ਉਂਟੇਰੀਓ ਵਿੱਚ 17 ਤੋਂ 23 ਨਵੰਬਰ ਤੱਕ ਸਾਈਬਰ ਬੁਲਿੰਗ ਰੋਕਥਾਮ ਹਫ਼ਤਾ ਮਨਾਇਆ ਜਾਂਦਾ ਹੈ। ਇੰਟਰਨੈੱਟ ਦੇ ਜ਼ਰੀਏ ਕੀਤੀ ਜਾਣ ਵਾਲੀ ਧੱਕੇਸ਼ਾਹੀ ਨੂੰ ਸਾਈਬਰ ਬੁਲਿੰਗ ਆਖਿਆ ਜਾਂਦਾ ਹੈ ਜਿਸ ਬਾਰੇ ਵਧੇਰੇ ਚੇਤਨਾ ਫੈਲਾਉਣ ਅਤੇ ਇਸਦੀ ਰੋਕਥਾਮ ਨੂੰ ਹੋਰ ਮਜ਼ਬੂਤ ਕਰਨ ਲਈ ਮਿਸੀਸਾਗਾ ਈਸਟ-ਕੁਕਸਵਿੱਲ ਤੋਂ ਐਮ ਪੀ ਪੀ ਕਲੀਦ ਰਸ਼ੀਦ ਨੇ ਕੱਲ ਉਂਟੇਰੀਓ ਪਾਰਲੀਮੈਂਟ ਵਿੱਚ ਇੱਕ ਮੋਸ਼ਨ ਪੇਸ਼ ਕੀਤਾ ਹੈ। ਇਸ ਮੋਸ਼ਨ ਦਾ ਮਨੋਰਥ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਉਂਟੇਰੀਓ ਵਿੱਚ ਸਟਾਪ ਸਾਈਬਰ ਬੁਲਿੰਗ ਦਿਵਸ ਮਨਾਉਣਾ ਹੈ। ਐਮ ਪੀ ਪੀ ਰਸ਼ੀਦ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਉਂਟੇਰੀਓ ਵਿੱਚ ਹਰ ਪੰਜਵਾਂ ਥੂਥ ਸਾਈਬਰ ਬੁਲਿੰਗ ਦਾ ਸਿ਼ਕਾਰ ਹੁੰਦਾ ਹੈ। ਸਾਈਬਰ ਬੁਲਿੰਗ ਨਾਲ ਸਿੱਧੇ ਜਾਂ ਅੱਸਿਧੇ ਰੂਪ ਵਿੱਚ ਪੀੜਤ ਯੂਥ ਨੂੰ ਭਾਰੀ ਸਰੀਰਕ ਅਤੇ ਮਾਨਸਿਕ ਨੁਕਸਾਨ ਪੁੱਜਦਾ ਹੈ।
ਕੋਈ ਸ਼ੱਕ ਨਹੀਂ ਕਿ ਸਾਈਬਰ ਬੁਲਿੰਗ ਅਜੋਕੇ ਸਮਿਆਂ ਦੀ ਨਵੀਂ ਬਲਾ ਹੈ ਪਰ ਸੱਚ ਇਹ ਵੀ ਹੈ ਕਿ ਸਕੂਲਾਂ ਵਿੱਚ ਵਾਪਰਦੀ ਅਸਲੀ ਧੱਕੇਸ਼ਾਹੀ ਜਾਂ ਬੁਲਿੰਗ ਵਿੱਚ ਵੀ ਨਿੱਤ ਦਿਨ ਵਾਧਾ ਹੋ ਰਿਹਾ ਹੈ। ਬੀਤੇ ਦਿਨੀਂ ਹੈਮਿਲਟਨ ਵਿੱਚ ਸਕੂਲ ਦੇ ਐਨ ਬਾਹਰਵਾਰ ਇੱਕ 14 ਸਾਲ ਦੇ ਬੱਚੇ ਨੂੰ ਬੁਲੀ ਕਿਸਮ ਦੇ ਵਿੱਦਿਆਰਥੀਆਂ ਨੇ ਛੂਰਾ ਮਾਰ ਕੇ ਕਤਲ ਕਰ ਦਿਤਾ। ਇਹ ਕਤਲ ਉਸ ਵੇਲੇ ਹੋਇਆ ਜਦੋਂ ਬੱਚੇ ਦੀ ਮਾਂ ਉੱਥੇ ਮੌਜੂਦ ਸੀ ਪਰ ਧੱਕੇਸ਼ਾਹੀ ਦਾ ਮਾਹੌਲ ਐਸਾ ਸੀ ਕਿ ਮਾਂ ਸਮੇਤ ਕੋਈ ਵੀ ਬੱਚੇ ਨੂੰ ਬਚਾਉਣ ਵਿੱਚ ਸਹਾਈ ਨਾ ਹੋ ਸਕਿਆ। ਕੈਲਗਰੀ ਵਿੱਚ ਚੰਦ ਮਹੀਨੇ ਪਹਿਲਾਂ ਇੱਕ 9 ਸਾਲਾ ਸੀਰੀਆਈ ਪਰਵਾਸੀ ਲੜਕੀ ਨੇ ਆਤਮਹੱਤਿਆ ਕਰ ਲਈ ਸੀ ਕਿਉਂਕਿ ਉਹ ਸਕੂਲ ਵਿੱਚ ਹੁੰਦੀ ਬੁਲਿੰਗ ਨੂੰ ਸਹਾਰ ਨਾ ਸਕੀ। ਇਹ ਕੇਸ ਹਨ ਜੋ ਮੀਡੀਆ ਵਿੱਚ ਚੁੱਕੇ ਜਾਣ ਕਾਰਣ ਸਾਡੇ ਸਾਹਮਣੇ ਆਉਂਦੇ ਹਨ ਪਰ ਅਸਲ ਸੱਚਾਈ ਕਿਤੇ ਵੱਧ ਕੌੜੀ ਹੈ।
ਅੱਜ ਹਾਲਾਤਾ ਇਹ ਹਨ ਕਿ ਸਕੂਲਾਂ ਵਿੱਚ ਵਿੱਦਿਆਰਥੀ ਤਾਂ ਕੀ ਸਗੋਂ ਅਧਿਆਪਕ ਵੀ ਗੁੰਡੇ ਸੂਭਾਅ ਵਾਲੇ ਬੱਚਿਆਂ ਜਾਂ ਉਹਨਾਂ ਦੇ ਮਾਪਿਆਂ ਹੱਥੋਂ ਬੁਲਿੰਗ ਦਾ ਸਿ਼ਕਾਰ ਹੰੁਦੇ ਹਨ। ਯੂਨੀਵਰਸਿਟੀ ਆਫ ਓਟਾਵਾ ਵੱਲੋਂ 1600 ਅਧਿਆਪਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਸਿੱਟਾ ਕੱਢਿਆ ਗਿਆ ਕਿ ਜੇ 2005 ਵਿੱਚ 7% ਸਕੂਲੀ ਅਧਿਆਪਕ ਬੁਲਿੰਗ ਹੋਣ ਦੀ ਗੱਲ ਨੂੰ ਕਬੂਲ ਕਰਦੇ ਸਨ, ਇਹ ਦਰ 2017-18 ਵਿੱਚ ਵੱਧ ਕੇ 54% ਹੋ ਚੁੱਕੀ ਸੀ। ਸੁਆਲ ਹੈ ਕਿ ਜੇ ਅਧਿਆਪਕ ਹੀ ਸੁਰੱਖਿਅਤ ਨਹੀਂ ਤਾਂ ਇਹ ਕਿਵੇਂ ਸੋਚਿਆ ਜਾ ਸਕਦਾ ਹੈ ਕਿ ਉਹ ਬੱਚਿਆਂ ਨੂੰ ਧੱਕੇਸ਼ਾਹੀ ਤੋਂ ਬਚਾਅ ਕਰਨ ਦੇ ਕਾਬਲ ਹੋਣਗੇ। ਇਹ ਤਾਂ ਖੇਤ ਅਤੇ ਵਾੜ ਦੋਵਾਂ ਨੂੰ ਖਤਰਾ ਹੋਣ ਵਾਲੀ ਮਿਸਾਲ ਹੈ। ਬੁਲਿੰਗ ਨੂੰ ਸਮਾਪਤ ਕਰਨ ਲਈ ਸਮ੍ਰਪਿਤ ਵੈੱਬਸਾਈਟ www.stopbully.ca ਮੁਤਾਬਕ 64% ਵਿੱਦਿਆਰਥੀਆਂ ਦੀ ਸਕੂਲ ਵਿੱਚ ਬੁਲਿੰਗ ਹੁੰਦੀ ਹੈ ਅਤੇ 12% ਦੇ ਕਰੀਬ ਉਹ ਮੰਦਭਾਗੇ ਬੱਚੇ ਹਨ ਜਿਹਨਾਂ ਨੂੰ ਹਰ ਹਫ਼ਤੇ ਇੱਕ ਜਾਂ ਦੋ ਵਾਰ ਬੁਲਿੰਗ ਦਾ ਤਸ਼ੱਦਤ ਹੰਢਾਉਣਾ ਪੈਂਦਾ ਹੈ। 61 ਤੋਂ 80% ਬੁਲਿੰਗ ਕਰਨ ਵਾਲੇ ਉਹ ਬੱਚੇ ਹੁੰਦੇ ਹਨ ਜੋ ਸਕੂਲ ਵਿੱਚ ਹਰਮਨ ਪਿਆਰੇ ਹੁੰਦੇ ਹਨ ਅਤੇ ਆਪਣੇ ਸਾਥੀਆਂ ਵਿੱਚ ‘ਹਾਈ ਸਟੈਟਸ’ ਰੱਖਦੇ ਹਨ।
