ਸੰਗਰੂਰ, 14 ਨਵੰਬਰ (ਪੋਸਟ ਬਿਊਰੋ)- ਸੜਕ ਹਾਦਸੇ 'ਚ ਇੱਕ ਲੱਤ ਗੁਆਉਣ ਵਾਲੇ ਪੀੜ੍ਹਤ ਬੱਸ ਯਾਤਰੀ ਨੂੰ ਮੋਟਰ ਐਕਸੀਡੈਂਟਲ ਕਲੇਮ ਟਿ੍ਰਬਿਊਨਲ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਡਿਪੂ ਨੂੰ 60 ਲੱਖ ਰੁਪਏ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਹੈ। ਇਸ ਹਾਦਸੇ ਦੇ ਨਾਲ ਨਾ ਸਿਰਫ ਉਹ ਅਪਾਹਜ਼ ਹੋ ਗਿਆ, ਸਗੋਂ ਉਸ ਦਾ ਰੁਜ਼ਗਾਰ ਵੀ ਖੁੱਸ ਗਿਆ ਸੀ।
ਵਕੀਲ ਸੰਜੀਵ ਗੋਇਲ ਨੇ ਦੱਸਿਆ ਕਿ ਤਰੰਜੀਖੇੜਾ ਰਾਜਪੁਰਾ ਦਾ ਵਸਨੀਕ ਜਸਵੀਰ ਸਿੰਘ ਹਿੰਦੋਸਤਾਨ ਲੀਵਰ ਕੰਪਨੀ ਦੇ ਇੱਕ ਯੂਨਿਟ ਵਿੱਚ ਕੰਮ ਕਰਦਾ ਸੀ। 30 ਦਸੰਬਰ 2017 ਨੂੰ ਜਸਵੀਰ ਸਿੰਘ ਰਾਤ ਨੂੰ ਫੈਕਟਰੀ 'ਚ ਡਿਊਟੀ ਕਰਨ ਮਗਰੋਂ ਪੀ ਆਰ ਟੀ ਸੀ ਦੀ ਬਠਿੰਡਾ ਡਿਪੂ ਦੀ ਬੱਸ ਵਿੱਚ ਆਪਣੇ ਪਿੰਡ ਤਰੰਜੀਖੇੜਾ ਮੁੜ ਰਿਹਾ ਸੀ। ਰਸਤੇ ਵਿੱਚ ਪਿੰਡ ਘਰਾਚੋਂ ਨੇੜੇ ਬੱਸ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਪੰਜ ਯਾਤਰੀਆਂ ਮੌਤ ਹੋ ਗਈ ਤੇ 12 ਯਾਤਰੀ ਜ਼ਖਮੀ ਹੋ ਗਏ। ਜਸਵੀਰ ਸਿੰਘ ਗੰਭੀਰ ਜ਼ਖਮੀ ਹੋਇਆ ਸੀ। ਹਾਦਸੇ 'ਚ ਉਸ ਦੀ ਖੱਬੀ ਲੱਤ ਪੂਰੀ ਤਰ੍ਹਾਂ ਕੁਚਲੇ ਜਾਣ ਕਾਰਨ ਉਸ ਨੂੰ ਕੱਟਣਾ ਪਿਆ ਸੀ। ਇਸ ਤੋਂ ਬਾਅਦ ਉਹ ਕੰਮ ਕਰਨ ਦੇ ਅਸਮਰਥ ਹੋ ਗਿਆ ਤੇ ਉਸ ਦੀ ਨੌਕਰੀ ਵੀ ਖੁੱਸ ਗਈ ਸੀ ਅਤੇ ਉਸ ਦੇ ਇਲਾਜ 'ਚ 10 ਲੱਖ ਰੁਪਏ ਖਰਚ ਹੋਏ ਗਏ। ਜਸਵੀਰ ਸਿੰਘ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ। ਇਸ ਕੇਸ 'ਚ ਮੋਟਰ ਐਕਸੀਡੈਂਟਲ ਕਲੇਮ ਟ੍ਰਿਬਿਊਰਲ ਸੰਗਰੂਰ ਨੇ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਅਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਬਠਿੰਡਾ ਡਿਪੂ ਨੂੰ 60 ਲੱਖ ਰੁਪਏ ਮੁਆਵਜ਼ਾ ਲਾਇਆ ਅਤੇ ਨਾਲ ਇਹ ਰਕਮ ਦੋ ਮਹੀਨੇ 'ਚ ਦੇਣ ਦੇ ਹੁਕਮ ਦਿੱਤੇ ਹਨ।