Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਠੱਗਾਂ ਦੇ ਕਿਹੜਾ ਮੱਥੇ 'ਤੇ ਲਿਖਿਆ ਹੁੰਦੈ!

November 13, 2019 08:47 AM

-ਬਲਦੇਵ ਸਿੰਘ (ਸੜਕਨਾਮਾ)
ਅੱਜ ਮੈਂ ਹਾਵੜਾ ਜ਼ਿਲ੍ਹੇ ਦੇ ਬਲੂਰ ਮੱਠ ਲਾਗੇ ਵਾਪਰੀ ਘਟਨਾ ਬਾਰੇ ਸੋਚ ਦਾ ਆਪਣੇ ਆਪ ਉਪਰ ਹੱਸ ਰਿਹਾ ਹਾਂ। ਇਹੋ ਜਿਹੀਆਂ ਘਟਨਾਵਾਂ ਬਾਰੇ ਸਿਆਣੇ ਲੋਕ ਮੱਤਾ ਦਿੰਦੇ ਬੜਾ ਕੁਝ ਆਖਦੇ ਨੇ। ਲਾਲਚ ਬੁਰੀ ਬਲਾ ਹੈ, ਚੋਰਾਂ ਨੂੰ ਮੋਰ ਪੈ ਗਏ, ਠੱਗਾਂ ਦੇ ਕਿਹੜਾ ਹੱਲ ਵਗਦੇ ਐ, ਬਹੁਤਾ ਖਾਂਦੀ ਥੋੜ੍ਹਿਓਂ ਵੀ ਜਾਂਦੀ, ਹੋਰ ਵੀ ਬੜਾ ਕੁਝ ਹੋਵੇਗਾ।
ਗੱਲ ਇਉਂ ਹੋਈ ਦੋਸਤੋ! ਬਾਲੀਗੰਜ ਫਾੜ੍ਹੀ ਤੋਂ ਚੁੱਕੀ ਸਵਾਰੀ ਬਲੂਰ ਮੱਠ ਲਾਗੇ ਉਤਾਰ ਕੇ ਮੈਂ ਇੱਕ ਰੁੱਖ ਦੀ ਛਾਵੇਂ ਟੈਕਸੀ ਰੋਕ ਕੇ ਕੀਤੀ ਕਮਾਈ ਗਿਣਨ ਲੱਗ ਪਿਆ। ਇੱਕ ਮੈਲੀ ਜਿਹੀ ਧੋਤੀ ਬੰਨ੍ਹੀ ਕਾਲਾ-ਕਲੂਟਾ ਜਿਹਾ ਅਧਖੜ ਬੰਦਾ ਮੇਰੇ ਕੋਲ ਆਇਆ ਤੇ ਡਰ ਕੇ ਇੱਧਰ-ਉਧਰ ਵੇਖਣ ਲੱਗਾ। ਉਸਦੇ ਚਿਹਰੇ ਉਪਰ ਕੁਝ ਏਦਾਂ ਦਾ ਹੀ ਪ੍ਰਭਾਵ ਸੀ।
‘ਅਰੇ, ਕੀ ਬਾਪਰ? (ਕਿ ਹੋਇਆ?)' ਮੈਂ ਪੁੱਛਿਆ।
ਉਸ ਨੇ ਫਿਰ ਡਰਦਿਆਂ ਆਪਣੇ ਖੀਸੇ ਵਿੱਚੋਂ 100 ਰੁਪਏ ਦਾ ਨੋਟ ਕੱਢਿਆ। ਮੈਨੂੰ ਪੁੱਛਿਆ, ‘‘ਛੁੱਟਾ ਹੈ?''
