Welcome to Canadian Punjabi Post
Follow us on

29

March 2024
 
ਨਜਰਰੀਆ

ਪ੍ਰਧਾਨ ਮੰਤਰੀ ਮੋਦੀ ਦੇ ਨਾਂਅ ਖੁੱਲ੍ਹਾ ਪੱਤਰ

January 10, 2020 08:49 AM

-ਯੋਗੇਂਦਰ ਯਾਦਵ
ਇਸ ਚਿੱਠੀ ਰਾਹੀਂ ਮੈਂ ਤੁਹਾਨੂੰ ਦੇਸ਼ ਦੇ ਹਿੱਤ ਵਿੱਚ ਤਤਕਾਲ ਕੁਝ ਕਦਮ ਚੁੱਕਣ ਦੀ ਬੇਨਤੀ ਕਰਨੀ ਚਾਹੁੰਦਾ ਹਾਂ। ਪਿਛਲੇ ਕੁਝ ਦਿਨਾਂ ਤੋਂ ਦੇਸ਼ 'ਚ ਜੋ ਹਾਲਾਤ ਬਣ ਰਹੇ ਹਨ, ਉਹ ਨਾ ਲੰਬੇ ਸਮੇਂ ਲਈ ਰਾਸ਼ਟਰੀ ਹਿੱਤ 'ਚ ਹਨ ਅਤੇ ਨਾ ਹੀ ਤੁਹਾਡੇ ਨਿੱਜੀ ਅਕਸ ਅਤੇ ਹਰਮਨ ਪਿਆਰਤਾ ਲਈ ਉਚਿਤ ਹਨ। ਜੇ ਤੁਸੀਂ ਤੱਤਕਾਲ ਕੁਝ ਐਲਾਨ ਕਰ ਦਿਓ ਤਾਂ ਦੇਸ਼ ਵਿੱਚ ਬਣ ਰਿਹਾ ਇਹ ਮਾਹੌਲ ਟਾਲਿਆ ਜਾ ਸਕਦਾ ਹੈ। ਆਸ ਹੈ ਕਿ ਤੁਸੀਂ ਇਸ ਬੇਨਤੀ 'ਤੇ ਤੁਰੰਤ ਵਿਚਾਰ ਕਰੋਗੇ।
ਪਿਛਲੇ ਇੱਕ ਮਹੀਨੇ ਭਰ ਤੋਂ ਦੇਸ਼ ਵਿੱਚ ਜੋ ਬੇਮਿਸਾਲ ਮਾਹੌਲ ਬਣਿਆ ਹੈ, ਉਹ ਤੁਹਾਡੇੇ ਤੋਂ ਲੁਕਿਆ ਨਹੀਂ। ਮੇਰੀ ਜਾਣਕਾਰੀ ਟੀ ਵੀ, ਅਖਬਾਰ, ਫੋਨ ਅਤੇ ਸੋਸ਼ਲ ਮੀਡੀਆ ਤੱਕ ਸੀਮਿਤ ਹੈ, ਪਰ ਤੁਹਾਡੇ ਕੋਲ ਤਾਂ ਜਾਣਕਾਰੀ ਦੇ ਬਿਹਤਰ ਸਰੋਤ ਹੋਣਗੇ। ਜਦੋਂ ਤੋਂ ਨਾਗਰਿਕਤਾ ਸੋਧ ਕਾਨੂੰਨ ਨੂੰ ਪਾਰਲੀਮੈਂਟ ਵਿੱਚ ਪੇਸ਼ ਕੀਤਾ ਗਿਆ ਹੈ, ਉਦੋਂ ਤੋਂ ਦੇਸ਼ ਵਿੱਚ ਰੋਸ ਵਿਖਾਵੇ ਤੇ ਅੰਦੋਲਨ ਹੋ ਰਹੇ ਹਨ। ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਅਲੀਗੜ੍ਹ ਯੂਨੀਵਰਸਿਟੀ ਅਤੇ ਜਵਹਰ ਲਾਲ ਨਹਿਰੂ ਯੂਨੀਵਰਸਿਟੀ ਸਮੇਤ ਦੇਸ਼ ਦੇ ਅਨੇਕ ਕੈਂਪਸ 'ਚ ਵਿਦਿਆਰਥੀਆਂ ਉਤੇ ਇਸ ਦੌਰਾਨ ਪੁਲਸ ਦਾ ਜ਼ੁਲਮ ਹੋਇਆ, ਜਿਸ ਦੇ ਵਿਰੁੱਧ ਦੇਸ਼ 'ਚ ਨੌਜਵਾਨ ਖੜ੍ਹੇ ਹੋ ਰਹੇ ਹਨ। ਲੇਖਕ ਅਤੇ ਕਲਾਕਾਰ ਜੋ ਪਹਿਲਾਂ ਨਹੀਂ ਬੋਲ ਰਹੇ ਸਨ, ਉਹ ਵੀ ਅੱਜ ਬੋਲਣ 'ਤੇ ਮਜਬੂਰ ਹੋਣ ਲੱਗੇ ਹਨ। ਨਾਗਰਿਕਤਾ ਸੋਧ ਕਾਨੂੰਨ, ਰਾਸ਼ਟਰੀ ਨਾਗਰਿਕ ਰਜਿਸਟਰ ਅਤੇ ਮਰਦਮ ਸ਼ੁਮਾਰੀ ਦੇ ਰਾਸ਼ਟਰੀ ਰਜਿਸਟਰ ਬਾਰੇ ਅੱਜ ਵੱਖ-ਵੱਖ ਵਰਗ ਦੇ ਲੋਕਾਂ 'ਚ ਵੱਖ-ਵੱਖੇ ਤਰ੍ਹਾਂ ਦੀ ਚਿੰਤਾ ਹੈ।
ਪੂਰਬ-ਉੱਤਰ ਵਿੱਚ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਲੋਕਾਂ ਦੇ ਗੁੱਸੇ ਦੀ ਖਬਰ ਰਾਸ਼ਟਰੀ ਮੀਡੀਆ 'ਚ ਠੀਕ ਢੰਗ ਨਾਲ ਨਹੀਂ ਆਉਂਦੀ, ਪਰ ਤੁਹਾਡੇ ਤੱਕ ਇਹ ਪਹੁੰਚ ਰਹੀ ਹੋਵੇਗੀ। ਹਿੰਦੂ ਅਤੇ ਮੁਸਲਮਾਨ ਦੋਵੇਂ ਹੈਰਾਨ ਹਨ ਕਿ 1985 ਵਿੱਚ ਹੋਏ ਆਸਾਮ ਸਮਝੌਤੇ ਨੂੰ ਇਕਤਰਫਾ ਢੰਗ ਨਾਲ ਤੋੜ ਦਿੱਤਾ ਗਿਆ ਹੈ। ਉਨ੍ਹਾਂ ਨੂੰ ਡਰ ਹੈ ਕਿ ਬੰਗਲਾ ਦੇਸ਼ ਤੋਂ ਆਏ ਲੱਖਾਂ ਹਿੰਦੂ ਬੰਗਾਲੀਆਂ ਨੂੰ ਨਾਗਰਿਕਤਾ ਦੇ ਦਿੱਤੀ ਜਾਵੇਗੀ ਅਤੇ ਅਸਮੀਆ ਭਾਸ਼ਾ ਆਪਣੇ ਹੀ ਘਰ ਵਿੱਚ ਘੱਟ ਗਿਣਤੀ ਹੋ ਜਾਵੇਗੀ। ਇਹੀ ਡਰ ਤਿ੍ਰਪੁਰਾ ਦੇ ਹਿੰਦੂ ਆਦਿ ਵਾਸੀ ਸਮਾਜ ਦਾ ਵੀ ਹੈ, ਜੋ ਪਹਿਲਾਂ ਬੰਗਾਲੀ ਪਰਵਾਸੀਆਂ ਦੀ ਗਿਣਤੀ ਦੇ ਬੋਝ ਹੇਠਾਂ ਦੱਬ ਚੁੱਕਾ ਹੈ। ਇਹ ਡਰ ਉਨ੍ਹਾਂ ਰਾਜਾਂ ਵਿੱਚ ਵੀ ਹੈ, ਜਿਨ੍ਹਾਂ ਨੂੰ ਫਿਲਹਾਲ ਨਾਗਰਿਕਤਾ ਸੋਧ ਕਾਨੂੰਨ ਤੋਂ ਮੁਕਤ ਰੱਖਿਆ ਗਿਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਦੇਰ-ਸਵੇਰ ਉਨ੍ਹਾਂ ਦਾ ਵੀ ਨੰਬਰ ਆਵੇਗਾ। ਪੂਰਬ-ਉਤਰ ਦੇ ਇਸ ਨਾਜ਼ੁਕ ਇਲਾਕੇ ਦੇ ਕਰੋੜਾਂ ਨਾਗਰਿਕਾਂ ਨੂੰ ਅੱਜ ਆਪਣੀ ਪਛਾਣ ਗੁਆਚਣ ਦਾ ਡਰ ਹੈ।
ਉੱਤਰ ਪ੍ਰਦੇਸ਼ ਦੇ ਲਗਭਗ 20 ਕਰੋੜ ਮੁਸਲਮਾਨ ਨਾਗਰਿਕਾਂ ਨੂੰ ਭਾਰਤੀ ਨਾਗਰਿਕਤਾ ਖੁੱਸਣ ਦਾ ਡਰ ਹੈ। ਇਹ ਗੱਲ ਸਹੀ ਹੈ ਕਿ ਖਾਲੀ ਨਾਗਰਿਕਤਾ ਸੋਧ ਕਾਨੁੂੰਨ ਨਾਲ ਅਜਿਹੇ ਕਿਸੇ ਵਿਅਕਤੀ ਦੀ ਨਾਗਰਿਕਤਾ ਨਹੀਂ ਖੋਹੀ ਜਾ ਸਕਦੀ, ਜੋ ਅੱਜ ਭਾਰਤ ਦਾ ਨਾਗਰਿਕ ਹੈ, ਪਰ ਡਰ ਇਹ ਹੈ ਕਿ ਜਦੋਂ ਨਾਗਰਿਕਤਾ ਦਾ ਰਜਿਸਟਰ ਬਣੇਗਾ ਅਤੇ ਆਸਾਮ ਵਾਂਗ ਉਨ੍ਹਾਂ ਨੂੰ ਆਪਣੀ ਨਾਗਰਿਕਤਾ ਦਾ ਸਬੂਤ ਦੇਣ ਲਈ ਕਿਹਾ ਗਿਆ ਤਾਂ ਕਰੋੜਾਂ ਲੋਕ ਪੱਕੇ ਕਾਗਜ਼ ਨਾ ਦੇ ਸਕਣ ਕਾਰਨ ਸ਼ੱਕ ਦੇ ਘੇਰੇ ਵਿੱਚ ਆ ਜਾਣਗੇ। ਇਨ੍ਹਾਂ 'ਚ ਖਾਨਾਬਦੋਸ਼ ਅਤੇ ਗਰੀਬ ਲੋਕ ਹੋਣਗੇ, ਸਮਾਜ ਦੇ ਹਾਸ਼ੀਏ 'ਤੇ ਰਹਿਣ ਵਾਲੇ ਲੋਕ ਹੋਣਗੇ। ਇਸ ਹਾਲਤ ਵਿੱਚ ਨਾਗਰਿਕਤਾ ਸੋਧ ਕਾਨੂੰਨ ਕਾਰਨ ਗੈਰ ਮੁਸਲਿਮ ਲੋਕ ਫਿਰ ਵੀ ਬਚ ਜਾਣਗੇ, ਪਰ ਲੱਖਾਂ ਮੁਸਲਮਾਨਾਂ ਦੇ ਸਿਰ 'ਤੇ ਆਪਣੇ ਹੀ ਘਰ ਵਿੱਚ ਵਿਦੇਸ਼ੀ ਕਰਾਰ ਦਿੱਤੇ ਜਾਣ ਦੀ ਤਲਵਾਰ ਲਟਕ ਜਾਵੇਗੀ।
ਇਸ ਮਾਮਲੇ ਵਿੱਚ ਖਦਸ਼ਾ ਕਰਨ ਵਾਲੇ ਲੋਕਾਂ 'ਚ ਮੇਰੇ ਵਰਗੇ ਨਾਗਰਿਕ ਵੀ ਹਨ, ਜਿਨ੍ਹਾਂ ਨੂੰ ਸਿੱਧੇ-ਸਿੱਧੇ ਆਪਣੀ ਪਛਾਣ ਜਾਂ ਨਾਗਰਿਕਤਾ ਖੁੱਸਣ ਦਾ ਡਰ ਨਹੀਂ। ਸਾਡਾ ਡਰ ਆਪਣੀਆਂ ਸੰਵਿਧਨਕ ਕਦਰਾਂ-ਕੀਮਤਾਂ ਗੁਆਚਣ ਦਾ ਹੈ। ਡਰ ਇਹ ਹੈ ਕਿ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਨਾਗਰਕਿਤਾ ਨੂੰ ਧਰਮ ਨਾਲ ਜੋੜਨ 'ਤੇ ਸਾਡੇ ਸੰਵਿਧਾਨ ਦਾ ਧਰਮ ਨਿਰਪੱਖ ਚਰਿੱਤਰ ਨਹੀਂ ਬਚੇਗਾ। ਡਰ ਇਹ ਹੈ ਕਿ ਮੁਸਲਿਮ ਤੇ ਗੈਰ ਮੁਸਲਿਮ 'ਚ ਵਿਤਕਰਾ ਕਰਨ ਵਾਲਾ ਇਹ ਕਾਨੂੰਨ ਸਾਡੇ ਸੰਵਿਧਾਨ ਵਿੱਚ ਮਿਲੇ ਬਰਾਬਰੀ ਦੇ ਮੌਲਿਕ ਅਧਿਕਾਰ ਦਾ ਘਾਣ ਕਰਦਾ ਹੈ। ਡਰ ਇਹ ਹੈ ਕਿ ਅਜਿਹੇ ਕਾਨੂੰਨ ਪਾਸ ਕਰ ਕੇ ਅਸੀਂ ਮੁਹੰਮਦ ਅਲੀ ਜਿੱਨਾਹ ਦੇ ਉਸ ਦੋ ਕੌਮਾਂ ਦੇ ਸਿਧਾਂਤ ਨੂੰ ਪ੍ਰਵਾਨ ਕਰ ਰਹੇ ਹਾਂ, ਜਿਸ ਨੂੰ ਸਾਡੇ ਆਜ਼ਾਦੀ ਦੇ ਅੰਦੋਲਨ ਨੇ ਰੱਦ ਕੀਤਾ ਸੀ। ਤੁਹਾਡੀ ਸਰਕਾਰ ਅਤੇ ਤੁਹਾਡੀ ਪਾਰਟੀ ਦਾ ਮੰਨਣਾ ਹੈ ਕਿ ਇਹ ਸਭ ਫਰਜ਼ੀ ਹਨ। ਤੁਸੀਂ ਵਾਰ-ਵਾਰ ਕਿਹਾ ਹੈ ਕਿ ਇਸ ਮੁੱਦੇ 'ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਅਤੇ ਲੋਕਾਂ 'ਚ ਝੂਠੇ ਡਰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਮੈਂ ਤੁਹਾਡੇ ਗ੍ਰਹਿ ਮੰਤਰੀ ਦੇ ਬਿਆਨਾਂ ਅਤੇ ਸਰਕਾਰੀ ਦਸਤਾਵੇਜ਼ਾਂ ਨੂੰ ਧਿਆਨ ਨਾਲ ਪੜ੍ਹਿਆ ਹੈ। ਮੈਨੂੰ ਨਹੀਂ ਜਾਪਦਾ ਕਿ ਇਨ੍ਹਾਂ ਤਿੰਨਾਂ ਗਰੁੱਪਾਂ ਦੇ ਡਰ ਨਿਰਾਧਾਰ ਹਨ, ਪਰ ਜੇ ਇੱਕ ਵਾਰ ਮੰਨ ਵੀ ਲਈਏ ਕਿ ਲੋਕ ਬਿਨਾਂ ਕਾਰਨ ਡਰੇ ਹੋਏ ਹਨ, ਫਿਰ ਵੀ ਉਹ ਡਰੇ ਹੋਏ ਹਨ। ਦੇਸ਼ ਦੀ ਇੰਨੀ ਵੱਡੀ ਆਬਾਦੀ ਜੇ ਡਰ ਅਤੇ ਖਦਸ਼ੇ ਤੋਂ ਪ੍ਰਭਵਤ ਹੈ ਤਾਂ ਉਸ ਦੀ ਚਿੰਤਾ ਤਾਂ ਤੁਹਾਨੂੰ ਹੋਣੀ ਚਾਹੀਦੀ ਹੈ। ਤੁਸੀਂ ਵੀ ਚਾਹੋਗੇ ਕਿ ਜਨਤਾ ਦੇ ਮਨ 'ਚੋਂ ਡਰ ਖਤਮ ਹੋਵੇ ਤੇ ਉਸ ਤੋਂ ਬਾਅਦ ਹੀ ਇਸ ਤਰ੍ਹਾਂ ਦੇ ਕਾਨੂੰਨਾਂ ਨੂੰ ਲਾਗੂ ਕੀਤਾ ਜਾਵੇ। ਤੁਸੀਂ ਵੀ ਜਾਣਦੇ ਹੋ ਕਿ ਇਸ ਕਾਨੂੰਨ ਨੂੰ ਇਕਦਮ ਲਾਗੂ ਕਰਨ ਦੀ ਕੋਈ ਕਾਹਲੀ ਨਹੀਂ ਹੈ। ਜੇ ਇਸ ਕਾਨੂੰਨ ਨੂੰ ਸਹੀ ਮੰਨ ਵੀ ਲਈਏ, ਤਾਂ ਵੀ ਇਸ ਨੂੰ ਦੋ ਸਾਲ, ਪੰਜ ਸਾਲ ਲਾਗੂ ਨਾ ਕਰਨ ਨਾਲ ਦੇਸ਼ ਦਾ ਕੋਈ ਵੱਡਾ ਨੁਕਸਾਨ ਹੋਣ ਵਾਲਾ ਨਹੀਂ ਹੈ।
ਇਸ ਲਈ ਮੈਂ ਤੁਹਾਨੂੰ ਇਹ ਬੇਨਤੀ ਕਰ ਰਿਹਾ ਹਾਂ ਕਿ ਦੇਸ਼ ਵਿੱਚ ਪੇਦਾ ਡਰ, ਖਦਸ਼ਾ, ਤਣਾਅ, ਪ੍ਰਤੀਰੋਧ ਅਤੇ ਘਾਣ ਦੇ ਮਾਹੌਲ ਨੂੰ ਦੇਖਦੇ ਹੋਏ ਤੁਸੀਂ ਨਾਗਰਿਕਤਾ ਦੇ ਸਾਰੇ ਮਾਮਲੇ 'ਤੇ ਕਿਸੇ ਵੀ ਕਾਰਵਾਈ ਨੂੰ ਇਕਦਮ ਰੋਕ ਦਿਓ। ਜੇ ਤੁਸੀਂ ਆਪਣੇ ਅਹੁਦੇ ਤੋਂ ਦੇਸ਼ ਦੀ ਜਨਤਾ ਨੂੰ ਸਪੱਸ਼ਟ ਭਰੋਸਾ ਦਿੰਦੇ ਹੋ ਤਾਂ ਤੁਹਾਡੀ ਸਰਕਾਰ ਜਨਤਾ ਨਾਲ ਗੱਲਬਾਤ ਕਰ ਕੇ ਇਸ ਮੁੱਦੇ 'ਤੇ ਇੱਕ ਰਾਏ ਬਣਾਏਗੀ ਤੇ ਉਸ ਨੂੰ ਲਾਗੂ ਕੀਤਾ ਜਾਵੇਗਾ ਤਾਂ ਇਕਦਮ ਦੇਸ਼ ਦਾ ਮਾਹੌਲ ਵਧੀਆ ਹੋਵੇਗਾ।
ਇਸ ਭਰੋਸੇ ਦਾ ਮਤਲਬ ਹੈ ਕਿ ਸਰਕਾਰ ਐਲਾਨੇ ਕਿ ਅਪ੍ਰੈਲ ਦੇ ਮਹੀਨੇ ਵਿੱਚ ਸ਼ੁਰੂ ਹੋ ਰਹੀ ਮਰਦਮ ਸ਼ੁਮਾਰੀ ਦੀ ਪ੍ਰਕਿਰਿਆ 'ਚੋਂ ਉਹ ਦੋ ਸਵਾਲ ਹਟਾ ਦਿੱਤੇ ਜਾਣਗੇ, ਜਿਨ੍ਹਾਂ ਬਾਰੇ ਨਾਗਰਿਕਤਾ ਦਾ ਡਰ ਹੈ ਭਾਵ ਕਿ ਰਾਸ਼ਟਰੀ ਆਬਾਦੀ ਰਜਿਸਟਰ ਵਿੱਚ ਇਹ ਨਵੇਂ ਸਵਾਲ ਨਹੀਂ ਜੋੜੇ ਜਾਣਗੇ, ਜੋ ਹਰ ਨਾਗਰਿਕ ਦੇ ਮਾਂ-ਪਿਓ ਦੇ ਜਨਮ ਸਥਾਨ ਅਤੇ ਜਨਮ ਦੀ ਤਰੀਕ ਪੁੱਛਦੇ ਹਨ। ਨਾਲ ਹੀ ਤੁਸੀਂ ਇਸ਼ਾਰੇ ਕਰਨ ਦੀ ਬਜਾਏ ਸਪੱਸ਼ਟ ਐਲਾਨ ਕਰੋ ਕਿ ਰਾਸ਼ਟਰੀ ਨਾਗਰਿਕ ਰਜਿਸਟਰ ਬਣਾਉਣ ਦੀ ਸਰਕਾਰ ਦੀ ਕੋਈ ਯੋਜਨਾ ਨਹੀਂ ਹੈ ਜਾਂ ਤੁਸੀਂ ਕੋਈ ਸਮਾਂ ਮਿਆਦ ਨਿਰਧਾਰਤ ਕਰ ਸਕਦੇ ਹੋ, ਉਦੋਂ ਤੱਕ ਸਰਕਾਰ ਇਸ ਰਜਿਸਟਰ 'ਤੇ ਕਾਰਵਾਈ ਨਹੀਂ ਕਰੇਗੀ। ਇਸ ਨੂੰ ਪੱਕਾ ਕਰਨ ਲਈ ਤੁਸੀਂ ਇਹ ਐਲਾਨ ਕਰ ਸਕਦੇ ਹੋ ਕਿ ਹਾਲਾਂਕਿ ਨਾਗਰਿਕਤਾ ਸੋਧ ਕਾਨੂੰਨ ਪਾਰਲੀਮੈਂਟ 'ਚ ਪਾਸ ਹੋ ਚੁੱਕਾ ਹੈ, ਉਸ 'ਤੇ ਰਾਸ਼ਟਰਪਤੀ ਦੇ ਦਸਤਖਤ ਹੋ ਚੁੱਕੇ ਹਨ, ਪਰ ਉਸ ਨੂੰ ਸਰਕਾਰ ਅਜੇ ਨੋਟੀਫਾਈ ਨਹੀਂ ਕਰੇਗੀ ਤਾਂ ਕਿ ਉਸ 'ਤੇ ਤੱਤਕਾਲ ਅਮਲ ਸ਼ੁਰੂ ਨਾ ਹੋਵੇ। ਉਸ ਦੇ ਲਈ ਵੀ ਤੁਸੀਂ ਕੋਈ ਸਮਾਂ ਮਿਆਦ ਐਲਾਨ ਸਕਦੇ ਹੋ।
ਪ੍ਰਧਾਨ ਮੰਤਰੀ ਜੀ ਕੁਝ ਮਹੀਨੇ ਪਹਿਲਾਂ ਹੀ ਇਸ ਦੇਸ਼ ਦੀ ਜਨਤਾ ਨੇ ਤੁਹਾਨੂੰ ਦੁਬਾਰਾ ਸੱਤਾ ਸੌਂਪੀ ਹੈ। ਮੇਰੇ ਵਰਗੇ ਵਿਰੋਧੀਆਂ ਦੀ ਗੱਲ ਨਾ ਸੁਣ ਕੇ ਜਨਤਾ ਨੇ ਤੁਹਾਡੇ 'ਚ ਭਰੋਸਾ ਪ੍ਰਗਟਾਇਆ ਹੈ। ਇਸ ਲਈ ਮੈਨੂੰ ਯਕੀਨ ਹੈ ਕਿ ਜੇ ਤੁਸੀਂ ਸਪੱਸ਼ਟ ਸ਼ਬਦਾਂ ਵਿੱਚ ਇਹ ਐਲਾਨ ਕਰੋਗੇ ਕਿ ਦੇਸ਼ ਵਿੱਚ ਅੱਜ ਜੋ ਖਦਸ਼ਾ ਅਤੇ ਤਣਾਅ ਦਾ ਮਾਹੌਲ ਹੈ, ਉਹ ਇਕਦਮ ਸੁਧਰ ਜਾਵੇਗਾ। ਮੈਨੂੰ ਇਹ ਵੀ ਯਕੀਨ ਹੈ ਕਿ ਆਪਣੇ ਅਹੁਦੇ ਦੀ ਸ਼ਾਨ ਨੂੰ ਦੇਖਦੇ ਹੋਏ ਤੁਸੀਂ ਅਜਿਹੀ ਹੋਰ ਕੋਈ ਟਿੱਪਣੀ ਨਹੀਂ ਕਰੋਗੇ, ਜਿਸ ਨਾਲ ਹਾਲਾਤ ਹੋਰ ਵਿਗੜਨ।
ਨੇਤਾ ਆਉਣਗੇ, ਜਾਣਗੇ ਪਾਰਟੀਆਂ ਚੋਣਾਂ ਜਿੱਤਣਗੀਆਂ-ਹਾਰਨੀਆਂ, ਪਰ ਦੇਸ਼ ਦਾ ਹਿੱਤ ਸਭ ਤੋਂ ਉਪਰ ਹੈ। ਮੈਨੂੰ ਯਕੀਨ ਹੈ ਕਿ ਤੁਸੀਂ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਅਜਿਹਾ ਕੋਈ ਕਦਮ ਚੁੱਕੋਗੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