Welcome to Canadian Punjabi Post
Follow us on

29

March 2024
 
ਦੇਸ਼ ਦੁਨੀਆ

ਗੁਰਦੁਆਰਾ ਭਾਈ ਲਾਲੋ ਦੀ ਖੂਹੀ, ਐਮਨਾਆਬਾਦ, ਗੁੱਜਰਾਂਵਾਲਾ

January 06, 2020 07:49 AM

 

ਭਾਈ ਲਾਲੋ ਸੈਦਪੁਰ ਐਮਨਾਆਬਾਦ ਨਿਵਾਸੀ ਘਟੌੜਾ ਜਾਤ ਦਾ ਇੱਕ ਤਰਖਾਣ ਸੀ। ਸਤਿਗੁਰ ਨਾਨਕ ਦੇਵ ਜੀ ਜਦ ਐਮਨਾਆਬਾਦ ਆਏ ਤਾਂ ਇਸ ਦੇ ਘਰ ਹੀ ਠਹਿਰੇ। ਇੱਥੇ ਹੀ ਮਹਾਰਾਜ ਨੇ 'ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ ॥" ਤਿਲੰਗ ਰਾਗ ਵਿੱਚ ਸ਼ਬਦ ਉਚਾਰਿਆ। ਮਲਿਕ ਭਾਗੋ ਨਾਮੀ ਇੱਕ ਬੰਦਾ ਜੋ ਐਮਨਾਆਬਾਦ ਦੇ ਹਾਕਿਮ ਦਾ ਅਹਿਲਕਾਰ ਸੀ, ਇੱਕ ਵਾਰ ਉਸਨੇ ਬ੍ਰਹਮਭੋਜ ਕੀਤਾ। ਉਸ ਨੇ ਗੁਰੂ ਜੀ ਨੂੰ ਵੀ ਬੁਲਾਇਆ ਤੇ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਇਸ ਉੱਤੇ ਉਸ ਨੂੰ ਗੁੱਸਾ ਆ ਗਿਆ। ਉਸ ਨੇ ਹੁਕਮ ਨਾਲ ਗੁਰੂ ਜੀ ਨੂੰ ਤਲਬ ਕੀਤਾ। ਗੁਰੂ ਸਾਹਿਬ ਨੇ ਭਰੀ ਕਚਿਹਰੀ ਵਿੱਚ ਉਹਦੇ ਮਾਹਲ ਪੂੜਿਆਂ ਨੂੰ ਆਪਣੇ ਇੱਕ ਹੱਥ ਵਿੱਚ ਤੇ ਦੂਜੇ ਹੱਥ ਵਿੱਚ ਲਾਲੋ ਤਰਖਾਣ ਦੀ ਸੁੱਕੀ ਰੋਟੀ ਨੂੰ ਨਿਚੋੜਿਆ ਤਾਂ ਮਲਿਕ ਭਾਗੋ ਦੇ ਮਾਹਲ ਪੂੜਿਆਂ ਵਿੱਚੋਂ ਖੂਨ ਟਪਕਣ ਲੱਗ ਪਿਆ ਤੇ ਭਾਈ ਲਾਲੋ ਦੀ ਸੁੱਕੀ ਰੋਟੀ ਵਿੱਚੋਂ ਦੁੱਧ ਸਿੰਮਣ ਲੱਗ ਪਿਆ । ਆਪ ਜੀ ਨੇ ਫਰਮਾਇਆ ਤੇਰੀ ਕਮਾਈ ਅੰਦਰ ਗਰੀਬਾਂ ਦਾ ਚੂਸਿਆ ਹੋਇਆ ਖੂਨ ਹੈ ਜਦਕਿ ਇਸ ਤਰਖਾਣ ਦੀ ਰੋਟੀ ਵਿੱਚ ਇਸਦੀ ਹਲਾਲ ਦੀ ਮਿਹਨਤ ਦਾ ਦੁੱਧ ਹੈ। ਇਹ ਹੀ ਵਜਾ ਹੈ ਕਿ ਜੋ ਮੈ ਤੇਰੇ ਮਾਲ ਪੂੜਿਆਂ ਨੂੰ ਠੁਕਰਾ ਕੇ ਮਿਹਨਤ ਦੇ ਸੁੱਕੇ ਟੁੱਕਰ ਚੰਗੇ ਜਾਣੇ।
ਭਾਈ ਲਾਲੋ ਦੇ ਘਰ ਜਿੱਥੇ ਗੁਰੂ ਸਾਹਿਬ ਠਹਿਰੇ, ਉੱਥੇ ਗੁਰਦੁਆਰਾ ਬਣਾ ਦਿੱਤਾ ਗਿਆ । ਇਸ ਨੂੰ ਗੁਰਦੁਆਰਾ ਭਾਈ ਲਾਲੋ ਦੀ ਖੂਹੀ ਆਖਿਆ ਜਾਂਦਾ ਹੈ। ਉਹ ਖੂਹ ਜਿਸ ਵਿੱਚ ਗੁਰੂ ਜੀ ਪਾਣੀ ਪੀਦੇ ਰਹੇ, ਉਹ ਖੂਹ ਅੱਜ ਵੀ ਮੌਜ਼ੂਦ ਹੈ। 1947 ਮਗਰੋਂ ਇੱਥੇ ਇੱਕ ਸ਼ਰਨਾਰਥੀ ਪਰਿਵਾਰ ਆਣ ਵਸਿਆ ਸੀ । 1989 ਵਿੱਚ ਸਰਦਾਰ ਸੁਰਜੀਤ ਸਿੰਘ ਪਨੇਸਰ ਹੋਰਾਂ ਵਿਦੇਸ਼ੀ ਸੰਗਤ ਦੇ ਪੈਸੇ ਨਾਲ ਇਸ ਗੁਰਦੁਆਰੇ ਨੂੰ ਖਰੀਦ ਲਿਆ ਤੇ ਇਸਦੀ ਉਸਾਰੀ ਕੀਤੀ । ਇਸ ਵਿੱਚ ਮੌਜੂਦ ਖੁਦ ਨੂੰ ਇੱਕ ਥੜਾ ਬਣਾਕੇ ਬੰਦ ਕਰ ਦਿੱਤਾ ਹੈ ਅਤੇ ਉਸ ਦੇ ਕੋਲ ਹੀ ਥੋੜ੍ਹੀ ਵਿੱਥ ਉੱਤੇ ਇੱਕ ਹੋਰ ਖੂਹ ਬਣਾਕੇ ਉਸ ਉੱਤੇ ਇੱਕ ਸੁੰਦਰ ਛਤਰੀ ਬਣਾ ਦਿੱਤੀ ਹੈ । ਅਸਲ ਖੂਹ ਇਸ ਤੋਂ ਕੋਈ ਦੋ ਮੀਟਰ ਸੱਜੇ ਪਾਸੇ ਇੱਕ ਥੜੇ ਦੇ ਥੱਲੇ ਹੈ । ਆਸ ਹੈ ਕਿ ਇਹ ਗੁਰਦੁਆਰਾ ਵੀ ਸਿੱਖ ਸੰਗਤਾ ਦੇ ਦਰਸ਼ਨਾਂ ਵਾਸਤੇ ਖੋਲ੍ਹ ਦਿੱਤਾ ਜਾਵੇਗਾ।

 
Have something to say? Post your comment