Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਗੁਰੂ ਨਾਨਕ ਦੀ ਬਾਣੀ ਤੋਂ ਨਿੱਤਰਦੀ ਸਿੱਖ ਦੀ ਪਛਾਣ

November 13, 2019 08:42 AM

-ਡਾ: ਸਤਿੰਦਰ ਸਿੰਘ
ਗੁਰਸਿੱਖ ਕੌਣ ਹੈ? ਇਸ ਗੂੜ੍ਹ ਪ੍ਰਸ਼ਨ ਦਾ ਕੋਈ ਇਕ, ਕੁਝ ਪੰਕਤੀਆਂ ਦਾ ਜਵਾਬ ਸੰਭਵ ਨਹੀਂ ਹੈ। ਗੁਰਸਿੱਖ ਹੋਣਾ ਹਰ ਕਿਸੇ ਦਾ ਆਪੋ-ਆਪਣਾ ਅਨੁਭਵ ਹੈ, ਜਿਸ ਨੂੰ ਸ਼ਬਦਾਂ `ਚ ਨਹੀਂ ਬੰਨ੍ਹਿਆ ਜਾ ਸਕਦਾ। ਗੁਰਸਿੱਖੀ ਕੋਈ ਬਾਣਾ, ਕੋਈ ਵਿਉਹਾਰ, ਕੋਈ ਢੰਗ ਨਹੀਂ ਹੈ। ਗੁਰਸਿੱਖੀ ਇਕ ਮਾਰਗ ਹੈ। ਇਸ ਮਾਰਗ `ਤੇ ਚੱਲਦਿਆਂ ਜਿਸ ਨੂੰ ਜਿਹੋ ਜਿਹੀ ਬਖਸ਼ਿਸ਼ ਹੁੰਦੀ ਹੈ, ਉਹੋ ਜਿਹੀ ਸੋਝੀ ਪ੍ਰਾਪਤ ਹੁੰਦੀ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਦੇ ਕੁਝ ਮੁੱਢਲੇ ਸਿਧਾਂਤ ਸਿਰਜੇ, ਜੋ ਉਨ੍ਹਾਂ ਦੀ ਬਾਣੀ ਅੰਦਰ ਪ੍ਰਗਟ ਹੁੰਦੇ ਹਨ। ਇਨ੍ਹਾਂ ਨੂੰ ਗੁਰਸਿੱਖ ਦੀ ਪਛਾਣ ਦੇ ਸੂਤਰ ਕਿਹਾ ਜਾ ਸਕਦਾ ਹੈ। ਵਿਲੱਖਣਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਕਿਸੇ ਵੀ ਸ਼ਬਦ ਅੰਦਰ ਇਨ੍ਹਾਂ ਤੱਤਾਂ ਦੇ ਦਰਸ਼ਨ ਕਿਸੇ ਨਾ ਕਿਸੇ ਰੂਪ `ਚ ਹੋ ਜਾਂਦੇ ਹਨ। ਗੁਰੂ ਸਾਹਿਬ ਨੇ ਆਪਣੀ ਬਾਣੀ ਅੰਦਰ ਪਰਮਾਤਮਾ ਦੀ ਗੱਲ ਕੀਤੀ ਹੈ ਜਾਂ ਮਨੁੱਖ ਦੀ ਜਾਂ ਸੰਸਾਰ ਦੀ। ਇਹ ਤਿੰਨੋ ਹੀ ਪੱਖ ਇਕ-ਦੂਜੇ ਨਾਲ ਅੰਤਰ ਸਬੰਧਤ ਹਨ ਤੇ ਇਕ ਆਦਰਸ਼ ਅਵਸਥਾ ਵੱਲ ਹੀ ਤੋਰਦੇ ਹਨ।
ਅਪੁਨੇ ਠਾਕੁਰ ਕੀ ਹਉ ਚੇਰੀ॥
