Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਬਲਾਤਕਾਰ ਤੇ ਸਮਾਜ ਦੀ ਚੁੱਪ

December 13, 2019 01:10 PM

-ਡਾ. ਕੁਲਦੀਪ ਕੌਰ
ਪਿਛਲੇ ਸਾਲ ਜਦੋਂ ਵਿਸ਼ਵ ਦੀ ਮੁੱਖ ਮੀਡੀਆ ਸੰਸਥਾਨ ‘ਥਾਮਸਨ ਰਾਇਟਰਜ਼` ਨੇ ‘ਭਾਰਤ ਵਿਚ ਔਰਤਾਂ ਖ਼ਿਲਾਫ਼ ਹਿੰਸਾ` ਨਾਮੀ ਰਿਪੋਰਟ ਜਾਰੀ ਕਰ ਕੇ ਭਾਰਤ ਨੂੰ ਔਰਤਾਂ ਲਈ ਦੁਨੀਆਂ ਦਾ ਸਭ ਤੋਂ ਅਸੁਰੱਖਿਅਤ ਦੇਸ਼ ਕਰਾਰ ਦਿੱਤਾ ਤਾਂ ਸਿਆਸੀ ਜਮਾਤ ਤੇ ਸਟੇਟ ਪੱਖੀ ਸੂਚਨਾ ਤੰਤਰ ਵਿਚ ਇਸ ਨੂੰ ‘ਮੁਲਕ ਦੀ ਬੇਇੱਜ਼ਤੀ` ਕਰਾਰ ਦਿੰਦਿਆਂ ਰੱਦ ਕਰਨ ਦੀ ਦੌੜ ਲੱਗ ਗਈ। ਦਸੰਬਰ 2014 ਵਿਚ ਦਿੱਲੀ ਵਿਚ ਨਿਰਭਯਾ ਦੇ ਕਤਲ ਪਿੱਛੋਂ ਉਸ ਦੇ ਬਲਾਤਕਾਰੀਆਂ ਨਾਲ ਮੁਲਾਕਾਤਾਂ `ਤੇ ਆਧਾਰਿਤ ਅਤੇ ਨਿਆਂ ਪ੍ਰਬੰਧ ਦੀ ਗ਼ੈਰ-ਸੰਵੇਦਨਸ਼ੀਲ ਪ੍ਰੀਕਿਰਿਆ `ਤੇ ਸਵਾਲ ਖੜ੍ਹੀ ਕਰਦੀ ਦਸਤਾਵੇਜ਼ੀ ਫ਼ਿਲਮ ‘ਭਾਰਤ ਦੀਆਂ ਬੇਟੀਆਂ` ਉੱਤੇ ਇਸ ਆਧਾਰ `ਤੇ ਪਾਬੰਦੀ ਲਾ ਦਿੱਤੀ ਗਈ ਕਿ ਇਹ ਫ਼ਿਲਮ ਬਲਾਤਕਾਰ ਦੀ ਮਾਨਸਿਕਤਾ ਨੂੰ ਬਣਾਉਣ ਅਅੇ ਬਚਾਉਣ ਨਾਲ ਜੁੜੀਆਂ ਰਵਾਇਤਾਂ ਦੀ ਇਖਲਾਕੀ ਗਿਰਾਵਟ, ਸੱਭਿਆਚਾਰ ਨੂੰ ਬੇਪਰਦ ਕਰਦਿਆਂ ਬਲਾਤਕਾਰੀ ਦੇ ਕਾਨੂੰਨੀ ਤੰਤਰ, ਪ੍ਰਸ਼ਾਸਕੀ ਢਾਂਚੇ, ਸਿਆਸਤੀ ਦਾਇਰਿਆਂ ਦੀ ਰਣਨੀਤੀ ਅਤੇ ਨਿਆਂ ਪ੍ਰਬੰਧ ਨਾਲ ਸਬੰਧਾਂ ਦੀ ਛਾਣ-ਬੀਣ ਕਰਦੀ ਹੈ। ਬਸਤੀਵਾਦੀ ਪ੍ਰਬੰਧਾਂ ਤੋਂ ਆਜ਼ਾਦ ਹੋ ਚੁੱਕੇ ਦੇਸ਼ਾਂ ਅਤੇ ਵਿਕਸਤ ਮੁਲਕਾਂ ਵਿਚ ਜੇਕਰ ਵੋਟਾਂ ਦੀ ਸਿਆਸਤ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਹ ਤੱਥ ਬਹੁਤ ਅਜੀਬ ਲੱਗ ਸਕਦਾ ਹੈ ਕਿ ਜਦੋਂ ‘ਦੂਜਿਆਂ ਦੇ ਸਰੀਰਾਂ` ਅਤੇ ‘ਉਨ੍ਹਾਂ ਦੇ ਕਿਆਸਾਂ` ਨਾਲ ਨਿਪਟਣ ਦੇ ਮਸਲੇ ਦੀ ਗੱਲ ਆਉਂਦੀ ਹੈ ਤਾਂ ਸਰੀਰਾਂ ਨੂੰ ਸਾੜ ਦੇਣ, ਮਾਰ ਦੇਣ, ਨਸ਼ਟ ਕਰ ਦੇਣ, ਅਪੰਗ ਕਰ ਦੇਣ ਜਾਂ ਤਬਾਹ ਕਰ ਦੇਣ ਦੀ ਸੱਤਾ ਹਮੇਸ਼ਾਂ ਜਮਹੂਰੀਅਤ ਦੇ ਫਲਸਫ਼ੇ ਅਤੇ ਸਮਾਜਿਕ ਬਰਾਬਰੀ ਦੇ ਪੈਮਾਨਿਆਂ `ਤੇ ਭਾਰੂ ਪੈਂਦੀ ਹੈ।
ਔਰਤਾਂ ਨਾਲ ਬਲਾਤਕਾਰ ਦਾ ਮੁੱਦਾ ਉੱਪਰੀ ਸਤ੍ਹਾ `ਤੇ ਦੇਖਿਆਂ ਅਚਾਨਕ ਵਾਪਰੀ ਘਟਨਾ ਤੇ ਬਹੁਤ ਹਾਲਤਾਂ ਵਿਚ ‘ਮੰਦਭਾਗੀ` ਅਣਹੋਈ ਵਜੋਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤੀਆਂ ਹਾਲਤਾਂ ਵਿਚ ਕਾਨੂੰਨੀ ਪ੍ਰਕਿਰਿਆ ਦੀ ਖਾਨਾ ਪੂਰਤੀ ਰਾਹੀਂ ਇਨਸਾਫ਼ ਹੋ ਗਿਆ ਮੰਨ ਲਿਆ ਜਾਂਦਾ ਹੈ। ਇੱਥੇ ਧਿਆਨ ਯੋਗ ਨੁਕਤਾ ਇਹ ਹੈ ਕਿ ਬਲਾਤਕਾਰ ਦਾ ਜੁਰਮ ਕਤਲ ਕਰਨ, ਲੁੱਟਣ, ਤਸੀਹੇ ਦੇਣ ਜਾਂ ਅਪੰਗ ਕਰ ਦੇਣ ਦੇ ਜੁਰਮ ਤੋਂ ਬਹੁਤ ਵੱਖਰਾ ਹੈ। ਇਸ ਵਿਚ ਬਲਾਤਕਾਰੀ ਦੇ ਸਮਾਜੀਕਰਨ ਦੀ ਪ੍ਰਕਿਰਿਆ ਰਾਹੀਂ ਔਰਤਾਂ/ ਬੱਚਿਆਂ ਜਾਂ ਮਰਦਾਂ ਪ੍ਰਤੀ ‘ਦੁਜੈਲੇਪਣ ਦੀ ਸਥਿਤੀ` ਦੀ ਸੰਰਚਨਾ ਕੀਤੀ ਜਾਂਦੀ ਹੈ। ਇੱਥੇ ਬਲਾਤਕਾਰ ਨਾਲ ਮਿਲਦੀ ਜੁਲਦੀ ਹਿੰਸਾ ‘ਨਸਲਘਾਤ` ਦਾ ਉਦਾਹਰਨ ਦੇਣਾ ਕੁਥਾਂ ਨਹੀਂ ਹੋਵੇਗਾ। ਟੋਨੀ ਮੋਰੀਸਨ ਚਿੱਟੇ ਰੰਗ ਦੇ ਆਧਾਰ `ਤੇ ਕਾਲਿਆਂ ਦੇ ਨਸਲਘਾਤ ਕਰਨ ਦੀ ਮਾਨਸਿਕਤਾ ਵਾਲੀ ਧਿਰ ਨੂੰ ਸਵਾਲ ਪੁੱਛਦਿਆਂ ਲਿਖਦੀ ਹੈ, ‘ਜੇ ਤੁਹਾਡੇ ਵਿਚੋਂ ਤੁਹਾਡੀ ਨਸਲ ਮਨਫ਼ੀ ਕੀਤੀ ਜਾਵੇ ਤਾਂ ਤੁਸੀਂ ਕੀ ਰਹਿ ਜਾਵੋਗੇ?` ਅਗਲੀ ਦਲੀਲ ਦੇ ਕੇ ਉਹ ਆਖਦੀ ਹੈ ਕਿ ਨਸਲਵਾਦ ਖ਼ਤਮ ਹੋ ਜਾਵੇਗਾ, ਜਦੋਂ ਇਸ ਦਾ ਕੋਈ ‘ਉਪਜਾਊ` ਮੁੱਲ ਨਹੀਂ ਰਹਿ ਜਾਵੇਗਾ, ਜਦੋਂ ਇਹ ਜਾਬਰ ਨੂੰ ਮਾਨਸਿਕ ਮਜ਼ਬੂਤੀ ਦੇਣੀ ਬੰਦ ਕਰ ਦੇਵੇਗਾ। ਇਸ ਦਾ ਦੂਜਾ ਅਰਥ ਇਹ ਵੀ ਨਿਕਲਦਾ ਹੈ ਕਿ ਜੇ ਅੱਜ ਤਕ ਨਾਮੀਵਾਦੀ ਬਿਰਤਾਂਤ ਇਸ ਬਿੰਦੂ `ਤੇ ਕੇਂਦਰਿਤ ਰਿਹਾ ਹੈ ‘ਔਰਤ ਹੁੰਦੀ ਨਹੀਂ, ਸਗੋਂ ਸਮਾਜਿਕ ਪ੍ਰਕਿਰਿਆ ਰਾਹੀਂ ਬਣਾਈ ਜਾਂਦੀ ਹੈ।` (ਸੀਮੋਨ ਦਿ ਬੋਨੋਰ) ਤਾਂ ਇਸ ਨੁਕਤੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਮਰਦਾਨਗੀ ਤੇ ਉਸ ਨੂੰ ਔਰਤ ਸਰੀਰ ਉੱਪਰ ਪਰਖਣ ਦੀ ਬੇਲਗਾਮ ਹਿੰਸਾ ਵੀ ਪੀੜ੍ਹੀ ਦਰ ਪੀੜ੍ਹੀ ਸੱਭਿਆਚਾਰ, ਧਾਰਮਿਕ, ਸਮਾਜਿਕ, ਆਰਥਿਕ ਅਤੇ ਸਿਆਸਤ ਰਾਹੀਂ ਘੜੀ ਜਾਂਦੀ ਹੈ।