ਸਤੰਬਰ 2019 ਵਿੱਚ ਸੀ ਬੀ ਸੀ ਵੱਲੋਂ 4000 ਥੂਥ ਆਧਾਰਿਤ ਇੱਕ ਕੌਮੀ ਸਰਵੇਖਣ ਕਰਵਾਇਆ ਗਿਆ ਜਿਸ ਮੁਤਾਬਕ 26% ਲੜਕੀਆਂ ਨੂੰ ਸਕੂਲਾਂ ਵਿੱਚ ਸਰੀਰਕ ਸੋਸ਼ਣ (ਸੈਕਸੁਅਲ ਅਸਾਲਟ) ਦਾ ਸਾਹਮਣਾ ਕਰਨਾ ਪੈਂਦਾ ਹੈ। ਕੈਨੇਡਾ ਵਿੱਚ ਉਂਟੇਰੀਓ ਅਤੇ ਨੋਵਾ ਸਕੋਸ਼ੀਆ ਨੂੰ ਛੱਡ ਕੇ ਕਿਸੇ ਵੀ ਪ੍ਰੋਵਿੰਸ ਦੇ ਸਕੂਲ ਲਈ ਜਰੂਰੀ ਨਹੀਂ ਕਿ ਉਹ ਬੁਲਿੰਗ ਹੋਣ ਬਾਰੇ ਅੰਕੜੇ ਸਿੱਖਿਆ ਮੰਤਰਾਲੇ ਨਾਲ ਸਾਂਝੇ ਕਰਨ। ਸਿੱਟੇ ਵਜੋਂ ਸਕੂਲ ਬੁਲਿੰਗ ਬਾਰੇ ਚੁੱਪ ਰਹਿਣ ਨੂੰ ਤਰਜੀਹ ਦੇਂਦੇ ਹਨ।
ਪੀਲ ਰੀਜਨ ਖਾਸ ਕਰਕੇ ਬਰੈਂਪਟਨ ਅਤੇ ਮਿਸੀਸਾਗਾ ਬਾਰੇ ਬੇਸ਼ੱਕ ਅੰਕੜੇ ਮੌਜੂਦ ਨਹੀਂ ਹਨ ਪਰ ਮਾਪਿਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤਿਆਂ ਪਤਾ ਲੱਗਦਾ ਹੈ ਕਿ ਇੱਥੇ ਬੁਲਿੰਗ ਦੀਆਂ ਘਟਨਾਵਾਂ ਹੋਰਾਂ ਥਾਵਾਂ ਨਾਲੋਂ ਵੱਧ ਹਨ। ਧੱਕੇਸ਼ਾਹੀ ਕਰਨ ਵਾਲੇ ਵਿੱਦਿਆਰਥੀ ਗੈਂਗਾਂ ਦੇ ਰੂਪ ਵਿੱਚ ਕੰਮ ਕਰਦੇ ਹਨ ਅਤੇ ਜਿਹੜੇ ਬੱਚੇ ਉਹਨਾਂ ਨਾਲ ਨਸ਼ੇ ਆਦਿ ਕਰਨ ਵਿੱਚ ਸਹਿਮਤ ਨਹੀਂ ਹੁੰਦੇ, ਉਹਨਾਂ ਨੂੰ ਅਲੱਗ ਥਲੱਗ ਕਰਕੇ ਕੁੱਟਿਆ ਜਾਂਦਾ ਹੈ। ਕਈ ਮਾਪੇ ਇਸ ਹੱਦ ਤੱਕ ਤੰਗ ਆ ਚੁੱਕੇ ਹਨ ਕਿ ਉਹਨਾਂ ਦੇ ਬੱਚੇ ਸਕੂਲ ਜਾਣਾ ਹੀ ਪਸੰਦ ਨਹੀਂ ਕਰਦੇ। ਬਹੁਤ ਸਾਰੇ ਮਾਪਿਆਂ ਦਾ ਖਿਆਲ ਹੈ ਕਿ ਸਕੂਲ ਸਿਸਟਮ ਵੱਲੋਂ ਕੁੱਝ ਨਾ ਕੀਤੇ ਕਰਕੇ ਜਰੂਰੀ ਹੈ ਕਿ ਉਹ ਖੁਦ ਸਕੂਲਾਂ ਵਿੱਚ ਜਾ ਕੇ ਇਹ ਵੇਖਣ ਲਈ ਪਹਿਰਾ ਲਾਉਣ ਕਿ ਅਸਲ ਵਿੱਚ ਇਹਨਾਂ ਘਟਨਾਵਾਂ ਪਿੱਛੇ ਕਿਹੜੇ ਸ਼ੈਤਾਨੀ ਦਿਮਾਗ ਕੰਮ ਕਰਦੇ ਹਨ। ਕੀ ਇਹ ਸਥਿਤੀ ਸਕੂਲ ਬੋਰਡ, ਪੁਲੀਸ ਅਤੇ ਪ੍ਰੋਵਿੰਸ਼ੀਅਲ ਸਰਕਾਰ ਨੂੰ ਠੋਸ ਕਦਮ ਚੁੱਕਣ ਲਈ ਕਾਫੀ ਨਹੀਂ ਹੈ?