ਚਰਨ ਗਹੇ ਜਗਜੀਵਨ ਪ੍ਰਭ ਕੇਹਉਮੈ ਮਾਰਿ ਨਿਬੇਰੀ॥ ੧॥ ਰਹਾਉ॥
ਪੂਰਨ ਪਰਮ ਜੋਤਿ ਪਰਮੇਸਰਪ੍ਰੀਤਮ ਪ੍ਰਾਨ ਹਮਾਰੇ॥
ਮੋਹਨ ਮੋਹਿ ਲੀਆ ਮਨੁਮੇਰਾ ਸਮਝਸਿ ਸਬਦੁ ਬੀਚਾਰੇ॥ ੧॥
(ਪੰਨਾ ੧੧੯੭)
ਉਪਰੋਕਤ ਗੁਰੂ ਵਚਨ ਦੀ ਪਹਿਲੀ ਪੰਕਤੀ ਅੰਦਰ ਮਨੁੱਖ ਤੇ ਪ੍ਰਮਾਤਮਾ ਦੀ ਰੌਸ਼ਨੀ ਪ੍ਰਾਪਤ ਹੁੰਦੀ ਹੈ। ਪਰਮਾਤਮਾ ਸੁਵਾਮੀ ਹੈ, ਸਰਬ ਸ਼ਕਤੀਆਂ ਦਾ ਮਾਲਕ ਹੈ, ਜਿਸ ਦਾ ਹੁਕਮ ਚੱਲ ਰਿਹਾ ਹੈ। ਮਨੁੱਖ ਦਾ ਧਰਮ ਹੈ ਕਿ ਉਹ ਪਰਮਾਤਮਾ ਨੂੰ ਆਪਣਾ ਸੁਆਮੀ ਧਾਰਨ ਕਰੇ ਤੇ ਸੇਵਕ ਬਣ ਕੇ ਰਹੇ। ਪਰਮਾਤਮਾ ਨਾਲ ਮਨੁੱਖ ਦਾ ਸਬੰਧ ਹੀ ਸੱਚਾ ਸਬੰਧ ਹੈ। ਪਰਮਾਤਮਾ ਹੀ ਉਸ ਦਾ ਆਪਣਾ ਹੈ ਤੇ ਉਸ ਆਪਣੇ ਦਾ ਸੇਵਕ ਬਣ ਕੇ ਰਹਿਣਾ ਉਸ ਦਾ ਧਰਮ ਹੈ। ਇਸ ਸਬੰਧ ਅੰਦਰ ਦੀ ਰਮਜ਼ ਖੋਲ੍ਹਦਿਆਂ ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਮਨੁੱਖ ਦੀ ਅਵਸਥਾ ਅਤਿ ਨਿਮਾਣੀ ਹੈ। ਉਸ ਦਾ ਮਨੋਰਥ ਪਰਮਾਤਮਾ ਦੀ ਸ਼ਰਨ `ਚ ਆਉਣਾ ਹੈ। ਵਿਕਾਰਾਂ, ਮਾਇਆ ਦੇ ਮਾਰੇ ਹੋਏ ਮਨੁੱਖ ਲਈ ਪਰਮਾਤਮਾ ਜੀਵਨ ਤੁਲ ਹੈ। ਪਰਮਾਤਮਾ ਕਿਸੇ ਇਕ ਮਨੁੱਖ ਲਈ ਨਹੀਂ, ਪੂਰੇ ਸੰਸਾਰ ਦਾ ਜੀਵਨ ਦਾਤਾ ਹੈ। ਪਰਮਾਤਮਾ ਮਨੁੱਖ ਨੂੰ ਸਿਰਜ ਰਿਹਾ ਹੈ, ਵਿਕਾਰਾਂ, ਮਾਇਆ ਦੇ ਜਾਲ ਤੋਂ ਬਚਾ ਰਿਹਾ ਹੈ। ਪਰਮਾਤਮਾ ਦੀ ਸ਼ਰਨ ਆਉਣਾ ਵਿਕਾਰਾਂ ਤੋਂ ਮੁਕਤ ਹੋਣਾ ਹੈ, ਮਾਇਆ ਦੀ ਝੂਠੀ ਚਮਕ ਤੋਂ ਉਦਾਸ ਹੋਣਾ ਹੈ। ਜੋ ਮਨੁੱਖ ਦੇ ਯੋਗ ਨਹੀਂ, ਜੋ ਅਧਰਮ ਹੈ, ਉਸ ਤੋਂ ਉਬਰ ਜਾਣਾ ਹੈ। ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਮੁਮਕਿਨ ਹੋ ਸਕਦਾ ਹੈ। ਪਰਮਾਤਮਾ ਦੀ ਸ਼ਰਨ ਆਏ ਬਿਨਾਂ, ਪਰਮਾਤਮਾ ਦੀ ਮਿਹਰ ਬਿਨਾਂ ਵਿਕਾਰਾਂ, ਮਾਇਆ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਇਹ ਸਮਰੱਥਾ ਇਕੋ-ਇਕ ਪਰਮਾਤਮਾ ਅੰਦਰ ਹੀ ਹੈ।
ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਇਹ ਪਰਮਾਤਮਾ ਦਾ ਸਭ ਤੋਂ ਮਨੋਹਰ ਰੂਪ ਹੈ, ਜੋ ਮਨੁੱਖ ਮਨ ਅੰਦਰ ਪਰਮਾਤਮਾ ਲਈ ਪ੍ਰੇਮ ਭਾਵ ਪੈਦਾ ਕਰਨ ਵਾਲਾ ਹੈ। ਦਾਸ ਭਾਵ ਨਾਲ ਪ੍ਰੇਮ ਭਾਵ ਦਾ ਵੀ ਸੰਜੋਗ ਹੋ ਜਾਂਦਾ ਹੈ।ਮਨੁੱਖ ਨੂੰ ਪਰਮਾਤਮਾ ਦੀਆਂ ਬੇਅੰਤ ਵਡਿਆਈਆਂ ਵਾਲੇ ਉਸ ਸਰੂਪ ਦੇ ਦਰਸ਼ਨ ਹੁੰਦੇ ਹਨ, ਜੋ ਸਾਰੇ ਦੁੱਖ ਨਿਦਾਨ ਕਰਨ ਵਾਲਾ ਹੈ, ਸਰਬ ਸੁੱਖਾਂ ਨਾਲ ਭਰਪੂਰ ਕਰਨ ਵਾਲਾ ਹੈ। ਪਰਮਾਤਮਾ ਦੀ ਅਨੰਤ ਵਡਿਆਈ ਦੇ ਦਰਸ਼ਨ ਗੁਰੂ ਸ਼ਬਦ ਵੀਚਾਰਨ ਨਾਲ ਹੀ ਹੁੰਦੇ ਹਨ। ਜੀਵਨ ਗੁਰ ਦੇ ਹੁਕਮ ਹੇਠ ਲਿਆਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਦੀ ਉਪਰੋਕਤ ਬਾਣੀ ਤੋਂ ਗੁਰਸਿੱਖ ਬਾਰੇ ਕਾਫੀ ਕੁਝ ਸਮਝਿਆ ਜਾ ਸਕਦਾ ਹੈ। ਗੁਰਸਿੱਖ ਉਹ ਜਿਸ ਨੇ ਪਰਮਾਤਮਾ ਨੂੰ ਆਪਣਾ ਸੁਆਮੀ ਧਾਰ ਲਿਆ ਹੈ ਤੇ ਆਪਣੇ-ਆਪ ਨੂੰ ਪਰਮਾਤਮਾ ਦਾ ਸੇਵਕ ਮੰਨ ਲਿਆ ਹੈ। ਇਹ ਪਰਮਾਤਮਾ ਪ੍ਰਤੀ ਗੁਰਸਿੱਖ ਦਾ ਪੂਰਨ ਸਮਰਪਣ ਹੈ।
