Welcome to Canadian Punjabi Post
Follow us on

28

March 2024
 
ਨਜਰਰੀਆ

ਮਰਦਾਵੀਂ ਧੌਂਸ ਦੇ ਕਰੂਪ ਚਿਹਰੇ

January 15, 2020 08:13 AM

-ਬਲਦੇਵ ਸਿੰਘ ਸੜਕਨਾਮਾ
ਦੋਸਤੋ! ਕਲੱਕਤਾ ਮਹਾਂਨਗਰ ਵਿੱਚ ਰਹਿੰਦਿਆਂ ਆਪਣੇ ਕਾਰੋਬਾਰ ਦੇ ਚੱਕਰ ਵਿੱਚ ਭਾਰਤ ਦੇ ਵਿਭਿੰਨ ਖੇਤਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਰਿਹਾ ਹੈ। ਕਦੇ ਦੇਰ ਸਵੇਰ ਕਿਸੇ ਡਰਾਉਣੇ ਜੰਗਲ ਵਿੱਚ ਫਸ ਜਾਂਦੇ ਸੀ। ਕਦੇ ਕਿਸੇ ਖੂੰਖਾਰ ਜਾਨਵਰ ਦਾ ਸਾਹਮਣਾ ਕਰਨਾ ਪੈ ਜਾਂਦਾ ਸੀ। ਕਦੇ ਰਾਹੋਂ ਭਟਕ ਕੇ ਕਿਸੇ ਜੰਗਲੀ ਕਬੀਲੇ ਦੇ ਅੜਿੱਕੇ ਆ ਜਾਂਦੇ ਸਾਂ। ਉਨ੍ਹਾਂ ਵੇਲਿਆਂ ਨੂੰ ਯਾਦ ਕਰਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਜੰਗ ਵਿੱਚ ਲੜਦੇ ਫ਼ੌਜੀ ਵਾਂਗ ਡਰਾਈਵਰਾਂ ਦੀ ਜਾਨ ਵੀ ਹਥੇਲੀ ਉ੍ਰਪਰ ਰੱਖੀ ਹੁੰਦੀ ਹੈ। ਪਤਾ ਨਹੀਂ ਕਿਸ ਮੋੜ 'ਤੇ ਖੜ੍ਹੀ ਮੌਤ ਇੰਤਜ਼ਾਰ ਕਰ ਰਹੀ ਹੋਵੇ। ਵੱਖ-ਵੱਖ ਖੇਤਰਾਂ ਵਿੱਚ ਵਿਚਰਦਿਆਂ ਅਨੇਕ ਤਰ੍ਹਾਂ ਦੇ ਇਨਸਾਨਾਂ ਨਾਲ ਵਾਹ ਪੈਂਦਾ ਰਿਹਾ। ਬਾਹਰੋਂ ਦਿੱਸਦਾ ਸਾਊ ਮਨੁੱਖ ਅੰਦਰੋਂ ਰਾਖਸ਼ ਹੋ ਸਕਦਾ ਹੈ। ਕੀ ਪਤਾ ਤੁਹਾਨੂੰ ਪਨਾਹ ਜਾਂ ਆਸਰਾ ਦੇਣ ਵਾਲਾ ਬੰਦਾ ਤੁਹਾਡਾ ਕਾਤਲ ਜਾਂ ਲੁਟੇਰਾ ਬਣ ਜਾਵੇ, ਕੀ ਭਰੋਸਾ?
