Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਨਜਰਰੀਆ

ਉੱਦਮ ਦੀ ਮਹਿਮਾ

January 10, 2020 08:53 AM

-ਕਰਨੈਲ ਸਿੰਘ ਸੋਮਲ
ਸਾਡੀ ਭਾਸ਼ਾ ਦੇ ਅਨੇਕਾਂ ਅਜਿਹੇ ਸ਼ਬਦ ਹਨ। ਜਿਨ੍ਹਾਂ ਵਿੱਚ ਸਮਾਏ ਅਰਥਾਂ ਨੂੰ ਵੇਖਦਿਆਂ ਧੰਨ-ਧੰਨ ਹੋ ਜਾਈਦਾ ਹੈ। ਮਿਸਾਲ ਵਜੋਂ ‘ਸੰਜਮ', ‘ਸਹਿਜ' ਅਤੇ ‘ਉੱਦਮ' ਵੇਖੇ ਜਾ ਸਕਦੇ ਹਨ। ਇੱਥੇ ਅਸੀਂ ‘ਉੱਦਮ’' ਦੀ ਗੱਲ ਕਰਨੀ ਹੈ। ਬੰਦਾ ਹਾਰਾਂ ਦਾ ਭੰਨਿਆ ਹੋਵੇ, ਲੱਖ ਢੇਰੀ ਢਾਹ ਕੇ ਬੈਠਾ ਹੋਵੇ, ਬਸ ਉੱਦਮ ਕਰਨ ਦਾ ਭਾਵ ਉਸ ਦੇ ਮਨ ਵਿੱਚ ਆ ਜਾਵੇ, ਉਸ ਦੀਆਂ ਸੋਤੇ ਵਿੱਚ ਪਈਆਂ ਸਮਰੱਥਾਵਾਂ ਜਾਗ ਪੈਂਦੀਆਂ ਹਨ।
ਸੰਸਾਰ ਵਿੱਚ ਜੋ ਕੁਝ ਵੀ ਉਸਾਰੂ ਅਤੇ ਨਵੀਂ ਲੀਹ ਪਾਉਣ ਵਾਲਾ ਹੋਇਆ ਹੈ, ਉਹ ਮਨੁੱਖ ਦੇ ਉੱਦਮ ਸਦਕਾ ਹੈ। ਅੱਗ ਨੂੰ ਸਾਂਭਣਾ, ਉਸ ਤੋਂ ਅਨੇਕ ਪ੍ਰਕਾਰ ਦੇ ਕੰਮ ਲੈਣੇ, ਪਹੀਏ ਦੀ ਕਾਢ, ਖਾਣ-ਪੀਣ ਦੀਆਂ ਵਸਤਾਂ ਨੂੰ ਲੰਮੇ ਸਮੇਂ ਤੱਕ ਸੰਭਾਲਣ ਦੇ ਤਰੀਕੇ, ਅਨੇਕਾਂ ਕਿਸਮ ਦੇ ਔਜ਼ਾਰ, ਇੰਜਨੀਅਰਿੰਗ ਤੇ ਤਕਨਾਲੋਜੀ ਦੀਆਂ ਹੈਰਾਨੀ ਵਾਲੀਆਂ ਪ੍ਰਾਪਤੀਆਂ, ਗੱਡੇ ਤੋਂ ਹਵਾਈ-ਜ਼ਹਾਜ਼ ਤੱਕ ਬੜੀ ਲੰਮੀ ਸੂਚੀ ਹੈ ਜਿਸ ਵਿੱਚੋਂ ਮਨੁੱਖੀ ਉੱਦਮ ਦੀ ਕਹਾਣੀ ਪੜ੍ਹੀ ਜਾ ਸਕਦੀ ਹੈ। ਦੂਜੇ ਸ਼ਬਦਾਂ ਵਿੱਚ ਮਨੁੱਖ ਦੇ ਆਦਿ-ਵਾਸ ਤੋਂ ਲੈ ਕੇ ਅਜੋਕੀਆਂ ਅਣਗਿਣਤ ਸੁਵਿਧਾਵਾਂ ਵਾਲੀ ਹਾਲਤ ਤੱਕ, ਉਹ ਸਾਰਾ ਕੁਝ ਉਸ ਦੇ ਉੱਦਮ ਦਾ ਹੀ ਪੰਧ ਹੈ।
ਉੱਦਮ ਦੀ ਵਡਿਆਈ ਸਦਾ ਤੋਂ ਰਹੀ ਹੈ। ਕਹਿ ਸਕਦੇ ਹਾਂ ਕਿ ਇਹ ਸਭ ਸਮਿਆਂ ਵਿੱਚ ਮਾਨਤਾ ਰੱਖਦੀ ਰਹੀ ਕਦਰ ਹੈ। ਸਮੁੱਚੇ ਤੌਰ 'ਤੇ ਉਦਮ ਹਰ ਮਨੱਖ ਦੇ ਵੱਸ ਦੀ ਗੱਲ ਹੈ। ਵਿਅਕਤੀ ਦੇ ਪੱਧਰ ਉਤੇ ਜੋ ਕੁਝ ਕਰਨਾ ਜ਼ਰੂਰੀ ਹੈ ਉਹ ਉੱਦਮ ਕੀਤਿਆਂ ਹੀ ਸੰਭਵ ਹੁੰਦਾ ਹੈ। ਉੱਦਮ ਇਕੱਲਾ ਕਦੇ ਨਹੀਂ ਹੁੰਦਾ। ਪਹਿਲਾਂ ਕੋਈ ਸੰਕਲਪ ਪੈਦਾ ਹੁੰਦਾ ਹੈ। ਪ੍ਰੇਰਨਾ ਨਾਲ ਤੁਰ ਪੈਂਦੀ ਹੈ। ਚਾਅ ਯਾਨੀ ਉਤਸ਼ਾਹ ਪਿੱਛੇ ਨਹੀਂ ਰਹਿੰਦਾ। ਮਿਹਨਤ ਦਾ ਮਾਦਾ ਅੰਗੜਾਈ ਲੈਣ ਲੱਗਦਾ ਹੈ। ਸੋਹਣੇ-ਸੋਹਣੇ ਸੁਪਨੇ ਖੰਭ ਖੋਲ੍ਹਣ ਲੱਗਦੇ ਹਨ। ਫਿਰ ਦਿ੍ਰੜਤਾ ਊਰਜਾ ਦੇ ਨਵੇਂ ਤੋਂ ਨਵੇਂ ਸਰੋਤ ਲੱਭਦੀ ਜਾਂਦੀ ਹੈ। ਜਾਣੋ, ਕਿੰਨੀਆਂ ਹੀ ਹਾਂ-ਵਾਚੀ ਸ਼ਕਤੀਆਂ ਮਨੁੱਖ ਦਾ ਸੰਗ-ਸਾਥ ਦੇਣ ਲਈ ਉਸ ਨਾਲ ਹੋ ਜਾਂਦੀਆਂ ਹਨ। ਉੱਦਮੀ ਬੰਦੇ ਦਾ ਤਨ ਤੇ ਮਨ ਇਕਸੁਰ ਹੋ ਜਾਂਦੇ ਹਨ। ਫਿਰ ‘ਉਦਮੁ ਕਰਤ ਆਨਦੁ ਭਇਆ' ਵਾਲੀ ਹਾਲਤ ਹੋ ਜਾਂਦੀ ਹੈ। ਪੰਜਾਬੀ ਦੀ ਕਹਾਵਤ ਹੈ- ‘ਹਿੰਮਤ ਦਾ ਹਮਾਇਤੀ ਰੱਬ।' ਭਾਵ ਸਾਰੀ ਕਾਇਨਾਤ ਉਸ ਦੀ ਹਮਾਇਤ ਵਿੱਚ ਹੋਣ ਲੱਗਦੀ ਹੈ। ਇੱਕ ਹੋਰ ਆਖਾਣ ਹੈ- ‘ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ।' ਪੰਜਵੇਂ ਗੁਰੂ ਜੀ ਦੀਆਂ ਉੱਦਮ ਦੀ ਵਡਿਆਈ ਕਰਦੀਆਂ ਕਈ ਤੁਕਾਂ ਮਿਲਦੀਆਂ ਹਨ। ਇਨ੍ਹਾਂ ਵਿੱਚੋਂ ਤਿੰਨ ਇਸ ਪ੍ਰਕਾਰ ਹਨ:
