ਹੈਦਰਾਬਾਦ, 2 ਦਸੰਬਰ (ਪੋਸਟ ਬਿਊਰੋ)- ਪਸ਼ੂਆਂ ਦੀ ਮਹਿਲਾ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਬਾਰੇ ਲੋਕਾਂ ਦਾ ਗੁੱਸਾ ਇੰਨਾ ਵਧ ਗਿਆ ਹੈ ਕਿ ਕਲੋਨੀ ਵਾਸੀਆਂ ਨੇ ਨੇਤਾਵਾਂ ਅਤੇ ਹੋਰ ਲੋਕਾਂ ਨੂੰ ਵਾਪਸ ਭੇਜ ਦਿੱਤਾ, ਜੋ ਉਨ੍ਹਾਂ ਦੇ ਪਰਵਾਰ ਨਾਲ ਹਮਦਰਦੀ ਜ਼ਾਹਰ ਕਰਨ ਲਈ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ।
ਵਰਨਣ ਯੋਗ ਹੈ ਕਿ ਇਸ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਸ਼ਮਸ਼ਾਨਘਾਟ ਨੇੜਲੀ ਕਲੋਨੀ ਦੇ ਦਰਵਾਜ਼ਿਆਂ ਨੂੰ ਲੋਕ ਨੇ ਬੰਦ ਕਰ ਕੇ ਉਸ ਉਤੇ ‘ਕੋਈ ਮੀਡੀਆ, ਪੁਲਸ, ਹਮਦਰਦੀ ਨਹੀਂ, ਸਿਰਫ ਕਾਰਵਾਈ ਅਤੇ ਨਿਆਂ ਚਾਹੀਦਾ ਹੈ’ ਲਿਖੀਆਂ ਹੋਈਆਂ ਤਖਤੀਆਂ ਰੱਖ ਦਿੱਤੀਆਂ ਹਨ। ਇੱਕ ਔਰਤ ਨੇ ਪੁੱਛਿਆ ਕਿ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਅੱਜ ਤੱਕ ਇਸ ਘਟਨਾ 'ਤੇ ਪ੍ਰਤੀਕਿਰਿਆ ਕਿਉਂ ਨਾ ਦਿੱਤੀ? ਮੁੱਖ ਮੰਤਰੀ ਤੁਰੰਤ ਨਿਆਂ ਯਕੀਨੀ ਕਿਉਂ ਨਹੀਂ ਕਰ ਰਹੇ। ਇੱਕ ਔਰਤ ਨੇ ਪੁੱਛਿਆ ਕਿ ਪ੍ਰਧਾਨ ਮੰਤਰੀੇ ਨੇ ਅੱਜ ਤੱਕ ਇਸ ਘਟਨਾ 'ਤੇ ਟਵੀਟ ਕਿਉਂ ਨਾ ਕੀਤਾ। ਸੀ ਪੀ ਐੱਮ ਦੇ ਸਾਬਕਾ ਵਿਧਾਇਕ ਜੇ ਰੰਗਾ ਰੈਡੀ ਅਤੇ ਉਨ੍ਹਾਂ ਦੇ ਵਰਕਰਾਂ ਨੂੰ ਕਲੋਨੀ ਵਾਸੀਆਂ ਨੇ ਅੰਦਰ ਨਹੀਂ ਜਾਣ ਦਿੱਤਾ ਤੇ ਵਾਪਸ ਜਾਣ ਲਈ ਕਿਹਾ। ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਗੁੱਸਾ ਫੁਟ ਰਿਹਾ ਹੈ। ਭਾਵੁਕਤਕਾ 'ਚ ਲੋਕ ਪੀੜਤਾ ਦੀਆਂ ਵਾਇਰਲ ਹੋ ਚੁੱਕੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਨ ਅਤੇ ਟਵਿੱਟਰ 'ਤੇ ਉਸ ਦੇ ਨਾਂਅ ਦੇ ਹੈਸ਼ ਟੈਗ ਵੀ ਚੱਲੇ ਹਨ।
ਇਸ ਦੌਰਾਨ ਕੇਸ ਦਰਜ ਕਰਨ 'ਚ ਦੇਰੀ ਦੇ ਦੋਸ਼ ਵਿੱਚ ਤਿੰਨ ਪੁਲਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਪੁਲਸ ਕਮਿਸ਼ਨਰ ਵੀ ਸੀ ਸੱਜਨਰ ਨੇ ਦੱਸਿਆ ਕਿ ਲੋਕਾਂ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਕਰਨ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੂਸਰੇ ਮੁੱਖ ਦੋਸ਼ੀ ਮਾਂ ਨੇ ਕਿਹਾ ਕਿ ਪੀੜਤ ਕੁੜੀ ਵਾਂਗ ਮੁਲਜ਼ਮਾਂ ਨੂੰ ਵੀ ਸਾੜ ਦੇਣਾ ਚਾਹੀਦਾ ਹੈ। ਜਿਵੇਂ ਕੁੜੀ ਦੇ ਨਾਲ ਕੀਤਾ ਗਿਆ, ਉਸੇ ਤਰ੍ਹਾਂ ਮੁਲਜ਼ਮਾਂ ਨੂੰ ਵੀ ਸਾੜ ਦੇਣਾ ਚਾਹੀਦਾ ਹੈ।