Welcome to Canadian Punjabi Post
Follow us on

06

August 2020
ਟੋਰਾਂਟੋ/ਜੀਟੀਏ

ਓਨਟਾਰੀਓ ਹੈਲਥ ਟੀਮਜ਼ ਜਲਦ ਸ਼ੁਰੂ ਕਰਨਗੀਆਂ ਆਪਣਾ ਕੰਮ : ਪ੍ਰਭਮੀਤ ਸਰਕਾਰੀਆ

December 09, 2019 09:41 AM

ਬਰੈਂਪਟਨ, 8 ਦਸੰਬਰ (ਪੋਸਟ ਬਿਊਰੋ) : ਹਾਲਵੇਅ ਹੈਲਥ ਕੇਅਰ ਖ਼ਤਮ ਕਰਨ ਤੇ ਮਰੀਜ਼ਾਂ ਦੀਆਂ ਲੋੜਾਂ ਮੁਤਾਬਕ ਟਿਕਾਊ ਹੈਲਥ ਕੇਅਰ ਸਿਸਟਮ ਦਾ ਨਿਰਮਾਣ ਕਰਨ ਲਈ ਓਨਟਾਰੀਓ ਸਰਕਾਰ ਆਪਣੀ ਪੂਰੀ ਵਾਹ ਲਾ ਰਹੀ ਹੈ। ਪ੍ਰੋਵਿੰਸ ਵੱਲੋਂ ਓਨਟਾਰੀਓ ਹੈਲਥ ਟੀਮਜ਼ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਹ ਮਰੀਜ਼ਾਂ ਦੀ ਸਾਂਭ ਸੰਭਾਲ ਦਾ ਅਜਿਹਾ ਨਵਾਂ ਮਾਡਲ ਹੈ ਜਿਹੜਾ ਹੈਲਥ ਕੇਅਰ ਪ੍ਰੋਵਾਈਡਰਜ਼ ਨੂੰ ਇੱਕ ਟੀਮ ਵਜੋਂ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।
ਬਰੈਂਪਟਨ ਸਾਊਥ ਤੋਂ ਐਮਪੀਪੀ ਪ੍ਰਭਮੀਤ ਸਰਕਾਰੀਆ ਨੇ ਬਰੈਂਪਟਨ ਵੈਸਟ ਤੋਂ ਐਮਪੀਪੀ ਅਮਰਜੋਤ ਸੰਧੂ ਨਾਲ ਰਲ ਕੇ ਕੁਈਨ ਸਕੁਏਅਰ ਫੈਮਿਲੀ ਹੈਲਥ ਟੀਮ ਆਫਿਸਿਜ਼ ਤੋਂ ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਦੇ ਪੱਖ ਉੱਤੇ ਇਹ ਐਲਾਨ ਕੀਤਾ ਕਿ ਬਰੈਂਪਟਨ/ਇਟੋਬੀਕੋ ਤੇ ਏਰੀਆ ਓਨਟਾਰੀਓ ਹੈਲਥ ਟੀਮ ਪ੍ਰੋਵਿੰਸ ਦੀਆਂ ਉਨ੍ਹਾਂ 24 ਟੀਮਾਂ ਵਿੱਚੋਂ ਪਹਿਲੀ ਹੈ ਜਿਹੜੀ ਹੈਲਥ ਕੇਅਰ ਮੁਹੱਈਆ ਕਰਵਾਉਣ ਦੇ ਨਵੇਂ ਮਾਡਲ ਨੂੰ ਲਾਗੂ ਕਰੇਗੀ। ਇਸ ਨਾਲ ਮਰੀਜ਼ ਤੇ ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲੇ ਇੱਕ ਦੂਜੇ ਨਾਲ ਬਿਹਤਰ ਢੰਗ ਨਾਲ ਜੁੜ ਸਕਣਗੇ। ਓਨਟਾਰੀਓ ਹੈਲਥ ਟੀਮ ਰਾਹੀਂ ਮਰੀਜ਼ ਇੱਕ ਹੈਲਥ ਪ੍ਰੋਵਾਈਡਰ ਤੋਂ ਦੂਜੇ ਤੱਕ ਆਸਾਨੀ ਨਾਲ ਜੁੜ ਸਕਣਗੇ।
