ਇਹ ਪਾਵਨ ਅਸਥਾਨ ਜੋ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨਾਲ ਸਬੰਧਿਤ ਹੈ, ਜਿ਼ਲਾ ਓਕਾੜਾ ਦੇ ਕਸਬੇ ਸਤਘਰਾ ਤੋ ਉਂਝ ਤਾ ਚੋਖਾ ਦੂਰ ਹੈ, ਪਰ ਇਸ ਨਾਲ ਹੀ ਜੋੜਿਆ ਜਾਦਾ ਹੈ । ਇਸ ਥਾ ਅੱਪੜਨ ਵਾਸਤੇ ਪੱਤੋਕੀ ਤੋ ਹੰਜਰਾ ਰਾਹੀ ਪੱਕੀ ਸੜਕ ਪਿੰਡ ਮੇਘੇ ਵਿੱਚ ਜਾਦੀ ਹੈ। ਇਸ ਪਿੰਡ ਮੇਘੇ ਦੇ ਨੇੜੇ ਕੋਈ ਚਾਰ ਕਿਲੋਮੀਟਰ ਦੂਰ ਇਹ ਅਸਥਾਨ ਹੈ।ਇੱਕ ਸੜਕ ਜਿਹਨੂੰ ਹੱਲਾ ਚੂਚਕ ਰੋਡ ਵੀ ਆਖਿਆ ਜਾਦਾ ਹੈ, ਇਸ ਰਾਹੀ ਹੱਲੇ ਤੋਂ ਵੀ ਮੇਘੇ ਆਇਆ ਜਾ ਸਕਦਾ ਹੈ ਅਤੇ ਸਤਘਰੇ ਤੋਂ ਚੂਚਕ ਰਾਹੀ ਵੀ ਇਸੇ ਸੜਕ ਉੱਤੇ ਅੱਪੜਿਆ ਜਾ ਸਕਦਾ ਹੈ।ਇੱਥੇ ਸਤਿਗੁਰੂ ਨਾਨਕ ਦੇਵ ਜੀ ਅਲਪੇ ਤੋਂ ਚੱਲ ਕੇ ਆਏ ਸਨ । ਇੱਥੇ ਆਪ ਨੇ ਇੱਕ ਸ਼ਾਹੂਕਾਰ ਦਾ ਦੁੱਖ ਦੂਰ ਕੀਤਾ ਅਤੇ ਇਹ ਸ਼ਬਦ ਉਚਾਰਿਆ ਸਹੰਸਰ ਦਾਨ ਦੇ ਇੰਦ ਰੁਆਇਆ ?
ਪਹਿਲੋ ਇਹ ਗੁਰੂ ਅਸਥਾਨ ਸਧਾਰਨ ਜਿਹਾ ਬਣਿਆ ਹੋਇਆ ਸੀ।ਫਿਰ 31 ਮਾਰਚ, 1935 ਨੂੰ ਨਵੀ ਉਸਾਰੀ ਅਰੰਭ ਹੋਈ ਜਿਸ ਦਾ ਨੀਹ ਪੱਥਰ ਇਹਨਾ ਪੰਜ ਪਿਆਰਿਆ ਨੇ ਰੱਖਿਆ :
1 ਭਾਈ ਸੰਤ ਨਰਿੰਜਨ ਸਿੰਘ ਜੀ ਅਜੀਤਸਰ ਵਾਲੇ
2 ਭਾਈ ਸੰਗਤ ਸਿੰਘ ਜੀ ਗੁਰਦੁਆਰਾ ਸੰਗਰਾਣਾ ਸਾਹਿਬ ਵਾਲੇ
3 ਭਾਈ ਪ੍ਰਧਾਨ ਸਿੰਘ ਜੀ ਰਾਗੀ, ਫਰੋਕਾ, ਜ਼ਿਲਾ ਸਰਗੋਧਾ ਵਾਲੇ
4 ਭਾਈ ਰਾਮ ਸਿੰਘ ਜੀ ਮਿੰਟਗੁਮਰੀ ( ਸਾਹੀਵਾਲ ) ਵਾਲੇ
5 ਭਾਈ ਲਾਭ ਸਿੰਘ ਜੀ ਗਰੰਥੀ ਰੀਨਾਲਾ ਖੁਰਦ ਵਾਲੇ।
ਇਸ ਦੀ ਤਾਮੀਰ ਦਾ ਕੰਮ ਜਿੱਥੇ ਰੁਕਿਆ ਸੀ ਅੱਜ ਤੱਕ ਉੱਥੇ ਹੀ ਰੁਕਿਆ ਹੋਇਆ ਹੈ।ਵਿਸਾਖੀ ਦਾ ਭਾਰੀ ਮੇਲਾ ਜੁੜਦਾ ਸੀ, ਜੋ ਹੁਣ ਅਲੋਪ ਹੋ ਚੁੱਕਿਆ ਹੈ।