Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਸੌਦਾ ਕੋਈ ਮਾੜਾ ਨੀ!

December 16, 2019 09:47 AM

-ਸ਼ਵਿੰਦਰ ਕੌਰ
ਮਨੁੱਖ ਸਾਰੀ ਉਮਰ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਨਿਭਾਉਂਦਾ ਹੈ। ਜਨਮ ਤੋਂ ਲੈ ਕੇ ਮੌਤ ਤੱਕ ਰਿਸ਼ਤੇ ਸਾਡੇ ਅੰਗ-ਸੰਗ ਵਿਚਰਦੇ ਹਨ। ਇਹ ਜੀਵਨ ਵਿੱਚ ਖੁਸ਼ੀਆਂ ਅੇ ਖੇੜੇ ਭਰਦੇ ਹਨ। ਹਰੀਆਂ ਕਚੂਰ ਫਸਲਾਂ 'ਚੋਂ ਨਿਕਲਦੇ ਹਵਾ ਦੇ ਬੁੱਲਿਆਂ ਵਰਗੇ, ਮੀਂਹ ਦੀ ਰਿਮਝਿਮ ਵਰਗੇ, ਫੁੱਲ-ਪੱਤੀਆਂ 'ਤੇ ਪਈ ਤ੍ਰੇਲ ਦੇ ਤੁਪਕਿਆਂ ਵਰਗੇ, ਬਹਾਰ ਵਿੱਚ ਖਿੜਦੇ ਫੁੱਲਾਂ ਵਰਗੇ ਇਹ ਰਿਸ਼ਤੇ ਆਪਣੀ ਮਿਠਾਸ ਨਾਲ ਸਾਡੀ ਜ਼ਿੰਦਗੀ ਨੂੰ ਜਿਊਣ ਜੋਗਾ ਬਣਾਉਂਦੇ ਹਨ। ਰਿਸ਼ਤਿਆਂ ਦਾ ਨਿੱਘ ਬਦਲਦੇ ਸਮੇਂ ਨਾਲ ਤਿੜਕੇ ਘੜੇ ਵਿੱਚੋਂ ਕਿਰਦੇ ਪਾਣੀ ਵਾਂਗ ਕਿਰਦਾ ਜਾਂਦਾ ਹੈ। ਪਦਾਰਥਵਾਦੀ ਰੁਚੀਆਂ ਨੇ ਇਨ੍ਹਾਂ ਉਚੇ-ਸੁੱਚੇ ਪਾਕ ਰਿਸ਼ਤਿਆਂ 'ਤੇ ਨਿੱਜ ਅਤੇ ਸਵਾਰਥ ਭਾਰੂ ਕਰ ਦਿੱਤਾ ਹੈ। ਨਾਬਰਾਬਰੀ ਵਾਲੇ ਪ੍ਰਬੰਧ ਵਿੱਚ ਡਿੱਗ ਰਹੀਆਂ ਕਦਰਾਂ-ਕੀਮਤਾਂ, ਰਿਸ਼ਤਿਆਂ 'ਚੋਂ ਨਿੱਘ, ਪਿਆਰ ਵਰਗੇ ਸੂਖਮ ਜਜ਼ਬੇ ਨੂੰ ਖ਼ਤਮ ਕਰ ਰਹੀਆਂ ਹਨ। ਲਾਲਚੀ ਮਾਨਸਿਕਤਾ ਨੇ ਰਿਸ਼ਤਿਆਂ ਨੂੰ ਸੌਦੇ ਵਿੱਚ ਬਦਲ ਦਿੱਤਾ ਹੈ।
ਸਾਡੇ ਪਿੰਡ ਦੇ ਬਾਹਰਵਾਰ ਕੋਈ ਡੇਢ ਕੁ ਕਿਲੋਮੀਟਰ ਦੀ ਵਿੱਥ ਉੱਤੇ ਇੱਕ ਨੀਵੀਂ ਥਾਂ 'ਤੇ ਕਾਫੀ ਵੱਡਾ ਟੋਆ ਹੁੰਦਾ ਸੀ ਜਿਸ ਵਿੱਚ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਸੀ। ਦੀਵਾਲੀ ਤੋਂ ਪਹਿਲਾਂ ਘਰਾਂ ਦੀ ਸਫਾਈ ਕਰਨ ਸਮੇਂ ਔਰਤਾਂ ਸਿਰ ਉਤੇ ਬੱਠਲ ਚੁੱਕੀ ਇਸ ਟੋਏ 'ਚੋਂ ਚੀਕਣੀ ਕਾਲੀ ਮਿੱਟੀ ਕੱਢ ਕੇ ਲਿਆਉਂਦੀਆਂ। ਜਦੋਂ ਉਸ ਨੂੰ ਪਾਣੀ ਵਿੱਚ ਘੋਲ ਕੇ ਕੰਧਾਂ 'ਤੇ ਪਰੋਲਾ ਮਾਰਦੀਆਂ ਤਾਂ ਉਸ 'ਚੋਂ ਆਉਂਦੀ ਮਹਿਕ ਮਨ ਨੂੰ ਨਸ਼ਿਆ ਜਿਹਾ ਦਿੰਦੀ। ਇੱਕ ਦਿਨ ਤੁਰਦਾ-ਫਿਰਦਾ ਅਖੌਤੀ ਸਾਧ ਉਥੇ ਆ ਕੇ ਬੈਠ ਗਿਆ। ਦੋ-ਚਾਰ ਵਿਹਲੜ ਉਸ ਕੋਲ ਬੈਠਣ ਲੱਗ ਪਏ। ਉਨ੍ਹਾਂ ਉਸ ਨੂੰ ਉਥੇ ਝੁੱਗੀ ਪਾ ਦਿੱਤੀ। ਉਸ ਨੇ ਉਸ ਨੀਵੀਂ ਜਗ੍ਹਾ ਨਾਲ ਸਬੰਧਤ ਮਨਘੜਤ ਕਹਾਣੀਆਂ ਜੋੜ-ਜੋੜ ਕੇ ਸੁਣਾਈਆਂ ਤੇ ਉਸ ਥਾਂ ਨੂੰ ਪੂਜਣਯੋਗ ਜਗ੍ਹਾ ਦਾ ਰੁਤਬਾ ਦੇ ਦਿੱਤਾ। ਉਸ ਕੋਲ ਬੈਠਣ ਵਾਲਿਆਂ ਨੇ ਉਸ ਦੀ ਮਹਿਮਾ ਦੇ ਨਾਲ ਉਸ ਟੋਏ 'ਚੋਂ ਪਾਣੀ ਨਾ ਸੁੱਕਣ ਸਬੰਧੀ ਸਾਧ ਵੱਲੋਂ ਦੱਸੀਆਂ ਮਨਘੜਤ ਕਹਾਣੀਆਂ ਦਾ ਪੂਰਾ ਪ੍ਰਚਾਰ ਕੀਤਾ।
ਇਹ ਪ੍ਰਚਾਰ ਆਪਣਾ ਕੰਮ ਕਰ ਗਿਆ। ਝੁੱਗੀ ਦੀ ਥਾਂ ਸੁੰਦਰ ਇਮਾਰਤ ਬਣਨ ਲੱਗ ਗਈ। ਇਮਾਰਤ ਬਣਨ 'ਤੇ ਵੀ ਉਸ ਨੂੰ ਲੋਕ ਝੁੱਗੀ ਵਾਲਾ ਬਾਬਾ ਹੀ ਕਹਿੰਦੇ ਸਨ। ਸੇਵਾ ਕਰਨ ਅਤੇ ਮਾਇਆ ਦਾਨ ਕਰਨ ਵਾਲਿਆਂ ਦੀਆਂ ਕਤਾਰਾਂ ਲੱਗਾ ਗਈਆਂ। ਸਾਡੇ ਲੋਕ ਸੱਚ-ਝੂਠ ਦਾ ਨਿਤਾਰਾ ਕੀਤੇ ਬਿਨਾਂ ਸਾਧਾਂ ਮਗਰ ਝੱਟ ਲੱਗ ਜਾਂਦੇ ਹਨ। ਪਿੰਡ ਦਾ ਇੱਕ ਸਾਊ ਜਿਹਾ ਬੰੰਦਾ ਉਸ ਬਾਬੇ ਦਾ ਸ਼ਰਧਾਲੂ ਸੀ ਤੇ ਰੋਜ਼ ਉਥੇ ਸੇਵਾ ਕਰਨ ਜਾਂਦਾ ਸੀ। ਉਸ ਦਾ ਜਵਾਨ ਮੁੰਡਾ ਪੜ੍ਹ-ਲਿਖ ਕੇ ਘਰੇ ਵਿਹਲਾ ਬੈਠਾ ਸੀ। ਉਸ ਨੇ ਬਾਬੇ ਨੂੰ ਬੇਨਤੀ ਕੀਤੀ ਕਿ ਬਾਬਾ, ਜੇ ਕੋਈ ਬਾਹਰੋਂ ਆਪਣੀ ਕੁੜੀ ਦਾ ਇਧਰ ਵਿਆਹ ਕਰਨ ਆਇਆ ਪਰਿਵਾਰ ਤੁਹਾਡੀ ਨਿਗ੍ਹਾ ਵਿੱਚ ਆਵੇ ਤਾਂ ਆਪਣੇ ਮੁੰਡੇ ਦਾ ਖ਼ਿਆਲ ਰੱਖਿਓ। ਕੁਦਰਤੀ ਬਾਬੇ ਦੇ ਸ਼ਰਧਾਲੂਆਂ ਦਾ ਰਿਸ਼ਤੇਦਾਰ ਪਰਿਵਾਰ ਅਮਰੀਕਾ ਤੋਂ ਆਪਣੀ ਲੜਕੀ ਦਾ ਵਿਆਹ ਕਰਨ ਪੰਜਾਬ ਆਇਆ ਤਾਂ ਰਿਸ਼ਤੇਦਾਰਾਂ ਨੇ ਬਾਬੇ ਨੂੰ ਕਿਸੇ ਚੰਗੇ ਮੁੰਡੇ ਦੀ ਦੱਸ ਪਾਉਣ ਬਾਰੇ ਪੁੱਛ ਲਿਆ। ਬਾਬੇ ਨੂੰ ਆਪਣਾ ਸੇਵਾਦਾਰ ਯਾਦ ਆ ਗਿਆ। ਉਸ ਨੇ ਉਸ ਨੂੰ ਸੱਦ ਕੇ ਕਿਹਾ, ‘ਲੈ ਬਈ ਭਗਤਾਂ! ਤੇਰਾ ਕੰਮ ਬਣ ਜਾਵਗਾ, ਪਰ ਤੈਨੂੰ ਛੇ ਲੱਖ ਰੁਪਏ ਡੇਰੇ ਲਈ ਦਾਨ ਦੇਣੇ ਪੈਣਗੇ।’
‘ਠੀਕ ਹੈ ਬਾਬਾ, ਘਰੇ ਰਾਇ ਕਰਕੇ ਤੁਹਾਨੂੰ ਕੱਲ੍ਹ ਤੱਕ ਦੱਸ ਦੇਵਾਂਗਾ।’ ਇਹ ਕਹਿੰਦਾ ਉਹ ਘਰ ਨੂੰ ਤੁਰ ਪਿਆ।
