Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਕੁਦਰਤੀ ਸੰੁਦਰਤਾ ਵਿੱਚ ਲੁਕੇ ਖਤਰੇ

November 28, 2019 07:56 AM

-ਰੁਪਿੰਦਰ ਸਿੰਘ ਚਾਹਲ
ਹਿਮਚਾਲ ਪ੍ਰਦੇਸ਼ ਦੀਆਂ ਵਾਦੀਆਂ ਦੀ ਸੈਰ ਕਰਦਿਆਂ ਇੱਕ ਰੋਮਾਂਚਿਤ ਯਾਤਰਾ ਦਾ ਅਨੁਭਵ ਹੋਇਆ। ਅਸੀਂ ਕੁੱਲੂ ਵਾਦੀ ਅਤੇ ਸ਼ਿਮਲਾ ਨੂੰ ਜੋੜਨ ਵਾਲੇੇ ਜਲੌਰੀ ਪਾਸ ਕੋਲ ਸਥਿਤ ਸਿਲੋਰਸਰ ਝੀਲ ਅਤੇ ਰਘੂਪੁਰ ਕਿਲ੍ਹੇ ਦੀ ਟਰੈਕਿੰਗ ਦਾ ਪ੍ਰੋਗਰਾਮ ਉਲੀਕਦਿਆਂ ਹਿਮਾਚਲ ਦੀਆਂ ਹੁਸੀਨ ਵਾਦੀਆਂ ਦੀ ਸੈਰ ਕਰਦੇ ਹੋਏ ਸੋਜਾ ਨੂੰ ਚਾਲੇ ਪਾ ਦਿੱਤੇ। ਮੰਡੀ ਤੋਂ ਔਟ ਦੀ ਸੁਰੰਗ ਪਾਰ ਕਰ ਕੇ ਕੁੱਲੂ-ਮਨਾਲੀ ਜਾਣ ਦੀ ਜਗ੍ਹਾ ਔਟ ਦੀ ਸੁਰੰਗ ਤੋਂ ਸੱਜੇ ਪਾਸੇ ਡੈਮ ਦੇ ਕਈ ਪੁਲ ਪਾਰ ਕਰ ਕੇ ਤੀਰਥਨ ਵੈਲੀ ਹੁੰਦੇ ਹੋਏ ਸੋਜਾ ਪਹੁੰਚ ਜਾਈਦਾ ਹੈ।
ਔਟ ਤੋਂ ਸੋਜਾ ਤੱਕ ਚਾਲੀ ਕਿਲੋਮੀਟਰ ਦਾ ਸਫਰ ਹੈ, ਪਰ ਸੜਕ ਬਹੁਤ ਤੰਗ ਹੋਣ ਕਾਰਨ ਲੱਗਦੇ ਜਾਮ ਦੀ ਵਜ੍ਹਾ ਨਾਲ ਸੋਜਾ ਪਹੁੰਚਣ ਵਿੱਚ ਕਿੰਨਾ ਸਮਾਂ ਲੱਗ ਜਾਵੇ, ਇਹ ਕੋਈ ਨਹੀਂ ਦੱਸ ਸਕਦਾ। ਇੱਕ ਤਾਂ ਇਸ ਪਾਸੇ ਸੜਕ ਬੜੀ ਤੰਗ ਹੈ, ਉਪਰੋਂ ਹਿਮਾਚਲ ਦੀਆਂ ਸਰਕਾਰੀ ਮਿੰਨੀ ਬੱਸਾਂ ਦੀ ਚੌੜਾਈ ਜ਼ਿਆਦਾ ਹੋਣ ਕਾਰਨ ਇਹ ਜਗ੍ਹਾ ਵਧੇਰੇ ਘੇਰਦੀਆਂ ਹਨ। ਦੂਸਰਾ ਇਸ ਰੂਟ ਉੱਤੇ ਬੱਸਾਂ ਦੀ ਆਵਾਜਾਈ ਬਹੁਤ ਜ਼ਿਆਦਾ ਹੈ। ਔਟ ਤੋਂ ਅੱਗੇ ਤੀਰਥਨ ਦਰਿਆ ਨਾਲ ਜਾਂਦੀ ਸੜਕ ਉੱਤੇ ਆਲੇ ਦੁਆਲੇ ਸੇਬ, ਆਲੂ ਬੁਖਾਰਾ, ਨਾਖਾਂ, ਅਖਰੋਟ ਆਦਿ ਦੇ ਬਾਗ ਸ਼ੁਰੂ ਹੋ ਜਾਂਦੇ ਹਨ। ਜੂਨ ਦਾ ਮਹੀਨਾ ਸੀ। ਸੇਬ ਹਾਲੇ ਨਿੱਕੇ ਤੇ ਹਰੇ ਰੰਗ ਦੇ ਹੀ ਸਨ, ਜਦੋਂ ਕਿ ਆਲੂ ਬੁਖਾਰੇੇ ਪੱਕ ਰਹੇ ਸਨ।
ਥੋੜ੍ਹੇ ਸਮੇਂ ਵਿੱਚ ਅਸੀਂ ਬੰਜਾਰ ਪਹੁੰਚ ਗਏ ਤੇ ਉਥੋਂ ਸ਼ੁਰੂ ਹੋਇਆ ਸੜਕ ਜਾਮ ਦਾ ਨਿਰੰਤਰ ਸਿਲਸਿਲਾ, ਜੋ ਅੱਗੇ ਜੀਭੀ ਕਸਬੇ ਤੱਕ ਜਾਰੀ ਰਿਹਾ। ਜੀਭੀ ਸਮੰੁਦਰ ਤਲ ਤੋਂ 1700 ਤੋਂ 2000 ਮੀਟਰ ਉੱਚਾਈ 'ਤੇ ਇੱਕ ਛੋਟੀ ਜਿਹੀ ਜਲ ਧਾਰਾ ਕਿਨਾਰੇ ਵੱਸਿਆ ਸੋਹਣਾ ਕਸਬਾ ਹੈ। ਇਥੇ ਠਹਿਰਨ ਲਈ ਕਾਫੀ ਹੋਟਲ, ਹੋਮ ਸਟੇਅ ਅਤੇ ਟੈਂਟ ਆਦਿ ਹਨ। ਜੀਭੀ ਕਸਬੇ ਤੋਂ ਅੱਗੇ ਲਗਾਤਾਰ ਤਿੱਖੀ ਚੜ੍ਹਾਈ ਸ਼ੁਰੂ ਹੋ ਜਾਂਦੀ ਹੈ, ਜੋ ਲਗਾਤਾਰ ਬਾਰਾਂ ਕਿਲੋਮੀਟਰ ਜਲੌਰੀ ਪਾਸ ਤੱਕ ਚੱਲਦੀ ਹੈ। ਜਲੌਰੀ ਪਾਸ ਕਰੀਬ 3200 ਮੀਟਰ ਦੀ ਉੱਚਾਈ ਉਤੇ ਹੈ ਅਤੇ ਸੋਜਾ 2700 ਮੀਟਰ ਦੀ ਉੱਚਾਈ 'ਤੇ ਕੁਦਰਤ ਦੀ ਗੋਦ ਵਿੱਚ ਵਸਿਆ ਇੱਕ ਬੇਹੱਦ ਛੋਟਾ ਜਿਹਾ ਪਹਾੜੀ ਪਿੰਡ ਹੈ। ਇਸ ਪਿੰਡ ਵਿੱਚ ਤਕਰੀਬਨ 25 ਤੋਂ 30 ਘਰ ਹਨ, ਜੋ ਇੱਕ ਦੂਜੇ ਤੋਂ ਦੂਰ ਦੂਰ ਹਨ। ਇੱਕ ਬਸ ਸਟੈਂਡ ਲਾਗੇ ਦੋ ਕੁ ਦੁਕਾਨਾਂ ਅਤੇ ਦੋ ਕੁ ਛੋਟੇ ਹੋਟਲ ਰਹਿਣ ਲਈ ਹਨ। ਇਸ ਪਿੰਡ ਤੋਂ ਅੱਗੇੇ ਜਲੌਰੀ ਪਾਸ ਤੱਕ ਸੰਘਣਾ ਜੰਗਲ ਸ਼ੁਰੂ ਹੋ ਜਾਂਦਾ ਹੈ।
