ਓਟਵਾ, 21 ਅਕਤੂਬਰ (ਪੋਸਟ ਬਿਊਰੋ) : ਐਤਵਾਰ ਰਾਤ ਤੱਕ ਜੇ ਕੋਈ ਸਮਝੌਤਾ ਸਿਰੇ ਨਾ ਚੜ੍ਹ ਸਕਿਆ ਤਾਂ ਕੈਨੇਡਾ ਪੋਸਟ ਦੀ ਯੂਨੀਅਨ ਦੇ ਮੈਂਬਰ ਹੜਤਾਲ ਸੁ਼ਰੂ ਕਰ ਸਕਦੇ ਹਨ।
ਜਿਕਰਯੋਗ ਹੈ ਕਿ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ (ਸੀਯੂਪੀਡਬਲਿਊ) ਵੱਲੋਂ ਆਪਣੇ ਸਮਝੌਤੇ ਨੂੰ ਮੁੜ ਨੰਵਿਆਉਣ ਲਈ 10 ਮਹੀਨੇ ਪਹਿਲਾਂ ਗੱਲਬਾਤ ਸੁਰੂ ਕੀਤੀ ਗਈ ਸੀ ਪਰ ਇਹ ਗੱਲਬਾਤ ਕਿਸੇ ਤਣ ਪੱਤਣ ਨਹੀਂ ਲੱਗੀ ਲੱਗਦੀ। ਯੂਨੀਅਨ ਦਾ ਕਹਿਣਾ ਹੈ ਕਿ ਜੇ ਸੋਮਵਾਰ ਨੂੰ 12:01 ਵਜੇ ਤੋਂ ਪਹਿਲਾਂ ਕੋਈ ਡੀਲ ਸਾਈਨ ਨਾ ਕੀਤੀ ਗਈ ਤਾਂ ਉਹ ਵਿਕਟੋਰੀਆ, ਐਡਮੰਟਨ, ਵਿੰਡਸਰ, ਓਨਟਾਰੀਓ ਵਿੱਚ ਸਿਲਸਿਲੇਵਾਰ ਹੜਤਾਲ ਸੁਰੂ ਕਰ ਦੇਣਗੇ। 1:01 ਵਜੇ ਤੋਂ ਹੈਲੀਫੈਕਸ ਵਿੱਚ ਵੀ ਹੜਤਾਲ ਸੁਰੂ ਕਰ ਦਿੱਤੀ ਜਾਵੇਗੀ।
ਯੂਨੀਅਨ ਨੇ ਇਹ ਵੀ ਆਖਿਆ ਹੈ ਕਿ ਇਹ ਰੋਟੇਟਿੰਗ ਹੜਤਾਲ 24 ਘੰਟੇ ਜਾਰੀ ਰਹੇਗੀ। ਯੂਨੀਅਨ ਭੱਤਿਆਂ ਵਿੱਚ ਵਾਧਾ, ਵਧੇ ਹੋਏ ਕੰਮ ਦੇ ਬੋਝ ਨੂੰ ਘਟਾਉਣ ਦੀ ਮੰਗ ਕਰ ਰਹੀ ਹੈ। ਸੀਯੂਪੀਡਬਲਿਊ ਦੇ ਮਾਂਟਰੀਅਲ ਚੈਪਟਰ ਦੇ ਪ੍ਰਧਾਨ ਲਾਈਸ ਲਾਈਨ ਗੈਲਿਨਿਊ ਨੇ ਦੱਸਿਆ ਕਿ ਯੂਨੀਅਨ ਹੜਤਾਲ ਉੱਤੇ ਨਹੀਂ ਜਾਣਾ ਚਾਹੁੰਦੀ ਪਰ ਹੁਣ ਗੇਂਦ ਇੰਪਲਾਇਰ ਦੇ ਪਾਲੇ ਵਿੱਚ ਹੈ।