Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਗੈਸ ਸਟੇਸ਼ਨਜ਼ ਉੱਤੇ ਹੋਣ ਵਾਲੀ ਹੈਕਿੰਗ ਸਬੰਧੀ ਵੀਜ਼ਾ ਨੇ ਦਿੱਤੀ ਚੇਤਾਵਨੀ

December 16, 2019 09:35 AM

ਟੋਰਾਂਟੋ, 15 ਦਸੰਬਰ (ਪੋਸਟ ਬਿਊਰੋ) : ਵੀਜ਼ਾ ਦੇ ਅਨੁਸਾਰ ਕੁੱਝ ਉੱਤਰੀ ਅਮਰੀਕੀ ਗੈਸ ਸਟੇਸ਼ਨ ਪੰਪਾਂ ਦੇ ਪੇਅਮੈਂਟ ਸਿਸਟਮ ਨੂੰ ਹੈਕਰਜ਼ ਵੱਲੋਂ ਹੈਕ ਕਰ ਲਿਆ ਗਿਆ ਹੈ। ਇਸ ਨਾਲ ਉਨ੍ਹਾਂ ਨੂੰ ਗ੍ਰਾਹਕਾਂ ਦੇ ਕ੍ਰੈਡਿਟ ਕਾਰਡ ਡਾਟਾ ਤੱਕ ਵੀ ਪਹੁੰਚ ਹਾਸਲ ਹੋ ਗਈ ਹੈ।
ਪਿਛਲੇ ਮਹੀਨੇ ਕ੍ਰੈਡਿਟ ਕਾਰਡ ਕੰਪਨੀ ਵੱਲੋਂ ਗੈਸ ਸਟੇਸ਼ਨ ਮਾਲਕਾਂ ਨੂੰ ਕਈ ਚੇਤਾਵਨੀਆਂ ਇਸ ਸਬੰਧ ਵਿੱਚ ਦਿੱਤੀਆਂ ਗਈਆਂ। ਕੰਪਨੀ ਨੇ ਇਨ੍ਹਾਂ ਗੈਸ ਸਟੇਸ਼ਨ ਮਾਲਕਾਂ ਨੂੰ ਚੌਕਸ ਕਰਦਿਆਂ ਦੱਸਿਆ ਕਿ ਅਗਸਤ ਤੇ ਸਤੰਬਰ ਦੇ ਮਹੀਨੇ ਵਿੱਚ ਇਸ ਤਰ੍ਹਾਂ ਦੇ ਹਮਲੇ ਹੋਏ ਹਨ। ਵੀਜ਼ਾ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਵਿੱਚ ਹੋਏ ਇਸ ਤਰ੍ਹਾਂ ਦੇ ਹਮਲੇ ਕਿਤੇ ਜਿ਼ਆਦਾ ਐਡਵਾਂਸ ਸਨ। ਇਨ੍ਹਾਂ ਵਿੱਚ ਗੈਰਅਧਿਕਾਰਤ ਡਿਵਾਈਸਿਜ਼ ਡੈਬਿਟ ਤੇ ਕ੍ਰੈਡਿਟ ਕਾਰਡ ਰੀਡਰਜ਼ ਨਾਲ ਜੋੜੀਆਂ ਗਈਆਂ ਸਨ ਤੇ ਉਹ ਰੀਡਰ ਵਿੱਚ ਸਵਾਈਪ ਕਰਦੇ ਸਮੇਂ ਸਬੰਧਤ ਕਾਰਡ ਦੀ ਸਾਰੀ ਜਾਣਕਾਰੀ ਰਿਕਾਰਡ ਕਰ ਲੈਂਦੀਆਂ ਸਨ।
