-ਦੇਵੀ ਚੇਰੀਅਨ
ਮੈਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਦੀ ਰਾਜਧਾਨੀ 'ਚ ਰਹਿੰਦੀ ਹਾਂ। ਹਾਲ ਹੀ ਦੇ ਪਲਾਂ ਵਿੱਚ ਭਾਰਤ ਨੂੰ ਦੁਨੀਆ ਭਰ ਵਿੱਚ ਸਭ ਤੋਂ ਵੱਧ ਤਰੱਕੀ ਕਰਨ ਵਾਲਾ ਦੇਸ਼ ਮੰਨਿਆ ਗਿਆ ਹੈ। ਰਾਜਧਾਨੀ ਦਾ ਦੂਜਾ ਨਾਂ ‘ਗੈਸ ਚੈਂਬਰ' ਵੀ ਹੈ, ਜਿੱਥੇ ਮੈਂ ਆਪਣੀ 86 ਸਾਲਾ ਮਾਂ ਅਤੇ ਚਾਰ ਪੋਤਿਆਂ-ਪੋਤੀਆਂ, ਜਿਨ੍ਹਾਂ ਦੀ ਉਮਰ 2 ਤੋਂ 9 ਸਾਲ ਦੇ ਦਰਮਿਆਨ ਹੈ, ਨਾਲ ਰਹਿੰਦੀ ਹਾਂ। ਮੈਂ ਅਸਮਾਨ ਨੂੰ ਦੇਖ ਨਹੀਂ ਸਕਦੀ। ਆਪਣੀ ਕਾਰ 'ਚ ਬੈਠ ਕੇ ਮੈਂ ਅੱਗੇ ਦੀਆਂ ਦੋ ਕਾਰਾਂ ਦੇ ਪਾਰ ਨਹੀਂ ਦੇਖ ਸਕਦੀ। ਮੈਂ ਮਜਬੂਰ ਹਾਂ। ਮੈਂ ਹੀ ਨਹੀਂ, ਏਥੇ ਰਹਿਣ ਵਾਲੇ ਲਗਭਗ ਦੋ ਕਰੋੜ ਲੋਕ ਮਜਬੂਰ ਹਨ। ਵਿਦੇਸ਼ ਜਾਣ ਦਾ ਖਰਚਾ ਸਾਰੇ ਨਹੀਂ ਚੁੱਕ ਸਕਦੇ ਅਤੇ ਨਾ ਤਾਜ਼ੀ ਹਵਾ ਵਿੱਚ ਸਾਹ ਲੈਣ ਲਈ ਕਿਸੇ ਹਿੱਲ ਸਟੇਸ਼ਨ 'ਤੇ ਜਾ ਸਕਦੇ ਹਨ।
ਸਾਡੀਆਂ ਅੱਖਾਂ 'ਚ ਚੁਭਨ ਅਤੇ ਗਲੇ 'ਚ ਖਾਜ ਹੁੰਦੀ ਹੈ। ਇਸ ਪ੍ਰਦੂਸ਼ਣ ਕਾਰਨ ਚਮੜੀ ਦੇ ਰੋਗ ਵੀ ਹੋ ਚੁੱਕੇ ਹਨ। ਯਕੀਨ ਨਹੀਂ ਹੁੰਦਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਰਹਿੰਦੇ ਹਾਂ। ਮੇਰੇ ਕੋਲ ਕੋਈ ਉਪਾਅ ਨਹੀਂ ਅਤੇ ਇਹ ਚਾਰ ਵੱਖ-ਵੱਖ ਸਰਕਾਰਾਂ ਦੇ ਮੁਖੀਆਂ ਦੇ ਹੱਥਾਂ ਵਿੱਚ ਹੈ। ਦਿੱਲੀ ਵਿੱਚ ਆਮ ਆਦਮੀ ਪਾਰਟੀ, ਯੂ ਪੀ ਵਿੱਚ ਯੋਗੀ ਆਦਿਤਿਆਨਾਥ ਦੀ ਸਰਕਾਰ, ਪੰਜਾਬ ਵਿੱਚ ਕਾਂਗਰਸ ਤੇ ਹਰਿਆਣਾ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ। ਸਪੱਸ਼ਟ ਤੌਰ 'ਤੇ ਇਹ ਬਹੁਤ ਮੁਸ਼ਕਲ ਕੰਮ ਹੈ ਕਿ ਕਿਸੇ ਵੀ ਤਰ੍ਹਾਂ ਦੇ ਉਪਾਅ ਲੱਭੇ ਜਾਣ। ਕੋਈ ਅਜਿਹਾ ਉਪਾਅ ਲੱਭਿਆ ਜਾਵੇ, ਜੋ ਤਿੰਨਾਂ ਰਾਜਾਂ ਦੀਆਂ ਸਰਕਾਰਾਂ ਨੂੰ ਪਸੰਦ ਆਵੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਕਿਸੇ ਤਰ੍ਹਾਂ ਵਿਵਾਦ ਨਹੀਂ ਚਾਹੁੰਦੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਜਬੂਰ ਤੇ ਦਬਾਅ ਵਿੱਚ ਹਨ ਕਿ ਉਥੇ ਕੁਝ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੀ ਕਰਨ ਅਤੇ ਕੀ ਨਾ ਕਰਨ?
