ਕੈਨੇਡੀਅਨ ਪੰਜਾਬੀ ਪੋਸਟ ਵੱਲੋਂ ਪਾਕਿਸਤਾਨੀ ਸਕਾਲਰ ਅਤੇ ਖੋਜੀ ਮੁਹੰਮਦ ਇਕਬਾਲ ਕੈਸਰ ਦੀ ਪੁਸਤਕ ‘ਪਾਕਿਸਤਾਨ ਵਿੱਚ ਸਿੱਖਾਂ ਦੇ ਇਤਿਹਾਸਕ ਪਵਿੱਤਰ ਅਸਥਾਨ’ ਲੜੀਵਾਰ ਛਾਪੀ ਜਾ ਰਹੀ ਹੈ। ਲੜੀ ਨੂੰ ਜੋੜਨ ਲਈ ਪਿਛਲੇ ਅੰਕ ਦੇਖੇ ਜਾ ਸਕਦੇ ਹਨ। ਪਾਠਕ ਇਸ ਲੜੀ ਨੂੰ ਸਾਡੀ ਵੈੱਬਸਾਈਟ ਪੁਨਜਅਬਪਿੋਸਟ।ਚਅ `ਤੇ ਦੇਸ਼ ਤੇ ਦੁਨੀਆਂ ਵਾਲੇ ਕੌਲਮ `ਚ ਪੜ੍ਹ ਸਕਦੇ ਹਨ। ਅੱਜ ਦੀ ਇਤਿਹਾਸਿਕ ਤਸਵੀਰ ਗੁਰਦੁਆਰਾ ਲਹੂੜਾ ਸਾਹਿਬ, ਜਿ਼ਲਾ ਲਾਹੌਰ ਦੀ ਹੈ।
ਲਾਹੌਰ ਘਵਿੰਡੀ ਰੋਡ ਉੱਤੇ ਇੱਕ ਪਿੰਡ ਜਿਹਨੂੰ ਘਵਿੰਡ ਆਖਿਆ ਜਾਦਾ ਹੈ, ਇਹ ਪਿੰਡ ਘਰਿੰਡੀ ਤੋਂ ਕੋਈ ਦੋ ਕਿਲੋਮੀਟਰ ਦੂਰ ਹੈ।ਇਸ ਪਿੰਡ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਾਵਨ ਅਸਥਾਨ ਲਹੂੜਾ ਸਾਹਿਬ ਹੈ।ਗੁਰੂ ਸਾਹਿਬ ਇਸ ਪਿੰਡ ਵਿੱਚ “ਜਾਹਮਣ" ਤੋਂ ਚੱਲ ਕੇ ਆਏ ਸਨ। ਉਸ ਵੇਲੇ ਇੱਥੇ ਲਹੂੜੇ ਦਾ ਰੁੱਖ ਸੀ, ਜਿਸ ਥੱਲੇ ਆਪ ਬਿਰਾਜੇ, ਇਸ ਵਾਸਤੇ ਇਸ ਦਾ ਨਾਮ ਲਹੂੜਾ ਸਾਹਿਬ ਹੋ ਗਿਆ। ਇਸ ਬ੍ਰਿਛ ਨੂੰ ਰਹੋੜਾ ਤੇ ਰਹੀੜਾ ਵੀ ਆਖਿਆ ਜਾਂਦਾ ਹੈ।ਇਸ ਨੂੰ ਬਸੰਤ ਰੁੱਤ ਵਿੱਚ ਕੇਸਰੀ ਫੁੱਲ ਲਗਦੇ ਹਨ।ਇਸ ਦੀ ਲੱਕੜੀ ਸਾਰੰਗੀ ਤੇ ਦੂਸਰੇ ਸਾਜ਼ ਬਣਾਉਣ ਦੇ ਕੰਮ ਆਉਦੀ ਹੈ।ਜਦ ਗੁਰੂ ਸਾਹਿਬ ਨੇ ਇਸ ਭਾਗਾਂ ਵਾਲੀ ਧਰਤੀ ਉੱਤੇ ਚਰਨ ਪਾਏ, ਉਸ ਵੇਲੇ ਇੱਥੇ ਵਣਜਾਰਿਆਂ ਦੀ ਇੱਕ ਬਸਤੀ ਸੀ।