ਵਾਸਿੰ਼ਗਟਨ, 12 ਨਵੰਬਰ (ਪੋਸਟ ਬਿਊਰੋ) : ਟਰੰਪ ਖਿਲਾਫ ਚਲਾਏ ਜਾਣ ਵਾਲੇ ਮਹਾਅਭਿਯੋਗ ਦੀ ਕਾਰਵਾਈ ਹੁਣ ਬੰਦ ਦਰਵਾਜਿ਼ਆਂ ਵਿੱਚ ਨਹੀਂ ਹੋਵੇਗੀ ਸਗੋਂ ਸਾਰੇ ਇਸ ਨੂੰ ਵੇਖ ਸੁਣ ਸਕਣਗੇ।
ਬੁੱਧਵਾਰ ਸਵੇਰੇ ਜਦੋਂ ਇਹ ਕਾਰਵਾਈ ਸ਼ੁਰੂ ਹੋਵੇਗੀ ਤਾਂ ਅਮਰੀਕਾ ਤੇ ਪੂਰੀ ਦੁਨੀਆ ਕੋਲ ਰਾਸ਼ਟਰਪਤੀ ਡੌਨਲਡ ਟਰੰਪ ਦੇ ਯੂਕਰੇਨ ਪ੍ਰਤੀ ਵਿਚਾਰਾਂ ਨੂੰ ਵੇਖਣ ਤੇ ਸੁਣਨ ਦਾ ਮੌਕਾ ਹੋਵੇਗਾ। ਲੋਕ ਆਪ ਇਹ ਤੈਅ ਕਰ ਸਕਣਗੇ ਕਿ ਟਰੰਪ ਨੇ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੈ ਜਾਂ ਨਹੀਂ। ਵਾੲ੍ਹੀਟ ਹਾਊਸ ਲਈ ਵੀ ਇਹ ਯਾਦਗਾਰੀ ਪਲ ਹੋਵੇਗਾ।
ਹੁਣ ਤੱਕ ਅਮਰੀਕੀ ਲੋਕ ਵੀ ਇਸ ਮੁੱਦੇ ਨੂੰ ਲੈ ਕੇ ਵੰਡੇ ਹੋਏ ਹਨ ਕਿ ਟਰੰਪ ਵੱਲੋਂ ਵਿਦੇਸ਼ ਨੀਤੀ ਨੂੰ ਆਪਣੇ ਨਿਜੀ ਹਿਤਾਂ ਲਈ ਜਾਂ ਸਿਆਸੀ ਲਾਹੇ ਵਾਸਤੇ ਵਰਤਿਆ ਜਾ ਰਿਹਾ ਹੈ ਜਾਂ ਨਹੀਂ। ਬੁੱਧਵਾਰ ਦੀ ਇੰਪੀਚਮੈਂਟ ਸਬੰਧੀ ਇਸ ਕਾਰਵਾਈ ਨਾਲ ਜਾਂ ਤਾਂ ਟਰੰਪ ਦੀ ਰਾਸ਼ਟਰਪਤੀ ਵਜੋਂ ਛੁੱਟੀ ਹੋ ਜਾਵੇਗੀ ਤੇ ਜਾਂ ਫਿਰ ਉਨ੍ਹਾਂ ਦੀ ਪੁਜ਼ੀਸ਼ਨ ਸੁਰੱਖਿਅਤ ਹੋ ਜਾਵੇਗੀ। ਇਨ੍ਹਾਂ ਵਿੱਚੋਂ ਭਾਵੇਂ ਕੁੱਝ ਵੀ ਹੋਵੇ ਪਰ ਇਹ ਤਾਂ ਤੈਅ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਹੁਣ ਉਹ ਮੌਕਾ ਆ ਚੁੱਕਿਆ ਹੈ ਜਦੋਂ ਉਹ ਸਥਿਤੀਆਂ ਨੂੰ ਨਿਯੰਤਰਿਤ ਨਹੀਂ ਕਰ ਸਕਦੇ ਜਾਂ ਕਿਸੇ ਗੱਲ ਨੂੰ ਧੱਕੇ ਨਾਲ ਲਾਗੂ ਨਹੀਂ ਕਰਵਾ ਸਕਦੇ।