ਦਿੱਲੀ ਵਿੱਚ ਹਰ ਸਕੂਲ ਏਅਰ ਪਿਊਰਫਾਇਰ ਦਾ ਖਰਚਾ ਨਹੀਂ ਚੁੱਕ ਸਕਦਾ। ਉਥੇ ਸਕੂਲ ਪ੍ਰਦੂਸ਼ਣ ਕਾਰਨ ਬੰਦ ਕਰ ਦਿੱਤੇ ਗਏ, ਜਿਨ੍ਹਾਂ ਨਾਲ ਬੱਚਿਆਂ ਦੀ ਪੜ੍ਹਾਈੇ 'ਤੇ ਬੁਰਾ ਅਸਰ ਪਿਆ ਹੈ। ਕੇਂਦਰ ਸਰਕਾਰ ਕਿਉਂ ਨਹੀਂ ਹਰ ਮੈਂਬਰ ਨੂੰ ਆਪਸ ਵਿੱਚ ਜੋੜਦੀ ਅਤੇ ਇਸ ਮਸਲੇ ਨੂੰ ਹੱਲ ਕਰਨ ਦਾ ਬਦਲ ਲੱਭਦੀ, ਜੋ ਅੱਜ ਪਖਾਨੇ ਬਣਾਉਣ ਵੋਂ ਜ਼ਿਆਦਾ ਹੋ ਗਿਆ ਹੈ। ਸਾਡੇ ਨੇਤਾ ਇਸ ਖਿੱਚੋਤਾਣ ਵਿੱਚ ਹਨ ਕਿ ਮਹਾਰਾਸ਼ਟਰ ਅਤੇ ਹੋਰ ਰਾਜਾਂ ਵਿੱਚ ਮੁੱਖ ਮੰਤਰੀ ਕੌਣ ਬਣੇਗਾ? ਦੂਜੇ ਪਾਸੇ ਪ੍ਰਧਾਨ ਮੰਤਰੀ ਸਵੱਛ ਭਾਰਤ ਦੀ ਗੱਲ ਕਰਦੇ ਹਨ, ਔਰਤਾਂ ਲਈ ਪਖਾਨਿਆਂ ਅਤੇ ਯੋਗਾ ਦੀ ਗੱਲ ਕਰਦੇ ਹਨ, ਪਰ ਇਹ ਗੱਲਾਂ ਉਦੋਂ ਤੱਕ ਫਜ਼ੂਲ ਹਨ, ਜਦੋਂ ਤੱਕ ਦੇਸ਼ ਵਿੱਚ ਹਵਾ ਸਾਫ ਨਹੀਂ ਅਤੇ ਸਾਹ ਲੈਣ ਦੇ ਕਾਬਿਲ ਨਹੀਂ।
ਦੁਨੀਆ ਭਰ ਵਿੱਚ ਸਾਰਿਆਂ ਦਾ ਇਹੋ ਮੰਨਣਾ ਹੈ ਕਿ ਭਾਰਤ ਦੀ ਰਾਜਧਾਨੀ ਦੀ ਯਾਤਰਾ ਕਰਨਾ ਖਤਰਨਾਕ ਹੈ, ਇਸ ਲਈ ਆਪਣੀ ਯਾਤਰਾ ਟਾਲ ਦਿੱਤੀ ਜਾਵੇ। ਇਸ ਸਾਲ ਦੀਵਾਲੀ 'ਤੇ ਇੰਨੇ ਜ਼ਿਆਦਾ ਪਟਾਕੇ ਨਹੀਂ ਚੱਲੇ। ਸਕੂਲਾਂ ਨੇ ਬੱਚਿਆਂ ਦਾ ਧਿਆਨ ਇਸ ਤਰ੍ਹਾਂ ਰੱਖਿਆ ਕਿ ਬੱਚੇ ਪਟਾਕੇ ਨਾ ਚਲਾਉਣ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣ। ਇਥੇ ਵੱਡੀ ਦਿੱਕਤ ਰਾਜਧਾਨੀ ਦੇ ਆਲੇ ਦੁਆਲੇੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਸਾੜਨ ਦੀ ਹੈ।