ਬਰੈਂਪਟਨ ਸਾਊਥ ਤੋਂ ਐਮਪੀਪੀ ਤੇ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਡਕਸ਼ਨ ਮੰਤਰੀ ਪ੍ਰਭਮੀਤ ਸਰਕਾਰੀਆ ਨੇ ਆਖਿਆ ਕਿ ਬਰੈਂਪਟਨ ਭਰ ਦੇ ਪਰਿਵਾਰ ਅਜਿਹੀ ਮਿਆਰੀ ਹੈਲਥ ਕੇਅਰ ਦੇ ਹੱਕਦਾਰ ਹਨ ਜਿਹੜੀ ਅੱਜ ਦੇ ਜ਼ਮਾਨੇ ਵਿੱਚ ਕਮਿਊਨਿਟੀ ਦੀ ਲੋੜ ਬਣ ਚੁੱਕੀ ਹੈ। ਉਨ੍ਹਾਂ ਆਖਿਆ ਕਿ ਅੱਜ ਵਾਲੇ ਐਲਾਨ ਨਾਲ ਅਸੀਂ ਬਰੈਂਪਟਨ ਵਾਸੀਆਂ ਲਈ ਹਾਲਵੇਅ ਹੈਲਥਕੇਅਰ ਖ਼ਤਮ ਕਰਨ ਤੇ ਆਪਣੀ ਕਮਿਊਨਿਟੀ ਲਈ ਸਿਹਤ ਸੁਧਾਰ ਦੇ ਬਿਹਤਰ ਨਤੀਜਿਆਂ ਵੱਲ ਵੱਧ ਗਏ ਹਾਂ।
ਐਲੀਅਟ ਨੇ ਆਖਿਆ ਕਿ ਓਨਟਾਰੀਓ ਵਿੱਚ ਹੈਲਥ ਕੇਅਰ ਲਈ ਇਹ ਬਿਹਤਰ ਸਮਾਂ ਹੈ। ਅਸੀਂ ਲੰਮੇਂ ਸਮੇਂ ਤੋਂ ਚੱਲੇ ਆ ਰਹੇ ਉਨ੍ਹਾਂ ਅੜਿੱਕਿਆਂ ਨੂੰ ਖਤਮ ਕਰਨ ਵਿੱਚ ਕਾਮਯਾਬ ਹੋ ਰਹੇ ਹਾਂ ਜਿਨ੍ਹਾਂ ਕਾਰਨ ਕੇਅਰ ਮੁਹੱਈਆ ਕਰਵਾਉਣ ਵਾਲੇ ਮਰੀਜ਼ਾਂ ਨਾਲ ਰਲ ਕੇ ਸਿੱਧੇ ਤੌਰ ਉੱਤੇ ਉਨ੍ਹਾਂ ਦਾ ਇਲਾਜ ਕਰਨ ਤੋਂ ਵਾਂਝੇ ਰਹਿ ਰਹੇ ਸਨ। ਉਨ੍ਹਾਂ ਆਖਿਆ ਕਿ ਆਪਣੇ ਹੈਲਥ ਕੇਅਰ ਭਾਈਵਾਲਾਂ ਨਾਲ ਰਲ ਕੇ ਅਸੀਂ ਹਾਲਵੇਅ ਹੈਲਥ ਕੇਅਰ ਨੂੰ ਖਤਮ ਕਰਨ ਤੇ ਨਵਾਂ ਅਤੇ ਟਿਕਾਊ ਪਬਲਿਕ ਹੈਲਥ ਕੇਅਰ ਸਿਸਟਮ ਸ਼ੁਰੂ ਕਰਨ ਵੱਲ ਵੱਧ ਰਹੇ ਹਾਂ।
ਬਰੈਂਪਟਨ, ਇਟੋਬੀਕੋ ਤੇ ਏਰੀਆ ਓਨਟਾਰੀਓ ਹੈਲਥ ਟੀਮ ਮਜ਼ਬੂਤ ਕੇਅਰ ਹੱਬ ਕਾਇਮ ਕਰਨ ਉੱਤੇ ਧਿਆਨ ਕੇਂਦਰਿਤ ਕਰੇਗੀ। ਜੋ ਕਿ ਮਰੀਜ਼ਾਂ, ਕੇਅਰ ਮੁਹੱਈਆ ਕਰਵਾਉਣ ਵਾਲਿਆਂ ਦੀ ਪਹੁੰਚ ਹੈਲਥ ਤੇ ਸੋਸ਼ਲ ਸਰਵਿਸਿਜ਼ ਤੱਕ ਕਰਾਵੇਗਾ। ਇਸ ਤਰ੍ਹਾਂ ਦੀ ਮਦਦ 24 ਘੰਟੇ ਮਰੀਜ਼ਾਂ ਨੂੰ ਮੁਹੱਈਆ ਕਰਾਈ ਜਾਵੇਗੀ। ਇਸ ਨਾਲ ਮਰੀਜ਼ਾਂ ਨੂੰ ਆਪਣੀ ਤਕਲੀਫ ਵਾਰੀ ਵਾਰੀ ਸਾਰਿਆਂ ਨੂੰ ਨਹੀਂ ਸੁਣਾਉਣੀ ਹੋਵੇਗੀ। ਇਹ ਯਕੀਨੀ ਬਣਾਇਆ ਜਾਵੇਗਾ ਕਿ ਮਰੀਜ਼ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਲਈ ਜਿ਼ੰਦਗੀ ਭਰ ਉਸ ਦਾ ਇਲਾਜ ਬਿਨਾਂ ਕਿਸੇ ਮੁਸ਼ਕਲ ਦੇ ਚੱਲਦਾ ਰਹਿ ਸਕੇ।