ਮੈਂ 10-10 ਦੇ ਨੋਟ ਗਿਣਨ ਲੱਗਾ।
‘‘ਐਸਾ ਨੋਟ ਬਹੁਤ ਹੈ ਮੇਰੇ ਪਾਸ।'' ਉਹ ਹੌਲੀ ਜਿਹੀ ਬੋਲਿਆ, ਜਿਵੇਂ ਝਕਦਾ ਹੋਵੇ।
‘ਕਹਾਂ ਸੇ ਮਿਲਾ ਇਤਨਾ ਨੋਟ?' ਮੈਂ ਉਸ ਦੀ ਸ਼ਕਲ ਸੂਰਤ ਵੇਖ ਕੇ ਹੈਰਾਨੀ ਨਾਲ ਪੁੱਛਿਆ।
‘ਅਸਾਮ ਮੇਂ ਗੜਬੜ ਥੀ ਨਾ। ਮੈਂ ਏਕ ਅਮੀਰ ਆਦਮੀ ਕਾ ਨੌਕਰ ਥਾ, ਏਕ ਰਾਤ, ਕਿਆ ਬੋਲਤੇ ਹੈਂ-ਜੰਗਲ ਮੈਂ ਜੋ ਰਹਿਤੇ ਹੈਂ? ਗੋਲਾ ਬਾਰੂਦ ਰੱਖਤੇ ਹੈਂ, ਵੋ ਆ ਗਏ ਮਾਲਕ ਕੋ ਮਾਰਨੇ, ਘਰ ਕੋ ਆਗ ਲਗਾ ਦੀ, ਮੈਂ ਨੋਟੋਂ ਕੇ ਬੰਡਲ ਬੋਰੀ ਮੇਂ ਡਾਲ ਕੇ ਇਧਰ ਭਾਗ ਆਇਆ। ਸਰਦਾਰ ਜੀ, ਡਰ ਕੇ ਮਾਰੇ ਬਾਜ਼ਾਰ ਸੇ ਤੁੜਵਾਤਾ ਨਹੀਂ। ਏਕ ਦਿਨ ਸੌਦਾ ਲੇਨੇ ਗਿਆ, ਦੁਕਾਨ ਵਾਲੇ ਨੇ ਪੂਛਾ, 100 ਕਾ ਨੋਟ ਕਹਾਂ ਸੇ ਲੀਆ। ਮੈਂ ਡਰ ਗਿਆ।'
ਫਿਰ ਉਸ ਨੇ ਦੱਸਿਆ, ‘ਜੇ ਕੋਈ ਮੈਨੂੰ ਪੁਲਸ ਕੋਲ ਫੜਾ ਦੇਵੇ, ਪੁਲਸ ਬੜਾ ਮਾਰਦੀ ਹੈ, ਇਸ ਲਈ ਮੈਂ ਬਾਜ਼ਾਰ ਜਾਂਦਾ ਹੀ ਨਹੀਂ, ਇੱਧਰੋਂ-ਉੱਧਰੋਂ ਛੋਟੇ ਨੋਟ ਭਾਲਦਾ ਹਾਂ।' ਉਸ ਨੇ ਚਿਹਰੇ ਉਪਰ ਤਰਲੇ ਵਰਗੇ ਭਾਵ ਲਿਆ ਕੇ ਕਿਹਾ, ਜੇ ਮੈਂ ਉਸ ਨੂੰ 10-10 ਦੇ, 5-5 ਦੇ ਛੋਟੇ ਨੋਟ ਲਿਆ ਦੇਵਾਂ ਤਾਂ ਉਹ ਮੈਨੂੰ ਨੋਟਾਂ ਦੇ ਬੰਡਲ ਲਿਆ ਕੇ ਦੇ ਸਕਦਾ ਹੈ। ਮੈਂ ਬਾਰ-ਬਾਰ ਉਸਦੇ ਚਿਹਰੇ ਨੂੰ ਤਾੜ ਰਿਹਾ ਸਾਂ। ਉਹ ਮੈਨੂੰ ਸੱਚ-ਮੁੱਚ ਦੁੱਖੀ ਲੱਗਦਾ ਸੀ। ਮੈਂ ਸੋਚਣ ਲੱਗਾ, ਜੇ ਮੈਂ ਉਸ ਨੂੰ 6-7 ਸੌ ਦੇ ਛੋਟੇ ਨੋਟ ਲਿਆ ਕੇ ਦੇ ਦੇਵਾਂ ਤਾਂ ਇਨ੍ਹਾਂ ਬਦਲੇ ਉਹ ਮੈਨੂੰ ਹਜ਼ਾਰਾਂ ਦੇ ਨੋਟ ਦੇ ਸਕਦਾ ਹੈ। ਮੈਂ ਇਥੇ ਕਲਕੱਤਾ ਵਰਗੇ ਮਹਾਂਨਗਰ ਵਿੱਚ ਸਰਕਾਰੀ ਨੌਕਰੀ ਛੱਡ ਕੇ ਪੈਸੇ ਕਮਾਉਣ ਆਇਆ ਹਾਂ। ਇੱਕ ਨਵੀਂ ਟੈਕਸੀ ਲੈ ਲਵਾਂਗਾ। ਮੇਰੀ ਕਿਸਮਤ ਖੁੱਲ੍ਹ ਜਾਵੇਗੀ। ਵਾਹ! ਸੱਚ ਹੀ ਕਹਿੰਦੇ ਨੇ, ਰੱਬ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ।
ਗੱਲਾਂ ਕਰਦਿਆਂ ਉਹ ਡਰ ਰਿਹਾ ਸੀ ਤੇ ਇੱਧਰ-ਉੱਧਰ ਝਾਕ ਰਿਹਾ ਸੀ। ਦੂਰ ਮੁੱਖ ਸੜਕ 'ਤੇ ਲੰਘਦਾ ਪੁਲੀਸੀਆ ਵੇਖ ਕੇ ਉਹ ਡਰ ਕੇ ਟੈਕਸੀ ਓਹਲੇ ਛੁਪ ਗਿਆ। ਵੱਡੇ ਸੁਪਨੇ ਲੈਂਦਿਆਂ ਮੈਂ ਕਿਹਾ, ‘ਠੀਕ ਹੈ, ਮੈਂ ਤੈਨੂੰ ਛੋਟੇ ਨੋਟ ਲਿਆ ਦਿਆਂਗਾ।'
‘ਕਬ ਦੇਗਾ?' ਉਸ ਨੇ ਪੁੁੱਛਿਆ।
‘ਘਰ ਜਾਨਾ ਹੋਗਾ, ਦੋ ਘੰਟੇ ਲੱਗ ਜਾਏਂਗੇ। ਹਾਵੜਾ ਪੁਲ ਪਰ ਜਾਮ ਭੀ ਬਹੁਤ ਹੋਤਾ ਹੈ।'
‘ਠੀਕ ਹੈ, ਮੈਂ ਭੀ ਘਰ ਸੇ ਬੰਡਲ ਲਾਤਾ ਹੁੂੰ। ਇੱਧਰ ਹੀ ਮਿਲੂੰੰਗਾ। ਕਿਸੀ ਕੋ ਸਾਥ ਨਹੀਂ ਲਾਨਾ। ਕਿਸੀ ਕੋ ਬਤਾਨਾ ਭੀ ਨਹੀਂ, ਅਗਰ ਪੁਲਸ ਕੋ ਮਾਲੂਮ ਹੋ ਗਿਆ, ਮੈਂ ਤੋਂ ਮਾਰ ਹੀ..।' ਉਸਨੇ ਰੋਣ ਵਰਗਾ ਮੂੰਹ ਬਣਾਇਆ।
ਮੈਂ ਕਿਸੇ ਨੂੰ ਨਾ ਦੱਸਣ ਤੇ ਕਿਸੇ ਨੂੰ ਸਾਥ ਨਾ ਲਿਆਉਣ ਦਾ ਵਾਅਦਾ ਕਰਕੇ ਟੈਕਸੀ ਸਟਾਰਟ ਕਰ ਲਈ।
‘ਨੋਟ ਛੋਟਾ ਲਾਨਾ, ਬੜਾ ਨਹੀਂ।' ਉਸ ਨੇ ਮੈਨੂੰ ਯਾਦ ਕਰਾਇਆ।
ਮੈਂ ਬਿਨਾਂ ਸਵਾਰੀ ਦੀ ਝਾਕ ਰੱਖਦਿਆਂ ਖਾਲੀ ਗੱਡੀ ਘਰ ਨੂੰ ਭਜਾਈ। ਜਿੱਥੇ ਜਾਮ ਲੱਗਾ ਹੁੰਦਾ, ਮੈਨੂੰ ਖਿਝ ਚੜ੍ਹਦੀ। ਮੇਰੇ ਜ਼ਿਹਨ ਵਿੱਚ ਨਵੀਂ ਟੈਕਸੀ ਉਦੋਂ ਤੋਂ ਹੀ ਘੁੰਮਣ ਲੱਗ ਪਈ ਸੀ। ਮੈਂ ਕੋਈ ਚੰਗਾ ਘਰ ਕਿਰਾਏ ਉਪਰ ਲੈਣ ਦੇ ਸੁਪਨੇ ਵੀ ਵੇਖਣ ਲੱਗਾ। ਕਾਹਲੀ ਵਿੱਚ ਮੈਂ ਇੱਕ ਥਾਂ ਲਾਲ ਬੱਤੀ ਵਿੱਚ ਵੀ ਅੱਗੇ ਵੱਧ ਗਿਆ ਤਾਂ ਟਰੈਫਿਕ ਵਾਲੇ ਨੇ ਝੱਟ ਚਲਾਣ ਕਰਨ ਵਾਲੀ ਕਾਪੀ ਕੱਢ ਕੇ ਮੈਨੂੰ ਡਰਾਇਆ। ਮੈਂ ਇੱਕ ਹੱਥ ਕੰਨ ਨੂੰ ਲਾ ਕੇ ‘ਸੌਰੀ' ਕਹਿਣ ਵਰਗਾ ਮੂੰਹ ਬਣਾਇਆ। ਘਰ ਪੁੱਜਿਆ। ਦੋ ਕੁ ਮਹੀਨਿਆਂ ਦੀ ਬੱਚਤ ਘਰ ਪਈ ਹੋਈ ਸੀ। ਟੈਕਸੀ ਦੀ ਕਿਸ਼ਤ ਦੇਣੀ ਸੀ। ਤਿਮਾਹੀ ਟੈਕਸ ਆਉਣ ਵਾਲਾ ਸੀ, ਪਰ ਮੇਰੇ ਕੋਲ ਹਜ਼ਾਰਾਂ ਰੁਪਏ ਆ ਜਾਣੇ ਸਨ। ਬੇਫਿਕਰ ਹੋ ਕੇ ਮੈਂ 100 ਦੇ ਚਾਰ ਪੰਜ ਨੋਟ ਪਾਸੇ ਕਰਕੇ ਬਾਕੀ ਸਾਰੇ ਪੈਸੇ ਥੈਲੇ ਵਿੱਚ ਪਾ ਲਏ ਤੇ ਖਾਲੀ ਟੈਕਸੀ ਫਿਰ ਬਲੂਰ ਮੱਠ ਵੱਲ ਸਿੱਧੀ ਕਰ ਲਈ।
ਉਥੇ ਪਹੁੰਚ ਕੇ ਮੈਂ ਆਸੇ-ਪਾਸੇ ਉਸਨੂੰ ਲੱਭਣ ਲੱਗਾ। ਕੁਝ ਦੇਰ ਬਾਅਦ ਉਹ ਡਰਦਾ, ਡਰਦਾ ਮੇਰੇ ਕੋਲ ਆਇਆ। ਪੁੱਛਿਆ, ‘‘ਪੈਸੇ ਲਾਇਆ?''
‘ਹਾਂ।' ਮੈਂ ਟੈਕਸੀ ਵਿੱਚ ਰੱਖਿਆ ਝੋਲਾ ਉਸਨੂੰ ਵਿਖਾਇਆ।
‘ਗਾੜੀ ਮੇਂ ਬੈਠੋ। ਇਧਰ ਪੁਲਸ ਘੂਮ ਰਹੀ ਹੈ।' ਉਹ ਇੱਧਰ-ਉਧਰ ਝਾਕਦਾ ਬੋਲਿਆ, ‘ਗਾੜੀ ਸਟਾਰਟ ਰੱਖਨਾ। ਮੈਂ ਰੁਪਏ ਲੇ ਕਰ ਆਤਾ ਹੂੰ। ਉਧਰ ਛੁਪਾਏ ਹੈਂ।' ਉਸ ਨੇ ਪਿੱਛੇ ਇੱਕ ਝਾੜੀ ਵੱਲ ਇਸ਼ਾਰਾ ਕੀਤਾ ਤੇ ਚਲਾ ਗਿਆ। ਮੇਰੇ ਦਿਲ ਦੀ ਧੜਕਣ ਵੱਧ ਗਈ। ਮੈਂ ਗੱਡੀ ਸਟਾਰਟ ਕਰ ਲਈ। ਕੁਝ ਦੇਰ ਬਾਅਦ ਉਹ ਅਖਬਾਰ ਵਿੱਚ ਲਪੇਟਿਆ ਇੱਕ ਬੰਡਲ ਲੈ ਕੇ ਆਇਆ ਤੇ ਮੇਰੇ ਵੱਲ ਵਧਾਉਂਦਿਆਂ ਬੋਲਿਆ, ‘ਪੈਸੇ ਵਾਲਾ ਝੋਲਾ ਇਧਰ ਦੋ।' ਝੋਲਾ ਫੜਾ ਕੇ ਮੈਂ ਬੰਡਲ ਅਜੇ ਫੜਿਆ ਹੀ ਸੀ, ਪਿੱਛੋਂ ਇੱਕ ਆਵਾਜ਼ ਸੁਣੀ; ‘ਪੁਲਸ।' ਨਾਲ ਹੀ ਸੀਟੀ ਵੱਜੀ।
‘ਭਾਗੋ।' ਕਹਿ ਕੇ ਉਹ ਇੱਕ ਪਾਸੇ ਦੌੜ ਗਿਆ।