ਜੀਭੀ ਤੋਂ ਸੋਜਾ ਸੱਤ ਕਿਲੋਮੀਟਰ ਦੂਰ ਹੈ, ਪਰ ਇਸ ਦੌਰਾਨ ਲਗਾਤਾਰ 800 ਮੀਟਰ ਤੋਂ ਵੱਧ ਤਿੱਖੀ ਚੜ੍ਹਾਈ ਚੜ੍ਹਨੀ ਪੈਂਦੀ ਹੈ। ਉਪਰੋਂ ਸੜਕ ਵੀ ਤੰਗ ਹੈ। ਜੇ ਕੋਈ ਅੱਗੇ ਤੋਂ ਆ ਜਾਵੇ ਤਾਂ ਕਾਫੀ ਖੱਜਲ ਖੁਆਰੀ ਹੁੰਦੀ ਹੈ। ਜੀਭੀ ਦੀ ਰੌਣਕ ਅਤੇ ਹਰਿਆਲੀ ਵੇਖ ਕੇ ਸਾਡਾ ਮਨ ਉਥੇ ਹੀ ਰਹਿਣ ਨੂੰ ਕਰ ਰਿਹਾ ਸੀ, ਪਰ ਸਾਡਾ ਹੋਟਲ ਅਗਾਊਂ ਹੀ ਦੋ ਦਿਨ ਲਈ ਸੋਜਾ ਵਿਖੇ ਬੁੱਕ ਸੀ, ਇਸ ਲਈ ਅਸੀਂ ਸੋਜਾ ਜਾਣ ਦਾ ਫੈਸਲਾ ਕੀਤਾ। ਪੰਜ ਕੁ ਵਜੇ ਅਸੀਂ ਸੋਜਾ ਜਾ ਪਹੁੰਚੇ। ਉਸ ਸੁੰਨਸਾਨ ਹੋਟਲ ਵਿੱਚ ਸਾਮਾਨ ਰੱਖ ਕੇ ਇਲਾਕਾ ਘੁੰਮਣ ਨਿਕਲ ਪਏ। ਹੋਟਲ ਤੋਂ 500 ਕੁ ਮੀਟਰ ਅੱਗੇ ਬਸ ਅੱਡਾ ਸੀ ਤੇ ਦੋ ਕੁ ਦੁਕਾਨਾਂ ਸਨ। ਇਸ ਤੋਂ ਅੱਗੇੇ ਸੰਘਣਾ ਜੰਗਲ ਸੀ। ਅਸੀਂ ਇਥੇ ਦੁਕਾਨ 'ਤੇ ਬੈਠੇ ਲੜਕੇ ਤੋਂ ਅੱਗੇ ਕਿਸੇ ਪਾਸੇ ਘੁੰਮਣ ਜਾਣ ਬਾਰੇ ਪੁੱਛਿਆ ਤਾਂ ਉਸ ਨੇ ਜੰਗਲ ਵੱਲ ਜਾਂਦੀ ਪਗਡੰਡੀ ਦੀ ਦੱਸ ਦਿੱਤੀ। ਅਸੀਂ ਉਸ ਪਾਸੇੇ ਚੱਲੇ ਹੀ ਸੀ ਕਿ ਇੱਕ ਭਲੀ ਔਰਤ ਨੇ, ਜਿਹੜੀ ਟੂਟੀ 'ਤੇ ਕੱਪੜੇ ਧੋ ਰਹੀ ਸੀ, ਜ਼ੋਰ ਦੀ ਆਵਾਜ਼ ਮਾਰ ਕੇ ਸਾਨੂੰ ਉਸ ਪਾਸੇ ਜਾਣ ਤੋਂ ਰੋਕ ਦਿੱਤਾ। ਉਹ ਨਾਲ ਹੀ ਦੁਕਾਨ 'ਤੇੇ ਬੈਠੇ ਲੜਕੇ ਨੂੰ ਵੀ ਕੋਸਣ ਲੱਗੀ।
ਥੋੜ੍ਹੀ ਸ਼ਾਂਤ ਹੋ ਕੇ ਉਸ ਨੇ ਸਾਨੂੰ ਦੱਸਿਆ ਕਿ ਜਲਦੀ ਹੀ ਹਨੇਰਾ ਹੋਣ ਵਾਲਾ ਹੈ ਅਤੇ ਇਸ ਜੰਗਲ ਵਿੱਚ ਖਤਰਨਾਕ ਜਾਨਵਰ ਜਿਵੇਂ ਰਿੱਛ, ਤੇਂਦੂਏ ਆਦਿ ਹਨ ਅਤੇ ਉਹ ਘੁਸਮੁਸਾ ਹੋਣ ਉੱਤੇ ਪਹਾੜ ਤੋਂ ਥੱਲੇ ਉਤਰ ਆਉਂਦੇ ਹਨ। ਉਸ ਇਸਤਰੀ ਅਤੇ ਲੜਕੇ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਰਾਤ ਨੂੰ ਪਿੰਡ ਵਿੱਚ ਕਈ ਵਾਰ ਸ਼ੇਰ (ਅਸਲ ਵਿੱਚ ਤੇਂਦੂਆ) ਵੇਖਿਆ ਹੈ। ਅਸੀਂ ਉਨ੍ਹਾਂ ਨਾਲ ਆਪਣੇ ਅਗਲੇ ਦਿਨ ਦੀ ਯਾਤਰਾ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਨੇ ਸਾਨੂੰ ਕਾਫੀ ਉਚਾਈ 'ਤੇ ਇੱਕ ਇਮਾਰਤ ਦਿਖਾ ਦਿੱਤੀ, ਜੋ ਜਲੌਰੀ ਪਾਸ ਉੱਤੇ ਸਥਿਤ ਸੀ। ਨਾਲ ਹੀ ਕਿਹਾ ਕਿ ਆਪਣੀ ਕਾਰ 'ਤੇ ਉਥੋਂ ਤੱਕ ਜਾਣ ਲਈ (ਜੋ ਸਿਰਫ ਪੰਜ ਕਿਲੋਮੀਟਰ ਸਨ) ਅੱਧੇ ਘੰਟੇ ਤੋਂ ਵੱਧ ਦਾ ਸਮਾਂ ਲੱਗੇਗਾ। ਫਿਰ ਉਨ੍ਹਾਂ ਨੇ ਸਾਨੂੰ ਸੜਕ ਦੇ ਨਾਲ ਨਾਲ ਅੱਗੇ ਤੱਕ ਘੁੰਮਣ ਦੀ ਸਲਾਹ ਦਿੱਤੀ। ਇਸ ਸਲਾਹ 'ਤੇ ਅਮਲ ਕਰਦੇ ਹੋਏ ਅਸੀਂ 500 ਕੁ ਮੀਟਰ ਅੱਗੇ ਚਲੇ ਗਏ, ਜਿੱਥੇ ਜੰਗਲਾਤ ਵਿਭਾਗ ਦੇ ਰੈਸਟ ਹਾਊਸ ਦਾ ਬੋਰਡ ਲੱਗਾ ਹੋਇਆ ਸੀ। ਬੋਰਡ ਕੋਲੋਂ ਖੱਬੇ ਪਾਸੇ ਵੱਲ ਇੱਕ ਚੌੜੀ ਪਗਡੰਡੀ ਰੈਸਟ ਹਾਊਸ (ਵਿਸ਼ਰਾਮ ਘਰ) ਵੱਲ ਜਾ ਰਹੀ ਸੀ। ਅਸੀਂ ਉਸ ਪਗਡੰਡੀ 'ਤੇ ਚੱਲ ਪਏ।
ਥੋੜ੍ਹੀ ਦੂਰ ਜੰਗਲ ਅੰਦਰ ਚੱਲਣ 'ਤੇ ਇੱਕ ਉੱਚੀ ਚਾਰਦੀਵਾਰੀ ਅੰਦਰ ਬਣਿਆ ਸਰਕਾਰੀ ਮਕਾਨ ਨਜ਼ਰੀਂ ਪਿਆ ਜਿਸ ਦੇ ਬਾਹਰ ਇੱਕ ਕਾਰ ਖੜੀ ਸੀ, ਪਰ ਮਕਾਨ ਦੇ ਬਾਹਰ ਕੋਈ ਰੌਣਕ ਜਾਂ ਚਹਿਲ ਪਹਿਲ ਨਹੀਂ ਸੀ। ਇਸ ਦੇ ਨਾਲ ਸੱਜੇ ਹੱਥ ਥੋੜ੍ਹਾ ਉਪਰ ਕਰ ਕੇ ਜੰਗਲਾਤ ਵਿਭਾਗ ਦਾ ਨਵਾਂ ਤੇ ਪੁਰਾਣਾ ਰੈਸਟ ਹਾਊਸ ਸੀ। ਅਸੀਂ ਉਸ ਰੈਸਟ ਹਾਊਸ ਦੇ ਦਰਵਾਜ਼ੇ ਤੱਕ ਗਏ, ਪਰ ਉਥੇ ਕੋਈ ਨਹੀਂ ਸੀ। ਆਮ ਤੌਰ 'ਤੇ ਏਦਾਂ ਦੇ ਡਾਕ ਬੰਗਲਿਆਂ 'ਚ ਰਖਵਾਲਾ ਜ਼ਰੂਰ ਹੁੰਦਾ ਹੈ। ਅਸੀਂ ਦੋ ਚਾਰ ਆਵਾਜ਼ਾਂ ਮਾਰ ਕੇ ਕੋਈ ਜਵਾਬ ਨਾ ਮਿਲਣ ਉੱਤੇ ਇਸ ਇਮਾਰਤ ਤੋਂ ਅੱਗੇ ਜੰਗਲ ਵੱਲ ਖੰਡਰ ਹੋ ਚੁੱਕੀ ਲੱਕੜ ਦੀ ਇਮਾਰਤ ਵੱਲ ਵਧ ਗਏ। ਇਮਾਰਤ ਕੋਲ ਅੱਪੜ ਕੇ ਇਸ ਤੋਂ ਥੋੜ੍ਹੀ ਅੱਗੇ ਇੱਕ ਮੰਦਰ ਦਿਖਾਈ ਦਿੱਤਾ, ਜੋ ਨਵਾਂ ਬਣਿਆ ਲੱਗਦਾ ਸੀ ਅਤੇ ਉਸ ਦੇ ਆਸਪਾਸ ਤਿੰਨ ਚਾਰ ਗਊਆਂ ਚਰ ਰਹੀਆਂ ਸਨ। ਅਸੀਂ ਉਥੇ ਪੁੱਜੇ ਤਾਂ ਉਥੇ ਵੀ ਕਿਸੇ ਇਨਸਾਨ ਦਾ ਨਾਮੋ-ਨਿਸ਼ਾਨ ਨਹੀਂ ਸੀ।
ਇੰਨੇ ਚਿਰ ਵਿੱਚ ਘੁਸਮੁਸਾ ਸ਼ੁਰੂ ਹੋ ਚੁੱਕਾ ਸੀ ਅਤੇ ਜੰਗਲ ਦੇ ਅੰਦਰ ਹੋਣ ਕਾਰਨ ਇਥੇ ਹਨੇਰਾ ਵੀ ਇਕਦਮ ਹੋ ਗਿਆ। ਭਾਵੇਂ ਅਸੀਂ ਭਾਰਤ ਦੇ ਕਈ ਜੰਗਲਾਂ ਵਿੱਚ ਘੁੰਮ ਅਤੇ ਠਹਿਰ ਚੁੱਕੇ ਹਾਂ, ਪਰ ਇੰਨੀ ਸੁੰਨ ਸਰਾਂ ਪਹਿਲੀ ਵਾਰ ਵੇਖੀ ਸੀ। ਸਾਨੂੰ ਮਹਾਨ ਸ਼ਿਕਾਰੀ ਜਿਮ ਕੌਰਬੈਟ ਦੀਆਂ ਕਿਤਾਬਾਂ ਦਾ ਚੇਤਾ ਆ ਗਿਆ। ਉਹ ਸਪੱਸ਼ਟ ਲਿਖਦਾ ਹੈ ਕਿ ਹਨੇਰਾ ਹੋਣ ਸਾਰ ਤੇਂਦੂਆ ਆਪਣੇ ਸ਼ਿਕਾਰ 'ਤੇ ਨਿਕਲ ਪੈਂਦਾ ਹੈ। ਉਹ ਆਪਣੇ ਸ਼ਿਕਾਰ ਨੂੰ ਤਾਂ ਲੁਕ ਛਿਪ ਕੇ ਵੇਖ ਰਿਹਾ ਹੁੰਦਾ ਹੈ, ਪਰ ਸ਼ਿਕਾਰ ਚਾਹੇ ਉਹ ਜਾਨਵਰ ਹੋਵੇ ਜਾਂ ਇਨਸਾਨ, ਉਸ ਨੂੰ ਨਹੀਂ ਵੇਖ ਸਕਦੇ। ਨਾਲ ਉਹ ਲਿਖਦਾ ਹੈ ਕਿ ਜਿੱਥੇ ਡੰਗਰ ਖੁੱਲ੍ਹੇ 'ਚ ਚਰਦੇ ਹੋਣ, ਉਥੇ ਤੰਦੂਆ ਆਉਣ ਦੇ ਸਭ ਤੋਂ ਵੱਧ ਆਸਾਰ ਹੁੰਦੇ ਹਨ। ਸਾਡੇ ਸਾਹਮਣੇ ਬਿਲਕੁਲ ਅਜਿਹੇ ਹਾਲਾਤ ਬਣ ਗਏ ਸਨ। ਅਸੀਂ ਤੇਜ਼ੀ ਤੇ ਪੂਰੀ ਮੁਸਤੈਦੀ ਨਾਲ ਵਾਪਸ ਜਾਣਾ ਸ਼ੁਰੂ ਕੀਤਾ। ਅਸੀਂ ਖੰਡਰ ਹੋਈ ਇਮਾਰਤ ਕੋਲੋਂ ਦੁਬਾਰਾ ਲੰਘ ਰਹੇ ਸਾਂ, ਜਿਸ ਦੀਆਂ ਜਾਣ ਵੇਲੇ ਅਸੀਂ ਬੜੀ ਦਿਲਚਸਪੀ ਨਾਲ ਫੋਟੋਆਂ ਖਿੱਚ ਰਹੇ ਸਾਂ। ਉਹੀ ਇਮਾਰਤ ਤੇਂਦੂਏ ਦਾ ਨਿਵਾਸ ਲੱਗ ਰਹੀ ਸੀ। ਵਾਪਸੀ 'ਤੇ ਬਸ ਸਟੈਂਡ ਲਾਗੇ ਦੁਕਾਨਾਂ ਬੰਦ ਸਨ ਤੇ ਪੂਰੀ ਤਰ੍ਹਾਂ ਸੁੰਨ ਸਰਾਂ ਛਾਈ ਹੋਈ ਸੀ।
ਹੋਟਲ ਪਹੁੰਚਣ 'ਤੇ ਹੋਟਲ ਮਾਲਕ ਵਾਪਸ ਆ ਚੁੱਕਾ ਸੀ ਤੇ ਹੋਟਲ ਦੇ ਸਾਰੇ ਕਮਰੇ ਦੱਖਣੀ ਭਾਰਤ ਤੋਂ ਆਏ ਇੱਕ ਦਲ ਨਾਲ ਭਰ ਗਏ ਸਨ, ਜੋ ਸ਼ਿਮਲਾ ਤੋਂ ਮਨਾਲੀ ਜਾ ਰਹੇ ਸਨ। ਹੋਟਲ ਮਾਲਕ (ਈਲੂ ਰਾਮ) ਨੇ ਦੱਸਿਆ ਕਿ ਉਸ ਨੇ ਵੀ ਕਈ ਵਾਰ ਰਾਤ ਨੂੰ ਸੜਕ ਪਾਰ ਕਰਦੇ ਤੇਂਦੂਏ ਵੇਖੇ ਹਨ। ਉਸ ਨੇ ਦੱਸਿਆ ਕਿ ਸਥਾਨਕ ਲੋਕ ਆਪਣੇ ਡੰਗਰ ਜੰਗਲ ਵਿੱਚ ਚਰਨ ਲਈ ਖੁੱਲ੍ਹੇ ਛੱਡ ਦਿੰਦੇ ਹਨ ਤੇ ਤਿੰਨ ਚਾਰ ਮਹੀਨਿਆਂ ਮਗਰੋਂ ਜੇ ਉਨ੍ਹਾਂ ਨੂੰ ਡੰਗਰ ਲੱਭ ਜਾਣ ਤਾਂ ਲੈ ਆਉਂਦੇ ਹਨ, ਪਰ ਉਨ੍ਹਾਂ ਵਿੱਚੋਂ ਕਈ ਤੇਂਦੂਏ ਦਾ ਸ਼ਿਕਾਰ ਹੋ ਚੁੱਕੇ ਹੁੰਦੇ ਹਨ, ਪਰ ਅਸੀਂ ਹੋਟਲ ਦੇ ਕਮਰੇ ਵਿੱਚ ਮਹਿਫੂਜ਼ ਸਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’