ਇਸਲਾਮਾਬਾਦ, 14 ਨਵੰਬਰ (ਪੋਸਟ ਬਿਊਰੋ)- ਪਾਕਿਸਤਾਨੀ ਫੌਜ ਨੇ ਕੁਲਭੂਸ਼ਣ ਜਾਧਵ ਨੂੰ ਫੌਜੀ ਅਦਾਲਤ ਦੇ ਫੈਸਲੇ ਦੇ ਖਿਲਾਫ ਸਿਵਲ ਅਦਾਲਤ ਵਿੱਚ ਅਪੀਲ ਦਾਇਰ ਕਰਨ ਦਾ ਅਧਿਕਾਰ ਦੇਣ ਲਈ ਫੌਜੀ ਐਕਟ ਵਿੱਚ ਸੋਧ ਕਰਨ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਕਿਹਾ ਕਿ ਏਦਾਂ ਦਾ ਕੁਝ ਨਹੀਂ ਹੋ ਰਿਹਾ।
ਇੰਟਰ ਸਰਵਿਸਿਜ਼ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਟਵੀਟ ਕਰਕੇ ਇਸ ਸਬੰਧੀ ਖਬਰਾਂ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਟਵੀਟ ਕੀਤਾ ਕਿ ਜਾਸੂਸੀ ਅਤੇ ਅਤਿਵਾਦ ਦੇ ਲਈ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਭਾਰਤੀ ਕਮਾਂਡਰ ਕੁਲਭੂਸ਼ਣ ਜਾਧਵ ਬਾਰੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦਾ ਫੈਸਲਾ ਲਾਗੂ ਕਰਾਉਣ ਲਈ ਪਾਕਿਸਤਾਨ ਦੇ ਫੌਜੀ ਐਕਟ ਵਿੱਚ ਸੋਧ ਕਰਨ ਦੇ ਅਨੁਮਾਨ ਦੀਆਂ ਖਬਰਾਂ ਗਲਤ ਹਨ। ਉਨ੍ਹਾਂ ਕਿਹਾ ਕਿ ਕੇਸ ਉਤੇ ਮੁੜ ਨਜ਼ਰਸਾਨੀ ਕਰਨ ਲਈ ਕਈ ਕਾਨੂੰਨੀ ਪੱਖਾਂ ਨੂੰ ਵਾਚਿਆ ਜਾ ਚੁੱਕਿਆ ਹੈ। ਅਸਲ ਸਥਿਤੀ ਢੁੱਕਵੇਂ ਸਮੇਂ ਉਤੇ ਦੱਸੀ ਜਾਵੇਗੀ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨੀ ਏ ਆਰ ਵਾਈ ਨਿਊਜ਼ ਨੇ ਉੱਚ ਪੱਧਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਸੀ ਕਿ ਸੰਸਾਰ ਅਦਾਲਤ ਦੀਆਂ ਹਦਾਇਤਾਂ ਮੁਤਾਬਕ ਕੁਲਭੂਸ਼ਣ ਨੂੰ ਸਿਵਲ ਅਦਾਲਤ ਵਿੱਚ ਅਪੀਲ ਕਰਨ ਦੀ ਇਜਾਜ਼ਤ ਦੇਣ ਲਈ ਪਾਕਿਸਤਾਨ ਵੱਲੋਂ ਫੌਜੀ ਐਕਟ ਵਿੱਚ ਸੋਧ ਕਰਨ ਉਤੇ ਕੰਮ ਕੀਤਾ ਜਾ ਰਿਹਾ ਹੈ। ਕੁਲਭੂਸ਼ਣ ਦਾ ਕੇਸ ਫੌਜੀ ਅਦਾਲਤ ਵਿੱਚ ਚੱਲ ਰਿਹਾ ਹੈ ਤੇ ਫੌਜੀ ਐਕਟ ਅਜਿਹੇ ਵਿਅਕਤੀਆਂ ਜਾਂ ਗਰੁੱਪਾਂ ਨੂੰ ਨਿਆਂ ਲੈਣ ਲਈ ਸਿਵਲ ਅਦਾਲਤ ਵਿੱਚ ਅਪੀਲ ਦਾਇਰ ਕਰਨ ਦਾ ਅਧਿਕਾਰ ਨਹੀਂ ਦਿੰਦਾ। ਏ ਆਰ ਵਾਈ ਨੇ ਕਿਹਾ ਸੀ ਕਿ ਜਾਧਵ ਨੂੰ ਸਿਵਲ ਕੋਰਟ ਵਿੱਚ ਅਪੀਲ ਦਾਇਰ ਕਰਨ ਲਈ ਫੌਜੀ ਐਕਟ ਵਿੱਚ ਵਿਸ਼ੇਸ਼ ਸੋਧ ਕੀਤੀ ਜਾ ਰਹੀ ਹੈ।