ਅਜਿਹੇ ਨਵੇਂ ਹਮਲਿਆਂ ਵਿੱਚ ਹੈਕਰਜ਼ ਗੜਬੜ ਈਮੇਲ ਜਾਂ ਹੋਰ ਢੰਗ ਤਰੀਕਿਆਂ ਨਾਲ ਉਨ੍ਹਾਂ ਦੇ ਕੰਪਿਊਟਰਜ਼ ਵਿੱਚ ਵੜਕੇ ਗੈਸ ਸਟੇਸ਼ਨ ਦੇ ਪੁਆਇੰਟ ਆਫ ਸੇਲ (ਪੀਓਐਸ) ਵਿੱਚ ਦਾਖਲ ਹੋ ਜਾਂਦੇ ਹਨ। ਇੱਕ ਵਾਰੀ ਪੀਓਐਸ ਸਿਸਟਮ ਵਿੱਚ ਦਾਖਲ ਹੋਣ ਤੋਂ ਬਾਅਦ ਹਮਲਾਵਰ ਕ੍ਰੈਡਿਟ ਤੇ ਡੈਬਿਟ ਕਾਰਡ ਸਬੰਧੀ ਸਾਰੀ ਜਾਣਕਾਰੀ ਮਿੰਟਾਂ ਵਿੱਚ ਉਦੋਂ ਹਾਸਲ ਕਰ ਲੈਂਦੇ ਹਨ ਜਦੋਂ ਪੰਪਾਂ ਉੱਤੇ ਅਦਾਇਗੀ ਕੀਤੀ ਜਾਂਦੀ ਹੈ।
ਵੀਜ਼ਾ ਦਾ ਕਹਿਣਾ ਹੈ ਕਿ ਗੈਸ ਸਟੇਸ਼ਨ ਇਸ ਲਈ ਅਕਸਰ ਅਜਿਹੇ ਹਮਲਿਆਂ ਦਾ ਸਿ਼ਕਾਰ ਹੁੰਦੇ ਹਨ ਕਿਉਂਕਿ ਇਹ ਆਮ ਤੌਰ ਉੱਤੇ ਸਵਾਈਪ ਓਨਲੀ ਕਾਰਡ ਰੀਡਰਜ਼ ਦੀ ਥਾਂ ਵਧੇਰੇ ਸਕਿਓਰ ਚਿੱਪ ਰੀਡਿੰਗ ਡਿਵਾਈਸਿਜ਼ ਨੂੰ ਬਦਲੀ ਕਰਨ ਵਿੱਚ ਥੋੜ੍ਹੇ ਆਲਸੀ ਹੁੰਦੇ ਹਨ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਤਰ੍ਹਾਂ ਦਾ ਕੋਈ ਹਮਲਾ ਕੈਨੇਡਾ ਵਿੱਚ ਕਿਸੇ ਗੈਸ ਸਟੇਸ਼ਨ ਉੱਤੇ ਹੋਇਆ ਹੈ, ਜਿੱਥੇ ਚਿੱਪ ਰੀਡਰਜ਼ ਅਮਰੀਕਾ ਨਾਲੋਂ ਵਧੇਰੇ ਦੂਰ ਦੂਰ ਤੱਕ ਫੈਲੇ ਹੋਣ।
ਵੀਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਹਿਸਾਬ ਨਾਲ ਸਤੰਬਰ ਵਾਲਾ ਹਮਲਾ ਐਫਆਈਐਨ8 ਵੱਲੋਂ ਕੀਤਾ ਗਿਆ ਸੀ। ਇਹ ਅਜਿਹਾ ਗਰੁੱਪ ਹੈ ਜਿਹੜਾ ਰੀਟੇਲ, ਰੈਸਟੋਰੈਂਟ ਤੇ ਹੌਸਪੀਟੈਲਿਟੀ ਸੈਕਟਰਜ਼ ਵਿੱਚ ਵਿੱਤੀ ਲਾਹੇ ਲਈ ਕਾਰੋਬਾਰਾਂ ਨੂੰ ਹੈਕ ਕਰਨ ਦੀ ਕੋਸਿ਼ਸ਼ ਕਰਨ ਲਈ ਜਾਣਿਆ ਜਾਂਦਾ ਹੈ।

 

 
Have something to say? Post your comment