ਡੋਡਾ, 13 ਨਵੰਬਰ (ਪੋਸਟ ਬਿਊਰੋ)- ਕੱਲ੍ਹ ਬਾਅਦ ਦੁਪਹਿਰ ਡੋਡਾ ਜ਼ਿਲੇ ਵਿੱਚ ਇੱਕ ਮੋਟਰ ਗੱਡੀ ਬੇਕਾਬੂ ਹੋ ਕੇ 1000 ਫੁੱਟ ਡੂੰਘੀ ਖੱਡ ਵਿੱਚ ਜਾ ਡਿੱਗੀ, ਜਿਸ ਕਾਰਨ 16 ਲੋਕ ਮਾਰੇ ਗਏ ਤੇ ਸਿਰਫ ਇੱਕ ਮੁਸਾਫਰ ਜ਼ਿੰਦਾ ਬਚਿਆ, ਜਿਸ ਦੀ ਹਾਲਤ ਹਸਪਤਾਲ ਵਿੱਚ ਗੰਭੀਰ ਦੱਸੀ ਜਾਂਦੀ ਹੈ।
ਮਿਲੇ ਵੇਰਵਿਆਂ ਮੁਤਾਬਕ ਟ੍ਰੈਕਸ ਟੈਂਪੂ ਮੋਟਰ ਗੱਡੀ ਇਸ ਸ਼ਹਿਰ ਡੋਡਾ ਤੋਂ ਬਿਹੋਤਾ ਵੱਲ ਜਾ ਰਹੀ ਸੀ। ਦੁਪਹਿਰੇ ਲਗਭਗ ਤਿੰਨ ਵਜੇ ਪੰਚਾਰਨੀ ਨਾਲੇ ਕੋਲ ਇਹ ਮੋਟਰ ਗੱਡੀ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਡੂੰਘੀ ਖੱਡ ਵਿੱਚ ਡਿੱਗੀ ਅਤੇ ਪਲਟੀਆਂ ਮਾਰਦੀ ਹੋਈ ਡੋਡਾ ਬਟੌਤ ਸੜਕ 'ਤੇ ਖਿਲੇਨੀ ਦੇ ਪੈਟਰੋਲ ਪੰਪ ਕੋਲ ਜਾ ਪੁੱਜੀ। ਇਸ ਦੇ ਬਾਅਦ 12 ਮੁਸਾਫਰਾਂ ਨੂੰ ਮੋਟਰ ਗੱਡੀ ਵਿੱਚੋਂ ਮ੍ਰਿਤਕ ਹਾਲਤ ਵਿੱਚ ਕੱਢਿਆ ਗਿਆ। ਬਾਕੀ ਜ਼ਖਮੀਆਂ ਦੀ ਹਸਪਤਾਲ ਪਹੁੰਚਣ 'ਤੇ ਮੌਤ ਹੋ ਗਈ। ਇੱਕੋ-ਇੱਕ ਜ਼ਿੰਦਾ ਬਚੇ ਵਿਅਕਤੀ ਨੂੰ ਜੰਮੂ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਮ੍ਰਿਤਕਾਂ ਵਿੱਚ ਚਾਰ ਔਰਤਾਂ ਅਤੇ ਤਿੰਨ ਬੱਚੇ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।