ਗੁਰਸਿੱਖ ਨੇ ਪਰਮਾਤਮਾ ਦੀ ਪੂਰਨ ਸਮਰੱਥਾ ਤੇ ਅਸੀਮ ਵਡਿਆਈ ਦੇ ਦਰਸ਼ਨ ਕਰਦੇ ਹੋਏ ਆਪਣਾ ਜੀਵਨ ਉਸ ਦੇ ਭਰੋਸੇ `ਤੇ ਟਿਕਾ ਦਿੱਤਾ ਹੈ ਤੇ ਪਰਮਾਤਮਾ ਦੀ ਕਿਰਪਾ ਨਾਲ ਵਿਕਾਰਾਂ, ਮਾਇਆ ਮੋਹ ਤੋਂ ਮੁਕਤ ਹੋਣ ਵੱਲ ਤੁਰ ਪਿਆ ਹੈ। ਪਰਮਾਤਮਾ ਦੀ ਸ਼ਰਨ ਆਉਣ ਤੋਂ ਬਾਅਦ ਪ੍ਰਗਟ ਹੋਣ ਵਾਲੇ ਪ੍ਰਮਾਤਮਾ ਦੇ ਬੇਅੰਤ ਗੁਣ, ਮਨ ਅੰਦਰ ਪਰਮਾਤਮਾ ਲਈ ਗੂੜ੍ਹੇ ਪ੍ਰੇਮ ਨੂੰ ਜਨਮ ਦੇ ਰਹੇ ਹਨ। ਉਸ ਦੀ ਸੇਵਾ ਤੇ ਭਗਤੀ ਭਾਵਨਾ ਅੰਦਰ ਪ੍ਰੇਮ ਰਸ ਸਮੋ ਗਿਆ ਹੈ। ਇਹ ਵਰਤਾਰਾ ਗੁਰ ਸ਼ਬਦ ਅਨੁਸਾਰ ਜੀਵਨ ਨੂੰ ਢਾਲਣ ਤੋਂ ਬਾਅਦ ਵਰਤਦਾ ਹੈ, ਕਿਉਂਕਿ ਗੁਰੂ ਹੀ ਪਰਮਾਤਮਾ ਨਾਲ ਜੋੜਨ ਵਾਲਾ ਤੇ ਪਰਮਾਤਮਾ ਦੀ ਵਡਿਆਈ ਦੀ ਸਮਝ ਬਖਸ਼ਣ ਵਾਲਾ ਹੈ।ਪਰਮਾਤਮਾ ਦੀ ਪ੍ਰੀਤਿ ਮਨ ਨੂੰ ਰੰਗਣ ਵਾਲੀ ਤੇ ਪੂਰਨ ਤ੍ਰਿਪਤ ਕਰਨ ਵਾਲੀ ਹੈ।
ਜਬ ਕੀ ਰਾਮ ਰੰਗੀਲੈ ਰਾਤੀਰਾਮ ਜਪਤ ਮਨ ਧੀਰੇ॥
ਪਰਮਾਤਮਾ ਤੋਂ ਦੂਰ ਮਨੁੱਖ ਸਦਾਪਾਪ ਕਰਮ ਕਰਦਾ ਰਹਿੰਦਾ ਹੈ ਤੇ ਦੁਖ ਭੋਗਦਾ ਹੈ।
ਮਨਮੁਖ ਹੀਨ ਹੋਛੀ ਮਤਿਝੂਠੀ ਮਨਿ ਤਨਿ ਪੀਰ ਸਰੀਰੇ॥
ਪਰਮਾਤਮਾ ਨਾਲ ਪ੍ਰੇਮ ਹੀ ਮਨ ਨੂੰ ਧੀਰਜ ਦੇਣ ਵਾਲਾ ਹੈ। ਗੁਰੂ ਨਾਨਕ ਸਾਹਿਬ ਨੇ ਪਰਮਾਤਮਾ ਨਾਲ ਪ੍ਰੇਮ ਸਬੰਧ ਸਦੀਵੀ ਕਾਇਮ ਰੱਖਣ ਲਈ ਬੇਨਤੀ ਦੀ ਰਾਹ ਦੱਸੀ।
ਕਰਉ ਬਿਨਉ ਗੁਰ ਅਪਨੇ ਪ੍ਰੀਤਮਹਰਿ ਵਰੁ ਆਣਿ ਮਿਲਾਵੈ॥
ਸੁਣਿ ਘਨਘੋਰ ਸੀਤਲੁ ਮਨੁ ਮੋਰਾਲਾਲ ਰਤੀ ਗੁਣ ਗਾਵੈ॥ ੧॥
ਬਰਸੁ ਘਨਾ ਮੇਰਾ ਮਨੁ ਭੀਨਾ॥
ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ
ਮੋਹੀ ਮਨੁ ਹਰਿ ਰਸਿ ਲੀਨਾ॥ ੧॥ ਰਹਾਉ॥
(ਪੰਨਾ ੧੨੫੪)
ਨਿਮਾਣਾ ਹੋ ਕੇ ਪਰਮਾਤਮਾ ਅੱਗੇ ਅਰਦਾਸ ਕਰਨਾ ਗੁਰਸਿੱਖ ਦਾ ਸੁਭਾਅ ਹੈ। ਪਰਮਾਤਮਾ ਦਾਤਾ ਹੈ ਤੇ ਗੁਰਸਿੱਖ ਮੰਗਤਾ ਹੈ। ਭਿਖਾਰੀ ਸਦਾ ਨਿਮਾਣਾ ਹੋ ਕੇ ਹੀ ਮੰਗਦਾ ਹੈ। ਆਮ ਭਿਖਾਰੀ ਤੇ ਗੁਰਸਿੱਖ `ਚ ਵੱਡਾ ਫਰਕ ਹੈ। ਆਮ ਭਿਖਾਰੀ ਇਹ ਵੇਖ ਕੇ ਝੋਲੀ ਅੱਡਦਾ ਹੈ ਕਿ ਕੌਣ ਉਸ ਨੂੰ ਦੇ ਸਕਦਾ ਹੈ। ਇਸ ਮੰਗਣ ਦੇ ਕੇਂਦਰ `ਚ ਮਾਤਰ ਲੈਣ-ਦੇਣ ਹੈ।
ਗੁਰਸਿੱਖ ਦੇ ਮੰਗਣ `ਚ ਭਾਵਨਾ ਤੇ ਵਿਸ਼ਵਾਸ ਮੁੱਖ ਹੁੰਦਾ ਹੈ। ਗੁਰਸਿੱਖ ਨੂੰ ਭਰੋਸਾ ਹੈ ਕਿ ਪਰਮਾਤਮਾ ਉਸ ਦੀ ਬੇਨਤੀ ਪ੍ਰਵਾਨ ਕਰੇਗਾ। ਗੁਰਸਿੱਖ ਦੇ ਭਰੋਸੇ `ਚ ਪ੍ਰੇਮ ਦਾ ਰੰਗ ਵੀ ਮਿਲਿਆ ਹੋਇਆ ਹੈ ਜੋ ਉਸ ਦੇ ਵਿਸ਼ਵਾਸ ਨੂੰ ਕਦੇ ਡਿੱਗਣ ਨਹੀਂ ਦਿੰਦਾ। ਉਸ ਦੀ ਬੇਨਤੀ ਪ੍ਰੇਮਮਈ ਹੈ ਤੇ ਉਮੰਗ ਨਾਲ ਭਰੇ ਮਨ ਤੋਂ ਨਿਕਲ ਰਹੀ ਹੈ। ਗੁਰਸਿੱਖ ਦੀ ਕਾਮਨਾ ਹੈ ਕਿ ਉਸ ਦਾ ਮਨ ਪਰਮਾਤਮਾ ਦੀ ਕਿਰਪਾ ਨਾਲ ਪੂਰੀ ਤਰ੍ਹਾਂ ਭਿੱਜ ਜਾਏ। ਗੁਰਸਿੱਖ ਦੀ ਅਰਦਾਸ ਕਿਸੇ ਰਾਜ ਭਾਗ, ਦੌਲਤ, ਤਾਕਤ, ਨਿੱਜੀ ਲੋੜਾਂ ਲਈ ਨਹੀਂ ਹੈ। ਗੁਰਸਿੱਖ ਦੀ ਅਰਦਾਸ ਨਿੱਕੀ ਤੇ ਸਹਿਜ ਜਿਹੀ ਹੈ ਕਿ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਏ। ਇਹ ਬੇਮਿਸਾਲ ਹੈ। ਸਰਬ ਸਮਰੱਥ ਪਰਮਾਤਮਾ ਅੱਗੇ ਆ ਕੇ ਸਾਰੀਆਂ ਸੰਸਾਰਕ ਲਾਲਸਾਵਾਂ ਮੁੱਕ ਗਾਈਆਂ ਹਨ। ਆਪਣੀਆਂ ਲੋੜਾਂ ਦਰਕਿਨਾਰ ਹੋ ਗਈਆਂ ਹਨ। ਮਨ ਅੰਦਰ ਆਸ ਹੈ ਤਾਂ ਪਰਮਾਤਮਾ ਦੀ ਨਦਰਿ ਲਈ। ਗੁਰਸਿੱਖ ਲਈ ਪਰਮਾਤਮਾ ਤੁਲ ਕੋਈ ਨਹੀਂ।
