Welcome to Canadian Punjabi Post
Follow us on

11

August 2020
ਨਜਰਰੀਆ

ਆਪਣੇ ਆਪ ਨਾਲ ਕਰੋ ਮੁਕਾਬਲਾ

November 29, 2019 09:12 AM

-ਗੁਰਦੀਪ ਸਿੰਘ ਢੁੱਡੀ
ਮੁਕਾਬਲੇ ਦੇ ਇਸ ਯੁੱਗ ਵਿੱਚ ਕਈ ਵਾਰੀ ਅਸੀ ਉਲਝ ਜਾਂਦੇ ਹਾਂ। ਅਸੀਂ ਦੂਸਰਿਆਂ ਦੀਆਂ ਖੁਸ਼ੀਆਂ-ਖਾਮੀਆਂ ਤੱਕਦੇ ਹਾਂ, ਹੋਰਨਾਂ ਦੀਆਂ ਪ੍ਰਾਪਤੀਆਂ 'ਤੇ ਨਜ਼ਰ ਮਾਰਦੇ ਹਾਂ, ਇਨ੍ਹਾਂ ਵਹਿਣਾਂ ਵਿੱਚ ਵਹਿ ਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਅਤੇ ਜਾਂ ਨਿਰਾਸ਼ਾ ਦੇ ਆਲਮ ਵਿੱਚ ਚਲੇ ਜਾਂਦੇ ਹਾਂ। ਸਾਨੂੰ ਏਨਾ ਫ਼ਿਕਰ ਆਪਣਾ ਨਹੀਂ ਹੁੰਦਾ, ਜਿੰਨ੍ਹਾਂ ਅਸੀਂ ਦੂਸਰਿਆਂ ਬਾਰੇ ਸੋਚਦੇ ਹਾਂ। ਇਨ੍ਹਾਂ ਉਲਝਣਾਂ ਵਿੱਚ ਫਸੇ ਹੋਏ ਅਸੀਂ ਆਪਣੇ ਅਸਤਿਤਵ ਨੂੰ ਵਿਸਾਰ ਲੈਂਦੇ ਹਾਂ। ਅਸੀਂ ਬਹੁਤਾ ਇਸ ਕਰਕੇ ਨਹੀਂ ਰੋਂਦੇ ਕਿ ਸਾਡਾ ਕੁਝ ਗੁਆਚ ਗਿਆ ਹੈ, ਸਗੋਂ ਅਸੀਂ ਇਸ ਕਰਕੇ ਰੋਂਦੇ ਹਾਂ ਕਿ ਦੂਸਰੇ ਨੇ ਕੁਝ ਪ੍ਰਾਪਤੀ ਕਿਉਂ ਕਰ ਲਈ ਹੈ। ਅਸੀਂ ਇਸ ਕਰਕੇ ਕੋਈ ਚੀਜ਼ ਨਹੀਂ ਖ਼ਰੀਦਦੇ ਕਿ ਸਾਨੂੰ ਉਸ ਦੀ ਲੋੜ ਹੈ, ਸਗੋਂ ਇਸ ਲਈ ਖ਼ਰੀਦਦੇ ਹਾਂ ਕਿ ਸਾਡੇ ਗੁਆਂਢੀ ਕੋਲ ਇਹ ਚੀਜ਼ ਹੈ। ਇਸ ਤਰ੍ਹਾਂ ਕਰਦੇ ਹੋਏ ਅਸੀਂ ਬੜੇ ਵਾਰੀ ਰੀਸ ਦੀ ਘੜੀਸ ਕਰਦੇ ਜਾਂ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਾਂ। ਇਹ ਕਿਸੇ ਵਿਅਕਤੀ ਦੇ ਨਿੱਜ ਤੋਂ ਲੈ ਕੇ ਦੇਸ਼ਾਂ ਤੱਕ ਦੇ ਵਿਹਾਰ ਦਾ ਅੰਗ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਮਾਨਸਿਕਤਾ ਸਾਡੇ ਵਿਕਾਸ ਦੇ ਰਾਹ ਦੇ ਰੋੜੇ ਬਣਦੀ ਹੈ।
