ਨਵੀਂ ਦਿੱਲੀ, 3 ਦਸੰਬਰ, (ਪੋਸਟ ਬਿਊਰੋ)- ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਲਾਹੌਰ ਦੇ ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਬਾਰੇ ਮੰਗਲਵਾਰ ਰਾਜ ਸਭਾ ਵਿੱਚ ਮੰਗ ਕੀਤੀ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਉਨ੍ਹਾਂ ਦੀ ਕਬਰ ਵਿੱਚੋਂ ਕੱਢ ਕੇ ਭਾਰਤ ਲਿਆਉਣਾ ਚਾਹੀਦਾ ਹੈ। ਰਾਜ ਸਭਾ ਵਿੱਚ ਉਨ੍ਹਾਂ ਜ਼ੀਰੋ ਟਾਈਮ ਵੇਲੇ ਮੁੱਦਾ ਚੁੱਕਿਆ ਤੇ ਕਿਹਾ ਕਿ ਇਸ ਕਦਮ ਨਾਲ ਇਤਿਹਾਸ ਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਹੈ।
ਵਰਨਣ ਯੋਗ ਹੈ ਕਿ ਦਲੀਪ ਸਿੰਘ ਦਾ ਜਨਮ ਸਿੱਖ ਮਹਾਰਾਜਾ ਰਣਜੀਤ ਸਿੰਘ ਦੇ ਘਰ 1838 ਵਿੱਚ ਲਾਹੌਰ ਵਿੱਚ ਹੋਇਆ ਸੀ ਅਤੇ ਪੰਜ ਸਾਲ ਦੀ ਉਮਰ ਵਿੱਚ ਰਾਜਕੁਮਾਰ ਦਲੀਪ ਸਿੰਘ ਨੂੰ ਸਿੱਖ ਰਾਜ ਦੀ ਗੱਦੀ ਮਿਲ ਗਈ ਸੀ। ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ 1849 ਵਿਚ ਦੂਸਰੀ ਐਂਗਲੋ-ਸਿੱਖ ਜੰਗ ਤੋਂ ਬਾਅਦ ਬ੍ਰਿਟਿਸ਼ ਭਾਰਤ ਨਾਲ ਜੁੜ ਗਏ ਇਸ ਰਾਜ ਦੀ ਗੱਦੀ ਤੋਂ ਦਲੀਪ ਸਿੰਘ ਨੂੰ ਹਟਾ ਦਿੱਤਾ ਗਿਆ ਅਤੇ ਉਸ ਨੂੰ ਉਸ ਦੀ ਮਾਂ ਮਹਾਰਾਣੀ ਜਿੰਦ ਕੌਰ ਤੋਂ ਵੀ ਵੱਖ ਕਰ ਕੇ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਸੀ।ਬਾਜਵਾ ਨੇ ਕਿਹਾ ਕਿ ਇੰਗਲੈਂਡ ਲਿਜਾ ਕੇ ਦਲੀਪ ਸਿੰਘ ਨੂੰ 16 ਸਾਲ ਦੀ ਉਮਰ ਵਿੱਚ ਉਸ ਦਾ ਧਰਮ ਬਦਲ ਕੇ ਇਸਾਈ ਧਰਮ ਵਿੱਚ ਸ਼ਾਮਲ ਕੀਤਾ ਤੇ ਰਾਣੀ ਵਿਕਟੋਰੀਆ ਦੀ ਸਰਪ੍ਰਸਤੀ ਹੇਠ ਰੱਖਿਆ ਗਿਆ। 13 ਸਾਲਾਂ ਦੇ ਵਿਛੋੜੇ ਪਿੱਛੋਂ ਉਹ ਆਪਣੀ ਮਾਂ ਨੂੰ ਦੁਬਾਰਾ ਮਿਲਿਆਅਤੇ ਆਪਣੇ ਇਤਿਹਾਸ ਅਤੇ ਸਿੱਖ ਪਛਾਣ ਬਾਰੇ ਜਾਣਨ ਉੱਤੇ ਉਸ ਨੇ ਫਿਰ ਸਿੱਖ ਬਣਨ ਦਾ ਫ਼ੈਸਲਾ ਕਰ ਲਿਆ। ਸਾਲ 1886 ਵਿਚ ਦਲੀਪ ਸਿੰਘ ਆਪਣੇ ਪਰਿਵਾਰ ਸਮੇਤ ਭਾਰਤ ਨੂੰ ਤੁਰਿਆ, ਪਰ ਸਿੱਖ ਬਗਾਵਤ ਤੋਂ ਡਰਦੀ ਬ੍ਰਿਟਿਸ਼ ਸਰਕਾਰ ਨੇ ਉਸ ਨੂੰ ਗ੍ਰਿਫਤਾਰ ਕਰ ਤੇ ਨਜ਼ਰਬੰਦ ਕਰ ਦਿੱਤਾ। ਬਾਜਵਾ ਨੇ ਮੰਗ ਕੀਤੀ ਹੈ ਕਿ ਮਹਾਰਾਜਾ ਦਲੀਪ ਸਿੰਘ ਦੀਆਂ ਅਸਥੀਆਂ ਨੂੰ ਕਬਰ ਤੋਂ ਕੱਢਿਆ ਜਾਣਾ ਅਤੇ ਅੰਮ੍ਰਿਤਸਰ ਲਿਆ ਕੇ ਉਸ ਦਾ ਸਿੱਖ ਪਰੰਪਰਾਵਾਂ ਅਨੁਸਾਰ ਅੰਤਮ ਸੰਸਕਾਰ ਕੀਤਾ ਜਾਣਾ ਚਾਹੀਦਾ ਹੈ।