ਤੁਝ ਤੇ ਵਡਾ ਨਾਹੀ ਕੋਇ॥
ਇਹ ਦ੍ਰਿਸ਼ਟੀ ਧਾਰਨ ਕਰਨਾ ਬਹੁਤ ਹੀ ਕਠਿਨ ਹੈ। ਸੰਸਾਰਕ ਲਾਭ ਲਈ ਮਨੁੱਖ ਕਿਸੇ ਵੀ ਅੱਗੇ ਝੁਕ ਜਾਂਦਾ ਹੈ, ਬੇਨਤੀ ਕਰਨ `ਚ ਸੰਕੋਚ ਨਹੀਂ ਕਰਦਾ। ਜਿਸ ਪ੍ਰਾਪਤੀ ਦੀ ਗੱਲ ਗੁਰੂ ਨਾਨਕ ਦੇਵ ਜੀ ਨੇ ਕੀਤੀ, ਉਹ ਆਤਮਿਕ ਤੇ ਅਦ੍ਰਿਸ਼ ਹੈ। ਸੰਸਾਰਕ ਲਾਭ ਲੁਭਾਉਣੇ ਹਨ, ਕਿਉਂਕਿ ਵਿਖਾਈ ਦਿੰਦੇ ਹਨ ਤੇ ਹਾਸਲ ਕਰਨ `ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਸਾਰੀ ਦੁਨੀਆ ਦਾ ਰਾਜ ਮਿਲ ਸਕਦਾ ਹੈ ਪਰ ਪਰਮਾਤਮਾ ਨਾਲ ਮੇਲ, ਪਰਮਾਤਮਾ ਦੀ ਮਿਹਰ ਲਈ ਅਲੂਣੀ ਸਿਲ ਚੱਟਨੀ ਪੈਂਦੀ ਹੈ, ਖੰਡੇ ਦੀ ਧਾਰ `ਤੇ ਚੱਲਣਾ ਪੈਂਦਾ ਹੈ, ਵਾਲ ਤੋਂ ਵੀ ਬਾਰੀਕ ਸਮਝ ਵਿਕਸਿਤ ਕਰਨੀ ਪੈਂਦੀ ਹੈ। ਮਨ ਅੰਦਰ ਪਰਮਾਤਮਾ ਲਈ ਪ੍ਰੇਮ ਤੇ ਭਗਤੀ ਦਾ ਚਾਓ ਪੈਦਾ ਹੋਣਾ ਹੀ ਆਪਣੇ-ਆਪ `ਚ ਵੱਡੀ ਪ੍ਰਾਪਤੀ ਹੈ, ਜੋ ਪਰਮਾਤਮਾ ਦੀ ਕਿਰਪਾ ਨਾਲ ਹੀ ਮੁਮਕਿਨ ਹੁੰਦੀ ਹੈ।
ਨਦਰਿ ਕਰੇ ਤਾ ਸਿਮਰਿਆ ਜਾਇ, ਆਤਮਾ ਦ੍ਰਵੈ ਰਹੈ ਲਿਵ ਲਾਇ॥
ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ ਕਿ ਗੁਰਸਿੱਖ ਦਾ ਮਨ ਸਦਾ ਪਰਮਾਤਮਾ ਦੀ ਮਿਹਰ ਲਈ ਨਿਵਿਆ ਰਹੇ, ਸਿਮਰਨ ਭਗਤੀ `ਚ ਰਮਿਆ ਰਹੇ, ਸਚ ਦੇ ਮਾਰਗ `ਤੇ ਚੱਲਦਾ ਰਹੇ। ਇਹੋ ਇਕ ਵਿਧੀ ਹੈ ਪਰਮਾਤਮਾ ਲਈ ਪ੍ਰੇਮ ਜਾਗ੍ਰਿਤ ਕਰਨ ਦੀ।
