ਨਵੀਂ ਦਿੱਲੀ, 14 ਜਨਵਰੀ (ਪੋਸਟ ਬਿਊਰੋ)- ਦਿੱਲੀ ਪ੍ਰਦੇਸ਼ ਭਾਜਪਾ ਨੇ ਆਮ ਆਦਮੀ ਪਾਰਟੀ ਦੇ ਚੋਣਾਂ ਲਈ ਥੀਮ ਸਾਂਗ ਵਿੱਚ ਮਨੋਜ ਤਿਵਾੜੀ ਦੀ ਫਿਲਮ ਦੇ ਗਾਣੇ ਦੀ ਵੀਡੀਓ ਵਰਤਣ ਉੱਤੇ ਗੁੱਸਾ ਜ਼ਾਹਿਰ ਕੀਤਾ ਹੈ ਅਤੇੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਅਤੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਦਾ ਕਾਨੂੰਨੀ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ 500 ਕਰੋੜ ਹਰਜਾਨੇ ਦੀ ਮੰਗ ਕੀਤੀ ਗਈ ਹੈ।
ਭਾਜਪਾ ਦੇ ਪਾਰਲੀਮੈਂਟ ਮੈਂਬਰ ਅਤੇ ਦਿੱਲੀ ਦੇ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਕਿ ਝੂਠ ਦੀ ਮਸ਼ੀਨ ਕਹੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਪਰਦਾ ਫਾਸ਼ ਹੋ ਗਿਆ ਹੈ। ਕਲਾਕਾਰ ਰਹਿੰਦੇ ਹੋਏ ਮੈਂ ਜੋ ਫਿਲਮਾਂ ਕੀਤੀਆਂ ਤੇ ਗਾਣੇ ਗਾਏ, ਉਸ ਦੀ ਕਲੀਪਿੰਗ ਅਤੇ ਤਸਵੀਰਾਂ ਨੂੰ ਐਡਿਟ ਕਰ ਕੇ ਆਮ ਆਦਮੀ ਪਾਰਟੀ ਦੇ ਥੀਮ ਸਾਂਗ ਉੱਤੇ ਲਗਾਤਾਰ ਵਰਤਣ ਨਾਲ ਕੇਜਰੀਵਾਲ ਆਪਣੇ ਹੋਛੇਪਣ ਦਾ ਸਬੂਤ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਥੀਮ ਸਾਂਗ 'ਤੇ ਮੇਰੀ ਫੋਟੋ ਲਾ ਕੇ ਪ੍ਰਸਾਰਤ ਕਰਨ ਦਾ ਹੱਕ ਆਮ ਆਦਮੀ ਪਾਰਟੀ ਨੂੰ ਕਿਸ ਨੇ ਦਿੱਤਾ? ਕੀ ਕੇਜਰੀਵਾਲ ਨੂੰ ਇਹ ਨਹੀਂ ਪਤਾ ਕਿ ਵਪਾਰਕ ਤੌਰ 'ਤੇ ਕਿਸੇ ਦੀ ਫੋਟੋ ਬਿਨਾਂ ਉਸ ਦੀ ਮਨਜ਼ੂਰੀ ਦੇ ਨਹੀਂ ਵਰਤ ਸਕਦੇ? ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਰੈਲੀਆਂ ਵਿੱਚ ਭੀੜ ਨਹੀਂ ਆ ਰਹੀ ਤੇ ਇਸ ਲਈ ਭੀੜ ਇਕੱਠੀ ਕਰਨ ਲਈ ਬਾਹਰੋਂ ਲੋਕ ਬੁਲਾਏ ਜਾ ਰਹੇ ਹਨ।