ਜਲੰਧਰ, 2 ਦਸੰਬਰ (ਪੋਸਟ ਬਿਊਰੋ)- ਇਸ ਮਹਾਨਗਰ ਵਿੱਚ 12 ਦਿਨ ਪਹਿਲਾਂ ਰੇਲਵੇ ਸਟੇਸ਼ਨ ਨੇੜੇ ਕਾਂਗਰਸੀ ਆਗੂ ਮਨੁੂ ਸੁੂੂਰੀ 'ਤੇ ਜਾਨਲੇਵਾ ਹਮਲਾ ਕਰਨ ਦੇ ਦੋਸ਼ੀ ਸ਼ਰੇਆਮ ਸੋਸ਼ਲ ਮੀਡੀਆ ਉਤੇ ਲਾਈਵ ਹੋ ਕੇ ਜਨਮ ਦਿਨ ਦੀ ਪਾਰਟੀ ਮਨਾਉਂਦੇ ਰਹੇ, ਪਰ ਪੁਲਸ ਸੁੱਤੀ ਰਹੀ। ਮਾਮਲੇ ਦੀ ਪੋਲ ਉਸ ਵੇਲੇ ਖੁੱਲ੍ਹੀ, ਜਦੋਂ ਪੁਲਸ ਨੂੰ ਲੋੜੀਂਦੇ ਦੋਸ਼ੀ ਦੀਆਂ ਇੱਕ ਜਨਮ ਦਿਨ ਦੀ ਪਾਰਟੀ 'ਚ ਹਾਜ਼ਰੀ ਦੀਆਂ ਤਸਵੀਰਾਂ ਤੇ ਵੀਡੀਓ ਵਾਇਰਲ ਹੋ ਗਈ।
ਇਸ ਕੇਸ 'ਚ ਪੁਲਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਪਹਿਲਾਂ ਜੇਲ੍ਹ ਭੇਜ ਦਿੱਤਾ ਹੈ, ਪਰ ਮੁੱਖ ਦੋਸ਼ੀ ਨੂੰ ਫੜਨਾ ਅਜੇ ਪੁਲਸ ਲਈ ਚੈਲਿੰਜ ਬਣਿਆ ਹੋਇਆ ਹੈ। ਪੁਲਸ ਰਿਕਾਰਡ ਮੁਤਾਬਕ ਉਕਤ ਦੋਸ਼ੀ ਹੱਤਿਆ ਦੀ ਕੋਸ਼ਿਸ਼ ਦੇ ਕੇਸ 'ਚ ਫਰਾਰ ਹੈ, ਪਰ ਪੁਲਸ ਨੇ ਉਸ ਦੀ ਫੇਸਬੁੱਕ ਟਾਈਮ ਲਾਈਨ ਨੂੰ ਟਰੇਸ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ। 19 ਨਵੰਬਰ ਦੀ ਸਵੇਰ ਸਮੇਂ ਮਨੂ ਸੂਰੀ 'ਤੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਾਂਗੜਾ ਢਾਬੇ ਦੇ ਬਾਹਰ ਹੋਏ ਜਾਨਲੇਵਾ ਹਮਲੇ ਦੇ ਕੇਸ 'ਚ ਕਈ ਦਿਨ ਬੀਤ ਜਾਣ 'ਤੇ ਵੀ ਮੁੱਖ ਦੋਸ਼ੀ ਗੌਰਵ ਸ਼ਰਮਾ ਤੇ ਨੋਨੀ ਸ਼ਰਮਾ ਤੇ ਪਾਰਸ ਅਰੋੜਾ ਸਮੇਤ ਹੋਰ ਦੋਸ਼ੀਆਂ ਤੱਕ ਪੁਲਸ ਅਜੇ ਨਹੀਂ ਪਹੁੰਚੀ। ਇਸੇ ਦੌਰਾਨ 28 ਨਵੰਬਰ ਨੂੰ ਫੇਸਬੁੱਕ 'ਤੇ ਲਾਈਵ ਹੋ ਕੇ ਮੋਹਾਲੀ ਦੇ ਹੋਟਲ ਬ੍ਰਯੂ ਬ੍ਰਦਰਜ਼ 'ਚ ਮੁੱਖ ਮੁਲਜ਼ਮ ਪਾਰਸ ਅਰੋੜਾ ਦਾ ਉਸ ਦੇ ਸਾਥੀਆਂ ਨੇ ਜਨਮ ਦਿਨ ਮਨਾਇਆ, ਜਿਸ 'ਚ ਬਰਥ ਡੇਅ ਬੁਆਏ ਪਾਰਸ ਅਰੋੜਾ ਤੇ ਨੋਨੂ ਸ਼ਰਮਾ ਦੋਵੇਂ ਮੌਜੂਦ ਸਨ।