ਸਚਿ ਸਿਮਰਿਐ ਹੋਵੈ ਪਰਗਾਸੁ॥
ਇਸ ਕਠਿਨ ਮਾਰਗ ਨੂੰ ਸਹਿਲਾ ਬਣਾਉਣ ਲਈ ਹੀ ਗੁਰੂ ਨਾਨਕ ਸਾਹਿਬ ਨੇ ਨਿਤਨੇਮ ਤੇ ਸਿਮਰਨ ਨੂੰ ਗੁਰਸਿੱਖ ਦੇ ਜੀਵਨ ਦਾ ਅੰਗ ਬਣਾ ਦਿੱਤਾ। ਗੁਰੂ ਸਾਹਿਬ ਜਾਣਦੇ ਸਨ ਕਿ ਮਨੁੱਖ ਦਾ ਮਨ ਤਾਂ ਵਿਕਾਰਾਂ, ਭਰਮਾਂ ਤੇ ਅਗਿਆਨਤਾ ਨਾਲ ਭਰਿਆ ਹੋਇਆ ਹੈ।
ਸੁਣਿ ਮਨ ਅੰਧੇ ਕੁਤੇ ਕੂੜਿਆਰ॥
ਧਰਮ ਜਗਤ ਦਾ ਹਾਲ ਵੀ ਨਿਰਾਸ਼ ਕਰਨ ਵਾਲਾ ਸੀ।ਗੁਰੂ ਨਾਨਕ ਸਾਹਿਬ ਨੇ ਗੁਰਸਿੱਖ ਲਈ ਰਾਹ ਉਸਾਰੀ।
ਅੰਤਰਿ ਸਾਚੁ ਸਭੇ ਸੁਖ ਨਾਲਾ,
ਨਦਰਿ ਕਰੇ ਰਾਖੈ ਰਖਵਾਲਾ॥
ਕੂੜ ਨਾਲ ਭਰਿਆ ਹੋਇਆ ਜੋ ਮਨ ਮਨੁੱਖ ਦੇ ਦੁੱਖਾਂ ਦਾ ਮੂਲ ਸੀ ਗੁਰੂ ਸਾਹਿਬ ਨੇ ਉਸ ਨੂੰ ਹੀ ਨਿਸ਼ਾਨੇ `ਤੇ ਲਿਆ। ਮਨ ਦੀ ਨਿਰਮਲਤਾ ਲਈ ਆਪ ਨੇ ਗੁਰਸਿੱਖ ਨੂੰ ਗੁਰ ਸ਼ਬਦ ਦੇ ਲੜ ਲਾਇਆ।
ਮਾਇਆ ਮੋਹੁ ਗੁਰ ਸਬਦਿ ਜਲਾਏ,
ਨਿਰਮਲ ਨਾਮੁ ਸਦ ਹਿਰਦੈ ਧਿਆਏ॥
ਨਿਤਨੇਮ ਨਾਮ ਸਿਮਰਨ ਅੰਤਰ ਦੇ ਵਿਕਾਰਾਂ ਔਗੁਣਾਂ ਦਾ ਨਾਸ਼ ਕਰ ਕਰਨ ਵਾਲਾ ਹੈ ਤੇ ਪਰਮਾਤਮਾ ਦੀ ਪ੍ਰੀਤਿ ਨੂੰ ਸਦਾ ਲਈ ਥਿਰ ਕਰਨ ਵਾਲਾ ਹੈ। ਗੁਰਸਿੱਖ ਦੀ ਭਗਤੀ ਇਸ ਕਾਰਨ ਵਿਲੱਖਣ ਹੈ। ਸੰਸਾਰ ਅੰਦਰ ਭਗਤੀ ਪਦਾਰਥਾਂ ਤੇ ਪਦਵੀਆਂ ਲਈ ਹੋ ਰਹੀ ਹੈ ਪਰ ਗੁਰਸਿੱਖ ਦੀ ਭਗਤੀ ਪਦਾਰਥਾਂ ਤੇ ਪਦਵੀਆਂ ਤੋਂ ਉਦਾਸ ਹੋਣ ਲਈ ਹੈ।
ਜਗੁ ਮੋਹਿ ਬਾਧਾ ਬਹੁਤੀ ਆਸਾ,
ਗੁਰਮਤੀ ਇਕਿ ਭਏ ਉਦਾਸਾ॥
ਗੁਰਸਿੱਖ ਦੀ ਇਕੋ ਕਾਮਨਾ ਹੈ ਪਰਮਾਤਮਾ ਦੀ ਸ਼ਰਨ ਤੇ ਮਿਹਰ ਪ੍ਰਾਪਤ ਕਰਨਾ। ਇਸ ਲਈ ਗੁਰਸਿੱਖ ਗੁਣ ਦ੍ਰਿੜ੍ਹ ਕਰਦਾ ਹੈ ਤੇ ਵਾਹਿਗੁਰੂ ਦੁਆਰਾ ਵਿਖਾਏ ਸਚ ਦੇ ਮਾਰਗ `ਤੇ ਚੱਲਦਾ ਹੈ।
ਜਤੁ ਸਤੁ ਸੰਜਮੁ ਸਾਚੁ ਦ੍ਰਿੜਾਇਆ
ਸਾਚ ਸਬਦਿ ਰਸਿ ਲੀਣਾ॥
ਨਿਰਮਲ ਤੇ ਸੱਚੇ ਮਨ ਨਾਲ ਸਵਾਸ ਸਵਾਸ ਕੀਤੀ ਭਗਤੀ ਹੀ ਪਰਵਾਨ ਹੁੰਦੀ ਹੈ।
ਮੇਰਾ ਗੁਰੁ ਦਇਆਲੁ ਸਦਾ ਰੰਗਿ ਲੀਣਾ,
ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ॥
ਗੁਰਸਿੱਖ ਦੀ ਪ੍ਰੇਮ ਭਗਤੀ ਤੇ ਪ੍ਰਸੰਨ ਹੋ ਪ੍ਰਮਾਤਮਾ ਮਿਹਰ ਕਰਦਾ ਹੈ ਤਾਂ ਗੁਰਸਿੱਖ ਨਿਰਾਲੀ ਅਵਸਥਾ `ਚ ਪ੍ਰਵੇਸ਼ ਕਰ ਜਾਂਦਾ ਹੈ।
ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ॥
ਸੰਸਾਰ ਅੰਦਰ ਕਿਸੇ ਵਿਚ ਤਮੋ ਗੁਣ ਪ੍ਰਬਲ ਹੋਣ ਕਾਰਨ ਉਹ ਭੋਗ ਵਿਲਾਸ `ਚ ਪਿਆ ਹੋਇਆ ਹੈ। ਕੋਈ ਰਜੋ ਗੁਣ ਦੀ ਪ੍ਰਧਾਨਤਾ ਕਾਰਨ ਸੰਸਾਰਕ ਬਲ, ਸੱਤਾ ਪਿੱਛੇ ਨੱਸ-ਭੱਜ ਕਰ ਰਿਹਾ ਹੈ। ਕੋਈ ਸਤੋ ਗੁਣ ਮੁੱਖ ਹੋਣ ਕਾਰਨ ਆਪਣੇ ਧਰਮ ਕਰਮ ਦੇ ਹੰਕਾਰ `ਚ ਜੀਅ ਰਿਹਾ ਹੈ। ਗੁਰੂ ਨਾਨਕ ਸਾਹਿਬ ਦਾ ਸਿੱਖ ਇਨ੍ਹਾਂ ਤਿੰਨੋਂ ਅਵਸਥਾਵਾਂ ਤੋਂ ਉੱਪਰ ਸਹਿਜ ਵਿਚ ਆ ਜਾਂਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਮਾਣ-ਅਪਮਾਨ, ਜਸ-ਅਪਜਸ, ਹਰਖ-ਸੋਗ ਤੋਂ ਦੂਰ ਹੋ ਜਾਂਦਾ ਹੈ। ਗੁਰਸਿੱਖ ਆਪਣੀ ਬੁਧਿ, ਸਿਆਣਪ ਤਿਆਗ ਪਰਮਾਤਮਾ ਦੇ ਹੁਕਮ ਅੰਦਰ ਜੀਉਣਾ ਸਿਖ ਜਾਂਦਾ ਹੈ।
ਜੋ ਤੁਧੁ ਭਾਵੈ ਸੋਈ ਚੰਗਾ॥

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”