ਪਟਿਆਲਾ, 16 ਜਨਵਰੀ (ਪੋਸਟ ਬਿਊਰੋ)- ਵਿਜੀਲੈਂਸ ਬਿਓਰੋ ਪਟਿਆਲਾ ਦੀ ਟੀਮ ਨੇ ਐਕਸਾਈਜ਼ ਅਤੇ ਟੈਕਸੇਸ਼ਨ ਦੇਮੁਬਾਈਲ ਵਿੰਗ ਪੰਜਾਬ ਦੇ ਸਹਾਇਕ ਕਮਿਸ਼ਨਰ ਰਾਜੇਸ਼ ਭੰਡਾਰੀ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਲੁਧਿਆਣਾ ਦੇ ਇੱਕ ਟਰਾਂਸਪੋਰਟਰ ਤੋਂ ਇਹ ਪੈਸੇ ਉਸ ਨੇ ਆਪਣੇ ਡਰਾਈਵਰ ਗੁਰਮੇਲ ਸਿੰਘ ਗੇਲਾ ਰਾਹੀਂ ਲਏ ਸਨ ਅਤੇ ਡਰਾਈਵਰ ਨੂੰ ਰੰਗੇ ਹੱਥੀਂ ਫੜਨ ਮਗਰੋਂ ਏਸ ਅਧਿਕਾਰੀ ਨੂੰ ਪਟਿਆਲਾ ਤੋਂ ਫੜਿਆ ਗਿਆ।
ਵਰਨਣ ਯੋਗ ਹੈ ਕਿ ਰਾਕੇਸ਼ ਭੰਡਾਰੀ ਦਾ ਅਹੁਦਾ ਅਸਿਸਟੈਂਟ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਏ ਈ ਟੀ ਸੀ) ਇਸ ਵਿਭਾਗ ਵਿੱਚ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਉਹ ਪੰਜਾਬ ਵਿੱਚ ਕਿਤੇ ਵੀ ਮਾਲ ਲੱਦ ਕੇ ਜਾਂਦੇ ਅਤੇ ਆ ਰਹੇ ਟਰੱਕਾਂ ਆਦਿ ਵਾਹਨਾਂ ਦੀ ਚੈਕਿੰਗ ਕਰਨ ਦਾ ਅਧਿਕਾਰ ਰੱਖਦਾ ਹੈ। ਵਿਜੀਲੈਂਸ ਨੇ ਕੱਲ੍ਹ ਇਹ ਕਾਰਵਾਈ ਲੁਧਿਆਣਾ ਦੇ ਇੱਕ ਟਰਾਂਸਪੋਰਟਰ ਦਲਜੀਤ ਸਿੰਘ ਟਿੱਕੂ ਦੀ ਸ਼ਿਕਾਇਤ 'ਤੇ ਕੀਤੀ ਹੈ, ਜਿਸ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀਆਂ ਗੱਡੀਆਂ ਵਿੱਚ ਲੱਦੇ ਮਾਲ ਦੇ ਦਸਤਾਵੇਜ਼ਾਂ ਵਿੱਚ ਕੋਈ ਨਾ ਕੋਈ ਨੁਕਸ ਕੱਢ ਕੇ ਕਈ ਦਿਨ ਰੋਕੀ ਰੱਖਦਾ ਸੀ।ਸ਼ਿਕਾਇਤਕਰਤਾ ਅਨੁਸਾਰ ਇਸ ਤਰ੍ਹਾਂ ਉਸ ਨੇ ਆਪਣੇ ਟਰੱਕ ਨਾ ਰੋਕਣ ਬਾਰੇ ਗੱਲ ਕੀਤੀ ਤਾਂ ਅਧਿਕਾਰੀ ਨੇ 25 ਲੱਖ ਰੁਪਏ ਦੀ ਮੰਗ ਕੀਤੀ, ਪਰ ਸੌਦਾ ਦਸ ਲੱਖ ਦਾ ਹੋ ਗਿਆ, ਜਿਸ ਵਿੱਚੋਂ ਦੂਜੀ ਕਿਸ਼ਤ ਇੱਕ ਮਹੀਨੇ ਪਿੱਛੋਂ ਦੇਣੀ ਸੀ। ਪਹਿਲੀ ਕਿਸ਼ਤ ਵਜੋਂ ਇਸ ਟਰਾਂਸਪੋਰਟਰ ਨੇ ਪੰਜ ਲੱਖ ਰੁਪਏ ਕੱਲ੍ਹ ਇਸ ਅਧਿਕਾਰੀ ਦੇ ਕਹਿਣ 'ਤੇ ਉਸ ਦੇ ਡਰਾਈਵਰ ਗੁਰਮੇਲ ਸਿੰਘ ਨੂੰ ਸੌਂਪੇ ਤਾਂ ਵਿਜੀਲੈਂਸ ਨੇ ਡਰਾਈਵਰ ਨੂੰ ਫੜਨ ਦੇ ਬਾਅਦ ਬਾਕੀ ਕਾਰਵਾਈ ਵੀ ਕਰ ਦਿੱਤੀ।