ਮਰਦ ਦੇ ਤੌਰ `ਤੇ ਕੁਦਰਤੀ ਅਤੇ ਸਮਾਜਿਕ ਵਸੀਲਿਆਂ `ਤੇ ਬਿਨਾਂ ਕੋਈ ਤਰੱਦਦ ਕੀਤਿਆਂ ਕਬਜ਼ਾ ਹੋਣ ਦੀ ਸਹੂਲਤ ਤੇ ਦੇਸ਼ ਦੀ ਜ਼ਮੀਨ, ਘਰਾਂ, ਖੇਤਾਂ, ਕਾਰਖਾਨਿਆਂ, ਫੈਕਟਰੀਆਂ, ਸੜਕਾਂ, ਥਾਣਿਆਂ, ਦਫ਼ਤਰਾਂ, ਸਮਾਜਿਕ ਇਕੱਠ ਦੀਆਂਥਾਵਾਂ `ਤੇ ਬਿਨਾਂ ਪਰਖੇ, ਬਿਨਾਂ ਰੋਕ ਟੋਕ, ਬਿਨਾਂ ਕਿਸੇ ਖ਼ਾਸ ਤਰੱਦਦ ਦੇ ਮਨਮਰਜ਼ੀ ਨਾਲ ਉੱਠਣ, ਬੈਠਣ, ਖਾਣ, ਨਹਾਉਣ, ਘੁੰਮਣ ਅਤੇ ਜੁਰਮ ਕਰਨ ਦੀਆਂ ਪ੍ਰਸਥਿਤੀਆਂ ਘੜਨ ਵਾਲੀਆਂ ਸਥਿਤੀਆਂ ਦਾ ਮੁਲਾਂਕਣ ਕਰੋ? ਜੇ ਫਿਰ ਵੀ ਸਥਿਤੀ ਨੂੰ ਸਮਝਣ ਵਿਚ ਦਿੱਕਤ ਆਵੇ ਤਾਂ ਕਿਸੇ ਸ਼ਹਿਰ ਦੀ ਕਿਸੇ ਵੀ ਸੜਕ `ਤੇ 10-12 ਦੁਕਾਨਾਂ ਵਿਚਕਾਰ ਤੁਰੀ ਜਾ ਰਹੀ ਕਿਸੇ ਵੀ ਉਮਰ, ਨਸਲ, ਧਰਮ, ਜਾਤ, ਤਬਕੇ ਤੇ ਜਮਾਤ ਦੀ ਔਰਤ ਨੂੰ ਪੰਜ ਮਿੰਟ ਰੋਕ ਕੇ ਉਸ ਉੱਤੇ ਹੁਣੇ-ਹੁਣੇ ਕੱਸੀਆਂ ਫੱਬਤੀਆਂ ਬਾਰੇ ਚਰਚਾ ਕਰੋ। ਗਾਲ੍ਹਾਂ ਤੋਂ ਲੈ ਕੇ ਉਸ ਦੇ ਸਰੀਰ ਦੇ ਅੰਗਾਂ ਬਾਰੇ ਕੀਤੇ ਮਜ਼ਾਕ/ ਫਿਕਰੇ ਤੇ ਹਾਸੇ ਨੂੰ ਕਾਨੂੰਨ ਦੀ ਕਿਸ ਧਾਰਾ ਦੇ ਅੰਤਰਗਤ ਸਜ਼ਾ ਦੇ ਘੇਰੇ ਵਿਚ ਲਿਆਇਆ ਜਾਵੇ? ਇਨ੍ਹਾਂਮਰਦਾਂ ਦੇ ਪਿੱਛੇ ਕਿਹੜੀ ਦੈਵਿਕ, ਵੈਦਿਕ ਜਾਂ ਰੂਹਾਨੀ ਸ਼ਕਤੀ ਕੰਮ ਕਰ ਰਹੀ ਹੈ? ਮਰਦਾਨਗੀ ਦੀ ਇਹ ਸੱਤਾ ਦੁਨੀਆਂ ਦੀਆਂ ਸਾਰੀਆਂ ਸਭਾਵਾਂਤੋਂ ਇੰਨੀ ਤਾਕਤਵਰ ਹੈ ਕਿ ਔਰਤਾਂ ਦਾ ਆਪਣਾ ਵੱਡਾ ਹਿੱਸਾ ਖ਼ੁਦ ਨੂੰ ਇਨ੍ਹਾਂ ਦੇ ਨਜ਼ਰੀਏ ਤੋਂ ਪਰਖਣ ਨੂੰ ਮਜਬੂਰ ਹੈ।
ਭਾਰਤੀ ਔਰਤਾਂ ਵਿਚ ਕੁਪੋਸ਼ਣ ਅਤੇ ਅਨੀਮੀਆ ਦੇ ਮੁੱਖ ਮੁੱਦੇ ਹਨ, ਇਸ ਦੇ ਬਾਵਜੂਦ ਇਸ ਸਮੇਂ ਭਾਰਤ ਵਿਸ਼ਵ ਦੀ ਸਭ ਤੋਂ ਵੱਧ ਵਿਕਣ ਵਾਲੀ ਗੋਰੇਪਣ ਦੀ ਕਰੀਮ ਅਤੇ ਸੁਰਖੀ-ਬਿੰਦੀ ਦਾ ਸਭ ਤੋਂ ਵੱਡਾ ਬਾਜ਼ਾਰ ਹੈ। ਭਾਰਤੀ ਔਰਤ ਦੀ ਪਰਿਭਾਸ਼ਾ ਦੇਣੀ ਹੋਵੇ ਤਾਂ ਕੀ ਦੇਵੋਗੇ? ਜੇ ਉਹ ‘ਦੇਵੀ`, ‘ਸੀਤਾ` ਅਤੇ ‘ਪਵਿੱਤਰ` ਹੈ ਤਾਂ ਉਸ ਨਾਲ ਹੁੰਦਾ ਜ਼ੁਲਮ ਧਾਰਮਿਕ ਕਿਤਾਬਾਂ ਤੇ ਧਾਰਮਿਕ ਮੱਠਾਂ `ਤੇ ਸਵਾਲ ਕਿਉਂ ਨਹੀਂ ਖੜ੍ਹੇ ਕਰਦਾ? ਜੇ ਉਹ ‘ਜੱਗ-ਜਨਨੀ` ਅਤੇ ‘ਇੱਜ਼ਤ` ਹੈ ਤਾਂ ਕਵਿਤਾਵਾਂ, ਫ਼ਿਲਮਾਂ, ਕਲਾਵਾਂ, ਨਾਚ-ਗਾਣਿਆਂ ਅਤੇ ਸੱਭਿਆਚਾਰਕ ਰਹੁ-ਰੀਤਾਂ ਵਿਚ ਉਸ ਦਾ ਸਿਰਫ਼ ‘ਸਰੀਰ` ਹੀ ਕਿਉਂ ਚਿਤਰਿਆ, ਸਿਰਜਿਆ ਅਤੇ ਪ੍ਰਚਾਰਿਆ ਜਾਂਦਾ ਹੈ? ਉਸ ਦੀ ਬੌਧਿਕਤਾ, ਸੰਵੇਦਨਸ਼ੀਲਤਾ, ਇਨਸਾਨੀ ਜਜ਼ਬੇ ਅਤੇ ਸੁਤੰਤਰ ਮਨੁੱਖ ਵਜੋਂ ਪੈਦਾ ਹੋ ਕੇ ਜ਼ਿੰਦਗੀ ਦੇ ਮਰਹਲੇ ਸਰ ਕਰਨ ਦੀ ‘ਆਜ਼ਾਦੀ` ਕਿੱਥੇ ਹੈ? ਬਹੁਤੇ ਭਾਰਤੀ ਘਰਾਂ ਵਿਚ ਤਾਂ ਹਾਲੇ ਤਕ ਉਸ ਦੀ ਥਾਲੀ ਦੀ ਰੋਟੀ ਤਕ ਮਰਦਾਂ ਨਾਲੋਂ ਅੱਧੀ ਹੈ।
