ਟੋਰਾਂਟੋ, 22 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਹਫਤੇ ਜਦੋਂ ਤੋਂ ਮੈਰੀਜੁਆਨਾ ਦਾ ਕਾਨੂੰਨੀਕਰਨ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਹ 11 ਗੈਰਲਾਇਸੰਸਸ਼ੁਦਾ ਡਿਸਪੈਂਸਰੀਆਂ ਬੰਦ ਕਰ ਚੁੱਕੇ ਹਨ।
ਇਹ ਵੀ ਦੱਸਿਆ ਗਿਆ ਕਿ ਪ੍ਰੋਵਿੰਸ ਦੇ ਨਵੇਂ ਕੈਨਾਬਿਸ ਐਕਟ ਤਹਿਤ ਮਾਰੇ ਗਏ ਛਾਪਿਆਂ ਦੌਰਾਨ 21 ਵਿਅਕਤੀਆਂ ਨੂੰ ਚਾਰਜ ਕੀਤਾ ਜਾ ਚੁੱਕਿਆ ਹੈ ਤੇ ਰਿਹਾਅ ਕੀਤਾ ਜਾ ਚੁੱਕਿਆ ਹੈ। ਪੁਲਿਸ ਅਧਿਕਾਰੀ ਪੰਜ ਗੈਰਲਾਇਸੰਸਸ਼ੁਦਾ ਸ਼ਾਪਸ ਸੁ਼ੱਕਰਵਾਰ ਦੁਪਹਿਰੇ ਤੇ ਛੇ ਹੋਰ ਸ਼ਾਪਸ ਵੀਕੈਂਡ ਉੱਤੇ ਬੰਦ ਕਰਵਾ ਚੁੱਕੇ ਹਨ। ਪੁਲਿਸ ਦਾ ਕਹਿਣਾ ਹੈ ਕਿ ਉਹ ਮੈਰੀਜੁਆਨਾ ਦੇ ਕਾਨੂੰਨੀਕਰਨ ਤੋਂ ਬਾਅਦ ਗੈਰਲਾਇਸੰਸਸ਼ੁਦਾ ਡਿਸਟ੍ਰੀਬਿਊਟਰਜ਼ ਉੱਤੇ ਕਾਰਵਾਈ ਕਰਨੀ ਜਾਰੀ ਰੱਖਣਗੇ।
ਓਨਟਾਰੀਓ ਵਿੱਚ ਕਾਨੂੰਨੀ ਮਾਨਤਾ ਪ੍ਰਾਪਤ ਮੈਰੀਜੁਆਨਾ ਰੀਟੇਲਰ ਸਰਕਾਰ ਵੱਲੋਂ ਆਨਲਾਈਨ ਚਲਾਇਆ ਜਾਣ ਵਾਲਾ ਸਟੋਰ ਹੈ। ਗੈਰਕਾਨੂੰਨੀ ਸਟੋਰਜ਼, ਜਿਹੜੇ ਕਾਨੂੰਨ ਦੇ ਦਾਇਰੇ ਵਿੱਚ ਆਉਣਾ ਚਾਹੁੰਦੇ ਹਨ, ਨੂੰ ਪਹਿਲਾਂ ਹੀ ਇਹ ਦੱਸਿਆ ਜਾ ਚੁੱਕਿਆ ਸੀ ਕਿ ਜੇ ਉਹ 17 ਅਕਤੂਬਰ ਤੋਂ ਪਹਿਲਾਂ ਆਪਣਾ ਕੰਮ ਬੰਦ ਕਰ ਦਿੰਦੇ ਹਨ ਤਾਂ ਉਹ ਰੀਟੇਲ ਲਾਇਸੰਸ ਲਈ ਅਪਲਾਈ ਕਰ ਸਕਦੇ ਹਨ।