ਗੱਡੀ ਗੇਅਰ ਵਿੱਚ ਪਾ ਕੇ ਮੈਂ ਤੀਰ ਵਾਂਗ ਉਥੋਂ ਨਿਕਲਿਆ। ਘਰ ਪਹੁੰਚਿਆ ਤਾਂ ਲੱਗਾ ਜਿਵੇਂ ਗੱਡੀ ਰਾਹੀਂ ਨਹੀਂ, ਖੁਦ ਦੌੜ ਕੇ ਆਇਆ ਹੋਵਾਂ। ਮੇਰਾ ਸਾਹ ਚੜ੍ਹਿਆ ਹੋਇਆ ਸੀ ਤੇ ਸਰੀਰ ਮੁੜ੍ਹਕੇ ਨਾਲ ਭਿੱਜਿਆ ਹੋਇਆ ਸੀ। ਮੈਂ ਕਮਰਾ ਬੰਦ ਕੀਤਾ। ਧੜਕਦੇ ਦਿਲ ਨਾਲ ਬੰਡਲ ਖੋਲ੍ਹਣ ਲੱਗਾ। ਬੰਦ ਗੋਭੀ ਦੇ ਪੱਤਾਂ ਵਾਂਗ ਅਖਬਾਰ ਖੁੱਲ੍ਹਦੇ ਜਾਂਦੇ ਸਨ। ਪਲ-ਪਲ ਧੜਕਣ ਤੇਜ਼ ਹੁੰਦੀ ਜਾਂਦੀ ਸੀ। ਕਮਰੇ ਵਿੱਚ ਅਖਬਾਰਾਂ ਦਾ ਢੇਰ ਲੱਗ ਗਿਆ। ਮਹਾਂਨਗਰ ਵਿੱਚ ਚਿੱਟੇ ਦਿਨ ਮੇਰੇ ਨਾਲ ਠੱਗੀ ਵੱਜ ਗਈ। ਦੋ ਮਹੀਨਿਆਂ ਦੀ ਦਸਾਂ ਨਹੁੰਆਂ ਦੀ ਕਿਰਤ ਬਦਲੇ ਮੇਰੇ ਸਾਹਮਣੇ ਅਖਬਾਰਾਂ ਦੀ ਰੱਦੀ ਪਈ ਸੀ। ਦੋ ਦਿਨ ਟੈਕਸੀ ਚਲਾਉਣ ਨੂੰ ਦਿਲ ਨਾ ਕੀਤਾ ਤੇ ਮੈਂ ਬਿਮਾਰਾਂ ਵਾਂਗ ਕਮਰੇ ਅੰਦਰ ਹੀ ਪਿਆ ਰਿਹਾ।
ਅੱਜ ਜਦੋਂ ਅਖਬਾਰਾਂ ਵਿੱਚ ਕਿਧਰੇ ਵੱਜੀ ਠੱਗੀ ਦੀ ਖਬਰ ਪੜ੍ਹਦਾ ਹਾਂ, ਕੋਈ ਸਾਧੂ ਕਿਲੋ ਸੋਨਾ ਠੱਗ ਕੇ ਲੈ ਗਿਆ। ਕੋਈ ਨੋਟ ਦੁੱਗਣੇ ਕਰਦਾ ਫਿਰਦਾ ਹੈ। ਕੋਈ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਠੱਗ ਲੈਂਦਾ ਹੈ ਤਾਂ ਪਹਿਲੀ ਸੋਚ ਆਉਂਦੀ ਹੈ, ਲੋਕ ਏਨੇ ਮੂਰਖ ਨੇ, ਇਨ੍ਹਾਂ ਨੂੰ ਪਤਾ ਨਹੀਂ ਲੱਗਦਾ! ਤਦ ਝੱਟ ਮਹਾਂਨਗਰ ਵਿੱਚ ਆਪ ਖਾਧੀ ਠੱਗੀ ਦਾ ਚੇਤਾ ਆਉਂਦਿਆਂ ਹੀ ਲੋਕ ਬੋਲੀ ਯਾਦ ਆ ਜਾਂਦੀ ਹੈ-
ਸੱਸ ਨੂੰਹ 'ਤੇ ਕਰੇ ਤਕੜਾਈਆਂ, ਆਵਦੇ ਦਿਨ ਭੁੱਲ ਗਈ
ਫਿਰ ਬੁੱਲ੍ਹਾਂ 'ਤੇ ਬੇਸੁਆਦੀ ਜਿਹੀ ਮੁਸਕਾਨ ਆ ਜਾਂਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’