ਕੇਂਦਰ ਸਰਕਾਰ ਸਾਰੇ ਰਾਜਾਂ ਨੂੰ ਤਾਂ ਵੱਧ ਗਰਾਂਟਾਂ ਦੇ ਕੇ ਉਨ੍ਹਾਂ ਦੀ ਮਦਦ ਕਰ ਸਕਦੀ ਹੈ, ਜੇ ਅੰਦਰਲੀ ਸਿਆਸਤ 'ਤੇ ਰੋਕ ਲੱਗੇ। ਕੇਂਦਰ ਸਰਕਾਰ ਰਾਤੋ ਰਾਤ ਨਵੇਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਗਠਨ ਕਰ ਸਕਦੀ ਹੈ, ਪ੍ਰਧਾਨ ਮੰਤਰੀ ਸਵੱਛ ਭਾਰਤ, ਯੋਗਾ ਕੈਂਪ, ਸਟਾਰਟਅਪ ਅਤੇ ਹੋਰ ਵੱਖ-ਵੱਖ ਯੋਜਨਾਵਾਂ ਉਤੇ ਕਰੋੜਾਂ ਰੁਪਏ ਖਰਚ ਕਰ ਸਕਦੇ ਹਨ, ਤਾਂ ਅਸੀਂ ਇਹ ਕਾਮਨਾ ਕਰਦੇ ਹਾਂ ਕਿ ਕੌਮੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਕਾਰਨ ਅਟਕੇ ਸਾਹਾਂ ਨੂੰ ਸਾਫ ਸੁਥਰੀ ਹਵਾ ਦੇਣ ਲਈ ਮਦਦ ਕੀਤੀ ਜਾਵੇ ਤਾਂ ਕਿ ਆਉਣ ਵਾਲੀ ਪੀੜ੍ਹੀ ਖੁੱਲ੍ਹੀ ਅਤੇ ਸ਼ੁੱਧ ਹਵਾ ਵਿੱਚ ਸਾਹ ਲੈ ਸਕੇ।
ਮੀਡੀਆ ਟੀ ਵੀ ਉਤੇ ਲਗਾਤਾਰ ਇਹ ਪ੍ਰਚਾਰ ਕਰਦਾ ਹੈ ਕਿ ਪ੍ਰਦੂਸ਼ਣ ਵਾਲੀ ਹਵਾ ਸਾਡੇ ਫੇਫੜਿਆਂ ਲਈ ਕਿੰਨੀ ਖਤਰਨਾਕ ਹੈ। ਮੇਰੀ ਮਾਂ ਦੀਆਂ ਦੋ ਓਪਨ ਹਾਰਟ ਸਰਜਰੀਆਂ ਹੋ ਚੁੱਕੀਆਂ ਹਨ, ਮੇਰੇ ਪੋਤੇ ਪੋਤੀਆਂ ਦੀਆਂ ਅੱਖਾਂ ਵਿੱਚੋਂ ਪਾਣੀ ਨਿਕਲਦਾ ਰਹਿੰਦਾ ਹੈ, ਉਨ੍ਹਾਂ ਦਾ ਨੱਕ ਵੱਗਦਾ ਰਹਿੰਦਾ ਹੈ, ਜਦੋਂ ਉਹ ਸਾਹ ਲੈਂਦੇ ਹਨ ਤਾਂ ਛਾਤੀ ਵਿੱਚੋਂ ਆਵਾਜ਼ ਆਉਂਦੀ ਹੈ। ਏਦਾਂ ਲੱਗਦਾ ਹੈ ਜਿਵੇਂ ਉਹ ਹਰ ਸਾਹ ਲੈਣ ਲਈ ਜੂਝਦੇ ਹੋਣ। ਕਿਸੇ ਵੀ ਤਰ੍ਹਾਂ ਦੀ ਚਿੰਤਾ ਇਸ ਹੰਗਾਮੀ ਸਥਿਤੀ ਦਾ ਹੱਲ ਨਹੀਂ ਕਰ ਸਕਦੀ। ਸਾਡੇ ਕੋਲ ਦਿੱਲੀ ਵਿੱਚ ਕਾਫੀ ਹਰਿਆਲੀ ਹੈ, ਸਾਡੇ ਕੋਲ ਕਾਫੀ ਪੜ੍ਹੇ ਲਿਖੇ ਲੋਕ ਹਨ, ਜੋ ਇਸ ਦਾ ਅਰਥ ਸਮਝ ਸਕਦੇ ਹਨ। ਸਾਡੇ ਕੋਲ ਸਰਕਾਰ ਹੈ, ਜੋ ਇਸ ਮੁਸ਼ਕਲ 'ਤੇ ਕਾਬੂ ਪਾ ਸਕਦੀ ਹੈ।
ਮੈਨੂੰ ਅਫਸੋਸ ਹੈ ਕਿ ਸੜਕ 'ਤੇ ਖੜ੍ਹੇ ਪੁਲਸ ਮੁਲਾਜ਼ਮਾਂ, ਸੜਕ 'ਤੇ ਦੋਪਹੀਆ ਵਾਹਨ ਚਲਾਉਣ ਵਾਲਿਆਂ, ਆਟੋ ਰਿਕਸ਼ਾ ਵਾਲਿਆਂ ਕੋਲ ਇਸ ਮੁਸ਼ਕਲ ਨਾਲ ਜੂਝਣ ਤੋਂ ਇਲਾਵਾ ਕੋਈ ਚਾਰਾ ਨਹੀਂ। ਲੋਕ ਕਿੰਨੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ। ਆਖਰ ਸਾਡੇ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਕੀ ਹੋਵੇਗਾ? ਵਿਸ਼ਵ ਸਿਹਤ ਸੰਗਠਨ ਹੈ ਕਿ ਅਜਿਹੇ ਵਾਤਾਵਰਣ ਵਿੱਚ ਸਿਗਰਟ ਨਾ ਪੀਣ ਵਾਲਿਆਂ ਨੂੰ ਵੀ ਲੱਗਦਾ ਹੈ ਜਿਵੇਂ ਉਹ ਰੋਜ਼ ਦੋ-ਦੋ ਪੈਕੇਟ ਸਿਗਰਟਾਂ ਦੇ ਪੀ ਰਹੇ ਹੋਣ। ਇਹ ਇਨਸਾਨੀਅਤ ਦਾ ਆਪਣੇ ਸਹਿਯੋਗੀ ਨਾਗਰਿਕਾਂ ਪ੍ਰਤੀ ਇੱਕ ਸ਼ਰਮਨਾਕ ਰਵੱਈਆ ਹੈ।
ਜੇ ਦੇਸ਼ ਦੇ ਉਚ ਅਧਿਕਾਰੀ ਇਸ ਦਾ ਛੇਤੀ ਹੱਲ ਲੱਭਣ ਤਾਂ ਪੰਜਾਬ, ਹਰਿਆਣਾ, ਯੂ ਪੀ ਅਤੇ ਦਿੱਲੀ ਲਈ ਚੰਗਾ ਹੋਵੇਗਾ। ਇਹ ਪ੍ਰਦੂਸ਼ਣ ਆਮ ਲੋਕਾਂ ਦੀ ਜਾਂ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਕਿਸਾਨਾਂ ਦੀ ਲਾਪਰਵਾਹੀ ਨਾਲ ਫੈਲ ਰਿਹਾ ਹੈ, ਜਿਨ੍ਹਾਂ ਨੂੰ ਸਰਕਾਰ ਕਾਫੀ ਸਹੂਲਤਾਂ ਨਹੀਂ ਦੇ ਰਹੀ ਅਤੇ ਨਾ ਹੀ ਕੋਈ ਹੱਲ ਲੱਭਦੀ ਹੈ। ਸਰਕਾਰਾਂ ਗੁਜਾਰਿਸ਼ ਹੈ ਕਿ ਕ੍ਰਿਪਾ ਕਰ ਕੇੇ ਸਾਹ ਲੈਣ ਵਿੱਚ ਸਾਡੀ ਮਦਦ ਕੀਤੀ ਜਾਵੇ। ਲੋਕਾਂ ਨੂੰ ਵੀ ਗੁਜਾਰਿਸ਼ ਹੈ ਕਿ ਉਹ ਵੱਧ ਤੋਂ ਵੱਧ ਰੁੱਖ ਲਾਉਣ। ਮੈਨੂੰ ਦਮੇ ਦੇ ਰੋਗੀਆਂ ਲਈ ਵੀ ਅਫਸੋਸ ਹੈ, ਪਰ ਅੱਜ ਕੱਲ੍ਹ ਪ੍ਰਦੂਸ਼ਣ ਕਾਰਨ ਛੋਟੇ ਛੋਟੇ ਬੱਚੇ ਵੀ ਦਮੇ ਦੇ ਮਰੀਜ਼ ਬਣ ਰਹੇ ਹਨ। ਲੋਕ ਏਅਰ ਪਿਊਰੀਫਾਇਰ ਬਰਦਾਸ਼ਤ ਕਰ ਸਕਦੇ ਹਨ, ਪਰ ਬਾਜ਼ਾਰ ਵਿੱਚ ਫਿਲਟਰ ਨਹੀਂ ਹਨ। ਮੈਨੂੰ ਉਮੀਦ ਹੈ ਕਿ ਸਰਕਾਰਾਂ ਕੋਈ ਸਮਝਦਾਰੀ ਦਿਖਾਉਣਗੀਆਂ। ਮੈਂ ਕਿਸੇ ਸਮੇਂ ਆਪਣੇ ਸ਼ਹਿਰ 'ਤੇ ਮਾਣ ਮਹਿਸੂਸ ਕਰਦੀ ਸੀ ਕਿਉਂਕਿ ਇਹ ਦੁਨੀਆ ਵਿੱਚ ਗ੍ਰੀਨ ਕੈਪੀਟਲ ਸੀ, ਅੱਜ ਇਹ ਡਰ ਹੈ ਕਿ ਇਥੇ ਕੋਈ ਤੁਹਾਡੇ ਗਲੇ 'ਚੋਂ ਚੇਨ ਧੂਹ ਲਵੇਗਾ, ਤੁਹਾਡੀ ਕਾਰ ਦੀ ਖਿੜਕੀ ਜਾਂ ਦਰਵਾਜ਼ਾ ਤੋੜ ਦਿੱਤਾ ਜਾਵੇਗਾ ਤੇ ਤੁਹਾਡਾ ਬੈਗ ਉੁਡਾ ਲਵੇਗਾ।
ਤੁਹਾਡੀ ਸਿਹਤ ਦੇ ਡਰ ਤੋਂ ਵੱਡਾ ਕੁਝ ਵੀ ਨਹੀਂ ਹੈ, ਜੋ ਤੁਹਾਡਾ ਜੀਵਨ ਹੀ ਤੁਹਾਡੇ ਤੋਂ ਖੋਹ ਲਵੇਗਾ। ਡਾਕਟਰੀ ਇਲਾਜ ਵੀ ਕੋਈ ਸਸਤਾ ਨਹੀਂ।