ਪਿੰਡ ਦੇ ਵਣਜਾਰੇ ਦੇ ਘਰ ਲੜਕਾ ਪੈਦਾ ਹੋਇਆ, ਜਿਸ ਉੱਤੇ ਸਭ ਖੁਸ਼ੀਆਂ ਕਰ ਰਹੇ ਸਨ।ਭਾਈ ਮਰਦਾਨੇ ਨੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਪਾਤਿਸ਼ਾਹ! ਮੈ ਦੋ ਦਿਨਾਂ ਤੋਂ ਭੁੱਖਾ ਹਾਂ, ਜੇ ਹੁਕਮ ਦਿਉ ਤਾਂ ਪਿੰਡ ਵਿੱਚੋਂ ਰੋਟੀ ਖਾ ਆਵਾਂ।ਗੁਰੂ ਸਾਹਿਬ ਨੇ ਫਰਮਾਇਆ ਕਿ ਮਰਦਾਨਿਆ ਚਲਾ ਭਾਂਵੇ ਜਾਹ ਪਰ ਮੂੰਹੋਂ ਮੰਗ ਕੇ ਰੋਟੀ ਨਾਂ ਖਾਵੀਂ। ਮਰਦਾਨਾ ਚਿਰ ਤੀਕਰ ਵਣਜਾਰਿਆਂ ਦੇ ਦਰ ਤੋਂ ਬੈਠਾ ਰਿਹਾ ਪਰ ਉਹ ਇਤਨੀ ਖੁਸ਼ੀ ਵਿੱਚ ਸਨ ਕਿ ਉਹਨਾਂ ਭਾਈ ਮਰਦਾਨੇ ਵੱਲ ਨਜ਼ਰ ਨਾ ਕੀਤੀ।ਕਰਤਾਰ ਦਾ ਭਾਣਾ ਇੰਨਾ ਹੋਇਆ ਕਿ ਉਹ ਲੜਕਾ ਚਲਾਣਾ ਕਰ ਗਿਆ ਅਤੇ ਸਭ ਰੋਣ ਪਿੱਟਣ ਲੱਗ ਪਏ।ਸਤਿਗੁਰੂ ਜੀ ਨੇ ਉਹਨਾ ਨੂੰ ਭਾਣਾ (ਰੱਬ ਦਾ ਹੁਕਮ) ਮੰਨਣ ਦਾ ਫਰਮਾਨ ਦਿੱਤਾ ਅਤੇ ਸ੍ਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਜਿਸਦਾ ਸਿਰਲੇਖ “ਪਹਰੇ ਹੈ”। ਇਸ ਅਸਥਾਨ ਉੱਤੇ ਗੁਰਸਿੱਖਾਂ ਗੁਰਦੁਆਰਾ ਬਣਵਾ ਦਿੱਤਾ।ਸਦੀਆਂ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਰਿਹਾ।ਅੱਜਕਲ ਇਸ ਦੇ ਅੰਦਰ ਯੂਨੀਅਨ ਕੌਸਲ ਦਾ ਦਫਤਰ ਹੈ।ਮੁੱਖ ਦਵਾਰ ਗਿਰ ਚੁੱਕਿਆ ਹੈ।ਪ੍ਰਕਾਸ਼ ਅਸਥਾਨ ਅਲੋਪ ਹੋ ਗਿਆ ਹੈ।ਕੇਵਲ ਦੋ ਮਕਾਨ ਬਾਕੀ ਬਚੇ ਹਨ, ਜਿਹਨਾਂ ਵਿੱਚ ਦਫਤਰ ਦਾ ਕੰਮ ਹੁੰਦਾ ਹੈ।20 ਵਿੱਘੇ ਜ਼ਮੀਨ ਦਰਬਾਰ ਦੇ ਨਾਂ ਹੈ ।