ਨਵੀਂ ਦਿੱਲੀ, 19 ਜਨਵਰੀ, (ਪੋਸਟ ਬਿਊਰੋ)- ਦਿੱਲੀ ਦੇ ਬਹੁ-ਚਰਚਿਤ ਗੁੜੀਆ ਬਲਾਤਕਾਰ ਕੇਸ ਵਿੱਚ ਅਦਾਲਤ ਨੇ ਪ੍ਰਦੀਪ ਕੁਮਾਰ ਤੇ ਮਨੋਜ ਸ਼ਾਹ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਨੂੰ ਸਜ਼ਾ 30 ਜਨਵਰੀ ਨੂੰ ਸੁਣਾਈ ਜਾਵੇਗੀ।
ਵਰਨਣ ਯੋਗ ਹੈ ਕਿ ਦਿੱਲੀ ਦੇ ਗਾਂਧੀਨਗਰ ਇਲਾਕੇ ਤੋਂ 5 ਸਾਲ ਦੀ ਬੱਚੀ ਗੁੜੀਆ ਨੂੰ ਅਗਵਾ ਕਰ ਕੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਸੀ। ਕੜਕੜਡੂਮਾ ਅਦਾਲਤ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਮਨੋਜ ਤੇ ਪ੍ਰਦੀਪ ਘਟਨਾ ਦੇ ਬਾਅਦ ਫਰਾਰ ਹੋ ਗਏ ਸਨ। ਉਨ੍ਹਾਂ ਨੂੰ ਬਿਹਾਰ ਅਤੇ ਉੱਤਰ ਪ੍ਰਦੇਸ਼ ਤੋਂ ਪੁਲਸ ਨੇ ਫੜਿਆ ਸੀ। ਕੇਸ ਦੀ ਸੁਣਵਾਈ 6 ਸਾਲ ਤੋਂ ਵੱਧ ਸਮਾਂ ਚੱਲੀ ਸੀ, ਕਿਉਂਕਿ ਇਕ ਦੋਸ਼ੀ ਪ੍ਰਦੀਪ ਨੇ ਖੁਦ ਨੂੰ ਨਾਬਾਲਗ ਦੱਸ ਕੇ ਕੇਸ ਲਟਕਾਉਣ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਦੌਰਾਨ ਉਹ ਇਸ ਘਟਨਾ ਦੇ ਵਕਤ ਬਾਲਗ ਸਾਬਤ ਹੋਇਆ ਸੀ।
ਬਲਾਤਕਾਰਾਂ ਬਾਰੇ ਪੋਕਸੋ ਕਾਨੂੰਨ ਦੀ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਗਏ ਮਨੋਜ ਨੂੰ ਜਦੋਂ ਅਦਾਲਤ ਤੋਂ ਬਾਹਰ ਲਿਆਂਦਾ ਜਾ ਰਿਹਾ ਸੀ ਤਾਂ ਉਸ ਨੇ ਇਕ ਮਹਿਲਾ ਪੱਤਰਕਾਰ ਸਣੇ ਕੁਝ ਪੱਤਰਕਾਰਾਂ ਉੱਤੇ ਹਮਲਾ ਕਰ ਦਿੱਤਾ। ਇਸ ਨੂੰ ਐਡੀਸ਼ਨਲ ਸੈਸ਼ਨ ਜੱਜ ਨਰੇਸ਼ ਕੁਮਾਰ ਮਲਹੋਤਰਾ ਦੇ ਧਿਆਨ ਵਿੱਚ ਲਿਆਂਦਾ ਗਿਆ। ਉਨ੍ਹਾਂ ਮਹਿਲਾ ਪੱਤਰਕਾਰ ਨੂੰ ਕਿਹਾ ਕਿ ਇਸ ਬਾਰੇ ਥਾਣਾ ਮੁਖੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਜਾਏ। ਇਸ ਦੌਰਾਨ ਪੀੜਤਾ ਦੇ ਪਿਤਾ ਨੇ ਆਖਰ ਨਿਆਂ ਮਿਲਣ ਉੱਤੇ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਕੇਸ 2 ਸਾਲ ਵਿੱਚ ਮੁਕੰਮਲ ਹੋ ਜਾਣਾ ਚਾਹੀਦਾ ਸੀ, ਫਿਰ ਵੀ ਅਸੀਂ ਖੁਸ਼ ਹਾਂ ਕਿ 7 ਸਾਲ ਬਾਅਦ ਸਾਨੂੰ ਇਨਸਾਫ ਮਿਲ ਗਿਆ ਹੈ।