ਤਰਸ ਕਰ ਕੇ ਕਿਸੇ ਨੂੰ ਰਸਤੇ ਵਿੱਚੋਂ ਆਪਣੇ ਟਰੱਕ ਵਿੱਚ ਬਿਠਾ ਲਿਆ। ਉਸ ਨੇ ਕਦੇ ਤੁਹਾਡੀ ਵੱਖੀ ਛੁਰਾ ਜਾਂ ਪਿਸਤੌਲ ਲਗਾ ਕੇ ਆਖਣਾ ਹੈ- ‘ਜੋ ਕੁਝ ਹੈ ਮੇਰੇ ਹਵਾਲੇ ਕਰ।'
ਅੱਜਕੱਲ੍ਹ ਪੰਜਾਬ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰਨ ਲੱਗੀਆਂ ਹਨ। ਲਿਫਟ ਲੈਣ ਵਾਲੇ ਹੀ ਗੱਡੀ ਖੋਹ ਕੇ ਲੈ ਜਾਂਦੇ ਹਨ। ਇਸ ਕਰਕੇ ਅਸੀਂ ਟਰੱਕਾਂ ਵਾਲੇ ਵਾਹ ਲੱਗਦੀ ਕਿਸੇ ਨੂੰ ਲਿਫਟ ਨਹੀਂ ਦਿੰਦੇ।
ਇੱਕ ਰਾਤ ਉੜੀਆ ਦੇ ਇੱਕ ਪਿੰਡ ਲਾਗਿਓਂ ਲੰਘ ਰਹੇ ਸਾਂ। ਅਚਾਨਕ ਇੱਕ ਅਲਫ ਨੰਗੀ ਔਰਤ ਚੀਕਾਂ ਮਾਰਦੀ ਬਾਹਾਂ ਖੜ੍ਹੀਆਂ ਕਰਕੇ ਸੜਕ ਦੇ ਵਿਚਕਾਰ ਆ ਖੜੋਤੀ। ਉਹ ਮਰਨਾ ਚਾਹੁੰਦੀ ਸੀ ਜਾਂ ਬਹਾਨੇ ਨਾਲ ਟਰੱਕ ਰੋਕਣਾ ਚਾਹੰੁਦੀ ਸੀ, ਮੈਨੂੰ ਸਮਝ ਨਾ ਆਇਆ। ਲੁਟੇਰਿਆਂ ਵੱਲੋਂ ਵੀ ਗੱਡੀਆਂ ਰੁਕਵਾਉਣ ਲਈ ਅਜਿਹਾ ਦਾਅ ਖੇਡਿਆ ਹੋ ਸਕਦਾ ਹੈ। ਬਾਅਦ ਵਿੱਚ ਉਹ ਆ ਕੇ ਗੱਡੀਆਂ ਲੁੱਟ ਲੈਂਦੇ ਹਨ। ਔਰਤ ਨੂੰ ਬਚਾਉਂਦਿਆਂ ਕੱਚੇ ਲਾਹ ਕੇ ਮੈਂ ਗੱਡੀ ਅੱਗੇ ਲੈ ਗਿਆ। ਸਪੀਡ ਹੌਲੀ ਕਰ ਲਈ ਤੇ ਹੋਰ ਅੱਗੇ ਜਾ ਕੇ ਗੱਡੀ ਰੋਕ ਲਈ। ਆਸ ਪਾਸ ਦੇਖਿਆ ਸਭ ਠੀਕ ਸੀ। ਖਲਾਸੀ (ਹੈਲਪਰ) ਨੇ ਪਿੱਛੇ ਮੁੜ ਕੇ ਦੇਖਿਆ।
‘ਬਾਈ ਜੀ, ਉਹ ਆਪਣੇ ਵੱਲ ਭੱਜੀ ਆਉਂਦੀ ਐ।' ਖਲਾਸੀ ਬੋਲਿਆ।
‘ਪਿੱਛੇ ਬੰਦੇੇ ਤਾਂ ਨ੍ਹੀਂ ਆਉਂਦੇ?' ਮੈਂ ਪੁੱਛਿਆ।
‘ਦਿੱਸਦਾ ਤਾਂ ਕੋਈ ਹੈ ਨ੍ਹੀਂ।' ਖਲਾਸੀ ਨੇ ਦੱਸਿਆ।
ਏਨੇ ਵਿੱਚ ਉਹ ਸਾਡੇ ਪਾਸ ਆ ਗਈ ਅਤੇ ਬਾਹਾਂ ਨਾਲ ਆਪਣੇ ਸਰੀਰ ਨੂੰ ਕੱਜਦੀ ਗੁੱਛੀ ਮੁੱਛੀ ਹੋ ਕੇ ਸੜਕ ਕੰਢੇ ਬੈਠ ਕੇ ਰੋਣ ਲੱਗ ਪਈ। ਮੈਂ ਆਸੇ ਪਾਸੇ ਤਾੜਦਾ ਹੇਠਾਂ ਉਤਰ ਆਇਆ। ਮੈਨੂੰ ਵੇਖ ਕੇ ਖਲਾਸੀ ਵੀ ਉਤਰ ਪਿਆ।
ਔਰਤ ਗਿੜਗਿੜਾਈ, ‘ਉਹ ਮੈਨੂੰ ਮਾਰ ਦਏਗਾ, ਮੈਨੂੰ ਬਚਾ ਲਓ। ਥੋੜ੍ਹੀ ਦੂਰ ਜਾ ਕੇ ਛੱਡ ਦੇਣਾ।' ਆਖਦਿਆਂ ਉਸ ਨੇ ਹੱਥ ਜੋੜ ਲਏ ਅਤੇ ਪਿੱਛੇ ਝਾਕਦੀ ਹੋਈ ਉਚੀ ਉਚੀ ਬੋਲਣ ਲੱਗੀ। ਮੈਂ ਫਿਰ ਚੌਕੰਨਾ ਹੋਇਆ। ਇਹ ਡਰਾਮਾ ਤਾਂ ਨਹੀ। ਪਿੱਛੇ ਲੁਟੇਰਿਆਂ ਦੀ ਧਾੜ ਆਉਂਦੀ ਹੋਵੇ। ਫਿਰ ਵੀ ਮੈਥੋਂ ਪੁੱਛਿਆ ਗਿਆ, ‘ਕੌਣ ਮਾਰ ਦਏਗਾ?'
‘ਮੇਰਾ ਪਤੀ।' ਉਹ ਰੋਂਦਿਆਂ ਰੋਂਦਿਆਂ ਬੋਲੀ।
ਮੈਂ ਅਜੇ ਵੀ ਨੌਟੰਕੀ ਸਮਝ ਰਿਹਾ ਸੀ। ਪੈਸੇ ਕਮਾਉਣ ਲਈ ਅਜਿਹੀਆਂ ਔਰਤਾਂ ਅਜੀਬ ਅਜੀਬ ਢੰਗ ਵਰਤਦੀਆਂ ਹਨ। ਮੈਂ ਚੁਫੇਰੇ ਤਾੜਦਿਆਂ ਪੁੱਛਿਆ-‘ਕਿਉਂ ਮਾਰੇਗਾ ਤੈਨੂੰ?'
‘ਉਹ ਰੋਜ਼ਾਨਾ ਤਿੰਨ ਚਾਰ ਆਦਮੀ ਲੈ ਆਉਂਦਾ ਹੈ। ਉਹ ਉਸ ਨੂੰ ਮੌੜ ਪਿੰਡ ਦਾ ਪੰਚ ਬਣਾਉਣਗੇ। ਉਹ ਉਸ ਨੂੰ ਸ਼ਰਾਬ ਪਿਲਾਉਂਦੇ ਹਨ, ਪੈਸੇ ਦਿੰਦੇ ਹਨ ਤੇ ਫਿਰ ਉ ਸਦੇ ਸਾਹਮਣੇ ਮੇਰੇ ਨਾਲ ਖੇਹ..।' ਉਹ ਫਿਰ ਰੋਣ ਲੱਗੀ ਤੇ ਹਟਕੋਰੇ ਲੈ ਕੇ ਬੋਲੀ, ‘ਅੱਜ ਸੱਤ ਆਦਮੀ ਆ ਗਏ, ਆਖਦਾ ਏ ਇਹ ਮੇਰੀਆਂ ਵੋਟਾਂ ਨੇ, ਤਿੰਨ ਆਦਮੀ ਮੈਂ ਬਰਦਾਸ਼ਤ ਕਰ ਲਏ, ਫਿਰ ਬਹਾਨਾ ਲਾ ਕੇ ਭੱਜ ਆਈ।'
‘ਫਿਰ ਤੂੰ ਕਿੱਥੇ ਜਾਵੇਂਗੀ?' ਮੈਂ ਪੁੱਛਿਆ।
‘ਥੋੜ੍ਹਾ ਦੂਰ ਜਾ ਕੇ ਛੱਡ ਦੇਣਾ, ਆਪਣੀ ਮਾਂ ਕੋਲ ਜਾਵਾਂਗੀ।'
ਮੈਂ ਕਈ ਪੀਰ ਪੈਗਬੰਰ ਤਾਂ ਨਹੀਂ ਸੀ, ਪਰ ਉਸ ਦੀ ਹਾਲਤ ਵੇਖ ਕੇ ਹਮਦਰਦੀ ਆ ਗਈ। ਸਾਡੇ ਟਰੱਕਾਂ ਵਾਲਿਆਂ ਕੋਲ ਗੱਡੀ ਸਾਫ਼ ਕਰਨ ਲਈ ਪੁਰਾਣੀਆਂ ਸਾੜ੍ਹੀਆਂ ਰੱਖੀਆਂ ਹੁੰਦੀਆਂ ਹਨ। ਬੰਗਾਲ ਵਿੱਚ ਇਹ ਆਮ ਹੀ ਮਿਲਦੀਆਂ ਹਨ। ਕੁਝ ਗ਼ਰੀਬਾਂ ਦਾ ਇਹ ਰੁਜ਼ਗਾਰ ਵੀ ਹੈ। ਗੈਰਜਾਂ ਵਿੱਚ ਜਾਂ ਟਰੱਕ ਅੱਡਿਆਂ ਉਤੇ ਪੁਰਾਣੀਆਂ ਸਾੜ੍ਹੀਆਂ ਵੇਚਣ ਵਾਲੇ ਘੁੰਮਦੇ ਰਹਿੰਦੇ ਹਨ। ‘ਇਸ ਨੂੰ ਸਾੜ੍ਹੀ ਦੇ ਕੋਈ।' ਮੈਂ ਖਲਾਸੀ ਨੂੰ ਕਿਹਾ।
ਜਦੋਂ ਉਸ ਨੂੰ ਟਰੱਕ ਦੇ ਕੈਬਿਨ ਵਿੱਚ ਚੜ੍ਹਾਇਆ ਤਾਂ ਦੇਖਿਆ ਉਸਦੇ ਮੂੰਹ ਉਪਰ ਝਰੀਟਾਂ ਸਨ ਤੇ ਖੂਨ ਸਿੰਮ ਕੇ ਜੰਮਿਆ ਹੋਇਆ ਸੀ। ਉਸ ਨੂੰ ਇੱਕ ਜਾਣ ਪਛਾਣ ਵਾਲੇ ਢਾਬੇ ਉਪਰ ਉਤਾਰ ਕੇ ਅਸੀਂ ਅੱਗੇ ਚਲੇ ਗਏ। ਫਿਰ ਸਾਡਾ ਕਦੇ ਉਧਰ ਗੇੜਾ ਨਹੀਂ ਲੱਗਿਆ। ਪਤਾ ਨਹੀਂ, ਉਹ ਆਪਣੀ ਮਾਂ ਕੋਲ ਚਲੀ ਗਈ, ਵਾਪਸ ਚਲੀ ਗਈ ਜਾਂ ਕੋਈ ਵਰਗਲਾ ਕੇ ਲੈ ਗਿਆ। ਇਸ ਘਟਨਾ ਤੋਂ ਕੁਝ ਮਹੀਨਿਆਂ ਪਿੱਛੋਂ ਅਸਾਮ ਦੇ ਇੱਕ ਕਸਬੇ ਸ਼ਿਬ ਸਾਗਰ ਵਿੱਚ ਕੱਚਾ ਤੇਲ ਢੋਣ ਦਾ ਠੇਕਾ ਮਿਲਿਆ। ਇਥੋਂ ਦੀ ਮਿੱਟੀ ਅਤੇ ਫਿਜ਼ਾ ਇਸ ਤਰ੍ਹਾਂ ਦੀ ਸੀ, ਜਿਵੇਂ ਤੇਲ ਦਾ ਛਿੜਕਾਅ ਕੀਤਾ ਹੋਵੇ। ਕੱਪੜਿਆਂ ਵਿੱਚੋਂ ਵੀ ਤੇਲ ਦਾ ਮੁਸ਼ਕ ਆਉਣ ਲੱਗ ਜਾਂਦਾ ਸੀ।
ਇੱਕ ਦੁਪਹਿਰ ਅਚਾਨਕ ਇਥੇ ਸਨਸਨੀ ਫੈਲ ਗਈ। ਮੈਂ ਆਪਣੇ ਟਿਕਾਣੇ ਦੇ ਬਾਹਰ ਖੜ੍ਹਾ ਸਾਂ, ਇੱਕ ਆਦਮੀ ਹੱਥ ਵਿੱਚ ਮਨੁੱਖ ਦਾ ਕੱਟਿਆ ਹੋਇਆ ਸਿਰ ਵਾਲਾਂ ਤੋਂ ਫੜੀ ਤੇ ਦੂਜੇ ਹੱਥ ਵਿੱਚ ਲਹੂ ਨਾਲ ਗੜੁੱਚ ਦਾਤਰ ਫੜੀ ਉਚੀ ਉਚੀ ਗਾਲ੍ਹਾ ਕੱਢਦਾ ਲੰਘਿਆ। ਉਸ ਦੇ ਪਿੱਛੇ 15/20 ਆਦਮੀ ਸਹਿਮੇ ਜਿਹੇ ਜਾ ਰਹੇ ਸਨ। ਕੁਝ ਔਰਤਾਂ ਇਹ ਭਿਆਨਕ ਦਿ੍ਰਸ਼ ਵੇਖ ਕੇ ਚੀਕਾਂ ਮਾਰਦੀਆਂ ਰਾਹ ਛੱਡ ਗਈਆਂ। ਮਨੁੱਖ ਦੇ ਕੱਟੇ ਸਿਰ ਵਿੱਚੋਂ ਲਹੂ ਵਗਦਾ ਸੀ। ਸ਼ਾਇਦ ਉਹ ਵਾਰਦਾਤ ਕਰਕੇ ਆਇਆ ਸੀ। ‘ਕਿੱਥੇ ਜਾਵੇਗਾ ਇਹ।' ਮੈਂ ਇੱਕ ਸਥਾਨਕ ਬੰਦੇ ਨੂੰ ਪੁੱਛਿਆ।
‘ਪੁਲਸ ਚੌਕੀ। ਲਾਗੇ ਹੀ ਹੈ।' ਉਹ ਬੋਲਿਆ।
ਇਹ ਸਭ ਕੀ ਭਾਣਾ ਹੈ, ਜਾਣਨ ਲਈ ਮੈਂ ਪਿੱਛੇ ਤੁਰ ਪਿਆ। ਕੁਝ ਕਦਮਾਂ ਦੀ ਵਿੱਥ 'ਤੇ ਥਾਣਾ ਸੀ। ਉਸ ਆਦਮੀ ਨੇ ਥਾਣੇ ਜਾ ਕੇ ਥਾਣੇਦਾਰ ਦੀ ਮੇਜ਼ ਉਪਰ ਕੱਟਿਆ ਹੋਇਆ ਸਿਰ ਪਟਕ ਦਿੱਤਾ ਤੇ ਲਹੂ ਭਿੱਜਿਆ ਦਾਤਰ ਥਾਣੇਦਾਰ ਵੱਲ ਕਰ ਕੇ ਬੋਲਿਆ, ‘ਇਸ ਹਰਾਮੀ ਨੇ ਮੇਰੀ ਤੀਵੀਂ ਨਾਲ ਇਸ਼ਕ ਕੀਤਾ, ਉਹ ਵੀ ਇਸ ਨਾਲ ਅੱਖ ਲੜਾਉਂਦੀ ਸੀ। ਉਸ ਨਾਲ ਵੀ ਸਿੱੱਝਾਂਗਾ। ਜੋ ਵੀ ਹਰਾਮੀ ਮੇਰੀ ਤੀਵੀਂ ਵੱਲ ਵੇਖੇਗਾ, ਉਸ ਦਾ ਸਿਰ ਤੇਰੇ ਮੇਜ਼ 'ਤੇ ਹੋਵੇਗਾ।'
ਉਹ ਜਿਵੇਂ ਆਇਆ ਸੀ, ਉਵੇਂ ਲਹੂ ਭਿੱਜਿਆ ਦਾਤਰ ਫੜੀ ਚਲਾ ਗਿਆ। ਥਾਣੇਦਾਰ ਦਾ ਹਲਕ ਸੁੱਕ ਗਿਆ ਸੀ। ਸ਼ਾਇਦ ਉਹ ਕੁਝ ਵੀ ਨਹੀਂ ਸੀ ਬੋਲ ਸਕਿਆ। ਮੈਂ ਸੁੰਨ ਹੋਇਆ ਖੜ੍ਹਾ ਸਾਂ। ਇਸ ਤਰ੍ਹਾਂ ਦੇ ਦਿ੍ਰਸ਼ ਫ਼ਿਲਮਾਂ ਵਿੱਚ ਹੀ ਦੇਖੇ ਜਾ ਸਕਦੇ ਹਨ। ਮੈਨੂੰ ਅੱਜ ਵੀ ਕਦੇ ਕਦੇ ਥਾਣੇਦਾਰ ਦੀ ਮੇਜ਼ ਉਤੇ ਮਨੁੱਖ ਦਾ ਕੱਟਿਆ ਸਿਰ ਦਿੱਸਦਾ ਹੈ, ਜਿਸ ਦੀਆਂ ਪੱਥਰ ਹੋਈਆਂ ਦੋ ਅੱਖਾਂ ਮੈਨੂੰ ਘੁੂੂਰਦੀਆਂ ਜਾਪਦੀਆਂ ਹਨ। ਸੋਚਦਾ ਹਾਂ, ਮਨੁੱਖ ਦੇ ਕਿਹੇ-ਕਿਹੇ ਰੂਪ ਹਨ। ਇੱਕ ਔਰਤ ਨੂੰ ਇਸ ਲਈ ਮਾਰਦਾ ਹੈ ਕਿ ਉਹ ਉਸ ਦੇ ਆਖੇ ਲੱਗ ਕੇ ਦੂਸਰੇ ਮਰਦਾਂ ਨੂੰ ਖੁਸ਼ ਨਹੀਂ ਕਰਦੀ। ਦੂਸਰਾ ਇਸ ਲਈ ਕਤਲ ਕਰਦਾ ਹੈ ਕਿ ਉਸ ਦੀ ਔਰਤ ਵੱਲ ਕੋਈ ਅੱਖ ਚੁੱਕ ਕੇ ਵੇਖਦਾ ਹੈ ਜਾਂ ਔਰਤ ਨੇ ਆਪਣੀਆਂ ਇੱਛਾਵਾਂ ਦਹਿਲੀਜ਼ਾਂ ਤੋਂ ਬਾਹਰ ਲੈ ਜਾਣ ਦੀ ਜ਼ੁਰੱਅਤ ਕੀਤੀ? ਅਜਿਹੀਆਂ ਸੋਚਾਂ ਮੈਨੂੰ ਪਰੇਸ਼ਾਨ ਕਰਦੀਆਂ ਹਨ, ਕੀ ਤੁਹਾਨੂੰ ਨਹੀਂ ਕਰਦੀਆਂ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