ਘਰੇ ਆ ਕੇ ਉਸ ਨੇ ਆਪਣੀ ਘਰਵਾਲੀ ਨਾਲ ਬੱਚਿਆਂ ਤੋਂ ਪਰਦੇ ਨਾਲ ਗੱਲ ਕੀਤੀ। ਪਹਿਲਾਂ ਉਨ੍ਹਾਂ ਨੂੰ ਲੱਗਿਆ ਕਿ ਧੀ ਵਾਲਿਆਂ ਨੇ ਆਪਣੀ ਧੀ ਵਿਆਹੁਣੀ ਹੈ। ਇਹ ਸੰਤ ਵਿਚਾਲਿਓਂ ਛੇ ਲੱਖ ਮਾਂਜਣ ਨੂੰ ਫਿਰਦਾ ਹੈ, ਪਰ ਜਦੋਂ ਦੋਵਾਂ ਜੀਆਂ ਨੇ ਸੋਚ-ਵਿਚਾਰ ਕੀਤੀ ਤਾਂ ਉਨ੍ਹਾਂ ਨੂੰ ਲੱਗਾ ਕਿ ਲੋਕ ਬਾਹਰ ਰਹਿੰਦੀਆਂ ਕੁੜੀਆਂ ਦੇ ਰਿਸ਼ਤੇ ਲਈ ਚਾਲੀ-ਚਾਲੀ ਲੱਖ ਚੁੱਕੀ ਫਿਰਦੇ ਹਨ। ਇਸ ਹਿਸਾਬ ਨਾਲ ਇਹ ਸੌਦਾ ਕੋਈ ਮਾੜਾ ਨੀ। ਦੂਜੇ ਦਿਨ ਜਾ ਕੇ ਉਸ ਨੇ ਹਾਂ ਕਰ ਦਿੱਤੀ। ਬਾਬੇ ਨੇ ਕੁੜੀ ਵਾਲਿਆਂ ਨੂੰ ਮੁੰਡੇ ਅਤੇ ਉਸ ਦੇ ਪਰਿਵਾਰ ਬਾਰੇ ਆਪਣੇ ਵੱਲੋਂ ਪੂਰੀ ਤਸੱਲੀ ਕਰਵਾ ਦਿੱਤੀ। ਮੁੰਡੇ ਨੂੰ ਡੇਰੇ ਸੱਦ ਕੇ ਵਿਖਾ ਦਿੱਤਾ। ਗੱਲ ਬਣ ਗਈ। ਬਾਬੇ 'ਤੇ ਵਿਸ਼ਵਾਸ ਐਂਨਾ ਜ਼ਿਆਦਾ ਸੀ ਕਿ ਪੁੱਛ-ਪੜਤਾਲ ਕਰਨ ਦੀ ਉਨ੍ਹਾਂ ਨੇ ਲੋੜ ਨਾ ਸਮਝੀ। ਸ਼ਗਨ ਦਾ ਦਿਨ ਵੀ ਰੱਖ ਲਿਆ। ਬਾਬੇ ਦਾ ਇੱਕ ਵਿਸ਼ਵਾਸ ਪਾਤਰ, ਜੋ ਸਾਰੀ ਗੱਲਬਾਤ ਵੇਲੇ ਨਾਲ ਸੀ, ਬਾਬੇ ਨੂੰ ਕਹਿਣ ਲੱਗਾ, ‘ਬਾਬਾ ਜੀ! ਛੇ ਲੱਖ ਵਾਲੀ ਗੱਲ ਜਦੋਂ ਲੋਕਾਂ ਨੂੰ ਪਤਾ ਲੱਗੀ ਤਾਂ ਕਿਤੇ ਬਦਨਾਮੀ ਨਾ ਹੋ ਜਾਵੇ। ਵੈਸੇ ਉਹ ਬੰਦਾ ਤਾਂ ਨ੍ਹੀਂ ਗੱਲ ਬਾਹਰ ਕੱਢਣ ਵਾਲਾ, ਪਰ ਉਸ ਦਿਨ ਘੋਚੀ ਅਮਲੀ ਭਾਵੇਂ ਵਿਹੜੇ ਵਿੱਚ ਬੈਠਾ ਸੀ, ਉਸ ਦਾ ਕੰਨ ਆਪਣੀਆਂ ਗੱਲਾਂ ਵੱਲ ਸੀ। ‘ਕਮਲਿਆਂ! ਮੇਰੇ ਨਾਲ ਰਹਿ ਕੇ ਵੀ ਤੂੰ ਮੇਰੀ ਫਿਤਰਤ ਸਮਝ ਨਹੀਂ ਸਕਿਆ। ਜਿਹੜੇ ਬੰਦਾ ਇੱਕ ਟੋਏ ਤੋਂ ਐਡਾ ਵੱਡਾ ਡੇਰਾ ਬਣਾ ਸਕਦਾ ਹੈ, ਉਹ ਇਸ ਛੋਟੇ-ਮੋਟੇ ਮਾਮਲੇ ਦੀ ਬਦਨਾਮੀ ਕਿਵੇਂ ਕਰਾ ਲਊ? ਦੇਖੀ ਜਾਈਂ ਬਾਬੇ ਦੀ ਜੈ-ਜੈ ਕਾਰ ਹੁੰਦੀ।’ ਸ਼ਗਨ ਵਾਲੇ ਦਿਨ ਜਿਉਂ ਹੀ ਲੜਕੀ ਵਾਲਿਆਂ ਨੇ ਸ਼ਗਨ ਪਾਉਣ ਦੀ ਰਸਮ ਅਦਾ ਕੀਤੀ ਤਾਂ ਬਾਬਾ ਖੜ੍ਹਾ ਹੋ ਕੇ ਕਹਿੰਦਾ, ‘ਅੱਜ ਇਸ ਖੁਸ਼ੀ ਦੇ ਮੁਬਾਰਕ ਮੌਕੇ 'ਤੇ ਇਹ ਗੁਰਮੁਖ ਆਪਣੀ ਗੁਰਦੁਆਰੇ ਨਾਲ ਲੱਗਦੀ ਦੋ ਕਨਾਲਾਂ ਜ਼ਮੀਨ ਤੁਹਾਡੇ ਪਿੰਡ ਦੇ ਗੁਰਦੁਆਰੇ ਵਿੱਚ ਲੰਗਰ ਹਾਲ ਬਣਾਉਣ ਲਈ ਦਾਨ ਕਰਦਾ ਹੈ। ਤੁਸੀਂ ਹਿੰਮਤ ਕਰਕੇ ਲੰਗਰ ਹਾਲ ਬਣਾ ਦੇਣਾ। ਕਾਰਜ ਸਮੇਂ ਲੰਗਰ ਹਾਲ ਨਾ ਹੋਣ ਕਰਕੇ ਬਹੁਤ ਦਿੱਕਤ ਆਉਂਦੀ ਹੈ।’
ਗੁਰਮੁਖ ਨੂੰ ਪੱਲੇ ਨਾ ਪਵੇ ਕਿ ਬਾਬੇ ਨੇ ਇਹ ਨਵਾਂ ਸ਼ੋਸ਼ਾ ਕਿਥੋਂ ਕੱਢ ਮਾਰਿਆ, ਪਰ ਮਰਦਾ ਕੀ ਨਾ ਕਰਦਾ। ਮੌਕੇ ਦੀ ਨਜ਼ਾਕਤ ਦੇਖਦਿਆਂ ਹਾਂ ਕਹਿਣੀ ਪਈ। ਭਗਤ ਦਾ ਮੁੰਡਾ ਵਿਦੇਸ਼ ਵਿਆਹਿਆ ਗਿਆ ਅਤੇ ਬਾਬੇ ਦੇ ਭਗਤਾਂ ਵਿੱਚ ਚੋਖਾ ਵਾਧਾ ਹੋ ਗਿਆ। ਬੱਚਿਆਂ ਨੂੰ ਵਿਦੇਸ਼ ਘੱਲਣ ਦੇ ਚਾਹਵਾਨ ਮਾਪਿਆਂ ਦੇ ਗੇੜੇ ਡੇਰੇ ਵਧਣ ਲੱਗ ਪਏ।
ਵਿਦੇਸ਼ਾਂ ਵਿੱਚ ਵੱਸਣ ਦੀ ਭੁੱਖ ਐਨੀ ਹਾਵੀ ਹੋ ਗਈ ਹੈ ਕਿ ਅਸੀਂ ਜਹਾਜ਼ ਚੜ੍ਹਨ ਖ਼ਾਤਰ ਰਿਸ਼ਤਿਆਂ ਦੀਆਂ ਮਾਣ-ਮੱਤੀਆਂ ਮਰਿਆਦਾਵਾਂ ਤੇ ਪਵਿੱਤਰਤਾ ਨੂੰ ਦਾਅ 'ਤੇ ਦਿੱਤਾ ਹੈ। ਆਈਲੈਟਸ 'ਚੋਂ ਛੇ-ਸੱਤ ਬੈਂਡ ਲੈਣ ਵਾਲਿਆਂ ਬੱਚਿਆਂ ਨੂੰ ਲੱਖਾਂ ਰੁਪਏ ਦੇ ਸੌਦੇ ਕਰਕੇ ਕਿਤੇ ਅਸਲੀ ਤੇ ਕਿਤੇ ਜਾਅਲੀ ਵਿਆਹ ਬੰਧਨਾਂ ਵਿੱਚ ਬੰਨ੍ਹਿਆ ਜਾ ਰਿਹਾ ਹੈ। ਇਹ ਜਾਣਦੇ ਹੋਏ ਵੀ ਕਿ ਅਸੀਂ ਜੁਆਰੀ ਵਿਆਹ ਕਰ ਰਹੇ ਹਾਂ। ਫਿਰ ਵੀ ਲਾਵਾਂ ਪੜ੍ਹ ਕੇ ਅਨੰਦ ਕਾਰਜ ਕੀਤੇ ਜਾ ਰਹੇ ਹਨ। ਬਹੁਤੇ ਪੰਜਾਬੀ ਹਰ ਹੀਲਾ ਵਰਤ ਕੇ, ਰਿਸ਼ਤਿਆਂ ਦੀ ਪਾਕੀਜ਼ਗੀ ਨੂੰ ਖੋਰਾ ਲਾ ਕੇ, ਮਾਂ ਸਮਾਨ ਜ਼ਮੀਨ ਜਾਂ ਮਾਂ ਦੇ ਨੱਕ-ਕੰਨ ਦੇ ਗਹਿਣੇ ਸਭ ਵੇਚ-ਵੱਟ ਕੇ ਸਮੁੰਦਰਾਂ ਪਰਬਤਾਂ ਨੂੰ ਪਾਰ ਕਰਕੇ ਦੁਰਾਡੀਆਂ ਅਤੇ ਅਜਨਬੀ ਥਾਵਾਂ ਵੱਲ ਰੁਖ ਕਰ ਰਹੇ ਹਨ। ਇਹ ਰੁਝਾਨ ਕਿਉਂ ਹੈ? ਇਸ ਪਿੱਛੇ ਕੀ ਕਾਰਨ ਹਨ? ਇਸ ਬਾਰੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਡੂੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਹੈ। ਕਾਸ਼! ਸਾਡੇ ਦੇਸ਼ ਵਿੱਚ ਅਜਿਹਾ ਸੁਖਾਵਾਂ ਮਾਹੌਲ ਹੁੰਦਾ, ਜਿੱਥੇ ਹਰੇਕ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ। ਸਾਡੇ ਬੱਚੇ ਵਸਦੇ-ਰਸਦੇ ਘਰਾਂ ਵਿੱਚ ਚੁੱਪ ਪਸਾਰ ਕੇ ਪਰਾਏ ਦੇਸ਼ਾਂ ਦੇ ਖੇਤਾਂ ਅਤੇ ਕਾਰਖਾਨਿਆਂ ਵਿੱਚ ਆਪਣੀ ਕਿਰਤ ਨਾ ਲੁਟਾ ਰਹੇ ਹੁੰਦੇ। ਕਾਸ਼! ਉਹ ਇੱਥੇ ਹੀ ਮੌਜਾ ਮਾਣਦੇ ਹੋਏ ਆਪਣੀ ਮਾਤ-ਭੂਮੀ ਦੀ ਸੇਵਾ ਕਰਦੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