ਐਲੀਅਟ ਨੇ ਆਖਿਆ ਕਿ ਸਾਡੇ ਇਸ ਨਵੇਂ ਉਪਰਾਲੇ ਨਾਲ ਮਰੀਜ਼ਾਂ ਨੂੰ ਬਿਹਤਰ ਇਲਾਜ ਮਿਲੇਗਾ। ਉਨ੍ਹਾਂ ਹੈਲਥ ਕੇਅਰ ਪ੍ਰੋਵਾਈਡਰਜ਼ ਤੇ ਸੰਸਥਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਏਰੀਆ ਓਨਟਾਰੀਓ ਹੈਲਥ ਟੀਮ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ। ਉਨ੍ਹਾਂ ਆਖਿਆ ਕਿ ਅਜੇ ਇਸ ਪਾਸੇ ਕਾਫੀ ਕੰਮ ਹੋਣਾ ਬਾਕੀ ਹੈ ਪਰ ਮਿਹਨਤ ਤੇ ਸਮਰਪਣ ਭਾਵਨਾ ਨਾਲ ਅਸੀਂ ਹੈਲਥ ਕੇਅਰ ਵਿੱਚ ਸੁਧਾਰ ਕਰਨਾ ਜਾਰੀ ਰੱਖਾਂਗੇ। ਇੱਥੇ ਦੱਸਣਾ ਬਣਦਾ ਹੈ ਕਿ ਏਰੀਆ ਓਨਟਾਰੀਓ ਹੈਲਥ ਟੀਮ 24/7 ਨੇਵੀਗੇਸ਼ਨ ਤੇ ਕੇਅਰ ਕੋਆਰਡੀਨੇਸ਼ਨ ਸੇਵਾਵਾਂ ਮੁਹੱਈਆ ਕਰਾਵੇਗੀ। ਪਹਿਲੇ ਸਾਲ ਮਰੀਜ਼ਾਂ ਦੇ ਇੱਕ ਗਰੁੱਪ ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਨ੍ਹਾਂ ਮਰੀਜ਼ਾਂ ਨੂੰ ਪ੍ਰਾਇਮਰੀ ਕੇਅਰ ਟੀਮਜ਼ ਤੇ ਬਰੌਡਰ ਓਨਟਾਰੀਓ ਹੈਲਥ ਟੀਮ ਭਾਈਵਾਲਾਂ ਰਾਹੀਂ ਇਲਾਜ ਮੁਹੱਈਆ ਕਰਵਾਇਆ ਜਾਵੇਗਾ। ਇਸ ਕੰਮ ਨੂੰ ਪੜਾਅਵਾਰ ਲਾਗੂ ਕੀਤਾ ਜਾਵੇਗਾ ਤੇ ਫਿਰ ਸਮਾਂ ਪੈਣ ਉੱਤੇ ਬਰੈਂਪਟਨ/ਇਟੋਬੀਕੋ ਦੇ ਸਾਰੇ ਮਰੀਜ਼ਾਂ ਨੂੰ ਇਸ ਪ੍ਰੋਗਰਾਮ ਤਹਿਤ ਲਿਆਂਦਾ ਜਾਵੇਗਾ। ਬਰੈਂਪਟਨ/ਇਟੋਬੀਕੋ ਤੇ ਏਰੀਆ ਓਨਟਾਰੀਓ ਹੈਲਥ ਟੀਮ ਆਪਣੇ ਕੁੱਝ ਕੁ ਪ੍ਰਸਤਾਵਿਤ ਪ੍ਰੋਗਰਾਮ ਤੇ ਸੇਵਾਵਾਂ 2020 ਵਿੱਚ ਲਾਗੂ ਕਰਨਗੀਆਂ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