ਉਦਮੁ ਕਰਤ ਮਨੁ ਨਿਰਮਲੁ ਹੋਆ॥
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।।
ਉਦਮੁ ਕਰਤ ਆਨਦੁ ਭਇਆ ਸਿਮਰਤੁ ਸੁਖ ਸਾਰੁ॥
ਹਰ ਵਾਰੀ ਨਵਾਂ ਸਾਲ ਚੜ੍ਹਨ 'ਤੇ ਖ਼ਰੀਦੀਆਂ ਡਾਇਰੀਆਂ ਦੇ ਮੁਢੱਲੇ ਪੰਨਿਆਂ ਉਤੇ ਕੁਝ ਸੋਹਣਾ-ਸੋਹਣਾ ਕਰਕੇ ਲਿਖਿਆ ਜਾਂਦਾ ਹੈ। ਅਗਲੇ ਪੰਨੇ ਅਕਸਰ ਖਾਲੀ ਰਹਿ ਜਾਂਦੇ ਹਨ। ਪਹਿਲੇ ਦਿਨਾਂ ਦਾ ਉਤਸ਼ਾਹ ਜਾਣੋ ਮੰਦਾ ਪੈ ਜਾਂਦਾ ਹੈ, ਪਰ ਉੱਦਮ ਕਰਦੇ ਰਹਿਣ ਨਾਲ ਜ਼ਿੰਦਗੀ ਦਾ ਹਰ ਵਰਕਾ ਸੋਹਣੀ ਇਬਾਰਤ ਨਾਲ ਸਜ ਜਾਂਦਾ ਹੈ। ਉਦਮ ਦੀ ਅਹਿਮੀਅਤ ਇਸ ਪੱਖੋਂ ਵੀ ਹੈ ਕਿ ਇਸ ਸਦਕਾ ਖੜੋਤ ਟੁੱਟਦੀ ਹੈ। ਨਵੇਂ ਤੋਂ ਨਵਾਂ ਸਿੱਖਦਿਆਂ, ਅਕੇਵਾਂ ਪੈਦਾ ਕਰਦੀ ਰੱਟ ਵਿੱਚੋਂ ਨਿਕਲ ਨਵੇਂ ਰਾਹਾਂ 'ਤੇ ਤੁਰਨ ਦਾ ਚਾਅ ਪੈਦਾ ਹੁੰਦਾ ਹੈ। ਜੀਵਨ-ਲੈਅ ਨਾਲ ਜੁੜ ਕੇ ਆਪਣੇ ਜੀਵਨ-ਰਸ ਨੂੰ ਨਵਿਆਉਣ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ। ਉੱਦਮ ਸਦਾ ਹਾਂ-ਵਾਚੀ ਹੁੰਦਾ ਹੈ। ਕਿਸੇ ਬੇਦੋਸ਼ੇ ਦੀ ਜਾਨ ਲੈਣ ਨੂੰ ਉੱਦਮ ਨਹੀਂ ਕਿਹਾ ਜਾ ਸਕਦਾ। ਕਿਸੇ ਡੁੱਬਦੇ ਨੂੰ ਬਚਾਉਣਾ, ਕਿਸੇ ਦੁਰਘਟਨਾ ਦੇ ਸ਼ਿਕਾਰ ਵਿਅਕਤੀ ਨੂੰ ਤਤਕਾਲ ਹਸਪਤਾਲ ਪਹੁੰਚਾਉਣਾ ਉੱਦਮ ਹੋਵੇਗਾ। ਉੱਦਮੀ ਹੋਣਾ ਨਿੱਜ ਅਤੇ ਪਰ ਦੋਹਾਂ ਲਈ ਕਲਿਆਣਕਾਰੀ ਹੁੰਦਾ ਹੈ। ਆਲਸ ਨੂੰ ਤਿਆਗਣਾ, ਦੁਚਿਤੀ ਨੂੰ ਛੰਡਣਾ, ਕੀਤੇ ਜਾਣ ਵਾਲੇ ਕਾਰਜ ਬਾਰੇ ਸਪੱਸ਼ਟਤਾ ਤੇ ਕੁਰਬਾਨੀ ਦਾ ਜਜ਼ਬਾ ਉੱਦਮੀ ਵਿੱਚ ਸਹਿਜੇ ਹੀ ਆ ਜਾਂਦੇ ਹਨ।
ਕਈ ਵਿਅਕਤੀ ਬੜੇ ਉੱਦਮੀ ਹੁੰਦੇ ਹਨ। ਕਈ ਪਰਵਾਰ ਇਸ ਭਾਂਤ ਦੇ ਹੁੰਦੇ ਹਨ ਅਤੇ ਕਈ ਕੌਮਾਂ ਦਾ ਸੁਭਾਅ ਉੱਦਮੀ ਬਣ ਜਾਂਦਾ ਹੈ। ਅਸਲ ਵਿੱਚ ਜੋ ਕੋਈ ਉੱਦਮ ਨਾਲ ਲੈਸ ਹੁੰਦਾ ਹੈ, ਉਸ ਲਈ ਔਕੜਾਂ ਰਾਹ ਦੇ ਅੜਿੱਕੇ ਨਹੀਂ ਬਣਦੀਆਂ। ਉੱਦਮੀ ਉਨ੍ਹਾਂ ਨੂੰ ਚੁਣੌਤੀ ਵਜੋਂ ਲੈਂਦਾ ਹੈ। ਇਸ ਤਰ੍ਹਾਂ ਉਹ ਆਪਣੇ ਸਿਰੜ ਨਾਲ ਅੱਗੇ ਵਧਦਾ ਜਾਂਦਾ ਹੈ। ਆਪਣੇ ਮਾਨਸਿਕ ਦਿਸਹੱਦੇ ਨੂੰ ਵਿਸ਼ਾਲ ਕਰਨਾ, ਚੰਗੀਆਂ ਕਿਤਾਬਾਂ ਪੜ੍ਹ ਕੇ ਪ੍ਰੇਰਨਾ ਲੈਣੀ, ਨਰੋਈ ਸੋਚ ਵਾਲੇ ਬੰਦਿਆਂ ਦੀ ਸੰਗਤ ਮਾਣਨਾ, ਵਕਤ ਵਿਹਾ ਚੁੱਕੀਆਂ ਗੱਲਾਂ ਛੱਡ ਨਵੇਂ ਉਸਾਰੂ ਰੁਝਾਨਾਂ ਵੱਲ ਹੋ ਜਾਣਾ-ਅਜਿਹਾ ਕਿੰਨਾ ਕੁਝ ਵਿਅਕਤੀ ਨੂੰ ਉੱਦਮੀ ਬਣਾਉਂਦਾ ਹੈ। ਅੱਗੋਂ ਬੰਦੇ ਦੀ ਕਾਇਆ ਕਲਪ ਹੋ ਜਾਣੀ, ਉੱਦਮੀ ਹੋਣ ਦਾ ਪ੍ਰਤੀਫਲ ਹੈ। ਉੱਦਮੀ ਬੰਦੇ ਨੂੰ ਹਰ ਪਲ ਨਵੇਂ ਰੰਗ ਵਿੱਚ ਦਿੱਸਣ ਦੀ ਪ੍ਰਕਿਰਤੀ ਉਦਮ ਲਈ ਉਤਸ਼ਾਹਤ ਕਰਦੀ ਹੈ। ਦਿਨ-ਰਾਤ ਦੀ ਖੇਡ, ਸੋਹਣੀ ਸਵੇਰ, ਪਿਆਰੀ ਸ਼ਾਮ, ਕਦੇ ਦੁਪਹਿਰ, ਵਕਤ ਨੂੰ ਮਿਣਨ-ਗਿਣਨ ਦੇ ਆਹਰ ਲੱਗੀਆਂ ਘੜੀਆਂ ਅਤੇ ਘੰਟੇ, ਏਕਮ, ਦੂਜ, ਤੀਜ, ਦਸਮੀ, ਵਾਰੀ ਬੰਨ੍ਹੀ ਆਉਂਦੀ ਕਦੇ ਪੂਰਨਮਾਸ਼ੀ ਅਤੇ ਕਦੇ ਮੱਸਿਆ, ਕਦੇ ਘਟਦਾ-ਘਟਦਾ ਲੋਪ ਹੁੰਦਾ ਤੇ ਕਦੇ ਬਾਲ ਵਾਂਗ ਵਾਧੇ ਪਿਆ ਚੰਨ, ਕਦੇ ਤਾਰਾ ਕੋਈ-ਕੋਈ, ਕਦੇ ਸਾਰਾ ਅੰਬਰ ਜਗ-ਮਗ, ਜਗ-ਮਗ ਕਰਦਾ, ਖੇਤਾਂ ਵਿੱਚ ਗਨਗੌਰਾਂ ਵਾਂਗ ਜੰਮਦੀਆਂ ਫ਼ਸਲਾਂ, ਕਦੇ ਨਿੱਸਰਦੀਆਂ ਤੇ ਕਦੇ ਪੱਕਦੀਆਂ-ਅਜਿਹੇ ਭਾਂਤ-ਸੁਭਾਂਤੇ ਦਿ੍ਰਸ਼ ਮਨੁੱਖ ਦੇ ਉੱਦਮ ਨੂੰ ਹੁੰਗਾਮਾ ਦੇਈ ਜਾਂਦੇ ਹਨ।
ਇੱਕ ਦੂਜਾ ਪੱਖ ਵੀ ਹੈ, ਮਨੁੱਖ ਨੂੰ ਆਲੇ-ਦੁਆਲੇ ਦੇ ਸਮਾਜ ਤੋਂ ਬਿਨਾਂ ਕਈ ਪ੍ਰਕਾਰ ਦੇ ਪ੍ਰਬੰਧ ਜਿਵੇਂ ਰਾਜਨੀਤਕ ਤੇ ਆਰਥਿਕ ਵੀ ਪ੍ਰਭਾਵਿਤ ਕਰਦੇ ਹਨ। ਜਿੱਥੇ ਇਹ ਪ੍ਰਬੰਧ ਵਿਅਕਤੀ ਜਾਂ ਪਰਵਾਰ ਨੂੰ ਸਮਰੱਥਨ ਦੇਣ ਵਾਲੇ ਹੋਣ, ਉਥੇ ਵਿਅਕਤੀ ਦੇ ਉੱਦਮ ਨੂੰ ਚੰਗਾ ਫ਼ਲ ਪੈਂਦਾ ਹੈ। ਜਦੋਂ ਮਨੁੱਖ ਸਮੂਹ ਨਾਲ ਜੁੜਿਆ ਹੋਵੇ ਤਾਂ ਬੰਦਾ ਨਿਆਸਰਾ ਨਹੀਂ ਪ੍ਰਤੀਤ ਕਰਦਾ। ਪੰਜਾਬ ਵਿੱਚ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਕਿਸਾਨ ਸਾਰਾ-ਸਾਰਾ ਦਿਨ ਹੱਡ-ਭੰਨਵੀਂ ਮਿਹਨਤ ਕਰਦੇ ਸਨ। ਉੱਦਮੀ ਹੋਣ ਸਦਕਾ ਉਨ੍ਹਾਂ ਵਿੱਚ ਪਰਸਪਰ ਸਹਿਯੋਗ ਤੇ ਭਾਈਵਾਲੀ ਬਣੀ ਹੁੰਦੀ ਸੀ। ਕੋਈ ਸਮੱਸਿਆ ਹੁੰਦੀ ਤਾਂ ਸਾਰੇ ਸਿਰ ਜੋੜ ਕੇ ਉਸ ਨੂੰ ਹੱਲ ਕਰ ਲੈਂਦੇ। ਵਕਤ ਨੇ ਕਰਵਟ ਬਦਲੀ ਤੇ ਹਰ ਕੋਈ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰ ਰਿਹਾ ਹੈ। ਸਮੇਂ ਦੇ ਬਦਲਾਅ ਨਾਲ ਉੱਦਮ ਦੀ ਦਸ਼ਾ ਤੇ ਦਿਸ਼ਾ ਪਹਿਲਾਂ ਵਾਲੀ ਨਹੀਂ ਰਹੀ। ਪੂੰੰਜੀਵਾਦੀ ਪ੍ਰਬੰਧ ਦੇ ਗ਼ਲਬੇ ਨੇ ਮਜ਼ਦੂਰਾਂ ਤੇ ਕਿਸਾਨਾਂ ਦੇ ਰਵਾਇਤੀ ਰਿਸ਼ਤੇ ਲੱਗਭਗ ਖ਼ਤਮ ਕਰ ਦਿੱਤੇ। ਸੋ, ਉੱਦਮ ਵੀ ਨਵੀਂ ਸੋਚ ਅਤੇ ਵੱਖਰੇ ਢੰਗ-ਤਰੀਕਿਆਂ ਨਾਲ ਕਰਨਾ ਬਣਦਾ ਹੈ।
