ਓਟਵਾ, 19 ਜਨਵਰੀ (ਪੋਸਟ ਬਿਊਰੋ) : ਗਲੋਬਲ ਟਰੇਡ ਕਲਾਈਮੇਟ ਵਿੱਚ ਸੁਧਾਰ ਹੋਣ ਦੇ ਬਾਵਜੂਦ ਵਿਗੜ ਰਹੇ ਆਰਥਿਕ ਅੰਕੜਿਆਂ ਦਾ ਬੈਂਕ ਆਫ ਕੈਨੇਡਾ ਜਾਇਜ਼ਾ ਲਵੇਗਾ। ਇਸ ਹਫਤੇ ਬੈਂਕ ਆਫ ਕੈਨੇਡਾ ਵਲੋਂ ਵਿਆਜ਼ ਦਰਾਂ ਬਾਰੇ ਅਤੇ 2020 ਵਿੱਚ ਆਰਥਿਕ ਸਥਿਤੀ ਬਾਰੇ ਫੈਸਲਾ ਲਿਆ ਜਾਵੇਗਾ।
ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਸੈਂਟਰਲ ਬੈਂਕ ਬੱੁਧਵਾਰ ਨੂੰ ਕੀਤੇ ਜਾਣ ਵਾਲੇ ਐਲਾਨ ਵਿੱਚ ਆਪਣੀਆਂ ਵਿਆਜ਼ ਦਰਾਂ 1.75 ਫੀ ਸਦੀ ਉੱਤੇ ਹੀ ਰਹਿਣ ਦੇਵੇਗਾ। ਜਿ਼ਕਰਯੋਗ ਹੈ ਕਿ ਪਿਛਲੇ 16 ਮਹੀਨਿਆਂ ਤੋਂ ਬੈਂਕ ਨੇ ਇਹ ਦਰਾਂ ਬਰਕਰਾਰ ਰੱਖੀਆਂ ਹੋਈਆਂ ਹਨ। ਪਰ ਵੱਡਾ ਸਵਾਲ ਬੈਂਕ ਵੱਲੋਂ ਆਪਣੀ ਤਿਮਾਹੀ ਮਾਨੇਟਰੀ ਪਾਲਿਸੀ ਰਿਪੋਰਟ ਵਿੱਚ ਕੀਤੀ ਗਈ ਪੇਸ਼ੀਨਿਗੋਈ ਵਿੱਚ ਲੁਕਿਆ ਹੋਇਆ ਹੈ। ਅਕਤੂਬਰ ਦੇ ਮਹੀਨੇ ਬੈਂਕ ਵੱਲੋਂ ਪੇਸ਼ ਕੀਤੀ ਗਈ ਆਪਣੀ ਐਮਪੀਆਰ ਤੋਂ ਬਾਅਦ ਆਰਥਿਕ ਸਥਿਤੀ ਵਿੱਚ ਅਹਿਮ ਫੇਰਬਦਲ ਹੋਇਆ ਹੈ। ਬੈਂਕ ਨੂੰ ਇਸ ਵਾਰੀ ਕੀਤੇ ਜਾਣ ਵਾਲੇ ਐਲਾਨ ਤੋਂ ਪਹਿਲਾਂ ਇਨ੍ਹਾਂ ਤਬਦੀਲੀਆਂ ਦਾ ਵੀ ਖਿਆਲ ਰੱਖਣਾ ਹੋਵੇਗਾ।
ਇੱਕ ਪਾਸੇ ਬੈਂਕ ਵੱਲੋਂ ਪੇਸ਼ ਕੀਤੀ ਜਾਣ ਵਾਲੀ ਰਿਪੋਰਟ ਵਿੱਚ ਚੌਥੀ ਤਿਮਾਹੀ ਵਿੱਚ ਸਾਹਮਣੇ ਆਏ ਨਿਰਾਸ਼ਾਜਨਕ ਸੰਕੇਤਾਂ, ਜਿਨ੍ਹਾਂ ਵਿੱਚ ਇਹ ਦਰਸਾਇਆ ਗਿਆ ਕਿ ਬੈਂਕ ਵੱਲੋਂ ਕੀਤੀ ਗਈ ਪੇਸ਼ੀਨਿਗੋਈ ਤੋਂ ਉਲਟ ਚੌਥੀ ਤਿਮਾਹੀ ਵਿੱਚ ਵਿਕਾਸ ਦਰ ਕਾਫੀ ਕਮਜੋ਼ਰ ਰਹੀ, ਨੂੰ ਵੀ ਸ਼ਾਮਲ ਕਰਨਾ ਹੋਵੇਗਾ। ਦੂਜੇ ਪਾਸੇ ਯੂਐਸ-ਚੀਨ ਤੇ ਉਤਰੀ ਅਮਰੀਕਾ ਦਰਮਿਆਨ ਸਿਰੇ ਚੜ੍ਹੀ ਟਰੇਡ ਡੀਲ ਕਾਰਨ ਅੰਸ਼ਕ ਤੌਰ ਉੱਤੇ ਆਰਥਿਕ ਸਥਿਤੀ ਕਾਰਨ ਪੈਦਾ ਹੋਈ ਅਸਥਿਰਤਾ ਦਾ ਖਤਰਾ ਘਟਿਆ ਹੈ ਅਤੇ ਇਸ ਨੂੰ ਵੀ ਬੈਂਕ ਨੂੰ ਆਪਣੀ ਰਿਪੋਰਟ ਵਿੱਚ ਸ਼ਾਮਲ ਕਰਨਾ ਹੋਵੇਗਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੈਂਟਰਲ ਬੈਂਕ ਨੂੰ ਆਪਣੇ ਵੱਲੋਂ ਪਹਿਲਾਂ ਕੀਤੀ ਗਈ ਇਸ ਪੇਸ਼ੀਨਿਗੋਈ ਤੋਂ ਕਿਨਾਰਾ ਕਰਨਾ ਹੋਵੇਗਾ ਕਿ ਚੌਥੀ ਤਿਮਾਹੀ ਵਿੱਚ ਵਿਕਾਸ ਦਰ 1.3 ਫੀ ਸਦੀ ਰਹਿਣ ਦੀ ਸੰਭਾਵਨਾ ਹੈ। ਅੱਜ ਤੱਕ ਦੇ ਉਪਲਬਧ ਡਾਟਾ ਦੇ ਹਿਸਾਬ ਨਾਲ ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਇਸ ਤਿਮਾਹੀ ਵਿੱਚ ਮਾਮੂਲੀ ਵਿਕਾਸ ਹੋਇਆ ਜਾਂ ਉੱਕਾ ਹੀ ਨਹੀਂ ਹੋਇਆ। ਪਰ ਸੈਂਟਰਲ ਬੈਂਕ ਵੱਲੋਂ ਪਿਛਲੇ ਦੋ ਕੁ ਹਫਤਿਆਂ ਤੋਂ ਦਿੱਤੇ ਜਾ ਰਹੇ ਸੰਕੇਤਾਂ ਤੋਂ ਇਹੋ ਸਾਹਮਣੇ ਆਇਆ ਹੈ ਕਿ ਚੌਥੀ ਤਿਮਾਹੀ ਦੀ ਇਸ ਕਮਜ਼ੋਰੀ ਨੂੰ ਉਹ ਪਤਨ ਵਜੋਂ ਨਹੀਂ ਲਵੇਗਾ ਤੇ ਬੈਂਕ ਅਜੇ ਵੀ ਇਸ ਗੱਲ ਉੱਤੇ ਕਾਇਮ ਹੈ ਕਿ ਵਿਆਜ਼ ਦਰਾਂ ਵਿੱਚ ਕਟੌਤੀ ਮਸਲੇ ਦਾ ਕੋਈ ਹੱਲ ਨਹੀਂ ਹੈ।