ਚੰਡੀਗੜ੍ਹ, 14 ਜਨਵਰੀ (ਪੋਸਟ ਬਿਊਰੋ)- ਭਗਵਾਨ ਵਾਲਮੀਕ ਬਾਰੇ ਇਤਰਾਜ਼ ਯੋਗ ਬਿਆਨ ਦੇਣ ਦੇ ਕੇਸ ਵਿੱਚ ਰਾਖੀ ਸਾਵੰਤ ਨੂੰ ਰਾਹਤ ਮਿਲ ਗਈ ਹੈ। ਇਸ ਸੰਬੰਧ ਵਿੱਚ ਕੰਪਲੇਂਟ ਵਾਪਸ ਲਏ ਜਾਣ ਦੇ ਬਾਅਦ ਹਾਈ ਕੋਰਟ ਨੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ। ਟਿੱਪਣੀ ਕਾਰਨ ਰਾਖੀ ਦੇ ਖਿਲਾਫ ਲੁਧਿਆਣਾ ਕੋਰਟ ਵਿੱਚ ਸ਼ਿਕਾਇਤ ਹੋਈ ਸੀ। ਇਸ ਦੇ ਬਾਅਦ ਅਦਾਲਤ ਵਿੱਚ ਪੇਸ਼ ਨਹੀਂ ਹੋਣ 'ਤੇ ਲੁਧਿਆਣਾ ਦੀ ਅਦਾਲਤ ਨੇ ਰਾਖੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਰਾਖੀ ਨੂੰ ਗ੍ਰਿਫਤਾਰ ਕਰਨ ਪੰਜਾਬ ਪੁਲਸ ਮੁੰਬਈ ਵੀ ਗਈ ਸੀ, ਪਰ ਉਹ ਨਹੀਂ ਮਿਲੀ ਸੀ। ਫਿਰ ਲੁਧਿਆਣਾ ਅਦਾਲਤ ਵਿੱਚ ਪੇਸ਼ ਹੋਈ ਸੀ ਤੇ ਬਾਅਦ ਵਿੱਚ ਹਾਈ ਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਹੈ।
ਰਾਖੀ ਸਾਵੰਤ ਨੇ ਇਸ ਅਰਜ਼ੀ ਵਿੱਚ ਕਿਹਾ ਸੀ ਕਿ ਉਨ੍ਹਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪੁਚਾਉਣਾ ਨਹੀਂ ਸੀ। ਇਸ ਸੰਬੰਧ ਵਿੱਚ ਉਨ੍ਹਾਂ ਨੇੇ ਜਨਤਕ ਤੌਰ 'ਤੇ ਮੁਆਫੀ ਵੀ ਮੰਗੀ ਹੈ। ਇਸ ਲਈ ਇਹ ਸ਼ਿਕਾਇਤ ਰੱਦ ਕੀਤੀ ਜਾਏ। ਇਸ ਤੋਂ ਪਹਿਲਾਂ ਵੀ ਰਾਖੀ ਨੇ ਹਾਈ ਕੋਰਟ ਵਿੱਚ ਅਰਜ਼ੀ ਦੇ ਕੇ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਸੀ। ਕੋਰਟ ਤੋਂ ਕੰਪਲੇਂਟ ਵਾਪਸ ਹੋਣ ਪਿੱਛੋਂ ਹਾਈ ਕੋਰਟ ਨੇ ਇਸ ਮਾਮਲੇ ਨੂੰ ਗੈਰ ਜ਼ਰੂਰੀ ਦੱਸਦੇ ਹੋਏ ਨਿਪਟਾਰਾ ਕਰ ਦਿੱਤਾ।