ਵਿੱਦਿਆ ਪ੍ਰਾਪਤੀ ਦੀਆਂ ਸਹੂਲਤਾਂ ਪਹੁੰਚ ਵਿੱਚ ਹੋਣ ਕਾਰਨ ਕੁੜੀਆਂ ਜਿਵੇਂ ਵੱਧ ਪੜ੍ਹਨ ਲਈ ਹੰਭਲਾ ਮਾਰਦੀਆਂ ਹਨ, ਇਹ ਬਦਲੇ ਪ੍ਰਸੰਗਾਂ ਵਿੱਚ ਉੱਦਮ ਦੀ ਸੋਹਣੀ ਮਿਸਾਲ ਹੈ। ਇਸੇ ਤਰ੍ਹਾਂ ਬਹੁਤੇ ਲੋਕ ਕੋਈ ਸਰੀਰਿਕ ਕਸ਼ਟ ਹੋਣ 'ਤੇ ਤਤਕਾਲ ਡਾਕਟਰੀ ਸਹਾਇਤਾ ਲੈਣ ਲਈ ਤਤਪਰ ਹੋਣ ਲੱਗੇ ਹਨ। ਸਿਹਤ ਸੰਭਾਲ ਪੱਖੋਂ ਸਹੀ ਗਿਆਨ ਲੈਣ ਅਤੇ ਫਿਰ ਲੰਮੀ ਉਮਰ ਤੱਕ ਤੰਦਰੁਸਤ ਰਹਿਣ ਲਈ ਯਤਨਸ਼ੀਲ ਹੋ ਰਹੇ ਹਨ।
ਜਦੋਂ ਦੇਸ ਗ਼ੁਲਾਮੀ ਦੀ ਜਕੜ ਵਿੱਚ ਸੀ ਤਾਂ ਸਰਾਭਾ, ਉਧਮ ਸਿੰਘ, ਭਗਤ ਸਿੰਘ, ਰਾਜਗੂਰ, ਸੁਖਦੇਵ ਜਿਹੇ ਦੇਸ਼ ਦੇ ਕਿੰਨੇ ਹੀ ਨੌਜਵਾਨ ਅੱਗੇ ਆਏ। ਕਿਸੇ ਵੱਡੇ ਆਦਰਸ਼ ਲਈ ਸ਼ਹੀਦੀ ਪਾ ਜਾਣਾ ਉਨ੍ਹਾਂ ਦਾ ਅਨੋਖਾ ਉੱਦਮ ਆਖਿਆ ਜਾ ਸਕਦਾ ਹੈ। ਅਜੋਕੇ ਸਮੇਂ ਵਿੱਚ ਸਾਡੇ ਨੌਜਵਾਨ ਤੇ ਮੁਟਿਆਰਾਂ ਜਿੱਥੇ ਕਿਤੇ ਵੀ ਪੈਰ ਟਿਕਾਉਣ ਨੂੰ ਜਗ੍ਹਾ ਮਿਲਦੀ ਦਿੱਸਦੀ ਹੈ, ਉਡ ਕੇ ਜਾ ਰਹੇ ਹਨ। ਧਰਤੀ ਦਾ ਕੋਈ ਕੋਨਾ ਵੀ ਉਨ੍ਹਾਂ ਲਈ ਓਪਰਾ ਨਹੀਂ ਹੈ। ਮੁੱਕਦੀ ਗੱਲ, ‘ਹਾਸ਼ਮ ਫ਼ਤਹ ਨਸੀਬ ਤਿਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ।'

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’