ਇਸਲਾਮਾਬਾਦ, 14 ਜਨਵਰੀ, (ਪੋਸਟ ਬਿਊਰੋ)- ਪਾਕਿਸਤਾਨ ਵਿਚ ਭਾਰੀ ਬਰਫਬਾਰੀ ਅਤੇ ਲਗਾਤਾਰ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੀਂਹ ਨਾਲ ਇੱਥੇ 80 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੂੰ ਕਈ ਹਾਈਵੇਅ ਸਾਫ ਕਰਨ ਅਤੇ ਖੋਲ੍ਹਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ ਅਤੇ ਲੋਕਾਂ ਨੂੰ ਸੁਰੱਖਿਅਤ ਥਾਂਈਂ ਲਿਜਾਣ ਵਿਚ ਵੀ ਕਾਫੀ ਮੁਸ਼ਕਲ ਹੋਈ ਹੈ। ਇਸ ਬਰਫਬਾਰੀ ਨੇ ਬੀਤੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਪਤਾ ਲੱਗਾ ਹੈ ਕਿ ਗਿਲਗਿਤ-ਬਾਲਟੀਸਤਾਨ ਵਿਚ ਭਾਰੀ ਬਰਫਬਾਰੀ ਨਾਲ ਪਿਛਲੇ 50 ਸਾਲ ਦਾ ਰਿਕਾਰਡ ਟੁੱਟ ਗਿਆ ਅਤੇ ਕਵੇਟਾ ਵਿਚ 20 ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਭਾਰੀ ਬਰਫਬਾਰੀ ਅਤੇ ਲਗਾਤਾਰ ਮੀਂਹ ਦੀ ਮਾਰ ਸਭ ਤੋਂ ਵੱਧ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਬਲੋਚਿਸਤਾਨ ਉੱਤੇ ਪਈ ਹੈ। ਏਥੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਹਿੱਸਿਆਂ ਵਿਚ ਪਿਛਲੇ 24 ਘੰਟਿਆਂ ਵਿਚ 15 ਲੋਕ ਮਾਰੇ ਗਏ ਹਨ। ਉਨ੍ਹਾ ਨੇ ਇਸ ਦਾ ਮੁੱਖ ਕਾਰਨ ਭਾਰੀ ਬਰਫਬਾਰੀ ਨਾਲ ਛੱਤਾਂ ਦਾ ਡਿੱਗਣਾ ਦੱਸਿਆ ਹੈ। ਐਮਰਜੈਂਸੀ ਅਧਿਕਾਰੀਆਂ ਮੁਤਾਬਕ ਪੰਜਾਬ ਵਿਚ ਭਾਰੀ ਮੀਂਹ ਕਾਰਨ 11 ਲੋਕਾਂ ਦੀ ਮੌਤ ਹੋਈ ਅਤੇ ਪਾਕਿ ਕਬਜ਼ੇ ਵਾਲੇ ਕਸ਼ਮੀਰ ਵਿਚ 55 ਲੋਕ ਮਾਰੇ ਗਏ ਹਨ।
ਇਸ ਦੌਰਾਨ ਨੀਲਮ ਘਾਟੀ ਵਿਚ ਜ਼ਮੀਨ ਖਿਸਕਣ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਲਾਪਤਾ ਹਨ। ਐਮਰਜੈਂਸੀ ਰਿਲੀਫ ਟੀਮ ਦੇ ਮੁਤਾਬਕ 4 ਜ਼ਖਮੀਆਂ ਨੂੰ ਬਚਾਇਆ ਗਿਆ ਅਤੇ ਬਾਕੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਵੇਟਾ-ਚਮਨ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਅਫਗਾਨਿਸਤਾਨ ਨਾਲ ਪਾਕਿਸਤਾਨ ਨੂੰ ਜੋੜਨ ਵਾਲੇ ਦੱਰੇ ਵਿਚ ਭਾਰੀ ਬਰਫਬਾਰੀ ਹੋਈ ਹੈ। ਬਲੋਚਿਸਤਾਨ ਦੇ ਮੁੱਖ ਮੰਤਰੀ ਕਮਾਲ ਖਾਨ ਨੇ ਕਿਹਾ ਕਿ ਰਾਜ ਸਰਕਾਰ ਸੜਕਾਂ ਖੋਲ੍ਹਣ ਅਤੇ ਮੀਂਹ ਤੇ ਬਰਫ ਪ੍ਰਭਾਵਿਤ ਖੇਤਰਾਂ ਵਿਚ ਲੋਕਾਂ ਨੂੰ ਹਰ ਸੰਭਵ ਮਦਦ ਦੀ ਵਿਵਸਥਾ ਯਕੀਨੀ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ।