪਾਕਿਸਤਾਨ ਦੀਆਂ ਸਰਕਾਰਾਂ ਨੇ ਹਮੇਸ਼ਾ ਕੀਤੀ ਹੈ, 1987 ਤੋਂ ਬਾਅਦ ਉਹ ਭਾਰਤ ਸਮੇਤ ਕਈ ਮੁਲਕਾਂ ਵਿੱਚ ਚੜ੍ਹਤ ਵਿੱਚ ਆਉਣ ਲੱਗ ਪਿਆ ਤੇ ਮੁਸਲਿਮ-ਵਿਰੋਧੀ ਭਾਵਨਾ ਵੀ ਉਨ੍ਹਾਂ ਦੇਸ਼ਾਂ ਵਿੱਚ ਉਸ ਦੇ ਬਾਅਦ ਉਸ ਹੱਦ ਨੂੰ ਛੋਹਣ ਲੱਗੀ ਸੀ, ਜਿਹੜੀ ਹੱਦ ਅੱਜ ਭਾਰਤ ਵਿੱਚ ਕਈ ਪੁਆੜਿਆਂ ਦੀ ਜੜ੍ਹ ਬਣੀ ਦਿਖਾਈ ਦੇਂਦੀ ਹੈ।
ਪਾਕਿਸਤਾਨ ਵੱਲ ਅਮਰੀਕੀ ਸਰਕਾਰਾਂ ਦਾ ਲਿਹਾਜੂ ਰੁਖ ਕਈ ਕੇਸਾਂ ਵਿੱਚ ਲੱਭਦਾ ਰਿਹਾ ਸੀ। ਦਹਿਸ਼ਤਗਰਦੀ ਦਾ ਜਿਹੜਾ ਅੱਜ ਤੱਕ ਦਾ ਸਭ ਤੋਂ ਵੱਡਾ ਦੁਖਾਂਤ ਮੁੰਬਈ ਵਿੱਚ ਵਾਪਰਿਆ ਸੀ, ਉਸ ਤੋਂ ਪਹਿਲਾਂ ਹਮਲੇ ਵਾਲੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਨ ਅਤੇ ਦੁਕਾਨਾਂ ਦੇ ਬਿੱਲਾਂ ਵਾਲੇ ਕਾਗਜ਼ਾਂ ਉੱਤੇ ਉਨ੍ਹਾਂ ਥਾਂਵਾਂ ਵੱਲ ਜਾਂਦੇ ਰਾਹਾਂ ਦੇ ਨਕਸ਼ੇ ਜਿਸ ਆਦਮੀ ਨੇ ਤਿਆਰ ਕਰ ਕੇ ਦਿੱਤੇ ਸਨ, ਡੇਵਿਡ ਕੋਲਮੈਨ ਹੈਡਲੀ ਨਾਂਅ ਦਾ ਉਹ ਬੰਦਾ ਵੀ ਪਾਕਿਸਤਾਨੀ ਮੂਲ ਦਾ ਸੀ। ਅਸਲੀ ਨਾਂਅ ਦਾਊਦ ਗਿਲਾਨੀ ਤੋਂ ਬਦਲ ਕੇ ਡੇਵਿਡ ਕੋਲਮੈਨ ਹੈਡਲੀ ਬਣਿਆ ਉਹ ਬੰਦਾ ਅਮਰੀਕੀ ਏਜੰਸੀਆਂ ਲਈ ਕੰਮ ਕਰਦਾ ਸੀ ਤੇ ਉਹ ਏਜੰਸੀਆਂ ਉਸ ਦੀ ਹਰ ਹਰਕਤ ਬਾਰੇ ਜਾਣਦੀਆਂ ਸਨ, ਪਰ ਰੋਕਦੀਆਂ ਨਹੀਂ ਸਨ। ਜਦੋਂ ਉਹ ਡੈਨਮਾਰਕ ਵਿੱਚ ਏਦਾਂ ਦਾ ਇੱਕ ਹੋਰ ਕਾਂਡ ਕਰਾਉਣ ਲਈ ਇੱਕ ਅਖਬਾਰ ਦੇ ਦਫਤਰ ਵਿੱਚ ਗਿਆ ਅਤੇ ਉਸ ਦੇਸ਼ ਨਾਲ ਆਪਣੇ ਸੰਬੰਧਾਂ ਕਾਰਨ ਅਮਰੀਕੀ ਸਰਕਾਰ ਨੂੰ ਚਿੱਪ ਚੜ੍ਹੀ ਤਾਂ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਤੇ ਬਾਅਦ ਵਿੱਚ ਉਸ ਤੋਂ ਭਾਰਤ ਵਿੱਚ ਹੋਏ ਦਹਿਸ਼ਤਗਰਦ ਕਾਂਡ ਦੀ ਕਹਾਣੀ ਵੀ ਕੱਢਵਾ ਲਈ। ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਇਲਾਕੇ ਤੋਂ ਅਮਰੀਕਾ ਗਿਆ ਗੁਲਾਮ ਨਬੀ ਫਾਈ ਜਦੋਂ ਤੱਕ ਭਾਰਤੀ ਸ਼ਖਸੀਅਤਾਂ ਨੂੰ ਓਥੇ ਸੈਮੀਨਾਰਾਂ ਦੇ ਬਹਾਨੇ ਬੁਲਾ ਕੇ ਅੱਤਵਾਦ ਦੀ ਤਰਫਦਾਰੀ ਕਰਦਾ ਰਿਹਾ, ਅਮਰੀਕਾ ਵਾਲਿਆਂ ਨੇ ਰੋਕਿਆ ਨਹੀਂ ਸੀ, ਪਰ ਜਦੋਂ ਅਮਰੀਕੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਾਲਚ ਦੇ ਕੇ ਅਮਰੀਕੀ ਸਰਕਾਰ ਦੇ ਖਿਲਾਫ ਵਰਤਣ ਲੱਗਾ ਤਾਂ ਫੜ ਲਿਆ। ਉਸ ਉੱਤੇ ਦੋਸ਼ ਇਹ ਲਾਇਆ ਗਿਆ ਕਿ ਅਮਰੀਕੀ ਪਾਰਲੀਮੈਂਟ ਦੇ ਮੈਂਬਰਾਂ ਨੂੰ ਖਰੀਦਣ ਲਈ ਆਈ ਐੱਸ ਆਈ ਦਾ ਦਿੱਤਾ ਪੈਸਾ ਵਰਤਦਾ ਸੀ ਅਤੇ ਲਗਭਗ ਰੋਜ਼ ਹੀ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਦਫਤਰ ਵਿੱਚ ਦੋ ਅਫਸਰਾਂ ਨਾਲ ਗੱਲਾਂ ਕਰਦਾ ਸੀ।
ਇਨ੍ਹਾਂ ਕੇਸਾਂ ਅਤੇ ਇਹੋ ਜਿਹੇ ਹੋਰ ਕੇਸਾਂ ਵਿੱਚ ਅਮਰੀਕਾ ਦੀਆਂ ਸਰਕਾਰਾਂ ਆਪਣੇ ਥੋੜ੍ਹ-ਚਿਰੇ ਹਿੱਤਾਂ ਲਈ ਜਿਹੜੇ ਦਾਅ ਖੇਡਦੀਆਂ ਰਹੀਆਂ ਤੇ ਜਿਹੜੇ ਸਮਾਂ ਪਾ ਕੇ ਬੇਪਰਦ ਹੁੰਦੇ ਰਹੇ, ਉਨ੍ਹਾਂ ਬਾਰੇ ਭਾਰਤੀ ਲੋਕਾਂ ਵਿਚਲੀ ਭਾਵਨਾ ਨੂੰ ਇੱਕ ਰਾਜਸੀ ਪਾਰਟੀ ਨੇ ਵਰਤਿਆ ਅਤੇ ਭਾਰਤ ਵਿੱਚ ਮੋੜਵਾਂ ਜਨੂੰਨ ਪੈਦਾ ਕੀਤਾ, ਜਿਹੜਾ ਸਾਹਮਣੇ ਹੈ। ਜਿਹੜਾ ਕੋਈ ਇਸ ਸਰਕਾਰ ਦੇ ਕਿਸੇ ਕਦਮ ਦਾ ਵਿਰੋਧ ਕਰਦਾ ਹੈ, ਉਸ ਨੂੰ ‘ਪਾਕਿਸਤਾਨ ਚਲੇ ਜਾਓ’ ਕਿਹਾ ਜਾਣ ਦਾ ਧਰਮ ਨਿਰਪੱਖ ਧਿਰਾਂ ਤਾਂ ਬੁਰਾ ਮਨਾਉਂਦੀਆਂ ਹਨ, ਬਾਕੀ ਲੋਕ ਇਸ ਲਈ ਬਹੁਤਾ ਨਹੀਂ ਗੌਲਦੇ ਕਿ ਉਹ ਪਾਕਿਸਤਾਨ ਦੇ ਨਾਂਅ ਤੇ ਉਸ ਦੀਆਂ ਕਾਰਵਾਈਆਂ ਤੋਂ ਰੋਹ ਵਿੱਚ ਭਰੇ ਹੋਏ ਹਨ। ਰੋਹ ਪਾਕਿਸਤਾਨ ਦੇ ਖਿਲਾਫ ਹੈ, ਪਰ ਨਿਕਲਦਾ ਉਨ੍ਹਾਂ ਲੋਕਾਂ ਉੱਤੇ ਪਿਆ ਹੈ, ਜਿਨ੍ਹਾਂ ਦੇ ਵੱਡਿਆਂ ਨੇ ਇੱਕ ਧਰਮ ਦੇ ਨਾਂਅ ਉੱਤੇ ਬਣਾਏ ਪਾਕਿਸਤਾਨ ਵਿੱਚ ਜਾਣਾ ਪਸੰਦ ਨਹੀਂ ਸੀ ਕੀਤਾ। ਇਸ ਦੌਰਾਨ ਕਿਸੇ ਨੂੰ ਚੇਤਾ ਵੀ ਨਹੀਂ ਆ ਰਿਹਾ ਕਿ ਤੀਹ ਸਾਲ ਪਹਿਲਾਂ ਦੇ ਇਸ ਪੁਆੜੇ ਦੀ ਜੜ੍ਹ ਅਮਰੀਕਾ ਦੇ ਉਸ ਵੇਲੇ ਦੇ ਹਾਕਮਾਂ ਵੱਲੋਂ ਵਰਤੇ ਪੈਂਤੜਿਆਂ ਵਿੱਚ ਹੋ ਸਕਦੀ ਹੈ। ਸਿਰਫ ਭਾਰਤ ਦੇ ਲੋਕ ਨਹੀਂ, ਅਮਰੀਕੀ ਸਰਕਾਰਾਂ ਦੇ ਇਨ੍ਹਾਂ ਪੈਂਤੜਿਆਂ ਨੂੰ ਕਈ ਦੇਸ਼ਾਂ ਦੇ ਲੋਕ ਅੱਜ ਭੁਗਤ ਰਹੇ ਹਨ। ਅੱਗੋਂ ਏਦਾਂ ਦਾ ਕੁਝ ਨਹੀਂ ਹੋਵੇਗਾ, ਇਹ ਵੀ ਕੌਣ ਕਹਿ ਸਕਦਾ ਹੈ! ਭਾਰਤ ਵਿੱਚ ਜੋ ਕੁਝ ਵਾਪਰ ਰਿਹਾ ਹੈ, ਸਾਨੂੰ ਭਾਰਤੀ ਲੋਕਾਂ ਨੂੰ ਜਿੱਦਾਂ ਭੁਗਤਣਾ ਜਾਂ ਹੰਢਾਉਣਾ ਪਿਆ, ਭੁਗਤ ਲਵਾਂਗੇ, ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਭਾਰਤ ਦੇ ਹਾਲਾਤ ਨੂੰ ਰਾਜਨੀਤੀ ਲਈ ਵਰਤ ਕੇ ਏਥੋਂ ਤੱਕ ਪੁਚਾਉਣ ਵਾਲੀ ਰਾਜਸੀ ਧਿਰ ਅੱਜ ਦੇ ਅਮਰੀਕਾ ਦੇ ਹਾਕਮਾਂ ਦੀ ਵੀ ਚਹੇਤੀ ਬਣੀ ਹੋਈ ਹੈ। ਆਖਰ ਕੀ ਕਾਰਨ ਹੈ ਕਿ ਮਨੁੱਖੀ ਦਰਦ ਨੂੰ ਅਣਗੌਲਿਆ ਕਰ ਕੇ ਜਿਹੜੀ ਵੀ ਧਿਰ ਇਹ ਪੈਂਤੜੇ ਮੱਲਦੀ ਹੈ, ਉਹ ਅਮਰੀਕਾ ਦੀ ਚਹੇਤੀ ਬਣ ਜਾਦੀ ਹੈ, ਕੋਈ ਕਾਰਨ ਤਾਂ ਹੈ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”