ਵੇਖਿਆ ਜਾਵੇ ਤਾਂ ਹਰ ਵਿਅਕਤੀ ਦੀ ਆਪਣੀ ਹੋਂਦ ਹੈ, ਨਿੱਜ ਹੁੰਦਾ ਹੈ, ਉਸ ਦੀਆਂ ਨਿੱਜੀ ਜ਼ਰੂਰਤਾਂ ਹੁੰਦੀਆਂ ਹਨ। ਆਪਣੀਆਂ ਲੋੜਾਂ ਦੀ ਪੂਰਤੀ ਉਸ ਨੇ ਆਪਣੇ ਨਿੱਜ ਦੇ ਪੱਧਰ 'ਤੇ ਕਰਨੀ ਹੁੰਦੀ ਹੈ। ਹਰ ਵਿਅਕਤੀ ਦਾ ਜਿਉਣਾ ਉਸ ਦੇ ਆਪਣੇ ਹਾਲਾਤ ਦਾ ਅਨੁਸਾਰੀ ਹੁੰਦਾ ਹੈ। ਆਪਣੇ ਹਾਲਾਤ ਤੋਂ ਬਾਹਰ ਹੋ ਕੇ ਕੀਤਾ ਕਾਰਜ ਕਦੇ ਵੀ ਸਾਰਥਿਕ ਸਿੱਟੇ ਦੇਣ ਦੇ ਸਮਰੱਥ ਨਹੀਂ ਹੋ ਸਕਦਾ। ਹਰ ਵਿਅਕਤੀ ਨੂੰ ਕੁਦਰਤ ਨੇ ਵਿਸ਼ੇਸ਼ ਤਰ੍ਹਾਂ ਦਾ ਚਿਹਰਾ-ਮੋਹਰਾ ਦਿੱਤਾ ਅਤੇ ਰੰਗ-ਰੂਪ ਬਖ਼ਸ਼ਿਆ ਹੈ, ਦਿਮਾਗ਼ੀ ਪੱਧਰ ਹਰ ਵਿਅਕਤੀ ਦਾ ਵੱਖਰਾ ਹੁੰਦਾ ਹੈ। ਕੁਦਰਤ ਤੋਂ ਮਿਲੀ ਇਹੋ ਜਿਹੀ ਭਿੰਨਤਾ ਹੋਣ ਸਦਕਾ ਕਿਸੇ ਦੋ ਵਿਅਕਤੀਆਂ ਵਿੱਚ ਸਾਰਾ ਕੁਝ ਮਿਲ ਹੀ ਨਹੀਂ ਸਕਦਾ। ਇਸ ਕਰਕੇ ਅਸੀਂ ਇਹ ਆਖਦੇ ਹਾਂ ਕਿ ਹਰ ਵਿਅਕਤੀ ਵਿਲੱਖਣ ਹੈ। ਦੋ ਵਿਅਕਤੀਆਂ ਦਾ ਆਪਸੀ ਮੁਕਾਬਲਾ ਨਹੀਂ ਹੋ ਸਕਦਾ ਸਗੋਂ ਹਰ ਕਿਸੇ ਦਾ ਖੁਦ ਨਾਲ ਮੁਕਾਬਲਾ ਹੁੰਦਾ ਹੈ।
ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਬੰਦੇ ਦੀ ਬਣਾਈ ਹੋਈ ਕੋਈ ਚੀਜ਼ ਕਿਸੇ ਦੂਸਰੀ ਚੀਜ਼ ਦਾ ਪਰਛਾਵਾਂ ਵੀ ਹੋ ਸਕਦੀ ਹੈ, ਉਸ ਵਰਗੀ ਹੁੂ-ਬੂ-ਹੂ ਹੋ ਸਕਦੀ ਹੈ, ਪਰ ਕੁਦਰਤ ਦੀ ਬਣਾਈ ਕੋਈ ਚੀਜ਼ ਦੂਸਰੀ ਚੀਜ਼ ਵਰਗੀ ਨਹੀਂ ਹੋ ਸਕਦੀ। ਇਸ ਵਿੱਚ ਥੋੜ੍ਹੀ ਜਾਂ ਵੱਧ ਭਿੰਨਤਾ ਜ਼ਰੂਰ ਹੁੰਦੀ ਹੈ। ਇੱਥੇ ਪ੍ਰਸ਼ਨ ਆ ਸਕਦਾ ਹੈ ਕਿ ਕੋਈ ਪ੍ਰਾਪਤੀ ਕਰਨ ਲਈ ਵਿਅਕਤੀ ਨੂੰ ਦੂਸਰਿਆਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ, ਪਰ ਇਹ ਭੁਲੇਖਾ ਹੈ। ਕਿਸੇ ਪ੍ਰਾਪਤੀ ਜਾਂ ਸਾਡੀ ਰਹਿੰਦੀ ਕਿਸੇ ਪ੍ਰਾਪਤੀ ਬਾਰੇ ਸਾਨੂੰ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਕਿਸੇ ਹੋਰ ਨੇ ਕੋਈ ਪ੍ਰਾਪਤੀ ਕਰ ਲਈ ਹੈ ਤੇ ਅਸੀਂ ਰਹਿ ਗਏ ਹਾਂ, ਪਰ ਅਜਿਹਾ ਹੁੰਦਾ ਨਹੀਂ ਹੈ। ਅਸਲ ਵਿੱਚ ਸਾਡੇ ਕੋਲ ਉਹ ਕੁਝ ਹੈ ਸੀ, ਜੋ ਦੂਸਰੇ ਕੋਲ ਨਹੀਂ ਸੀ, ਇਸੇ ਤਰ੍ਹਾਂ ਸਾਡੇ ਕੋਲ ਉਹ ਕੁਝ ਨਹੀਂ ਹੁੰਦਾ, ਜੋ ਦੂਸਰੇ ਕੋਲ ਹੁੰਦਾ ਹੈ। ਮਿਸਾਲ ਦੇ ਤੌਰ 'ਤੇ ਜਦੋਂ ਅਸੀਂ ਕਿਸੇ ਪ੍ਰੀਖਿਆ ਵਿੱਚ ਜਾਣਾ ਹੋਵੇ ਤਾਂ ਸਾਡੀ ਤਿਆਰੀ ਇਹ ਸੋਚ ਕੇ ਨਹੀਂ ਹੁੰਦੀ ਕਿ ਕਿਸੇ ਦੂਸਰੇ ਨੇ ਕਿੰਨੀ ਤਿਆਰੀ ਕੀਤੀ ਹੈ ਸਗੋਂ ਅਸੀਂ ਪੀਖਿਆ ਵਿੱਚ ਵੱਧ ਅੰਕ ਪ੍ਰਾਪਤ ਕਰਨ ਲਈ ਤਿਆਰੀ ਕੀਤੀ ਹੁੰਦੀ ਹੈ। ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਸਫਲਤਾ ਹਾਸਲ ਕਰਨੀ ਸਾਡਾ ਟੀਚਾ ਹੁੰਦਾ ਹੈ। ਪ੍ਰਾਪਤੀ ਸਾਡੀ ਓਨੀ ਹੁੰਦੀ ਹੈ ਜਿੰਨੀ ਅਸੀਂ ਤਿਆਰੀ ਕੀਤੀ ਹੁੰਦੀ ਹੈ, ਪਰ ਨਤੀਜਾ ਆਉਣ ਤੋਂ ਬਾਅਦ ਅਸੀਂ ਆਪਣੀ ਪ੍ਰਾਪਤੀ ਅਤੇ ਦੂਸਰਿਆਂ ਦੀਆਂ ਪ੍ਰਾਪਤੀਆਂ ਦਾ ਮਿਲਾਣ ਕਰਨ ਲੱਗ ਜਾਂਦੇ ਹਾਂ। ਜਿਵੇਂ ਕੋਈ ਦੌੜਾਕ ਜਦੋਂ ਆਪਣੇ ਮੁਕਾਬਲੇ 'ਤੇ ਦੌੜਦੇ ਕਿਸੇ ਦੂਸਰੇ ਦੌੜਾਕ ਵੱਲ ਵੇਖਦਾ ਤਾਂ ਉਹ ਇੱਕ ਕਦਮ ਦੇ ਵੀ ਬਹੁਤ ਛੋਟੇ ਹਿੱਸੇ ਨਾਲ ਹਾਰ ਜਾਂਦਾ ਹੈ। ਇਹੀ ਦੌੜਾਨ ਜੇਕਰ ਇਹ ਸੋਚ ਕੇ ਦੌੜੇ ਕਿ ਪਿਛਲੀ ਵਾਰੀ ਉਸ ਨੇ ਕਿੰਨੇ ਸਮੇਂ ਵਿੱਚ ਇਹ ਦੌੜ ਪੂਰੀ ਕੀਤੀ ਸੀ ਅਤੇ ਹੁਣ ਇਸ ਨੇ ਇਸ ਵਿੱਚ ਸਧਾਰ ਕਰਨਾ ਹੈ ਤਾਂ ਸਮਝੋ ਉਹ ਆਪਣੇ-ਆਪ ਨਾਲ ਮੁਕਾਬਲਾ ਕਰਦਾ ਹੋਇਆ ਜਿੱੱਤ ਦੇ ਨੇੜੇ ਪਹੁੰਚ ਸਕਦਾ ਹੈ। ਜੇਕਰ ਉਹ ਸਿਰਫ਼ ਕਿਸੇ ਦੂਸਰੇ ਬਾਰੇ ਸੋਚਦਾ ਹੈ ਤਾਂ ਉਸ ਦੇ ਪੈਰ ਉਖੜ ਵੀ ਸਕਦੇ ਹਨ। ਉਹ ਜਿੱਤ ਵੀ ਸਕਦਾ ਹੈ ਅਤੇ ਹਾਰ ਵੀ ਉਸ ਦੇ ਪੱਲੇ ਪੈ ਸਕਦੀ ਹੈ। ਭਾਵ ਕੁਝ ਵੀ ਨਿਸ਼ਚਤ ਨਹੀਂ ਹੁੰਦਾ ਜਦੋਂ ਕਿ ਕੇਵਲ ਆਪਣੇ-ਆਪ ਨਾਲ ਕੀਤਾ ਹੋਇਆ ਮੁਕਾਬਲਾ ਹਮੇਸ਼ਾਂ ਸੁਧਾਰ ਦੇ ਚਿੰਨ੍ਹ ਲੈ ਕੇ ਆਉਂਦਾ ਹੈ।
ਸਾਡੀ ਸਫਲਤਾ ਦਾ ਰਾਜ ਇਹ ਹੈ ਕਿ ਸਾਡੇ ਕੋਲ ਜੋ ਕੁਝ ਸੀ, ਇਸ ਤੋਂ ਵੱਧ ਹਾਸਲ ਕਰਨ ਵਾਸਤੇ ਤਿਆਰੀ ਕਰਦੇ ਹਾਂ। ਜੇ ਅਸੀਂ ਸਫਲਤਾ ਤੋਂ ਵਾਂਝੇ ਰਹਿ ਜਾਂਦੇ ਹਾਂ ਤਾਂ ਇਸ ਦੇ ਪਿੱਛੇ ਕਾਰਨ ਇਹ ਹੈ ਕਿ ਸਾਡੇ ਕੋਲ ਜੋ ਕੁਝ ਹੁੰਦਾ ਹੈ ਅਸੀਂ ਇਸ ਤੱਕ ਵੀ ਪੁੱਜਦੇ ਨਹੀਂ ਜਾਂ ਇਸ ਤੋਂ ਅੱਗੇ ਜਾਣ ਲਈ ਯਤਨ ਹੀ ਨਹੀਂ ਕੀਤਾ ਹੁੰਦਾ। ਭਾਵ ਅਸੀਂ ਆਪਣੇ ਆਪ ਨਾਲ ਮੁਕਾਬਲਾ ਨਹੀਂ ਕੀਤਾ ਹੁੰਦਾ। ਇਸ ਦਾ ਅਰਥ ਇਹ ਹੋਇਆ ਕਿ ਸਾਡਾ ਮੁਕਾਬਲਾ ਸਿਰਫ਼ ਆਪਣੇ ਆਪ ਨਾਲ ਹੈ। ਇਹ ਵੱਖਰੀ ਗੱਲ ਹੈ ਕਿ ਨਤੀਜਾ ਆਉਣ ਪਿੱਛੋਂ ਅਸੀਂ ਇਸ ਦੇ ਅਰਥਾਂ ਨੂੰ ਬਦਲਦੇ ਰਹਿੰਦੇ ਹਾਂ। ਸਾਡੇ ਵਿਅਕਤੀਤਵ ਦੇ ਵਿਕਾਸ ਵਿੱਚ ਆਈ ਹੋਈ ਖੜੋਤ ਸਾਨੂੰ ਅਸਫਲਤਾ ਦੀਆਂ ਖਾਈਆਂ ਵਿੱਚ ਸੁੱਟ ਦਿੰਦੀ ਹੈ ਜਦੋਂ ਕਿ ਵਿਅਕਤੀਤਵ ਦੇ ਵਿਕਾਸ ਲਈ ਕੀਤੇ ਗਏ ਸਾਡੇ ਯਤਨ ਸਾਨੂੰ ਸਫਲਤਾ ਦੀਆਂ ਡੰਡੀਆਂ 'ਤੇ ਚੜ੍ਹ੍ਹਾਉਂਦੇ ਹਨ।

Have something to say? Post your comment