ਸਮਾਜਿਕ ਤੌਰ `ਤੇ ਉਸ ਦਾ ‘ਮਾਂ` ਵਾਲਾ ਰੂਪ ਹੀ ਕਿਉਂ ਸਵੀਕਾਰਿਆ ਗਿਆ? ਉਸ ਦੇ ਮਨੁੱਖ ਰੂਪੀ ਵਜੂਦ ਨਾਲ ਸਮਾਜ ਨੂੰ ਕੀ ਦਿੱਕਤ ਹੈ? ਇਨ੍ਹਾਂ ਸਾਰੇ ਸਵਾਲਾਂ ਨੂੰ ਸਮਝਣ ਜਾਂ ਲਾਗੂ ਕਰਨ ਵਾਲਾ ਪ੍ਰਬੰਧ ਕਿੱਥੇ ਨਦਾਰਦ ਹੈ? ਦੂਜੇ ਪਾਸੇ ਕੀ ਮਰਦਾਂ ਨੇ ਸੱਭਿਅਤਾ ਅਤੇ ਸੱਭਿਆਚਾਰਕ ਮਰਿਆਦਾ ਦੇ ਰੂਪ ਵਿਚ ਆਪਣੇ ਬਣਾਏ ਮੱਠਾਂ, ਢਾਂਚਿਆਂ ਅਤੇ ਤ੍ਰਾਸਦੀਆਂ ਨੂੰ ਗਹੁ ਨਾਲ ਤੱਕਿਆ ਹੈ? ਜੇ ਮਰਦਾਨਗੀ ਸਾਬਤ ਕਰਨ ਲਈ ਨਿਹੱਥੀ ਅਤੇ ਬੇਬਸ ਔਰਤ ਦਾ ‘ਸ਼ਿਕਾਰ` ਕਰਨ ਵਰਗੇ ‘ਨਰਕ` ਤੁਹਾਨੂੰ ਸੰਤੁਸ਼ਟ ਕਰਦੇ ਹਨ ਤਾਂ ਤੁਸੀਂ ਖ਼ੁਦ ਹੀ ਤਰਸਯੋਗ ਅਤੇ ਮਾੜੀ ਨੈਤਿਕ ਸਥਿਤੀ ਵਿਚ ਹੋ? ਜੇ ਪੂੰਜੀ ਦੀ ਸੱਤਾ ਵਿਚ ਪਲਣ ਦੇ ਸੱਭਿਆਚਾਰ ਨੇ ਤੁਹਾਡੀ ਮਨੁੱਖਤਾ ਅਤੇ ਸੰਵੇਦਨਸ਼ੀਲਤਾ ਨੂੰ ਸਾਣ `ਤੇ ਲਾ ਛੱਡਿਆ ਹੈ ਤਾਂ ਇਸ ਦਾ ਅਰਥ ਤੁਸੀਂ ਸੱਤਾ ਅਤੇ ਇਸ ਨਾਲ ਜੁੜੇ ਢਾਂਚਿਆਂ ਨੂੰ ਸਿਰਜਣ ਤੇ ਚਲਾਉਣ ਦੀ ਨੈਤਿਕ ਅਤੇ ਬੌਧਿਕ ਸਮਰੱਥਾ ਖੋ ਚੁੱਕੇ ਹੋ? ਇਸ ਤੋਂ ਬਿਨਾਂ ਫਿਰ ਇਨ੍ਹਾਂ ਧਾਰਮਿਕ, ਸਿਆਸੀ ਅਤੇ ਸਮਾਜਿਕ ਜੁਗਾੜਾਂ, ਪੇਸ਼ਬੰਦੀਆਂ ਤੇ ਸਿਸਟਮਾਂ ਦਾ ਅਰਥ ਕੀ ਰਹਿ ਜਾਂਦਾ ਹੈ। ਜੇ ਤੁਹਾਡੀ ਅੱਧੀ ਆਬਾਦੀ ਨਿਆਂ ਤੇ ਅਣਖ ਨਾਲ ਜੀਵ ਦੀ ਮੁੱਢਲੀ ਮਨੁੱਖੀ ਸ਼ਰਤ ਨੂੰ ਗਵਾ ਬੈਠੀ ਹੋਵੇ? ਔਰਤਾਂ ਨਾਲ ਹੁੰਦੇ ਬਲਾਤਕਾਰਾਂ ਤੋਂ ਵੱਡੇ ਤਸੀਹਾ-ਘਰ ਦੇਖਣੇ ਹੋਣ ਤਾਂ ਇਕ ਸਕੂਟਰ, ਫਰਿੱਜ ਜਾਂ ਟੀ ਵੀ ਪਿੱਛੇ ਸਾੜ ਦਿੱਤੀਆਂ ਗਈਆਂ ਕੁੜੀਆਂ ਦੀਆਂਮਾਵਾਂ ਨੂੰ ਪੁੱਛੋ? ਉਨ੍ਹਾਂ ਘਰਾਂ ਵਿਚ ਝਾਤੀ ਮਾਰੋ ਜਿੱਥੇ ਤੁਹਾਡੀਆਂ ਬੇਟੀਆਂ, ਪਤਨੀਆਂ ਅਤੇ ਨੂੰਹਾਂ ਦਿਨ-ਰਾਤ ਛੇੜਖਾਨੀ, ਬਲਾਤਕਾਰ ਅਤੇ ਜ਼ਲਾਲਤ ਦੀ ਕਰੂਰਤਾ ਦੀ ਦਹਿਸ਼ਤ ਵਿਚ ਦਿਨ ਕਟੀ ਕਰ ਰਹੀਆਂ ਹਨ? ਜੇ ਡਾਕਟਰ ਹੋ ਤਾਂ ਆਪਣੀਆਂ ਔਰਤ ਮਰੀਜ਼ਾਂ ਦੇ ਸਰੀਰਾਂ ਦੇ ਵੱਢ-ਟੁੱਕ ਦੇ ਨਿਸ਼ਾਨਾਂ ਨੂੰ ਪੜ੍ਹੋ? ਅਧਿਆਪਕ ਹੋ ਤਾਂ ਕਲਾਸਾਂ ਵਿਚ ਲਿੰਗ ਸਮਾਨਤਾ ਦੇ ਚੈਪਟਰ ਪੜ੍ਹਦੀਆਂ ਕੁੜੀਆਂ ਦੀਆਂ ਅੱਖਾਂ ਨੂੰ ਧਿਆਨ ਨਾਲ ਦੇਖੋ। ਨੇਤਾ ਹੋ ਤਾਂ ਸਟੇਜਾਂ ਤੋਂ ਹੇਠਾਂ ਆ ਕੇ ਦੇਖੋ, ਧਰਨਿਆਂ, ਰੈਲੀਆਂ ਅਤੇ ਨਾਅਰਿਆਂ ਤੋਂ ਪਰੇ ਔਰਤਾਂ ਨਾਲ ਕੀ ਹੋ ਰਿਹਾ ਹੈ? ਲੇਖਕ ਹੋ ਤਾਂ ਔਰਤਾਂ ਬਾਰੇ ਲਿਖਣ ਤੋਂਪਹਿਲਾਂ ਉਨ੍ਹਾਂ ਨੂੰ ਸੁਣਨਾ ਨਾ ਭੁੱਲੋ। ਮਹਿਸੂਸ ਕਰਨ ਦੀ ਸਮਰੱਥਾ ਬਚੀ ਹੋਈ ਹੋਵੇ ਤਾਂ ਉਨ੍ਹਾਂ ਦੀ ‘ਚੁੱਪ` ਨੂੰ ਸੁਣੋ। ਇਸ ਗੱਲ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਹੁਤ ਜਲਦੀ ਔਰਤਾਂ ਖਿਲਾਫ਼ ਹੁੰਦੀ ਹਿੰਸਾ ਮਨੁੱਖੀ ਨਸਲ ਦੀ ‘ਜ਼ਰੂਰਤ` `ਤੇ ਹੀ ਸਵਾਲੀਆ ਨਿਸ਼ਾਨ ਖੜ੍ਹੇ ਕਰ ਦੇਵੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”